ਭਾਰਤ-ਚੀਨ ਦੀ ਰੇਜ਼ਾਂਗ ਲਾ ਜੰਗ ਵਿੱਚ 124 ਭਾਰਤੀ ਜਵਾਨਾਂ ਨੇ ਜਦੋਂ 1000 ਚੀਨੀਆਂ ਦਾ ਮੁਕਾਬਲਾ ਕੀਤਾ - ਵਿਵੇਚਨਾ

ਮੇਜਰ ਸ਼ੈਤਾਨ ਸਿੰਘ Image copyright BHARAT RAKSHAK
ਫੋਟੋ ਕੈਪਸ਼ਨ 1962 'ਚ ਚੀਨ ਨਾਲ ਹੋਈ ਲੜਾਈ 'ਚ ਬੇਹੱਦ ਬਹਾਦਰੀ ਦਾ ਪ੍ਰਦਰਸ਼ਨ ਕਰਨ ਲਈ ਮੇਜਰ ਸ਼ੈਤਾਨ ਸਿੰਘ ਨੂੰ ਮਰਨ ਤੋਂ ਬਾਅਦ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ

ਗੱਲ ਫਰਵਰੀ 1963 ਦੀ ਹੈ। ਚੀਨ ਦੀ ਜੰਗ ਖ਼ਤਮ ਹੋਣ ਤੋਂ ਤਿੰਨ ਮਹੀਨੇ ਬਾਅਦ ਇੱਕ ਲੱਦਾਖੀ ਗਡੇਰੀਆ ਭਟਕਦਾ ਹੋਇਆ ਰੇਜ਼ਾਂਗ ਲਾ ਪਹੁੰਚਿਆ।

ਇੱਕ ਦਮ ਉਸ ਦੀ ਨਜ਼ਰ ਤਬਾਹ ਹੋਏ ਬੰਕਰਾਂ ਅਤੇ ਚੱਲੀਆਂ ਹੋਈਆਂ ਗੋਲੀਆਂ 'ਤੇ ਪਈ। ਉਹ ਹੋਰ ਨੇੜੇ ਗਿਆ ਤਾਂ ਉਸ ਨੇ ਦੇਖਿਆ ਕਿ ਉੱਥੇ ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਪਈਆਂ ਹੋਈਆਂ ਹਨ... ਵਰਦੀ ਵਾਲੇ ਸੈਨਿਕਾਂ ਦੀਆਂ ਲਾਸ਼ਾਂ।

ਪ੍ਰਸਿੱਧ ਸੈਨਿਕ ਇਤਿਹਾਸਕਾਰ ਅਤੇ ਭਾਰਤੀ ਸੈਨਾ ਦੇ ਪਰਮਵੀਰ ਚੱਕਰ ਜੇਤੂਆਂ 'ਤੇ ਮਸ਼ਹੂਰ ਕਿਤਾਬ 'ਦਿ ਬ੍ਰੇਵ' ਲਿਖਣ ਵਾਲੀ ਰਚਨਾ ਬਿਸ਼ਟ ਰਾਵਤ ਦੱਸਦੀ ਹੈ, "ਉਹ ਗਡੇਰੀਆ ਭੱਜਦਾ ਹੋਇਆ ਹੇਠਾਂ ਆਇਆ ਅਤੇ ਉਸ ਨੇ ਭਾਰਤੀ ਸੈਨਾ ਦੀ ਇੱਕ ਚੌਂਕੀ ਨੂੰ ਸੂਚਨਾ ਦਿੱਤੀ।"

"ਜਦੋਂ ਸੈਨਿਕ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਹਰੇਕ ਮ੍ਰਿਤ ਭਾਰਤੀ ਸੈਨਿਕ ਦੇ ਸਰੀਰ 'ਤੇ ਗੋਲੀਆਂ ਦੇ ਕਈ ਨਿਸ਼ਾਨ ਸਨ। ਕਈਆਂ ਨੇ ਅਜੇ ਵੀ ਆਪਣੀ ਰਾਈਫਲ ਫੜੀ ਹੋਈ ਸੀ। ਨਰਸਿੰਗ ਅਸਿਸਟੈਂਟ ਦੇ ਹੱਥ ਵਿੱਚ ਟੀਕਾ ਤੇ ਪੱਟੀ ਸੀ।"

ਉਨ੍ਹਾਂ ਨੇ ਕਿਹਾ, "ਕਿਸੇ ਦੀ ਰਾਈਫਲ ਟੁੱਟ ਕੇ ਉਡ ਚੁੱਕੀ ਸੀ ਪਰ ਉਸ ਦਾ ਬਟ ਉਸ ਦੇ ਹੱਥ ਵਿੱਚ ਹੀ ਸੀ।"

"ਹੋਇਆ ਇਹ ਸੀ ਕਿ ਲੜਾਈ ਖ਼ਤਮ ਹੋਣ ਤੋਂ ਬਾਅਦ ਉੱਥੇ ਭਾਰੀ ਬਰਫ਼ਬਾਰੀ ਹੋਈ ਸੀ ਅਤੇ ਉਸ ਇਲਾਕੇ ਨੂੰ 'ਨੋ ਮੈਨਸ ਲੈਂਡ' ਐਲਾਨ ਦਿੱਤਾ ਗਿਆ ਸੀ। ਇਸ ਲਈ ਉੱਥੇ ਕੋਈ ਨਹੀਂ ਜਾ ਸਕਿਆ।"

ਇਹ ਵੀ ਪੜ੍ਹੋ-

Image copyright BHARAT RAKSHAK

ਰਚਨਾ ਬਿਸ਼ਟ ਦੱਸਦੀ ਹੈ, "ਲੋਕਾਂ ਨੂੰ ਇਨ੍ਹਾਂ ਬਾਰੇ ਪਤਾ ਹੀ ਨਹੀਂ ਸੀ ਕਿ ਇਨ੍ਹਾਂ 113 ਲੋਕਾਂ ਨਾਲ ਕੀ ਹੋਇਆ ਸੀ। ਲੋਕਾਂ ਨੂੰ ਇੱਥੋ ਤੱਕ ਸ਼ੱਕ ਸੀ ਕਿ ਉਹ ਜੰਗਬੰਦੀ ਬਣ ਗਏ ਹਨ।"

"ਉਦੋਂ ਤੱਕ ਇਨ੍ਹਾਂ ਦੇ ਨਾਮ ਅੱਗੇ ਇੱਕ ਦਾਗ਼ ਜਿਹਾ ਲੱਗ ਗਿਆ ਸੀ। ਉਨ੍ਹਾਂ ਨੂੰ ਕਾਇਰ ਕਰਾਰ ਦੇ ਦਿੱਤਾ ਗਿਆ ਸੀ। ਉਨ੍ਹਾਂ ਬਾਰੇ ਮਸ਼ਹੂਰ ਹੋ ਗਿਆ ਸੀ ਕਿ ਉਹ ਡਰ ਕੇ ਜੰਗ ਛੱਡ ਕੇ ਭੱਜ ਗਏ ਸਨ।"

