ਨਵਜੋਤ ਸਿੰਘ ਸਿੱਧੂ ਰਾਹੁਲ ਗਾਂਧੀ ਦੀ ਮੋਗਾ ਰੈਲੀ 'ਚ ਕਿਉਂ ਨਹੀਂ ਬੋਲੇ

ਨਵਜੋਤ ਸਿੰਘ ਸਿੱਧੂ ਤੇ ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੋਗਾ ਰੈਲੀ 'ਚ ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਹੀਂ ਬੋਲੇ ਅਤੇ ਮੰਚ 'ਤੇ ਉਹ ਰਾਹੁਲ ਗਾਂਧੀ ਤੋਂ ਵੀ ਕਾਫ਼ੀ ਦੂਰ ਬੈਠੇ ਦਿਖੇ।

ਕਾਂਗਰਸ ਨੇ ਇਸ ਨੂੰ ਆਪਣੇ ਕੌਮੀ ਪ੍ਰਧਾਨ ਦੀ ਰੈਲੀ 'ਚ ਸਮਾਂ ਘੱਟ ਹੋਣ ਅਤੇ ਪ੍ਰੋਟੋਕਾਲ ਦਾ ਮਸਲਾ ਦੱਸਿਆ ਪਰ ਅਕਾਲੀ ਦਲ ਨੇ ਇਸ ਨੂੰ ਸਿਆਸੀ ਮੁੱਦਾ ਬਣਾ ਲਿਆ।

ਵੀਰਵਾਰ ਨੂੰ ਕਾਂਗਰਸ ਦੇ ਪ੍ਰਧਾਨ ਆਗਾਮੀ ਲੋਕ ਸਭਾ ਚੋਣਾਂ ਤੋ ਪਹਿਲਾਂ ਪੰਜਾਬ ਵਿੱਚ ਆਪਣੀ ਪਹਿਲੀ ਸਿਆਸੀ ਰੈਲੀ ਲਈ ਮੋਗਾ ਪਹੁੰਚੇ ਸਨ।

ਰਾਹੁਲ ਨੇ ਕੇਂਦਰ ਸਰਕਾਰ ਤੇ ਸਿਆਸੀ ਹਮਲੇ ਕੀਤੇ ਅਤੇ ਪੰਜਾਬ ਵਿੱਚ ਆਪਣੀ ਪਾਰਟੀ ਦੀ ਸਰਕਾਰ ਦੇ ਕੰਮਾਂ ਦੇ ਗੁਣ ਗਾਏ।

ਇਹ ਵੀ ਪੜ੍ਹੋ:

ਕਾਂਗਰਸ ਪ੍ਰਤੀ ਰੋਸ ਦਾ ਨਤੀਜਾ- ਅਕਾਲੀ ਦਲ

ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਗਰੇਵਾਲ ਇਸ ਨੂੰ ਲੁਕਣ-ਮੀਟੀ ਕਹਿੰਦੇ ਹਨ। ਉਨ੍ਹਾਂ ਦਾ ਦਾਅਵਾ ਹੈ, ''ਭਾਵੇਂ ਸਿੱਧੂ ਰਾਹੁਲ ਦੇ ਨੇੜਲਿਆਂ ਵਿੱਚੋਂ ਹਨ ਪਰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਮ ਖਾਨ ਨਾਲ ਦੋਸਤੀ ਹੈ।''

''ਲੋਕਾਂ 'ਚ ਕਾਂਗਰਸ ਪ੍ਰਤੀ ਰੋਸ ਹੈ ਕਿ ਭਾਰਤ-ਪਾਕ ਦੇ ਤਣਾਅ ਦੇ ਮਾਹੌਲ 'ਚ ਕਾਂਗਰਸ ਪਾਕਿਸਤਾਨ ਵਾਲੀ ਬੋਲੀ ਬੋਲ ਰਹੀ ਹੈ। ਇਸੇ ਲਈ ਸਿੱਧੂ ਨੂੰ ਰਾਹੁਲ ਦੇ ਨੇੜੇ ਨਹੀਂ ਬਿਠਾਇਆ ਗਿਆ ਅਤੇ ਨਾ ਹੀ ਸਟੇਜ ਤੋਂ ਬੋਲਣ ਦਾ ਮੌਕਾ ਦਿੱਤਾ ਗਿਆ।''

ਕਾਂਗਰਸ ਦਾ ਜਵਾਬ

ਕਾਂਗਰਸ ਵੱਲੋਂ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਰਾਹੁਲ ਗਾਂਧੀ ਦੀ ਰੈਲੀ ਸੀ ਇਸ ਵਿੱਚ ਚਾਰ ਲੋਕਾਂ ਨੇ ਹੀ ਬੋਲਣਾ ਸੀ, ਇਸ ਲਈ ਕਿਸੇ ਹੋਰ ਦੀ ਸਪੀਚ ਨਹੀਂ ਸੀ।

ਜਦੋਂ ਨਵਜੋਤ ਸਿੰਘ ਸਿੱਧੂ ਨੂੰ ਮੋਗਾ ਰੈਲੀ 'ਚ ਨਾ ਬੋਲਣ ਦੇਣ ਦੀ ਚਰਚਾ ਚੱਲ ਰਹੀ ਸੀ ਤਾਂ ਸਿੱਧੂ ਨੇ ਇੱਕ ਵੀਡੀਓ ਟਵੀਟ ਕੀਤਾ।

ਇਸ ਵੀਡੀਓ 'ਚ ਗਾਣਾ ਹੈ, ''ਸਤਿਕਾਰ ਦਿਲ ਨਾਲ ਕਰੇ ਸਭ ਦਾ, ਸ਼ੁਕਰਾਨਾ ਕਰਦੇ ਆਂ ਅਸੀਂ ਰੱਬ ਦਾ।''

ਵੀਡੀਓ ਵਿੱਚ ਸਿੱਧੂ ਦੀ ਸਟੇਜ ਉੱਤੇ ਭਾਸ਼ਣ ਦਿੰਦਿਆਂ ਤੇ ਮੁੱਛਾਂ ਨੂੰ ਤਾਅ ਦਿੰਦਿਆਂ ਫੋਟੋਆਂ ਲਗਾਈਆਂ ਗਈਆਂ ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)