ਭਾਰਤ ਤੋਂ ਭਗੌੜੇ ਨੀਰਵ ਮੋਦੀ ਤੱਕ ਪਹੁੰਚਣਾ ਟੈਲੀਗ੍ਰਾਫ਼ ਦੇ ਪੱਤਰਕਾਰ ਲਈ ਕਿੰਨਾ ਮੁਸ਼ਕਿਲ ਸੀ

ਨੀਰਵ ਮੋਦੀ Image copyright FACEBOOK/NIRAVMODI

ਬਰਤਾਨੀਆ ਦੇ ਸੀਨੀਅਰ ਪੱਤਰਕਾਰ ਮਾਈਕ ਬ੍ਰਾਊਨ ਉਸ ਸ਼ਾਮ ਵਾਕਈ ਬਹੁਤ ਉਤਸ਼ਾਹਿਤ ਹੋਣਗੇ ਜਦੋਂ ਉਨ੍ਹਾਂ ਨੇ ਨੀਰਵ ਮੋਦੀ ਨੂੰ ਜਾ ਫੜਿਆ ਸੀ। ਹਾਂ ਨੀਰਵ ਮੋਦੀ ਦੇ ਅੱਧੇ ਵਾਕ ਦੇ ਜਵਾਬ ਨਾਲ ਉਨ੍ਹਾਂ ਨੂੰ ਨਿਰਾਸ਼ਾ ਵੀ ਜ਼ਰੂਰ ਹੋਈ ਹੋਵੇਗੀ।

ਭਾਰਤੀ ਏਜੰਸੀਆਂ ਨੂੰ ਨੀਰਵ ਮੋਦੀ ਦੀ 2 ਬਿਲੀਅਨ ਡਾਲਰ ਦੀ ਧੋਖਾਧੜੀ ਦੇ ਕੇਸ ਵਿੱਚ ਲੋੜ ਹੈ।

ਬੀਬੀਸੀ ਨੂੰ ਈਮੇਲ ਰਾਹੀਂ ਦਿੱਤੇ ਇੰਟਰਵਿਊ ਵਿੱਚ ਟੈਲੀਗ੍ਰਾਫ਼ ਦੇ ਪੱਤਰਕਾਰ ਬ੍ਰਾਊਨ ਨੇ ਦੱਸਿਆ ਕਿ ਨੀਰਵ ਮੋਦੀ ਨੇ ਕਈ ਸਵਾਲ ਵਾਰ-ਵਾਰ ਪੁੱਛਣ ਦੇ ਬਾਵਜੂਦ "ਕੋਈ ਟਿੱਪਣੀ ਨਹੀਂ" ਤੋਂ ਇਲਾਵਾ ਉਨ੍ਹਾਂ ਨੂੰ ਹੋਰ ਕਈ ਜਵਾਬ ਨਹੀਂ ਦਿੱਤਾ।

ਬ੍ਰਾਊਨ ਅਤੇ ਉਨ੍ਹਾਂ ਦੇ ਟੈਲੀਗ੍ਰਾਫ਼ ਦੇ ਸਹਿਯੋਗੀ ਨੇ ਨੀਰਵ ਮੋਦੀ ਦੀ ਲੰਡਨ ਦੀ ਆਕਸਫੋਰਡ ਸਟਰੀਟ 'ਤੇ ਘੁੰਮਦਿਆਂ ਦੀ ਵੀਡੀਓ ਬਣਾਈ।

ਇਹ ਵੀ ਪੜ੍ਹੋ:

ਬ੍ਰਾਊਨ ਨੇ ਦੱਸਿਆ, "ਪਹੁੰਚ ਕੀਤੇ ਜਾਣ ਨਾਲ ਮੋਦੀ ਨੂੰ ਧੱਕਾ ਪਹੁੰਚਿਆ। ਬਹੁਤ ਨਿਰਾਸ਼ਾ ਹੁੰਦੀ ਹੈ, ਜਦੋਂ ਕੋਈ ਵਿਅਕਤੀ ਸਵਾਲਾਂ ਦੇ ਜਵਾਬ ਦੇਣੋਂ ਮਨ੍ਹਾਂ ਕਰ ਦੇਵੇ ਪਰ ਇਸ ਬਾਰੇ ਤੁਸੀਂ ਬਹੁਤਾ ਕੁਝ ਕਰ ਵੀ ਨਹੀਂ ਸਕਦੇ।"