ਉਹ ਦੱਸਦੀ ਹੈ, "ਦੋ ਤਿੰਨ ਲੋਕ ਜੋ ਬਚ ਕੇ ਆਏ ਉਨ੍ਹਾਂ ਦਾ ਲੋਕਾਂ ਨੇ ਹੁੱਕਾ-ਪਾਣੀ ਬੰਦ ਕਰ ਦਿੱਤਾ ਸੀ। ਉੱਥੋਂ ਤੱਕ ਕਿ ਉਨ੍ਹਾਂ ਦੇ ਬੱਚਿਆਂ ਨੂੰ ਸਕੂਲਾਂ 'ਚੋਂ ਕੱਢ ਦਿੱਤਾ ਗਿਆ ਸੀ। ਇੱਕ ਐਨਜੀਓ ਨੂੰ ਬਹੁਤ ਵੱਡੀ ਮੁਹਿੰਮ ਚਲਾਉਣੀ ਪਈ ਕਿ ਅਸਲ ਵਿੱਚ ਇਹ ਲੋਕ ਹੀਰੋ ਸਨ, ਕਾਇਰ ਨਹੀਂ।"

ਕਦੇ ਨਹੀਂ ਦੇਖੀ ਸੀ ਬਰਫ਼

1962 ਵਿੱਚ 13 ਕਮਾਊਂ ਨੂੰ ਚੁਸ਼ੂਲ ਹਵਾਈ ਪੱਟੀ ਦੀ ਰੱਖਿਆ ਲਈ ਭੇਜਿਆ ਗਿਆ ਸੀ। ਉਸ ਦੇ ਵਧੇਰੇ ਜਵਾਨ ਹਰਿਆਣਾ ਤੋਂ ਸਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਵੀ ਕਦੇ ਬਰਫ਼ ਡਿੱਗਦਿਆਂ ਦੇਖੀ ਹੀ ਨਹੀਂ ਸੀ।

ਉਨ੍ਹਾਂ ਨੂੰ ਦੋ ਦਿਨ ਦੇ ਨੋਟਿਸ 'ਤੇ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਤੋਂ ਉਥੇ ਲਿਆਂਦਾ ਗਿਆ ਸੀ। ਉਨ੍ਹਾਂ ਨੂੰ ਉਚਾਈ ਅਤੇ ਠੰਢ ਵਿੱਚ ਢਲਣ ਦਾ ਮੌਕਾ ਹੀ ਨਹੀਂ ਮਿਲ ਸਕਿਆ ਸੀ।

ਉਨ੍ਹਾਂ ਕੋਲ ਜ਼ੀਰੋ ਤੋਂ ਕਈ ਡਿਗਰੀ ਹੇਠਾਂ ਤਾਪਮਾਨ ਦੀ ਠੰਢ ਲਈ ਨਾ ਤਾਂ ਢੰਗ ਦੇ ਕੱਪੜੇ ਸਨ ਅਤੇ ਨਾ ਹੀ ਜੁੱਤੇ। ਉਨ੍ਹਾਂ ਨੂੰ ਪਹਿਨਣ ਲਈ ਜਰਸੀਆਂ, ਸੂਤੀ ਪੈਂਟਾਂ ਅਤੇ ਹਲਕੇ ਕੋਟ ਦਿੱਤੇ ਗਏ ਸਨ।

Image copyright BHARAT RAKSHAK

ਮੇਜਰ ਸ਼ੈਤਾਨ ਸਿੰਘ ਨੇ ਆਪਣੇ ਜਵਾਨਾਂ ਨੂੰ ਪਹਾੜੀ ਦੇ ਸਾਹਮਣੇ ਵਾਲੀ ਢਲਾਣ 'ਤੇ ਤੈਨਾਤ ਕਰ ਦਿੱਤਾ ਸੀ।

18 ਨਵੰਬਰ, 1962 ਨੂੰ ਐਤਵਾਰ ਦਾ ਦਿਨ ਸੀ। ਠੰਢ ਰੋਜ਼ ਦੇ ਮੁਕਾਬਲੇ ਕੁਝ ਜ਼ਿਆਦਾ ਹੀ ਪੈ ਰਹੀ ਸੀ ਅਤੇ ਰੇਜ਼ਾਂਗ ਲਾ ਵਿੱਚ ਬਰਫ਼ ਵੀ ਡਿੱਗ ਰਹੀ ਸੀ।

ਉਸ ਜੰਗ ਵਿਚੋਂ ਜ਼ਿੰਦਾ ਬਚਣ ਵਾਲੇ ਆਨਰੇਰੀ ਕੈਪਟਨ ਸੂਬੇਦਾਰ ਰਾਮ ਚੰਦਰ ਯਾਦਵ ਜੋ ਅੱਜਕੱਲ੍ਹ ਰੇਵਾੜੀ ਵਿੱਚ ਰਹਿੰਦੇ ਹਨ, ਨੇ ਯਾਦ ਕਰਦਿਆਂ ਕਿਹਾ, "ਤੜਕੇ ਸਾਢੇ ਤਿੰਨ ਵਜੇ ਅਚਾਨਕ ਬਰਸਟ ਆਇਆ। ਪੂਰਾ ਪਹਾੜੀ ਇਲਾਕਾ ਉਸ ਦੀ ਆਵਾਜ਼ ਨਾਲ ਗੂੰਜ ਉਠਿਆ।"

"ਮੈਂ ਮੇਜਰ ਸ਼ੈਤਾਨ ਸਿੰਘ ਨੂੰ ਦੱਸਿਆ ਕਿ 8 ਪਲਟੂਨ ਦੇ ਸਾਹਮਣਿਓਂ ਫਾਇਰ ਆਈ ਹੈ। 4 ਮਿੰਟਾਂ ਬਾਅਦ ਹਰੀ ਰਾਮ ਦਾ ਫੋਨ ਆਇਆ ਕਿ 8-10 ਚੀਨੀ ਸਿਪਾਹੀ ਸਾਡੇ ਵੱਲ ਆ ਰਹੇ ਹਨ।"

ਉਹ ਕਹਿੰਦੇ ਹਨ, "ਜਿਵੇਂ ਹੀ ਉਹ ਸਾਡੀ ਰੇਂਜ ਵਿੱਚ ਆਏ, ਸਾਡੇ ਜਵਾਨਾਂ ਨੇ ਲੰਬਾ ਬਰਸਟ ਫਾਇਰ ਕੀਤਾ, ਉਸ ਵਿੱਚ 4-5 ਚੀਨੀ ਤਾਂ ਉੱਥੇ ਹੀ ਖ਼ਤਮ ਹੋ ਗਏ ਸਨ ਅਤੇ ਬਾਕੀ ਵਾਪਸ ਭੱਜ ਗਏ।"

ਫੋਟੋ ਕੈਪਸ਼ਨ ਰੇਜ਼ਾਂਗ ਲਾ ਦੀ ਜੰਗ ਵਿਚੋਂ ਜ਼ਿੰਦਾ ਬਚਣ ਵਾਲੇ ਆਨਰੇਰੀ ਕੈਪਟਨ ਸੂਬੇਦਾਰ ਰਾਮ ਚੰਦਰ ਯਾਦਵ ਅੱਜਕੱਲ੍ਹ ਰੇਵਾੜੀ ਵਿੱਚ ਰਹਿੰਦੇ ਹਨ

"ਇਸ ਤੋਂ ਬਾਅਦ ਮੈਂ ਲਾਈਟ ਮਸ਼ੀਨ ਗਨ ਨੂੰ ਮੋਰਚੇ ਅੰਦਰ ਵਾਪਸ ਬੁਲਾ ਲਿਆ। ਇਹ ਸੁਣ ਕੇ ਮੇਜਰ ਸਾਬ੍ਹ ਨੇ ਕਿਹਾ, ਜਿਸ ਵੇਲੇ ਦਾ ਸਾਨੂੰ ਇੰਤਜ਼ਾਰ ਸੀ ਉਹ ਆ ਗਿਆ ਹੈ। ਹਰੀ ਰਾਮ ਨੇ ਕਿਹਾ ਤੁਸੀਂ ਚਿੰਤਾ ਨਾ ਕਰੋ। ਅਸੀਂ ਸਾਰੇ ਜਵਾਨ ਤਿਆਰ ਹਾਂ, ਅਸੀਂ ਮੋਰਚੇ ਫੜ੍ਹ ਲਏ ਹਨ।"