ਵੀਡੀਓ ਵਿੱਚ ਨੀਰਵ ਮੋਦੀ ਲੰਡਨ ਦੀਆਂ ਸੜਕਾਂ ਤੇ ਘੁੰਮਦੇ ਦੇਖੇ ਜਾ ਸਕਦੇ ਹਨ। ਟੈਲੀਗ੍ਰਾਫ਼ ਦੇ ਪੱਤਰਕਾਰ ਨੇ ਉਨ੍ਹਾਂ ਨੂੰ ਯੂਕੇ ਵਿੱਚ ਰਹਿਣ, ਹਵਾਲਗੀ ਬਾਰੇ ਅਤੇ ਕਾਰੋਬਰੀ ਹਿੱਸੇਦਾਰਾਂ ਬਾਰੇ ਵਾਰ-ਵਾਰ ਸਵਾਲ ਪੁੱਛੇ। ਜਿਨ੍ਹਾਂ ਦਾ ਜਵਾਬ ਮੋਦੀ "ਨੋ ਕਮੈਂਟਸ" ਕਹਿ ਕੇ ਦਿੱਤੇ।

ਨੀਰਵ ਮੋਦੀ ਟੈਲੀਗ੍ਰਾਫ਼ ਵੱਲੋਂ ਆਪਣੇ ਟਵਿੱਟਰ ਹੈਂਡਲ ਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਘੁੰਢੀਆਂ ਮੁੱਛਾਂ, ਵਿਰਲੇ ਵਾਲਾਂ ਨਾਲ ਪੱਤਰਕਾਰ ਦੇ ਸਵਾਲਾਂ ਦੇ ਜਵਾਬ ਦਿੰਦੇ ਦੇਖੇ ਜਾ ਸਕਦੇ ਹਨ।

ਵੀਡੀਓ ਵਿੱਚ ਮੋਦੀ ਕੋਈ ਟੈਕਸੀ ਫੜਨ ਦੀ ਕੋਸ਼ਿਸ਼ ਕਰਦੇ ਦਿਖ ਰਹੇ ਹਨ ਅਤੇ ਪੱਤਰਕਾਰ ਉਨ੍ਹਾਂ ਦਾ ਨੇੜਿਓਂ ਪਿੱਛਾ ਕਰ ਰਿਹਾ ਹੈ। ਬ੍ਰਾਊਨ ਨੇ ਬੀਬੀਸੀ ਨੂੰ ਦੱਸਿਆ,"ਆਕਸਫੋਰਡ ਸਟਰੀਟ 'ਤੇ ਦੁਪਹਿਰ ਦੇ ਖਾਣੇ ਦੇ ਸਮੇਂ ਟੈਕਸੀ ਫੜਨਾ ਹਮੇਸ਼ਾ ਹੀ ਬਹੁਤ ਮੁਸ਼ਕਿਲ ਹੁੰਦਾ ਹੈ।"

2 ਮਿੰਟ 13 ਸਕਿੰਟਾਂ ਦੀ ਵੀਡੀਓ ਸ਼ਨਿੱਚਰਵਾਰ ਨੂੰ ਭਾਰਤ ਦੇ ਸੋਸ਼ਲ ਅਤੇ ਮੁੱਖ ਮੀਡੀਆ ਤੇ ਵਾਇਰਲ ਹੋ ਗਈ। ਇਸ ਵੀਡੀਓ ਨੂੰ ਭਾਰਤ ਵਿੱਚ ਰਾਹੁਲ ਗਾਂਧੀ ਸਮੇਤ ਕਈ ਵੱਡੇ ਵਿਰੋਧੀ ਆਗੂਆਂ ਨੇ ਰੀਟਵੀਟ ਕੀਤਾ।

ਬ੍ਰਾਊਨ ਨੇ ਦੱਸਿਆ, "ਸੱਚ ਦੱਸਾਂ ਤਾਂ ਮੈਂ ਹੈਰਾਨ ਹਾਂ ਤੇ ਖ਼ਾਸ ਕਰਕੇ ਭਾਰਤ ਤੋਂ ਮਿਲੇ ਹੁੰਗਾਰੇ ਲਈ ਧੰਨਵਾਦੀ ਵੀ ਹਾਂ। ਹਾਲਾਂਕਿ ਮੈਨੂੰ ਪਤਾ ਸੀ ਕਿ ਮੋਦੀ ਭਾਰਤ ਵਿੱਚ ਚਰਚਿਤ ਰਹੇ ਹਨ ਪਰ ਮੈਨੂੰ ਇਸ ਦਾ ਇੰਨਾ ਹੁੰਗਾਰਾ ਮਿਲਣ ਦੀ ਉਮੀਦ ਨਹੀਂ ਸੀ।"

Image copyright AFP
ਫੋਟੋ ਕੈਪਸ਼ਨ ਪੰਜਾਬ ਨੈਸ਼ਨਲ ਬੈਂਕ ਨੇ 2018 ਵਿੱਚ ਕਿਹਾ ਸੀ ਕਿ ਨੀਰਵ ਮੋਦੀ ਤੇ ਉਨ੍ਹਾਂ ਦੇ ਅੰਕਲ ਵੱਲੋਂ ਉਸ ਨਾਲ 2.2 ਬਿਲੀਅਨ ਡਾਲਰ ਦੀ ਧੋਖਾਧੜੀ ਕੀਤੀ ਹੈ।

ਇਹ ਸੰਖੇਪ ਜਿਹੀ ਮੁਲਾਕਾਤ ਕੋਈ ਸੰਜੋਗ ਨਹੀਂ ਸੀ ਸਗੋਂ ਟੈਲੀਗ੍ਰਾਫ਼ ਵੱਲੋਂ ਸਾਂਝੀ ਕੀਤੀ ਗਈ ਇਹ ਵੀਡੀਓ ਇੰਟਰਵਿਊ ਨੀਰਵ ਮੋਦੀ ਦੇ ਲੰਡਨ ਵਿੱਚ ਹੋਣ ਬਾਰੇ ਇੱਕ ਲੰਬੀ ਪੜਤਾਲ ਦਾ ਹਿੱਸਾ ਹੈ।

ਬ੍ਰਾਊਨ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਮੋਦੀ ਦਾ ਪਤਾ ਲਗਾਉਣ ਦੀ ਪਿਛਲੇ ਦਸੰਬਰ ਤੋਂ ਕੋਸ਼ਿਸ਼ ਕਰ ਰਹੇ ਸਨ। ਜਦੋਂ ਉਹ ਟੈਲੀਗ੍ਰਾਫ਼ ਲਈ ਮੋਦੀ ਬਾਰੇ ਇੱਕ ਲੇਖ ਲਿਖ ਰਹੇ ਸਨ।

"ਉਹ ਆਪਣੀ ਆਮ ਰੁਟੀਨ ਕਰ ਰਹੇ ਸਨ। ਆਪਣੇ ਘਰੋਂ ਦਫ਼ਤਰ ਜਿੱਥੋਂ ਸਾਡਾ ਮੰਨਣਾ ਹੈ ਉਹ ਕਾਰੋਬਾਰ ਕਰ ਰਹੇ ਹਨ।"

ਹਾਲਾਂਕਿ ਪਹਿਲਾਂ ਵੀ ਉਨ੍ਹਾਂ ਦੇ ਲੰਡਨ ਵਿੱਚ ਹੋਣ ਬਾਰੇ ਰਿਪੋਰਟ ਕੀਤਾ ਜਾ ਚੁੱਕਿਆ ਹੈ ਪਰ ਉਨ੍ਹਾਂ ਨੂੰ ਤਲਾਸ਼ਣਾ ਕੋਈ ਸੌਖਾ ਕੰਮ ਨਹੀਂ ਸੀ। ਮੋਦੀ ਨੂੰ ਤਲਾਸ਼ਣ ਵਿੱਚ ਕੀਤੇ ਆਪਣੇ ਯਤਨਾਂ ਬਾਰੇ ਬ੍ਰਾਊਨ ਨੇ ਦੱਸਿਆ, "ਸਾਨੂੰ ਉਨ੍ਹਾਂ ਨੂੰ ਲੱਭਣਾ ਪਿਆ, ਜਦੋਂ ਸਾਨੂੰ ਉਨ੍ਹਾਂ ਦੇ ਟਿਕਾਣੇ ਦਾ ਯਕੀਨ ਹੋ ਗਿਆ ਤਾਂ ਅਸੀਂ ਪਹੁੰਚੇ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕੁਝ ਇਸ ਤਰ੍ਹਾਂ ਸਮਝੋ ਪੀਐੱਨਬੀ ਦਾ ਪੂਰਾ ਘੋਟਾਲਾ