ਚਾਰੇ ਪਾਸਿਓਂ ਚੀਨੀ ਹਮਲਾ

7 ਪਲਟੂਨ ਦੇ ਜਮਾਦਾਰ ਸੁਰਜਾ ਰਾਮ ਨੇ ਆਪਣੇ ਕੰਪਨੀ ਕਮਾਂਡਰ ਨੂੰ ਸੂਚਨਾ ਦਿੱਤੀ ਕਿ ਚੀਨ ਦੇ ਕਰੀਬ 400 ਸੈਨਿਕ ਉਨ੍ਹਾਂ ਦੀਆਂ ਪੋਸਟਾਂ ਵੱਲ ਵਧ ਰਹੇ ਹਨ।

8 ਪਲਟੂਨ ਨੇ ਵੀ ਰਿਪੋਰਟ ਕੀਤਾ ਕਿ ਰਿਜ ਵੱਲੋਂ ਕਰੀਬ 800 ਚੀਨੀ ਸੈਨਿਕ ਵੀ ਉਨ੍ਹਾਂ ਵੱਲ ਵਧ ਰਹੇ ਹਨ।

ਮੇਜਰ ਸ਼ੈਤਾਨ ਸਿੰਘ ਨੇ ਆਦੇਸ਼ ਦਿੱਤਾ ਕਿ ਜਿਵੇਂ ਹੀ ਚੀਨੀ ਉਨ੍ਹਾਂ ਦੀ ਫਾਇਰਿੰਗ ਰੇਂਜ ਵਿੱਚ ਆਉਣ, ਉਨ੍ਹਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਾਵੇ।

ਸੂਬੇਦਾਰ ਰਾਮ ਚੰਦਰ ਯਾਦਵ ਦੱਸਦੇ ਹਨ, "ਜਦੋਂ ਚੀਨੀ 300 ਗਜ਼ ਦੀ ਰੇਂਜ਼ ਵਿੱਚ ਆਏ ਤਾਂ ਅਸੀਂ ਉਨ੍ਹਾਂ 'ਤੇ ਫਾਇਰ ਸ਼ੁਰੂ ਕਰ ਦਿੱਤੀ।

ਕਰੀਬ 10 ਮਿੰਟ ਤੱਕ ਭਾਰੀ ਫਾਇਰਿੰਗ ਹੁੰਦੀ ਰਹੀ। ਮੇਜਰ ਸ਼ੈਤਾਨ ਸਿੰਘ ਵਾਰ-ਵਾਰ ਬਾਹਰ ਨਿਕਲ ਜਾਂਦੇ ਸਨ।

ਇਹ ਵੀ ਪੜ੍ਹੋ-

Image copyright Getty Images
ਫੋਟੋ ਕੈਪਸ਼ਨ ਭਾਰਤੀ ਸੈਨਿਕਾਂ ਕੋਲ ਸਿਰਫ਼ ਲਾਈਟ ਮਸ਼ੀਨ ਗਨ ਅਤੇ 0.303 ਰਾਈਫਲਾਂ ਸਨ

"ਮੈਂ ਉਨ੍ਹਾਂ ਆਗਾਹ ਕਰਦਾ ਰਿਹਾ ਸੀ ਕਿ ਬਾਹਰ ਨਾ ਜਾਓ ਕਿਉਂਕਿ ਕੋਈ ਭਰੋਸਾ ਨਹੀਂ ਹੈ ਕਿ ਚੀਨੀਆਂ ਦੀ ਕਦੋਂ 'ਸ਼ੈਲਿੰਗ' ਆ ਜਾਵੇ।"

ਉਹ ਕਹਿੰਦੇ ਹਨ, "ਸੁਰਜਾ ਰਾਮ ਨੇ ਰੇਡੀਓ 'ਤੇ ਦੱਸਿਆ ਕਿ ਅਸੀਂ ਚੀਨੀਆਂ ਨੂੰ ਵਾਪਸ ਭਜਾ ਦਿੱਤਾ ਹੈ। ਸਾਡੇ ਸਾਰੇ ਜਵਾਨ ਸੁਰੱਖਿਅਤ ਹਨ। ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਅਸੀਂ ਉਚਾਈ 'ਤੇ ਸੀ ਅਤੇ ਚੀਨੀ ਹੇਠਾਂ ਵਾਲੇ ਪਾਸਿਓਂ ਆ ਰਹੇ ਸਨ।"

"ਇਹ ਗੱਲ ਹੋ ਰਹੀ ਸੀ ਕਿ ਚੀਨੀਆਂ ਦਾ ਪਹਿਲਾਂ ਗੋਲਾ ਸਾਡੇ ਬੰਕਰ 'ਤੇ ਆ ਡਿੱਗਿਆ। ਮੇਜਰ ਸ਼ੈਤਾਨ ਸਿੰਘ ਨੇ ਤੁਰੰਤ ਫਾਇਰਿੰਗ ਰੁਕਵਾ ਦਿੱਤੀ। ਫਿਰ ਉਨ੍ਹਾਂ ਨੇ ਤਿੰਨ ਇੰਚ ਮੋਰਟਾਰ ਚਲਾਉਣ ਵਾਲਿਆਂ ਨੂੰ ਕੋਡਵਰਡ 'ਚ ਆਦੇਸ਼ ਦਿੱਤਾ 'ਟਾਰਗੇਟ ਤੋਤਾ।' ਸਾਡੇ ਮੋਰਟਾਰ ਦੇ ਗੋਲਿਆਂ ਨਾਲ ਚੀਨੀ ਘਬਰਾ ਗਏ ਅਤੇ ਇਹ ਹਮਲਾ ਵੀ ਨਾਕਾਮ ਰਿਹਾ।"

ਭਾਰਤੀ ਸੈਨਿਕਾਂ ਕੋਲ ਸਿਰਫ਼ ਲਾਈਟ ਮਸ਼ੀਨ ਗਨ ਅਤੇ 0.303 ਰਾਈਫਲਾਂ

ਜਦੋਂ ਚੀਨੀਆਂ ਵੱਲੋਂ ਸਾਹਮਣਿਓਂ ਕੀਤੇ ਗਏ ਸਾਰੇ ਹਮਲੇ ਅਸਫ਼ਲ ਹੋ ਗਏ ਤਾਂ ਉਨ੍ਹਾਂ ਆਪਣੀ ਯੋਜਨਾ ਬਦਲ ਦਿੱਤੀ।

Image copyright FACEBOOK
ਫੋਟੋ ਕੈਪਸ਼ਨ .303 ਰਾਈਫਲਾਂ 'ਸਿੰਗਲ ਲੋਡ' ਰਾਈਫਲ ਸੀ, ਜਿਸ ਨੂੰ ਹਰ ਗੋਲੀ ਚਲਾਉਣ ਤੋਂ ਬਾਅਦ ਉਨ੍ਹਾਂ ਫਿਰ 'ਲੋਡ' ਕਰਨਾ ਪੈਂਦਾ ਸੀ

ਸਵੇਰੇ ਸਾਢੇ ਚਾਰ ਵਜੇ ਉਨ੍ਹਾਂ ਨੇ ਸਾਰੀਆਂ ਚੌਂਕੀਆਂ 'ਤੇ ਇੱਕੋ ਵੇਲੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ। 15 ਮਿੰਟਾਂ ਵਿੱਚ ਸਭ ਕੁਝ ਖ਼ਤਮ ਹੋ ਗਿਆ। ਹਰ ਪਾਸੇ ਮੌਤ ਅਤੇ ਤਬਾਹੀ ਦਾ ਮੰਜ਼ਰ ਸੀ।