ਟੈਲੀਗ੍ਰਾਫ਼ ਦੀ ਰਿਪੋਰਟ ਮੁਤਾਬਕ ਨੀਰਵ ਮੋਦੀ ਹੁਣ ਪੂਰਬੀ ਲੰਡਨ ਵਿੱਚ 80 ਲੱਖ ਪੌਂਡ ਦੇ ਇੱਕ ਘਰ ਵਿੱਚ ਰਹਿ ਰਹੇ ਹਨ ਤੇ ਹੀਰਿਆਂ ਦਾ ਨਵਾਂ ਕਾਰੋਬਾਰ ਕਰ ਰਹੇ ਹਨ।

ਟੈਲੀਗ੍ਰਾਫ ਮੁਤਾਬਕ 48 ਸਾਲਾ ਮੋਦੀ ਕੇਂਦਰੀ ਲੰਡਨ ਦੇ ਟਾਵਰ ਬਲਾਕ ਕੋਲ ਇੱਕ ਤਿੰਨ ਕਮਰਿਆਂ ਦੇ ਘਰ ਵਿੱਚ ਰਹਿ ਰਹੇ ਹਨ। ਇਸ ਥਾਂ 'ਤੇ ਘਰ ਦਾ ਕਿਰਾਇਆ ਅੰਦਾਜ਼ਨ 17,000 ਪੌਂਡ ਪ੍ਰਤੀ ਮਹੀਨਾ ਹੈ।

ਬ੍ਰਾਊਨ ਦਾ ਕਹਿਣਾ ਹੈ ਕਿ ਮੋਦੀ ਜਾਂ ਉਨ੍ਹਾਂ ਦੇ ਨੁਮਾਇੰਦਿਆਂ ਵੱਲੋਂ ਉਨ੍ਹਾਂ ਨੂੰ ਕੋਈ ਪ੍ਰਤੀਕਿਰਿਆ ਨਹੀਂ ਮਿਲੀ।

ਭਾਰਤ ਸਰਕਾਰ ਦੀ ਪ੍ਰਤੀਕਿਰਿਆ

ਵੀਡੀਓ ਬਾਰੇ ਪ੍ਰਤੀਕਿਰਿਆ ਕਰਦਿਆਂ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਨੀਰਵ ਮੋਦੀ ਦੀ ਸਪੁਰਦਗੀ ਲਈ ਸਾਰੇ ਲਾਜ਼ਮੀ ਕਦਮ ਚੁੱਕ ਰਹੀ ਹੈ।

ਮੰਤਰਾਲੇ ਦੇ ਬੁਲਾਰੇ ਨੇ ਸ਼ਨਿੱਚਰਵਾਰ ਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਮੋਦੀ ਦੇ ਲੰਡਨ ਵਿੱਚ ਹੋਣ ਬਾਰੇ ਜਾਣਦੀ ਹੈ। "ਸਾਡੇ ਵੱਲੋਂ ਯੂਕੇ ਸਰਕਾਰ ਨੂੰ ਨੀਰਵ ਮੋਦੀ ਦੀ ਸਪੁਰਦਗੀ ਲਈ ਲਿਖੇ ਜਾਣ ਦਾ ਹੀ ਇਹ ਮਤਲਬ ਹੈ ਕਿ ਸਾਨੂੰ ਪਤਾ ਹੈ ਉਹ ਕਿੱਥੇ ਰਹਿੰਦੇ ਹਨ।"

"ਹੁਣ ਤਾਂ ਯੂਕੇ ਸਰਕਾਰ ਨੇ ਇਸ ਦਾ ਜਵਾਬ ਦੇਣਾ ਹੈ ਤੇ ਸੀਬੀਆਈ ਤੇ ਈਡੀ ਨੇ ਸਪੁਰਦਗੀ ਦੀ ਮੰਗ ਕਰਨੀ ਹੈ।" ਉਨ੍ਹਾਂ ਅੱਗੇ ਕਿਹਾ ਕਿ ਯੂਕੇ ਸਰਕਾਰ ਈਡੀ ਤੇ ਸੀਬੀਆਈ ਦੀਆਂ ਮੰਗਾਂ ਤੇ ਵਿਚਾਰ ਕਰ ਰਹੀ ਹੈ। "ਜੇ ਤੁਹਾਨੂੰ ਲਗਦਾ ਹੈ ਕਿ ਅਸੀਂ ਨੀਰਵ ਮੋਦੀ ਕੇਸ ਦੀ ਪੈਰਵੀ ਨਹੀਂ ਕਰ ਰਹੇ ਤਾਂ ਤੁਸੀਂ ਗਲਤ ਹੋ। ਜਿਵੇਂ ਅਸੀਂ ਵਿਜੇ ਮਾਲਿਆ ਕੇਸ ਦੀ ਪੈਰਵੀ ਕੀਤੀ ਸੀ। ਅਸੀਂ ਨੀਰਵ ਮੋਦੀ ਨੂੰ ਭਾਰਤ ਲਿਆਉਣ ਲਈ ਸਾਰੇ ਲੋੜੀਂਦੇ ਯਤਨ ਕਰਾਂਗੇ।"

"ਨੀਰਵ ਮੋਦੀ ਨਜ਼ਰ ਆ ਗਏ ਇਸ ਦਾ ਮਤਲਬ ਇਹ ਨਹੀਂ ਕਿ ਤੁਰੰਤ ਹੀ ਵਾਪਸ ਲਿਆਂਦੇ ਜਾਣਗੇ"

ਯੂਕੇ ਨੂੰ ਪਨਾਹ ਦੇਣ ਲਈ ਅਰਜੀ ਦੇਣ ਬਾਰੇ ਨੀਰਵ ਨੇ ਪੱਤਰਕਾਰ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।

ਬ੍ਰਾਊਨ ਨੇ ਬੀਬੀਸੀ ਨੂੰ ਦੱਸਿਆ, "ਉਨ੍ਹਾਂ ਦੇ ਮੌਜੂਦਾ ਸਟੇਟਸ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ। ਭਾਰਤ ਨੇ ਉਨ੍ਹਾਂ ਦੀ ਸਪੁਰਦਗੀ ਦੀ ਮੰਗ ਕੀਤੀ ਹੈ। ਬਰਤਾਨੀਆ ਇਸ ਨੂੰ ਕਿੰਨੀ ਕੁ ਪਹਿਲ ਦੇ ਰਿਹਾ ਹੈ ਇਸ ਬਾਰੇ ਕੁਝ ਸਪਸ਼ਟ ਨਹੀਂ ਹੈ। ਸਪੁਰਦਗੀ ਤੋਂ ਪਹਿਲਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਪਵੇਗਾ ਜੋ ਹਾਲੇ ਤੱਕ ਨਹੀਂ ਕੀਤੇ ਗਏ। ਲਗਦਾ ਹੈ ਬਰਤਾਨਵੀ ਅਧਿਕਾਰੀ ਉਨ੍ਹਾਂ ਨੂੰ ਭਾਲ ਨਹੀਂ ਸਕੇ।"

ਭਾਰਤ ਦੇ ਦੂਸਰੇ ਸਭ ਤੋਂ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ ਨੇ 2018 ਵਿੱਚ ਕਿਹਾ ਸੀ ਕਿ ਨੀਰਵ ਮੋਦੀ ਤੇ ਉਨ੍ਹਾਂ ਦੇ ਅੰਕਲ ਵੱਲੋਂ ਚਲਾਏ ਜਾ ਰਹੇ ਗਹਿਣਿਆਂ ਦੇ ਦੋ ਕਾਰੋਬਾਰੀ ਸਮੂਹਾਂ ਨੇ ਉਸ ਨਾਲ 2.2 ਬਿਲੀਅਨ ਡਾਲਰ ਦੀ ਧੋਖਾਧੜੀ ਕੀਤੀ ਹੈ। ਇਸ ਕੰਮ ਵਿੱਚ ਉਨ੍ਹਾਂ ਨੇ ਬੈਂਕ ਦੇ ਭ੍ਰਿਸ਼ਟ ਸਟਾਫ਼ ਦੀ ਮਿਲੀ-ਭੁਗਤ ਨਾਲ ਜਾਰੀ ਗੈਰ-ਕਾਨੂੰਨੀ ਗਰੰਟੀਆਂ ਦੀ ਵਰਤੋਂ ਕਰਕੇ ਹੋਰ ਬੈਂਕਾਂ ਤੋਂ ਕਰਜਾ ਲਿਆ।