ਰਚਨਾ ਬਿਸ਼ਟ ਰਾਵਤ ਦੱਸਦੀ ਹੈ, "ਪਹਿਲਾਂ ਹਮਲਾ ਉਨ੍ਹਾਂ ਦਾ ਅਸਫ਼ਲ ਕਰ ਦਿੱਤਾ ਸੀ। ਢਲਾਣ ਦੇ ਨੇੜੇ ਚੀਨੀ ਸਿਪਾਹੀਆਂ ਦੀਆਂ ਲਾਸ਼ਾਂ ਪਈਆਂ ਸਨ, ਜੋ ਉਨ੍ਹਾਂ ਨੂੰ ਉੱਤੋਂ ਦਿਖ ਰਹੀਆਂ ਸਨ। ਪਰ ਫਿਰ ਚੀਨੀਆਂ ਨੇ ਮੋਰਟਾਰ ਫਾਇਰਿੰਗ ਸ਼ੁਰੂ ਕਰ ਦਿੱਤੀ। ਇਹ ਹਮਲਾ 15 ਮਿੰਟ ਤੱਕ ਚੱਲਿਆ ਹੋਣਾ।"

ਉਹ ਕਹਿੰਦੀ ਹੈ, "ਭਾਰਤੀ ਜਵਾਨਾਂ ਦੇ ਕੋਲ ਸਿਰਫ਼ ਲਾਈਟ ਮਸ਼ੀਨ ਗਨ ਅਤੇ .303 ਰਾਈਫਲਾਂ ਸਨ ਜੋ ਕਿ 'ਸਿੰਗਲ ਲੋਡ' ਸੀ ਯਾਨਿ ਕਿ ਹਰ ਗੋਲੀ ਚਲਾਉਣ ਤੋਂ ਬਾਅਦ ਉਨ੍ਹਾਂ ਫਿਰ 'ਲੋਡ' ਕਰਨਾ ਪੈਂਦਾ ਸੀ। ਠੰਢ ਇੰਨੀ ਸੀ ਕਿ ਜਵਾਨਾਂ ਦੀਆਂ ਉਂਗਲਾਂ ਜੰਮ ਗਈਆਂ ਸਨ।"

ਉਨ੍ਹਾਂ ਨੇ ਦੱਸਿਆ, "15 ਮਿੰਟਾਂ ਦੇ ਅੰਦਰ ਚੀਨੀਆਂ ਨੇ ਭਾਰਤੀ ਬੰਕਰਾਂ 'ਚ ਬਰਬਾਦੀ ਫੈਲਾ ਦਿੱਤੀ ਸੀ। ਉਨ੍ਹਾਂ ਦੇ ਬੰਕਰ ਉੱਜੜ ਗਏ ਸਨ। ਤੰਬੂਆਂ 'ਚ ਅੱਗ ਲੱਗ ਗਈ ਸੀ ਅਤੇ ਜਵਾਨਾਂ ਦੇ ਸਰੀਰਾਂ ਦੇ ਅੰਗ ਕੱਟ ਕੇ ਇਧਰ-ਉਧਰ ਜਾ ਡਿੱਗੇ।"

ਫੋਟੋ ਕੈਪਸ਼ਨ ਆਨਰੇਰੀ ਕੈਪਟਨ ਸੂਬੇਦਾਰ ਰਾਮ ਚੰਦਰ ਨੇ ਦੱਸਿਆ ਕਿ ਮੇਜਰ ਸ਼ੈਤਾਨ ਸਿੰਘ ਦੀਆਂ ਅੰਤੜੀਆਂ ਬਾਹਰ ਆ ਗਈਆਂ ਸਨ

ਪਰ ਇਸ ਤੋਂ ਬਾਅਦ ਵੀ ਮੇਜਰ ਸ਼ੈਤਾਨ ਸਿੰਘ ਆਪਣੇ ਜਵਾਨਾਂ ਦਾ ਹੌਂਸਲਾ ਵਧਾਉਂਦੇ ਰਹੇ। ਜਦੋਂ ਧੂੰਆਂ ਹਟਿਆ ਤਾਂ ਜਵਾਨਾਂ ਨੇ ਦੇਖਿਆ ਕਿ 'ਰਿਜ' ਦੇ ਉਤੋਂ ਹਥਿਆਰਾਂ ਨਾਲ ਲੱਦੇ ਯਾਕ ਅਤੇ ਘੋੜੇ ਆ ਰਹੇ ਹਨ। ਕੁਝ ਪਲਾਂ ਲਈ ਜਵਾਨਾਂ ਨੂੰ ਲੱਗਾ ਕਿ ਇਹ ਉਨ੍ਹਾਂ ਦੀ ਹੀ ਅਲਫਾ ਕੰਪਨੀ, ਉਨ੍ਹਾਂ ਦੇ ਬਚਾਅ ਲਈ ਆ ਰਹੀ ਹੈ।"

"ਉਹ ਬੇਹੱਦ ਖੁਸ਼ ਹੋਏ ਪਰ ਜਦੋਂ ਉਨ੍ਹਾਂ ਨੇ ਦੂਰਬੀਨ ਲਗਾ ਕੇ ਗੌਰ ਨਾਲ ਦੇਖਿਆ ਤਾਂ ਉਹ ਚੀਨੀ ਸੈਨਿਕ ਨਿਕਲੇ। ਫਿਰ ਚੀਨੀਆਂ ਦਾ ਤੀਜਾ ਹਮਲਾ ਸ਼ੁਰੂ ਹੋਇਆ, ਉਨ੍ਹਾਂ ਨੇ ਆ ਕੇ ਇੱਕ-ਇੱਕ ਸੈਨਿਕ ਨੂੰ ਮਾਰ ਦਿੱਤਾ।"

ਮੇਜਰ ਸ਼ੈਤਾਨ ਸਿੰਘ ਦੀਆਂ ਅੰਤੜੀਆਂ ਬਾਹਰ ਆ ਗਈਆਂ

ਇਸ ਵਿਚਾਲੇ ਮੇਜਰ ਸ਼ੈਤਾਨ ਸਿੰਘ ਦੀ ਬਾਂਹ ਵਿੱਚ 'ਸ਼ੈਲ' ਦਾ ਇੱਕ ਟੁਕੜਾ ਆ ਕੇ ਲੱਗਿਆ। ਉਨ੍ਹਾਂ ਨੇ ਪੱਟੀ ਕਰਵਾ ਕੇ ਸੈਨਿਕਾਂ ਦੀ ਅਗਵਾਈ ਕਰਨੀ ਜਾਰੀ ਰੱਖੀ।

ਉਹ 'ਰਿਜ' 'ਤੇ ਸਨ ਤਾਂ ਉਨ੍ਹਾਂ ਦੇ ਢਿੱਡ 'ਤੇ ਇੱਕ ਪੂਰਾ 'ਬਰਸਟ' ਲੱਗਾ। ਹਰਫੂਲ ਨੇ ਲਾਈਟ ਮਸ਼ੀਨ ਗਨ ਨਾਲ ਚੀਨ ਦੇ ਸੈਨਿਕ 'ਤੇ ਫਾਇਰ ਕੀਤਾ ਜਿਸ ਨੇ ਸ਼ੈਤਾਨ ਸਿੰਘ 'ਤੇ ਗੋਲੀ ਚਲਾਈ ਸੀ।

ਹਰਫੂਲ ਨੂੰ ਵੀ ਗੋਲੀ ਲੱਗੀ ਅਤੇ ਉਨ੍ਹਾਂ ਨੇ ਡਿੱਗਦਿਆਂ ਹੋਇਆ ਰਾਮ ਚੰਦਰ ਨੂੰ ਕਿਹਾ ਕਿ ਮੇਜਰ ਸਾਬ੍ਹ ਨੂੰ ਦੁਸ਼ਮਣਾਂ ਦੇ ਹੱਥ ਨਾ ਲੱਗਣ ਦੇਣਾ।

ਫੋਟੋ ਕੈਪਸ਼ਨ ਆਨਰੇਰੀ ਕੈਪਟਨ ਸੂਬੇਦਾਰ ਰਾਮ ਚੰਦਰ ਦੇ ਰਿਵਾੜੀ ਘਰ ਵਿੱਚ ਬੀਬੀਸੀ ਪੱਤਰਕਾਰ ਰੇਹਾਨ ਫਜ਼ਲ

ਮੇਜਰ ਸ਼ੈਤਾਨ ਸਿੰਘ ਵਧੇਰੇ ਖ਼ੂਨ ਵਗਣ ਕਾਰਨ ਵਾਰ-ਵਾਰ ਬੇਹੋਸ਼ੀ ਦੀ ਹਾਲਤ 'ਚ ਜਾ ਰਹੇ ਸਨ।

ਸੂਬੇਦਾਰ ਰਾਮ ਚੰਦਰ ਯਾਦਵ ਇਸ ਮੁਸ਼ਕਲ ਸਮੇਂ 'ਚ ਉਨ੍ਹਾਂ ਦੇ ਨਾਲ ਸਨ ਅਤੇ ਕੁਝ ਲੋਕਾਂ ਵਿਚੋਂ ਇੱਕ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਜ਼ਿੰਦਾ ਦੇਖਿਆ ਸੀ।

ਯਾਦਵ ਯਾਦ ਕਰਦੇ ਹਨ, "ਮੇਜਰ ਸਾਬ੍ਹ ਨੇ ਮੈਨੂੰ ਕਿਹਾ ਰਾਮ ਚੰਦਰ ਮੇਰੇ ਢਿੱਡ 'ਚ ਬਹੁਤ ਦਰਦ ਹੋ ਰਿਹਾ ਹੈ। ਮੇਰੀ ਬੈਲਟ ਖੋਲ੍ਹ ਦਿਓ। ਮੈਂ ਉਨ੍ਹਾਂ ਕਮੀਜ਼ 'ਚ ਹੱਥ ਪਾਇਆ। ਉਨ੍ਹਾਂ ਦੀਆਂ ਸਾਰੀਆਂ ਅੰਤੜੀਆਂ ਬਾਹਰ ਆ ਗਈਆਂ ਸਨ।"

"ਮੈਂ ਉਨ੍ਹਾਂ ਦੀ ਬੈਲਟ ਨਹੀਂ ਖੋਲ੍ਹੀ ਕਿਉਂਕਿ ਜੇਕਰ ਮੈਂ ਅਜਿਹਾ ਕਰਦਾ ਤਾਂ ਸਾਰਾ ਕੁਝ ਬਾਹਰ ਆ ਜਾਂਦਾ। ਇਸ ਵਿਚਾਲੇ ਲਗਾਤਾਰ ਫਾਇਰਿੰਗ ਹੋ ਰਹੀ ਸੀ। ਬੇਹੋਸ਼ ਹੋ ਗਏ ਮੇਜਰ ਸ਼ੈਤਾਨ ਸਿੰਘ ਫਿਰ ਹੋਸ਼ ਵਿੱਚ ਆਏ।"

ਯਾਦਵ ਕਹਿੰਦੇ ਹਨ, "ਉਨ੍ਹਾਂ ਨੇ ਟੁੱਟਦੇ ਸਾਹ ਨਾਲ ਕਿਹਾ ਮੇਰਾ ਕਹਿਣਾ ਮੰਨ ਲਿਓ। ਤੁਸੀਂ ਬਟਾਲੀਅਨ ਵਿੱਚ ਚਲੇ ਜਾਓ ਅਤੇ ਸਭ ਨੂੰ ਦੱਸੋ ਕਿ ਕੰਪਨੀ ਇਸ ਤਰ੍ਹਾਂ ਲੜੀ। ਮੈਂ ਇੱਥੇ ਹੀ ਮਰਨਾ ਚਾਹੁੰਦਾ ਹਾਂ। ਸਵਾ 8 ਵਜੇ ਮੇਜਰ ਸਾਬ੍ਹ ਦੀ ਜਾਨ ਨਿਕਲ ਗਈ।"

ਫੋਟੋ ਕੈਪਸ਼ਨ ਰਚਨਾ ਬਿਸ਼ਟ ਸੈਨਿਕ ਇਤਿਹਾਸਕਾਰ ਹਨ

ਉਹ ਯਾਦ ਕਰਦੇ ਹਨ, "ਇਸ ਵਿਚਾਲੇ ਮੈਂ ਦੇਖਿਆ ਕਿ ਚੀਨੀ ਸੈਨਿਕ ਸਾਡੇ ਬੰਕਰਾਂ ਵਿੱਚ ਵੜ ਰਹੇ ਹਨ ਅਤੇ 13 ਕਮਾਊਂ ਦੇ ਸੈਨਿਕਾਂ ਅਤੇ ਚੀਨੀਆਂ ਵਿਚਾਲੇ ਹੱਥਾਂ ਨਾਲ ਜੰਗ ਹੋ ਰਹੀ ਹੈ।"

"ਸਾਡੇ ਇੱਕ ਸਾਥੀ ਸਿੰਗਰਾਮ ਨੇ ਗੋਲੀਆਂ ਖ਼ਤਮ ਹੋ ਜਾਣ ਤੋਂ ਬਾਅਦ ਚੀਨੀਆਂ ਨੂੰ ਇੱਕ ਦੂਜੇ ਦੇ ਸਿਰ ਲੜਾ ਕੇ ਮਾਰਿਆ। ਇੱਕ ਚੀਨੀ ਨੂੰ ਉਸ ਦੇ ਪੈਰ ਫੜ੍ਹ ਕੇ ਚੱਟਾਨ ਨਾਲ ਮਾਰਿਆ। ਇਸ ਤੋਂ ਬਾਅਦ 7 ਪਲਟੂਨ ਦਾ ਇੱਕ ਸਿਪਾਹੀ ਵੀ ਜ਼ਿੰਦਾ ਨਹੀਂ ਬਚਿਆ ਅਤੇ ਨਾ ਹੀ ਕੈਦ ਹੋਇਆ।"

ਮੇਜਰ ਸ਼ੈਤਾਨ ਸਿੰਘ ਨੂੰ ਇੱਕ ਪੱਥਰ ਦੇ ਸਹਾਰੇ ਲਿਟਾਇਆ ਗਿਆ

ਚਾਰੇ ਪਾਸੇ ਲਾਸ਼ਾਂ ਇੰਝ ਖਿਲਰੀਆਂ ਪਈਆਂ ਸਨ ਜਿਵੇਂ ਉਹ ਕੱਪੜੇ ਦੀਆਂ ਗੁੱਡੀਆਂ ਹੋਣ। ਮੇਜਰ ਸ਼ੈਤਾਨ ਸਿੰਘ ਦਾ ਟੈਂਟ ਬੁਰੀ ਤਰ੍ਹਾਂ ਨਾਲ ਤਹਿਸ-ਨਹਿਸ ਹੋ ਗਿਆ ਸੀ। ਉਨ੍ਹਾਂ ਦੇ ਦੋਸਤ ਚਿਮਨ ਦਾ ਸਿਰ ਧੜ ਤੋਂ ਵੱਖ ਪਿਆ ਸੀ।

ਮੰਡੋਲਾ ਪਿੰਡ ਦੇ ਮਹਿੰਦਰ ਸਿੰਘ ਦੀਆਂ ਲੱਤਾਂ ਬੁਰੀ ਤਰ੍ਹਾਂ ਕੁਚਲੀਆਂ ਗਈਆਂ ਸਨ। ਮੈਂ ਸੂਬੇਦਾਰ ਯਾਦਵ ਨੂੰ ਪੁੱਛਿਆ ਕਿ ਇਸ ਜੰਗ ਵਿੱਚ 13 ਕਮਾਊਂ ਦੇ 124 ਵਿਚੋਂ 113 ਜਵਾਨ ਮਾਰੇ ਗਏ। ਤੁਸੀਂ ਕਿਸ ਤਰ੍ਹਾਂ ਇਸ ਭਿਆਨਕ ਹਮਲੇ ਵਿੱਚੋਂ ਬਚ ਗਏ।

Image copyright BHARAT RAKSHAK

ਯਾਦਵ ਨੇ ਦੱਸਿਆ, "ਮੈਂ ਮਾਮੂਲੀ ਜਖ਼ਮੀ ਸੀ ਅਤੇ ਪੂਰੀ ਤਰ੍ਹਾਂ ਹੋਸ਼ ਵਿੱਚ ਸੀ ਪਰ ਮੇਰੇ ਦਿਮਾਗ਼ ਵਿੱਚ ਹਰਫੂਲ ਦੀ ਉਹ ਗੱਲ ਦੌੜ ਰਹੀ ਸੀ ਕਿ ਮੇਜਰ ਸਾਬ੍ਹ ਦੀ ਲਾਸ਼ ਚੀਨੀਆਂ ਦੇ ਹੱਥ ਨਹੀਂ ਲੱਗਣੀ ਚਾਹੀਦੀ।"

"ਮੈਂ ਉਨ੍ਹਾਂ ਨੂੰ ਜ਼ੋਰ ਦੀ ਆਪਣੀਆਂ ਬਾਹਾਂ ਵਿੱਚ ਲਿਆ ਅਤੇ ਉਨ੍ਹਾਂ ਨਾਲ ਇੱਕ ਖੱਡ ਵਿੱਚ ਡਿੱਗ ਗਿਆ। ਫਿਰ ਮੈਂ ਉਨ੍ਹਾਂ ਨੂੰ ਆਪਣੀ ਪਿੱਠ 'ਤੇ ਚੁੱਕ ਕੇ ਕਰੀਬ 800 ਮੀਟਰ ਤੁਰਿਆ। ਫਿਰ ਮੈਂ ਇੱਕ ਵੱਡੇ ਪੱਥਰ ਨਾਲ ਮੇਜਰ ਸ਼ੈਤਾਨ ਸਿੰਘ ਨੂੰ ਲਿਟਾ ਦਿੱਤਾ। ਠੀਕ ਸਵਾ 8 ਵਜੇ ਮੇਜਰ ਸਾਬ੍ਹ ਦੀ ਮੌਤ ਹੋ ਗਈ।"

ਉਹ ਕਹਿੰਦੇ ਹਨ, "ਮੈਂ ਉਨ੍ਹਾਂ ਦੇ ਦਸਤਾਨੇ ਉਥੇ ਹੀ ਛੱਡ ਦਿੱਤੇ ਅਤੇ ਉਨ੍ਹਾਂ 'ਤੇ ਬਰਫ਼ ਪਾ ਦਿੱਤੀ ਤਾਂ ਜੋ ਉਨ੍ਹਾਂ ਨੂੰ ਦੇਖ ਨਾ ਸਕਣ। ਮੈਂ ਹੇਠਾਂ ਕੁਆਟਰ ਮਾਸਟਰ ਕੋਲ ਇਹ ਸੋਚ ਕੇ ਆਇਆ ਕਿ ਕੁਝ ਲੋਕਾਂ ਨੂੰ ਨਾਲ ਲਿਆ ਕੇ ਮੇਜਰ ਸਾਬ੍ਹ ਦੀ ਲਾਸ਼ ਲੈ ਜਾਵਾਂਗਾ।"

"ਪਰ ਜਦੋਂ ਹੇਠਾਂ ਆਇਆ ਤਾਂ ਉੱਥੇ ਹਰ ਪਾਸੇ ਅੱਗ ਲੱਗੀ ਹੋਈ ਸੀ। ਸਾਡੇ ਹੀ ਲੋਕਾਂ ਨੇ ਉਸ ਨੂੰ ਸਾੜ ਦਿੱਤਾ ਸੀ। ਉਨ੍ਹਾਂ ਨੂੰ ਆਦੇਸ਼ ਮਿਲਿਆ ਸੀ ਕਿ ਸਭ ਨਸ਼ਟ ਕਰਕੇ ਚੁਸ਼ੂਲ ਵਿੱਚ ਬਟਾਲੀਅਨ ਹੈਡਕੁਆਟਰ ਵਾਪਸ ਆ ਜਾਵੇ।"

Image copyright GALLANTRYAWARDS.GOV.IN
ਫੋਟੋ ਕੈਪਸ਼ਨ ਲੜਾਈ ਖ਼ਤਮ ਹੋਣ ਦੇ ਤਿੰਨ ਮਹੀਨੇ ਬਾਅਦ ਮੇਜਰ ਸ਼ੈਤਾਨ ਸਿੰਘ ਦੇ ਮ੍ਰਿਤ ਸਰੀਰ ਦਾ ਜੋਧਪੁਰ ਵਿੱਚ ਪੂਰੇ ਸਨਮਾਨਾਂ ਨਾਲ ਅੰਤਿਮ ਸਸਕਾਰ ਹੋਇਆ

"ਫਿਰ ਮੈਨੂੰ ਇੱਕ ਜੀਪ ਆਉਂਦੀ ਹੋਈ ਦਿਖਾਈ ਦਿੱਤੀ। ਮੈਂ ਉਸ 'ਤੇ ਬੈਠਿਆ ਅਤੇ ਉਹ ਜੀਪ ਮੈਨੂੰ ਹੇਠਾਂ ਹੈਡਕੁਆਟਰ ਲੈ ਆਈ।"

ਸਿਰਫ਼ ਨਾਮ ਦੇ ਹੀ ਸ਼ੈਤਾਨ

ਮੇਜਰ ਸਿੰਘ ਦਾ ਜਨਮ 1 ਦਸੰਬਰ 1924 ਨੂੰ ਜੋਧਪੁਰ ਜ਼ਿਲ੍ਹੇ ਦੇ ਬਨਾਸਰ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦਾ ਨਾਂ ਬੇਸ਼ੱਕ ਸ਼ੈਤਾਨ ਸੀ ਪਰ ਉਨ੍ਹਾਂ ਦੇ ਸਾਥੀ ਦੱਸਦੇ ਹਨ ਕਿ ਉਹ ਭਾਰਤੀ ਸੈਨਾ ਦੇ ਸਭ ਤੋਂ ਨੇਕ ਇਨਸਾਨਾਂ ਵਿਚੋਂ ਇੱਕ ਸਨ।

ਰਚਨਾ ਬਿਸ਼ਟ ਰਾਵਤ ਦੱਸਦੇ ਹਨ, "ਮੇਜਰ ਸਿੰਘ ਵੀ ਇੱਕ ਫੌਜੀ ਪਰਿਵਾਰ ਵਿੱਚੋਂ ਸਨ। ਉਨ੍ਹਾਂ ਦੇ ਪਿਤਾ ਇੱਕ ਸੈਨਿਕ ਅਧਿਕਾਰੀ ਸਨ। ਉਨ੍ਹਾਂ ਨੂੰ ਓਬੀਈ ਮਿਲਿਆ ਹੋਇਆ ਸੀ। ਉਹ ਬੇਹੱਦ ਸ਼ਰੀਫ ਆਦਮੀ ਸਨ। ਆਮ ਤੌਰ 'ਤੇ ਯੌਧਿਆਂ ਦਾ ਅਕਸ ਹੁੰਦਾ ਹੈ ਕਿ ਉਹ ਬਹੁਤ ਖੂੰਖਾਰ ਹੁੰਦੇ ਹਨ ਪਰ ਉਨ੍ਹਾਂ ਨਾਲ ਅਜਿਹਾ ਕੁਝ ਨਹੀਂ ਸੀ।"

Image copyright GALLANTRYAWARDS.GOV.IN

ਉਹ ਦੱਸਦੀ ਹੈ, "ਉਹ ਆਪਣੇ ਜਵਾਨਾਂ ਦੇ ਨਾਲ ਰਹਿਣ 'ਚ ਯਕੀਨ ਰੱਖਦੇ ਸਨ। ਜਦੋਂ ਉਹ ਖਾਲੀ ਹੁੰਦੇ ਤਾਂ ਨਾਲ ਮਿਲ ਕੇ ਆਲ ਇੰਡੀਆ ਰੇਡੀਓ 'ਤੇ ਖ਼ਬਰਾਂ ਸੁਣਦੇ ਸਨ। ਹਰ ਪਾਸਿਓਂ ਚੀਨ ਕੋਲੋਂ ਹਾਰ ਦੀਆਂ ਖ਼ਬਰਾਂ ਆ ਰਹੀਆਂ ਸਨ। ਸੁਣ ਕੇ ਉਨ੍ਹਾਂ ਦਾ ਖ਼ੂਨ ਉਬਾਲੇ ਮਾਰਨ ਲਗਦਾ।"

ਆਖ਼ਰੀ ਜਵਾਨ ਅਤੇ ਆਖ਼ਰੀ ਗੋਲੀ ਤੱਕ ਲੜਾਈ

ਰੇਜ਼ਾਂਗ ਲਾ ਦੀ ਲੜਾਈ ਭਾਰਤੀ ਸੈਨਿਕ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਲੜਾਈਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ, ਜਦੋਂ ਇੱਕ ਇਲਾਕੇ ਦੀ ਰੱਖਿਆ ਕਰਦੇ ਹੋਏ ਕਰੀਬ ਸਾਰੇ ਜਵਾਨਾਂ ਨੂੰ ਆਪਣੀ ਜਾਨ ਦੇਣੀ ਪਈ ਸੀ।

ਰਚਨਾ ਬਿਸ਼ਟ ਰਾਵਤ ਦੱਸਦੀ ਹੈ, "ਰੈਜ਼ਾਂਗ ਲਾ ਦੀ ਲੜਾਈ ਇਸ ਲਈ ਵੱਡੀ ਲੜਾਈ ਸੀ ਕਿਉਂਕਿ 13 ਕਮਾਊਂ ਦੇ ਜਵਾਨਾਂ ਨੂੰ ਜੋ ਆਦੇਸ਼ ਮਿਲੇ ਸਨ, ਉਨ੍ਹਾਂ ਨੇ ਉਸ ਨੂੰ ਆਖ਼ਰੀ ਸਾਹ ਤੱਕ ਪੂਰਾ ਕੀਤਾ।"

Image copyright BHARAT RAKSHAK
ਫੋਟੋ ਕੈਪਸ਼ਨ ਬ੍ਰਿਗੇਡੀਅਰ ਟੀਐਨ ਰੈਨਾ ਨੇ ਆਪਣੇ ਹੱਥਾਂ ਨਾਲ ਜਵਾਨਾਂ ਦੀਆਂ ਚਿਤਾਵਾਂ ਨੂੰ ਅਗਨੀ ਦਿੱਤੀ

"ਉਨ੍ਹਾਂ ਨੂੰ ਉਨ੍ਹਾਂ ਦੇ ਬ੍ਰਿਗੇਡੀਅਰ ਟੀਐਨ ਰੈਨਾ (ਜੋ ਬਾਅਦ ਵਿੱਚ ਫੌਜ ਮੁਖੀ ਬਣੇ) ਨੇ ਲਿਖਿਤ ਆਦੇਸ਼ ਦਿੱਤਾ ਸੀ ਕਿ ਉਨ੍ਹਾਂ ਨੂੰ ਆਖ਼ਰੀ ਸਾਹ ਅਤੇ ਆਖ਼ਰੀ ਗੋਲੀ ਤੱਕ ਲੜਦੇ ਰਹਿਣਾ ਹੈ। ਉਨ੍ਹਾਂ ਨੇ ਆਦੇਸ਼ ਦਾ ਬਾਖ਼ੂਬੀ ਪਾਲਣ ਕੀਤਾ।"

ਉਹ ਕਹਿੰਦੀ ਹੈ, "ਸਿਰਫ਼ 124 ਜਵਾਨ ਉੱਥੇ ਤੈਨਾਤ ਸਨ। ਕਰੀਬ ਇੱਕ ਹਜ਼ਾਰ ਦੀ ਗਿਣਤੀ ਵਿੱਚ ਚੀਨੀਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ ਸੀ। 114 ਜਵਾਨ ਉੱਥੇ ਮਾਰੇ ਗਏ। 5 ਨੂੰ ਯੁੱਧ ਬੰਦੀ ਬਣਾ ਲਿਆ ਗਿਆ। ਉਨ੍ਹਾਂ ਵਿਚੋਂ ਇੱਕ ਦੀ ਮੌਤ ਹਿਰਾਸਤ ਵਿੱਚ ਹੋਈ।"

"ਜਦੋਂ ਮੈਂ ਇਸ ਵਿਸ਼ੇ 'ਤੇ ਖੋਜ ਕਰ ਰਹੀ ਸੀ ਤਾਂ ਮੈਂ 13 ਕਮਾਊਂ ਨਾਲ ਉਸ ਲੜਾਈ ਵਿੱਚ ਮਰਨ ਵਾਲੇ ਸੈਨਿਕਾਂ ਦੇ ਨਾਮ ਮੰਗੇ, ਤਾਂ ਉਨ੍ਹਾਂ ਨਾਲ ਮੇਰੇ ਲੈਪਟਾਪ ਦੀਆਂ ਤਿੰਨ ਸ਼ੀਟਾਂ ਭਰ ਗਈਆਂ। ਇਹ ਸੋਚ ਕੇ ਮੇਰੀਆਂ ਅੱਖਾਂ ਭਰ ਆਈਆਂ ਕਿ ਕਿੰਨੇ ਲੋਕਾਂ ਨੇ ਇਸ ਲੜਾਈ ਵਿੱਚ ਆਪਣੀ ਜ਼ਿੰਦਗੀ ਦੀ ਸ਼ਹਾਦਤ ਦਿੱਤੀ ਸੀ।"

Image copyright FACEBOOK
ਫੋਟੋ ਕੈਪਸ਼ਨ ਰੇਜ਼ਾਂਗ ਲਾ ਦੀ ਲੜਾਈ ਵਿੱਚ ਮਰਨ ਵਾਲੇ ਜਵਾਨਾਂ ਦੀ ਯਾਦਗਾਰ

"ਇਹ ਲੜਾਈ ਸਵੇਰੇ ਸਾਢੇ 3 ਵਜੇ ਸ਼ੁਰੂ ਹੋਈ ਸੀ ਅਤੇ ਸਵਾ 8 ਵਜੇ ਖ਼ਤਮ ਹੋ ਗਈ ਸੀ ਪਰ ਮੁੱਖ ਲੜਾਈ ਆਖ਼ਰੀ ਘੰਟੇ ਵਿੱਚ ਹੀ ਹੋਈ ਸੀ।"

ਮੇਜਰ ਸ਼ੈਤਾਨ ਸਿੰਘ ਨੂੰ ਪਰਮਵੀਰ ਚੱਕਰ

ਰੇਜ਼ਾਂਗ ਲਾ ਵਿੱਚ ਲੜਣ ਵਾਲੀ ਸੀ ਕੰਪਨੀ ਦਾ ਹਰੇਕ ਸ਼ਖ਼ਸ ਹੀਰੋ ਸੀ। ਬਹਾਦੁਰੀ ਦਿਖਾਉਣ ਲਈ ਮੇਜਰ ਸ਼ੈਤਾਨ ਸਿੰਘ ਨੂੰ ਮਰਨ ਤੋਂ ਬਾਅਦ ਸਭ ਤੋਂ ਉੱਚੇ ਵੀਰਤਾ ਪੁਰਸਕਾਰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।

ਸੂਬੇਦਾਰ ਰਾਮ ਚੰਦਰ ਯਾਦਵ ਕਹਿੰਦੇ ਹਨ, "ਜੇਕਰ ਇਹ ਚਾਰਲੀ ਕੰਪਨੀ ਸ਼ਹੀਦ ਨਾ ਹੁੰਦੀ ਤਾਂ ਲੇਹ, ਕਾਰਗਿਲ, ਜੰਮੂ-ਕਸ਼ਮੀਰ ਸਭ ਖ਼ਤਰੇ ਵਿੱਚ ਪੈ ਜਾਂਦੇ। ਇਸੇ ਨੇ ਰੋਕਿਆ ਚੀਨੀਆਂ ਨੂੰ। ਜਦੋਂ ਉਨ੍ਹਾਂ ਦਾ ਇੰਨਾ ਨੁਕਸਾਨ ਹੋ ਗਿਆ ਤਾਂ ਉਨ੍ਹਾਂ ਨੇ ਖ਼ੁਦ ਜੰਗ ਰੋਕ ਦਿੱਤੀ। ਅਸੀਂ ਜੰਗ ਨਹੀਂ ਰੁਕਵਾਈ ਸੀ।"

ਯਾਦਵ ਕਹਿੰਦੇ ਹਨ, "ਹੁਣ ਮੈਂ ਤੁਹਾਨੂੰ ਦੱਸਦਾ ਹਾਂ ਕਿ ਲੜਾਈ ਤੋਂ 4 ਦਿਨ ਪਹਿਲਾਂ ਸਾਡੇ ਕੋਲ ਸੰਦੇਸ਼ ਆਇਆ ਸੀ ਕਿ ਤੁਸੀਂ ਪਿੱਛੇ ਹਟ ਜਾਓ। ਮੇਜਰ ਸ਼ੈਤਾਨ ਸਿੰਘ ਨੇ ਕਿਹਾ ਕਿ ਮੈਂ ਇਸ ਦਾ ਪਾਲਣ ਉਦੋਂ ਹੀ ਕਰਾਂਗਾ, ਜਦੋਂ ਮੈਂ ਆਪਣੇ ਜਵਾਨਾਂ ਨਾਲ ਗੱਲ ਕਰ ਲਵਾਂਗਾ।"

Image copyright FACEBOOK
ਫੋਟੋ ਕੈਪਸ਼ਨ ਰੇਜ਼ਾਂਗ ਲਾ ਦੀ ਲੜਾਈ ਨੂੰ ਭਾਰਤੀ ਸੈਨਿਕ ਇਤਿਹਾਸ ਦੀਆਂ ਸਭ ਤੋਂ ਵੱਡੀਆਂ ਲੜਾਈਆਂ ਵਿਚੋਂ ਇੱਕ ਮੰਨੀ ਜਾਂਦੀ ਹੈ

"ਉਨ੍ਹਾਂ ਨੇ ਮੇਰੀ ਰਾਇ ਪੁੱਛੀ 'ਸਾਬ੍ਹ ਜਵਾਨ ਮਰ ਜਾਣਗੇ, ਪਰ ਇਸ ਪੋਸਟ ਨੂੰ ਛੱਡਣਗੇ ਨਹੀਂ।' ਫਿਰ ਮੇਜਰ ਸਾਬ੍ਹ ਹਰ ਪਲਟੂਨ ਵਿੱਚ ਗਏ। ਉਹ ਜਿੱਥੇ ਵੀ ਗਏ, ਉਥੋਂ ਜਵਾਬ ਮਿਲਿਆ ਕਿ ਅਸੀਂ ਮਾਰੇ ਜਾਵਾਂਗੇ ਅਤੇ ਦੁਸ਼ਮਣਾਂ ਨੂੰ ਇਸੇ ਥਾਂ 'ਤੇ ਖਾ ਜਾਵਾਂਗੇ, ਪਰ ਦੂਜੇ ਥਾਂ ਨਹੀਂ ਜਾਵਾਂਗੇ।"

ਯਾਦਵ ਕਹਿੰਦੇ ਹਨ, "ਤਿੰਨਾਂ ਪਲਟੂਨਾਂ ਦੀ ਸਹਿਮਤੀ ਮਿਲਣ ਤੋਂ ਬਾਅਦ ਮੇਜਰ ਸ਼ੈਤਾਨ ਸਿੰਘ ਨੇ ਕਿਹਾ ਕਿ ਮੇਰਾ ਵੀ ਇਹੀ ਇਰਾਦਾ ਹੈ। ਉਨ੍ਹਾਂ ਨੇ ਕਿਹਾ ਬ੍ਰਿਗੇਡੀਅਰ ਟੀਐਨ ਰੈਨਾ ਨੂੰ ਸੰਦੇਸ਼ ਭੇਜ ਦਿੱਤਾ ਕਿ ਇਹ ਕੰਪਨੀ ਇਸ ਥਾਂ ਤੋਂ ਪਿੱਛੇ ਨਹੀਂ ਹਟੇਗੀ।"

ਲੜਾਈ ਖ਼ਤਮ ਹੋਣ ਦੇ ਤਿੰਨ ਮਹੀਨੇ ਬਾਅਦ ਮੇਜਰ ਸ਼ੈਤਾਨ ਸਿੰਘ ਦੇ ਮ੍ਰਿਤ ਸਰੀਰ ਦਾ ਜੋਧਪੁਰ ਵਿੱਚ ਪੂਰੇ ਸਨਮਾਨਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਬਾਕੀ ਸੈਨਿਕਾਂ ਦੀਆਂ ਸਾਮੂਹਿਕ ਚਿਤਾਵਾਂ ਰੇਜ਼ਾਂਗ ਲਾ ਵਿੱਚ ਬਟਾਲੀਅਨ ਹੈਡਕੁਆਟਰ ਦੇ ਸਾਹਮਣੇ ਬਾਲੀਆਂ ਗਈਆਂ।

ਉਨ੍ਹਾਂ ਦੀ ਯਾਦਗਾਰ ਅਜੇ ਵੀ ਉੱਥੇ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)