Image copyright Getty Images

ਮੋਦੀ ਅਤੇ ਚੌਕਸੀ ਦੋਵੇਂ ਹੀ ਧੋਖਾਧੜੀ ਦੇ ਵੇਰਵੇ ਜਨਤਕ ਹੋਣ ਤੋਂ ਪਹਿਲਾਂ ਹੀ ਭਾਰਤ ਛੱਡ ਕੇ ਚਲੇ ਗਏ।

ਪਿਛਲੇ ਅੱਠਾਂ ਸਾਲਾਂ ਵਿੱਚ ਨੀਰਵ ਮੋਦੀ ਨੇ ਗਹਿਣਿਆਂ ਦਾ ਇੱਕ ਕੌਮਾਂਤਰੀ ਬਰਾਂਡ ਖੜ੍ਹਾ ਕੀਤਾ ਹੈ ਜਿਸ ਦੀਆਂ ਲੰਡਨ, ਨਿਊ ਯਾਰਕ ਅਤੇ ਹਾਂਗਕਾਂਗ ਵਿੱਚ ਸ਼ਾਂਖ਼ਾਵਾਂ ਹਨ। ਕਾਮਯਾਬੀ ਨੇ ਉਨ੍ਹਾਂ ਨੂੰ ਭਾਰਤ ਦੇ ਸਭ ਤੋਂ ਅਮੀਰ ਲੋਕਾਂ ਵਿੱਚ ਪਹੁੰਚਾ ਦਿੱਤਾ। ਫੋਰਬਸ ਮੈਗਜ਼ੀਨ ਮੁਤਾਬਕ ਮੋਦੀ ਦੀ ਨਿੱਜੀ ਸੰਪਤੀ 1.75 ਬਿਲੀਅਨ ਡਾਲਰ ਹੈ।

ਗਹਿਣਿਆਂ ਦਾ ਵਾਪਾਰ ਪਰਿਵਾਰਕ ਪੇਸ਼ਾ

ਉਨ੍ਹਾਂ ਦੇ ਅੰਕਲ ਗੀਤਾਂਜਲੀ ਜਵੈਲਰ ਵਾਲੇ ਮੇਹੁਲ ਚੌਕਸੀ ਗੀਤਾਂਜਲੀ ਸਮੂਹ ਦੇ ਮੁਖੀ ਹਨ।ਗੀਤਾਂਜਲੀ ਜਵੈਲਰਜ਼ ਦੀਆਂ ਪੂਰੇ ਭਾਰਤ ਵਿੱਚ ਲਗਪਗ 4000 ਦੁਕਾਨਾਂ ਹਨ।

Image copyright Getty Images

ਵਾਇਰਲ ਵੀਡੀਓ ਵਿੱਚ ਨੀਰਵ ਮੋਦੀ ਵੱਲੋਂ ਪਾਈ ਹੋਈ ਜਾਕਟ ਵੀ ਚਰਚਾ ਦਾ ਵਿਸ਼ਾ ਬਣੀ ਹੈ। ਟੈਲੀਗ੍ਰਾਫ਼ ਦੀ ਰਿਪੋਰਟ ਮੁਤਾਬਕ ਇਹ ਜਾਕਟ ਔਸਟਰਿੱਚ ਹਾਈਡ ਕੰਪਨੀ ਦੀ ਸੀ, ਜਿਸ ਦੀ ਕੀਮਤ ਘੱਟੋ-ਘੱਟ 10,000 ਪੌਂਡ ਹੈ।

ਬ੍ਰਾਊਨ ਨੇ ਦੱਸਿਆ,"ਇਸ ਜਾਕਟ ਦੀ ਕਾਫ਼ੀ ਚਰਚਾ ਹੋਈ ਹੈ। ਇਸ ਨੂੰ ਵੇਚਣ ਵਾਲਾ ਸੇਲਜ਼ਮੈਨ ਜਦੋਂ ਮੋਦੀ ਇਸ ਨੂੰ ਪਾ ਕੇ ਦੁਕਾਨ ਤੋਂ ਨਿਕਲੇ ਹੋਣਗੇ ਤਾਂ ਬਹੁਤ ਖ਼ੁਸ਼ ਹੋਇਆ ਹੋਵੇਗਾ।"

ਉਨ੍ਹਾਂ ਹੋਰ ਦੱਸਿਆ ਕਿ ਉਨ੍ਹਾਂ ਦਾ ਅਖ਼ਬਾਰ ਇਸ ਬਾਰੇ ਹੋਰ ਕੰਮ ਕਰਦਾ ਰਹੇਗਾ।

ਕੌਣ ਹਨ ਨੀਰਵ ਮੋਦੀ?

  • ਨੀਰਵ ਮੋਦੀ ਹੀਰਿਆਂ ਦਾ ਕਾਰੋਬਾਰ ਕਰਨ ਵਾਲੇ ਪਰਿਵਾਰ ਨਾਲ ਸਬੰਧ ਰਖਦੇ ਹਨ ਅਤੇ ਬੈਲਜ਼ੀਅਮ ਦੇ ਐਂਟਵਰਪ ਸ਼ਹਿਰ ਵਿੱਚ ਉਨ੍ਹਾਂ ਦਾ ਪਾਲਨ-ਪੋਸ਼ਣ ਹੋਇਆ ਹੈ।
  • ਗਹਿਣਿਆਂ ਦੇ ਡਿਜ਼ਾਈਨਰ ਨੀਰਵ ਮੋਦੀ 2.3 ਅਰਬ ਡਾਲਰ ਦੇ ਫਾਇਰਸਟਾਰ ਡਾਇਮੰਡ ਦੇ ਸੰਸਥਾਪਕ ਹਨ ਅਤੇ ਉਨ੍ਹਾਂ ਦੇ ਗਾਹਕਾਂ ਵਿੱਚ ਦੁਨੀਆਂ ਦੇ ਮੰਨੇ-ਪ੍ਰਮੰਨੇ ਲੋਕ ਸ਼ਾਮਿਲ ਹਨ।
Image copyright Getty Images
  • ਨੀਰਵ ਮੋਦੀ ਦੇ ਡਿਜ਼ਾਈਨਰ ਗਹਿਣਿਆਂ ਦੇ ਬੂਟੀਕ ਲੰਡਨ, ਨਿਊਯਾਰਕ, ਲਾਸ ਵੇਗਾਸ, ਹਵਾਈ, ਸਿੰਗਾਪੁਰ, ਬੀਜਿੰਗ ਅਤੇ ਮਕਾਊ ਵਿੱਚ ਹਨ। ਭਾਰਤ ਵਿੱਚ ਉਨ੍ਹਾਂ ਦੇ ਸਟੋਰ ਮੁੰਬਈ ਅਤੇ ਦਿੱਲੀ ਵਿੱਚ ਹਨ।
  • ਨੀਰਵ ਮੋਦੀ ਨੇ ਆਪਣੇ ਹੀ ਨਾਮ ਤੋਂ ਸਾਲ 2010 ਵਿੱਚ ਗਲੋਬਲ ਡਾਇਮੰਡ ਜੂਲਰੀ ਹਾਊਸ ਦਾ ਨੀਂਹ ਪੱਥਰ ਰੱਖਿਆ ਸੀ।
  • ਭਾਰਤ ਵਿੱਚ ਵਸਣ ਅਤੇ ਡਾਇਮੰਡ ਟ੍ਰੇਡਿੰਗ ਬਿਜ਼ਨੈੱਸ ਦੇ ਸਾਰੇ ਪਹਿਲੂਆਂ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਸਾਲ 1999 ਵਿੱਚ ਉਨ੍ਹਾਂ ਨੇ ਫਾਇਰਸਟਾਰ ਦਾ ਨੀਂਹ ਪੱਥਰ ਰੱਖਿਆ।
  • ਉਨ੍ਹਾਂ ਦੀ ਕੰਪਨੀ ਦੇ ਡਿਜ਼ਾਈਨ ਕੀਤੇ ਗਹਿਣੇ ਕੇਟ ਵਿੰਸਲੇਟ, ਰੋਜ਼ੀ ਹੰਟਿੰਗਟਨ-ਵਹਾਟਲੀ, ਨਾਓਮੀ ਵਾਟਸ, ਕੋਕੋ ਰੋਸ਼ਾ, ਲੀਜ਼ਾ ਹੇਡਨ ਅਤੇ ਐਸ਼ਵਰਿਆ ਰਾਏ ਵਰਗੇ ਭਾਰਤੀ ਅਤੇ ਕੌਮਾਂਤਰੀ ਸਟਾਈਲ ਆਈਕਨ ਪਾਉਂਦੇ ਹਨ।

ਇਹ ਵੀ ਪੜ੍ਹੋ: