ਰਾਹੁਲ ਗਾਂਧੀ ਦਾ ਦਾਅਵਾ - ਮਸੂਦ ਅਜ਼ਹਰ ਦੀ ਰਿਹਾਈ ਸਮੇਂ ਕਿੱਥੇ ਸਨ ਅਜਿਤ ਡੋਭਾਲ? ਜਾਣੋ ਹਕੀਕਤ

ਅਜਿਤਾ ਡੋਭਾਲ ਰਾਹੁਲ ਗਾਂਧੀ Image copyright Getty Images
ਫੋਟੋ ਕੈਪਸ਼ਨ ਅਜਿਤਾ ਡੋਭਾਲ (ਖੱਬੇ) ਅਤੇ ਰਾਹੁਲ ਗਾਂਧੀ (ਸੱਜੇ)

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਪੁਲਵਾਮਾ ਹਮਲੇ ਦੇ ਦੋਸ਼ੀ ਮਸੂਦ ਅਜ਼ਹਰ ਨੂੰ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਖ਼ੁਦ ਹੀ ਜਹਾਜ਼ 'ਚ ਕੰਧਾਰ (ਅਫ਼ਗਾਨਿਸਤਾਨ) ਛੱਡ ਕੇ ਆਏ ਹਨ।

ਸੋਮਵਾਰ ਨੂੰ ਦਿੱਲੀ 'ਚ ਹੋਈ ਪਾਰਟੀ ਵਰਕਰਾਂ ਦੀ ਬੈਠਕ 'ਚ ਰਾਹੁਲ ਗਾਂਧੀ ਨੇ ਕਿਹਾ, ''ਪੁਲਵਾਮਾ 'ਚ ਬੱਸ ਵਿੱਚ ਬੰਬ ਕਿਸਨੇ ਫੋੜਿਆ? ਜੈਸ਼-ਏ-ਮੁਹੰਮਦ, ਮਸੂਦ ਅਜ਼ਹਰ।”

“ਤੁਹਾਨੂੰ ਯਾਦ ਹੋਵੇਗਾ ਕਿ 56 ਇੰਚ ਦੀ ਛਾਤੀ ਵਾਲਿਆਂ ਦੀ ਜਦੋਂ ਪਿਛਲੀ ਸਰਕਾਰ ਸੀ ਤਾਂ ਏਅਰਕ੍ਰਾਫ਼ਟ 'ਚ ਮਸੂਦ ਅਜ਼ਹਰ ਜੀ ਦੇ ਨਾਲ ਬੈਠ ਕੇ ਅਜਿਤ ਡੋਭਾਲ, ਜੋ ਅੱਜ ਨੈਸ਼ਨਲ ਸਕਿਉਰਟੀ ਐਡਵਾਈਜ਼ਰ ਹਨ - ਮਸੂਦ ਅਜ਼ਹਰ ਨੂੰ ਕੰਧਾਰ 'ਚ ਹਵਾਲੇ ਕਰਨ ਗਏ ਸਨ।''

ਉਨ੍ਹਾਂ ਨੇ ਕਿਹਾ, ''ਪੁਲਵਾਮਾ 'ਚ ਜੇ ਬੰਬ ਧਮਾਕਾ ਹੋਇਆ, ਉਹ ਜ਼ਰੂਰ ਪਾਕਿਸਤਾਨ ਦੇ ਲੋਕਾਂ ਨੇ, ਜੈਸ਼-ਏ-ਮੁੰਹਮਦ ਦੇ ਲੋਕਾਂ ਨੇ ਕਰਵਾਇਆ। ਪਰ ਮਸੂਦ ਅਜ਼ਹਰ ਨੂੰ ਭਾਜਪਾ ਨੇ ਜੇਲ੍ਹ ਤੋਂ ਛੱਡਿਆ, ਕਾਂਗਰਸ ਪਾਰਟੀ ਦੇ ਦੋ ਪ੍ਰਧਾਨ ਮੰਤਰੀ ਸ਼ਹੀਦ ਹੋਏ, ਅਸੀਂ ਕਿਸੇ ਤੋਂ ਨਹੀਂ ਡਰਦੇ।''

ਪਰ ਰਾਹੁਲ ਗਾਂਧੀ ਦੇ ਇਸ ਬਿਆਨ ਦਾ ਸਿਰਫ਼ ਉਹ ਹਿੱਸਾ ਜਿੱਥੇ ਉਹ 'ਮਸੂਦ ਅਜ਼ਹਰ ਜੀ' ਬੋਲਦੇ ਹਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ।

ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਸਣੇ ਕਈ ਹੋਰ ਵੱਡੇ ਭਾਜਪਾ ਆਗੂਆਂ ਨੇ ਇਹ ਵਾਇਰਲ ਵੀਡੀਓ ਸ਼ੇਅਰ ਕੀਤਾ ਹੈ। ਇਸਨੂੰ ਲੱਖਾਂ ਵਾਰ ਸੋਸ਼ਲ ਮੀਡੀਆ 'ਤੇ ਦੇਖਿਆ ਜਾ ਚੁੱਕਿਆ ਹੈ। ਹਾਲਾਂਕਿ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ 'ਚ ਰਵਿਸ਼ੰਕਰ ਪ੍ਰਸਾਦ ਹਾਫ਼ਿਜ਼ ਸਈਦ ਨੂੰ ‘ਹਾਫ਼ਿਜ਼ ਜੀ’ ਕਹਿ ਰਹੇ ਹਨ।

ਪਰ ਜਿਨ੍ਹਾਂ ਨੇ ਯੂ-ਟਿਊਬ 'ਤੇ ਮੌਜੂਦ ਰਾਹੁਲ ਗਾਂਧੀ ਦਾ ਇਹ ਪੂਰਾ ਭਾਸ਼ਣ ਸੁਣਿਆ ਹੈ, ਉਨ੍ਹਾਂ ਦੀ ਦਿਲਚਸਪੀ ਹੈ ਕਿ 'ਮਸੂਦ ਅਜ਼ਹਰ ਦੇ ਭਾਰਤ ਤੋਂ ਰਿਹਾਅ ਹੋ ਕੇ ਕੰਧਾਰ ਪਹੁੰਚਣ 'ਚ ਕੌਮੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਦੀ ਭੂਮਿਕਾ ਕੀ ਸੀ?

ਸਾਨੂੰ ਇਹ ਪਤਾ ਲਗਿਆ ਕਿ ਰਾਹੁਲ ਗਾਂਧੀ ਦਾ ਇਹ ਦਾਅਵਾ ਕਿ 'ਅਜਿਤ ਡੋਭਾਲ ਮਸੂਦ ਅਜ਼ਹਰ ਦੇ ਨਾਲ ਏਅਰਕ੍ਰਾਫ਼ਟ 'ਚ ਬੈਠ ਕੇ ਦਿੱਲੀ ਤੋਂ ਕੰਧਾਰ ਗਏ ਸਨ', ਸਹੀ ਨਹੀਂ ਹੈ।

ਅਜਿਤ ਡੋਭਾਲ ਪਹਿਲਾਂ ਤੋਂ ਕੰਧਾਰ 'ਚ ਮੌਜੂਦ ਸਨ ਅਤੇ ਮੁਸਾਫ਼ਰਾਂ ਨੂੰ ਛੁਡਵਾਉਣ ਲਈ ਤਾਲਿਬਾਨ ਨਾਲ ਚੱਲ ਰਹੀ ਗੱਲਬਾਤ ਦੀ ਪ੍ਰਕਿਰਿਆ 'ਚ ਸ਼ਾਮਿਲ ਸਨ।

Image copyright Getty Images
ਫੋਟੋ ਕੈਪਸ਼ਨ ਮੌਲਾਨਾ ਮਸੂਦ ਅਜ਼ਹਰ

ਮਸੂਦ ਅਜ਼ਹਰ ਦੇ ਕੰਧਾਰ ਪਹੁੰਚਣ ਦੀ ਕਹਾਣੀ

ਪੁਰਤਗਾਲੀ ਪਾਸਪੋਰਟ ਦੇ ਨਾਲ ਭਾਰਤ ਦਾਖ਼ਲ ਹੋਏ ਮਸੂਦ ਅਜ਼ਹਰ ਦੇ ਗ੍ਰਿਫ਼ਤਾਰ ਹੋਣ ਦੇ 10 ਮਹੀਨਿਆਂ ਦੇ ਅੰਦਰ ਹੀ ਅੱਤਵਾਦੀਆਂ ਨੇ ਦਿੱਲੀ 'ਚ ਕੁਝ ਵਿਦੇਸ਼ੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਨੂੰ ਛੱਡਣ ਦੇ ਬਦਲੇ ਮਸੂਦ ਅਜ਼ਹਰ ਦੀ ਰਿਹਾਈ ਦੀ ਮੰਗ ਕੀਤੀ ਸੀ।

ਇਹ ਮੁਹਿੰਮ ਅਸਫ਼ਲ ਹੋ ਗਈ ਸੀ ਕਿਉਂਕਿ ਉੱਤਰ ਪ੍ਰਦੇਸ਼ ਅਤੇ ਦਿੱਲੀ ਪੁਲਿਸ ਸਹਾਰਨਪੁਰ ਵਿੱਚ ਬੰਦੀਆਂ ਨੂੰ ਛੁਡਾਉਣ 'ਚ ਸਫ਼ਲ ਹੋ ਗਈ ਸੀ।

ਇੱਕ ਸਾਲ ਬਾਅਦ ਹਰਕਤ-ਉਲ-ਅੰਸਾਰ ਨੇ ਫ਼ਿਰ ਕੁਝ ਵਿਦੇਸ਼ੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ, ਪਰ ਇਹ ਕੋਸ਼ਿਸ਼ ਵੀ ਅਸਫ਼ਲ ਰਹੀ ਸੀ।

ਇਹ ਵੀ ਜ਼ਰੂਰ ਪੜ੍ਹੋ:

ਸਾਲ 1999 'ਚ ਜੰਮੂ ਦੀ ਕੋਟ ਭਲਵਾਲ ਜੇਲ੍ਹ ਤੋਂ ਮਸੂਦ ਅਜ਼ਹਰ ਨੂੰ ਕੱਢਣ ਲਈ ਸੁਰੰਗ ਖੋਦੀ ਗਈ, ਪਰ ਮਸੂਦ ਨੂੰ ਕੱਢਣ ਦੀ ਅੱਤਵਾਦੀਆਂ ਦੀ ਇਹ ਕੋਸ਼ਿਸ਼ ਵੀ ਅਸਫ਼ਲ ਰਹੀ ਸੀ।

Image copyright Getty Images
ਫੋਟੋ ਕੈਪਸ਼ਨ ਕੰਧਾਰ ਹਾਈਜੈਕ ਦੀ ਤਸਵੀਰ

ਕੁਝ ਮਹੀਨਿਆਂ ਬਾਅਦ ਦਸੰਬਰ, 1999 ਵਿੱਚ ਅੱਤਵਾਦੀ ਇੱਕ ਭਾਰਤੀ ਜਹਾਜ਼ (ਇੰਡਿਅਨ ਏਅਰਲਾਈਨਜ਼ ਦੀ ਫਲਾਈਟ ਨੰਬਰ IC-814) ਨੂੰ ਅਗਵਾ ਕਰ ਕੇ ਕੰਧਾਰ ਲੈ ਗਏ ਸਨ।

ਇਸ ਜਹਾਜ਼ ਦੇ ਮੁਸਾਫ਼ਰਾਂ ਨੂੰ ਛੱਡਣ ਬਦਲੇ ਭਾਰਤ ਸਰਕਾਰ ਮਸੂਦ ਅਜ਼ਹਰ ਸਣੇ ਤਿੰਨ ਅੱਤਵਾਦੀਆਂ ਨੂੰ ਛੱਡਣ ਲਈ ਤਿਆਰ ਹੋ ਗਈ ਸੀ।

ਉਸ ਸਮੇਂ ਭਾਰਤੀ ਖ਼ੁਫ਼ੀਆ ਏਜੰਸੀ ਰਾਅ ਦੇ ਮੁਖੀ ਰਹੇ ਅਮਰਜੀਤ ਸਿੰਘ ਦੁਲਤ ਨੇ ਬੀਬੀਸੀ ਪੱਤਰਕਾਰ ਰੇਹਾਨ ਫ਼ਜ਼ਲ ਨੂੰ ਦੱਸਿਆ, ''ਜ਼ਰਗਰ ਨੂੰ ਸ਼੍ਰੀਨਗਰ ਜੇਲ੍ਹ ਅਤੇ ਮਸੂਦ ਅਜ਼ਹਰ ਨੂੰ ਜੰਮੂ ਦੀ ਕੋਟ ਭਲਵਲ ਜੇਲ੍ਹ ਤੋਂ ਸ਼੍ਰੀਨਗਰ ਲਿਆਇਆ ਗਿਆ। ਦੋਵਾਂ ਨੂੰ ਰਾਅ ਨੇ ਇੱਕ ਛੋਟੇ ਗਲਫ਼ਸਟ੍ਰੀਮ ਜਹਾਜ਼ 'ਚ ਬਿਠਾਇਆ ਸੀ।''

Image copyright Getty Images
ਫੋਟੋ ਕੈਪਸ਼ਨ ਮੁਸ਼ਤਾਕ ਅਹਿਮਦ ਜ਼ਰਗਰ ਦੀ ਫ਼ਾਈਲ ਫ਼ੋਟੋ

''ਦੋਵਾਂ ਦੀਆਂ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਮੇਰੇ ਜਹਾਜ਼ 'ਚ ਸਵਾਰ ਹੋਣ ਤੋਂ ਪਹਿਲਾਂ ਦੋਵਾਂ ਨੂੰ ਜਹਾਜ਼ ਦੇ ਪਿਛਲੇ ਹਿੱਸੇ 'ਚ ਬਿਠਾ ਦਿੱਤਾ ਗਿਆ ਸੀ। ਜਹਾਜ਼ ਦੇ ਵਿਚਾਲੇ ਪਰਦਾ ਲਗਿਆ ਹੋਇਆ ਸੀ। ਪਰਦੇ ਦੇ ਇੱਕ ਪਾਸੇ ਮੈਂ ਬੈਠਾ ਸੀ ਅਤੇ ਦੂਜੇ ਪਾਸੇ ਜ਼ਰਗਰ ਅਤੇ ਮਸੂਦ ਅਜ਼ਹਰ।''

ਉਨ੍ਹਾਂ ਨੇ ਦੱਸਿਆ ਕਿ 'ਟੇਕ ਔਫ਼' ਤੋਂ ਕੁਝ ਸਕਿੰਟ ਪਹਿਲਾਂ ਹੀ ਇਹ ਸੂਚਨਾ ਆਈ ਸੀ ਕਿ ਅਸੀਂ ਛੇਤੀ ਤੋਂ ਛੇਤੀ ਦਿੱਲੀ ਪਹੁੰਚਣਾ ਹੈ ਕਿਉਂਕਿ ਵਿਦੇਸ਼ ਮੰਤਰੀ ਜਸਵੰਤ ਸਿੰਘ ਹਵਾਈ ਅੱਡੇ 'ਤੇ ਹੀ ਕੰਧਾਰ ਜਾਣ ਲਈ ਸਾਡਾ ਇੰਤਜ਼ਾਰ ਕਰ ਰਹੇ ਸਨ।

ਦੁਲਤ ਦੱਸਦੇ ਹਨ, ''ਦਿੱਲੀ 'ਚ ਉਤਰਦੇ ਹੀ ਇਨ੍ਹਾਂ ਦੋਵਾਂ ਅੱਤਵਾਦੀਆਂ ਨੂੰ ਜਸਵੰਤ ਸਿੰਘ ਦੇ ਜਹਾਜ਼ ਵਿੱਚ ਲਿਜਾਇਆ ਗਿਆ ਜਿਸ 'ਚ ਤੀਸਰਾ ਅੱਤਵਾਦੀ ਓਮਰ ਸ਼ੇਖ਼ ਪਹਿਲਾਂ ਤੋਂ ਹੀ ਮੌਜੂਦ ਸੀ। ਸਾਡਾ ਕੰਮ ਜ਼ਰਗਰ ਅਤੇ ਮਸੂਦ ਨੂੰ ਦਿੱਲੀ ਤੱਕ ਪਹੁੰਚਾਉਣ ਦਾ ਸੀ।''

Image copyright Getty Images
ਫੋਟੋ ਕੈਪਸ਼ਨ ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ

'ਫ਼ੈਸਲਾ ਲੈਣ ਵਾਲਾ ਸ਼ਖ਼ਸ'

ਸਾਬਕਾ ਰਾਅ ਮੁਖੀ ਅਮਰਜੀਤ ਸਿੰਘ ਦੁਲਤ ਦੱਸਦੇ ਹਨ ਕਿ ਇਹ ਸਵਾਲ ਉੱਠਿਆ ਸੀ ਕਿ ਇਨ੍ਹਾਂ ਬੰਦੀਆਂ ਦੇ ਨਾਲ ਭਾਰਤ ਵੱਲੋਂ ਕੰਧਾਰ ਕੌਣ-ਕੌਣ ਜਾਵੇ।

ਇਹ ਗੱਲ ਅਧਿਕਾਰਤ ਰਿਕਾਰਡ ਵਿੱਚ ਦਰਜ ਹੈ ਕਿ ਇੰਟੈਲਿਜੈਂਸ ਬਿਊਰੋ ਦੇ ਅਜਿਤ ਡੋਭਾਲ ਇਸ ਜਹਾਜ਼ ਦੇ ਦਿੱਲੀ ਤੋਂ ਉਡਾਣ ਭਰਨ ਤੋਂ ਪਹਿਲਾਂ ਹੀ ਕੰਧਾਰ 'ਚ ਮੌਜੂਦ ਸਨ।

ਇਹ ਵੀ ਜ਼ਰੂਰ ਪੜ੍ਹੋ:

ਉਨ੍ਹਾਂ ਦੇ ਨਾਲ ਵਿਦੇਸ਼ ਮੰਤਰਾਲੇ ਦੇ ਜੁਆਇੰਟ ਸਕੱਤਰ ਵਿਵੇਕ ਕਾਟਜੂ ਅਤੇ ਰਾਅ ਦੇ ਸੀਡੀ ਸਹਾਏ ਵੀ ਕੰਧਾਰ 'ਚ ਹੀ ਸਨ। ਤਿੰਨੇ ਅਧਿਕਾਰੀ ਲਗਾਤਾਰ ਤਾਲਿਬਾਨ ਨਾਲ ਸਮਝੌਤਾ ਕਰਨ ਲਈ ਗੱਲਬਾਤ ਦੀ ਕੋਸ਼ਿਸ਼ ਕਰ ਰਹੇ ਸਨ।

ਇਨ੍ਹਾਂ ਤਿੰਨਾ ਅਧਿਕਾਰੀਆਂ ਨੇ ਇੱਕੋ ਆਵਾਜ਼ 'ਚ ਕਿਹਾ ਸੀ ਕਿ ਕੰਧਾਰ ਕਿਸੇ ਅਜਿਹੇ ਸ਼ਖ਼ਸ ਨੂੰ ਭੇਜਿਆ ਜਾਵੇ ਜੋ ਲੋੜ ਪੈਣ 'ਤੇ ਉੱਥੇ ਵੱਡੇ ਫ਼ੈਸਲੇ ਲੈ ਸਕਣ, ਕਿਉਂਕਿ ਇਹ ਵਿਹਾਰਕ ਨਹੀਂ ਹੋਵੇਗਾ ਕਿ ਹਰ ਫ਼ੈਸਲੇ ਲਈ ਦਿੱਲੀ ਵੱਲ ਦੇਖਿਆ ਜਾਵੇ।

Image copyright Getty Images
ਫੋਟੋ ਕੈਪਸ਼ਨ ਕੰਧਾਰ ਹਾਈਜੈਕ ਦੀ ਤਸਵੀਰ

ਡੋਭਾਲ ਨੂੰ ਤੋਹਫ਼ੇ 'ਚ ਮਿਲਿਆ 'ਬਾਇਨਾਕੁਲਰ'

ਜਦੋਂ ਤਿੰਨੇ ਅੱਤਵਾਦੀਆਂ ਨੂੰ ਲੈ ਕੇ ਭਾਰਤੀ ਜਹਾਜ਼ ਦਿੱਲੀ ਤੋਂ ਕੰਧਾਰ ਪਹੁੰਚਿਆ, ਤਾਂ ਕਰੀਬ ਪੰਜ ਵਜੇ ਅਜਿਤ ਡੋਭਾਲ ਅਗਵਾ ਕੀਤੇ ਗਏ ਜਹਾਜ਼ 'ਚ ਮੁਸਾਫ਼ਰਾਂ ਨੂੰ ਮਿਲਣ ਗਏ ਸਨ।

ਜਦੋਂ ਉਹ ਜਹਾਜ਼ ਤੋਂ ਉਤਰਣ ਲੱਗੇ ਤਾਂ ਦੋ ਅਗਵਾਕਾਰਾਂ ਬਰਗਰ ਅਤੇ ਸੈਂਡੀ (ਤਾਲਿਬਾਨ ਅਗਵਾਕਾਰਾਂ ਦੇ ਬਦਲੇ ਹੋਏ ਨਾਂ) ਨੇ ਅਜਿਤ ਡੋਭਾਲ ਨੂੰ ਇੱਕ ਛੋਟਾ 'ਬਾਇਨਾਕੁਲਰ' ਦਿੱਤਾ ਸੀ।

ਡੋਭਾਲ ਦੇ ਹਵਾਲੇ ਨਾਲ ਜਸਵੰਤ ਸਿੰਘ ਨੇ ਆਪਣੀ ਆਤਮਕਥਾ 'ਅ ਕਾਲ ਟੂ ਔਨਰ - ਇਨ ਸਰਵਿਸ ਆਫ਼ ਏਮਰਜਿੰਗ ਇੰਡੀਆ' 'ਚ ਲਿਖਿਆ ਹੈ, ''ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਹ ਇਸੇ 'ਬਾਇਨਾਕੁਲਰ' ਤੋਂ ਬਾਹਰ ਹੋ ਰਹੀ ਗਤੀਵਿਧੀਆਂ 'ਤੇ ਨਜ਼ਰ ਰੱਖੀ ਬੈਠੇ ਸਨ।”

“ਬਾਅਦ ਵਿੱਚ ਜਦੋਂ ਮੈਂ ਕੰਧਾਰ ਤੋਂ ਦਿੱਲੀ ਆਉਣ ਲਈ ਰਵਾਨਾ ਹੋਇਆ ਤਾਂ ਡੋਭਾਲ ਨੇ ਉਹ 'ਬਾਇਨਾਕੁਲਰ' ਵਿਦੇਸ਼ ਮੰਤਰੀ ਜਸਵੰਤ ਸਿੰਘ ਨੂੰ ਦਿਖਾਇਆ। ਅਸੀਂ ਕਿਹਾ ਕਿ ਇਹ ਬਾਇਨਾਕੁਲਰ ਸਾਨੂੰ ਕੰਧਾਰ ਦੇ ਸਾਡੇ ਬੁਰੇ ਅਨੁਭਵ ਦੀ ਯਾਦ ਦਿਵਾਏਗਾ।''

Image copyright Getty Images
ਫੋਟੋ ਕੈਪਸ਼ਨ ਕੰਧਾਰ ਹਾਈਜੈਕ ਦੀ ਤਸਵੀਰ

ਨਾਰਾਜ਼ ਫ਼ਾਰੂਕ ਅਬਦੁੱਲਾ

ਭਾਰਤ ਦੇ ਸਾਬਕਾ ਵਿਦੇਸ਼ ਮੰਤਰੀ ਜਸਵੰਤ ਸਿੰਘ ਨੇ ਆਪਣੀ ਆਤਮਕਥਾ 'ਚ ਲਿਖਿਆ ਹੈ, ''ਜਿਵੇਂ ਹੀ ਤਿੰਨ ਅੱਤਵਾਦੀ ਹੇਠਾਂ ਉੱਤਰੇ, ਅਸੀਂ ਦੇਖਿਆ ਕਿ ਉਨ੍ਹਾਂ ਦਾ ਬਹੁਤ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।”

“ਉਨ੍ਹਾਂ ਦੇ ਉੱਤਰਦੇ ਹੀ ਸਾਡੇ ਜਹਾਜ਼ ਦੀਆਂ ਪੌੜੀਆਂ ਹਟਾ ਲਈਆਂ ਗਈਆਂ ਤਾਂ ਜੋ ਅਸੀਂ ਹੇਠਾਂ ਨਾ ਉੱਤਰ ਸਕੀਏ। ਹੇਠਾਂ ਮੌਜੂਦ ਲੋਕ ਖ਼ੁਸ਼ੀ 'ਚ ਰੌਲਾ ਪਾ ਰਹੇ ਸਨ। ਤਿੰਨਾਂ ਅੱਤਵਾਦੀਆਂ ਦੇ ਰਿਸ਼ਤੇਦਾਰਾਂ ਨੂੰ ਪਾਕਿਸਤਾਨ ਤੋਂ ਕੰਧਾਰ ਲਿਆਂਦਾ ਗਿਆ ਸੀ ਤਾਂ ਜੋ ਇਹ ਪੱਕਾ ਕੀਤਾ ਜਾ ਸਕੇ ਕਿ ਅਸੀਂ ਅਸਲੀ ਲੋਕਾਂ ਨੂੰ ਛੱਡਿਆ ਹੈ।''

ਇਨ੍ਹਾਂ ਅੱਤਵਾਦੀਆਂ ਦੀ ਰਿਹਾਈ ਤੋਂ ਪਹਿਲਾਂ ਅਮਰਜੀਤ ਸਿੰਘ ਦੁਲਤ ਨੂੰ ਖ਼ਾਸ ਤੌਰ 'ਤੇ ਨੈਸ਼ਨਲ ਕਾਨਫਰੰਸ ਦੇ ਆਗੂ ਫ਼ਾਰੂਕ ਅਬਦੁੱਲਾ ਨੂੰ ਮਨਾਉਣ ਸ਼੍ਰੀਨਗਰ ਭੇਜਿਆ ਗਿਆ ਸੀ।

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ, ਮੁਸ਼ਤਾਕ ਅਹਿਮਦ ਜ਼ਰਗਰ ਅਤੇ ਮਸੂਦ ਅਜ਼ਹਰ ਨੂੰ ਛੱਡਣ ਦੇ ਲਈ ਤਿਆਰ ਨਹੀਂ ਸਨ। ਦੁਲਤ ਦੱਸਦੇ ਹਨ ਕਿ ਫ਼ਾਰੂਕ ਅਬਦੁੱਲਾ ਨੂੰ ਮਨਾਉਣ ਲਈ ਉਨ੍ਹਾਂ ਨੂੰ ਪੂਰਾ ਜ਼ੋਰ ਲਗਾਉਣਾ ਪਿਆ ਸੀ।

ਜਮਾਤ-ਏ-ਇਸਲਾਮੀ 'ਤੇ ਪਾਬੰਦੀ ਲਗਾਉਣ ਤੋਂ ਖ਼ਫ਼ਾ ਫ਼ਾਰੂਕ ਅਬਦੁੱਲਾ ਨੇ ਖ਼ਬਰ ਏਜੰਸੀ ਪੀਟੀਆਈ ਨੂੰ ਇਸੇ ਹਫ਼ਤੇ ਦਿੱਤੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ, ''ਜੋ ਸਾਨੂੰ ਹੁਣ ਦੇਸ਼ਦ੍ਰੋਹੀ ਦੱਸ ਰਹੇ ਹਨ, ਅਸੀਂ ਉਨ੍ਹਾਂ ਦੀ ਸਰਕਾਰ (ਭਾਜਪਾ) ਨੂੰ 1999 'ਚ ਕਿਹਾ ਸੀ ਕਿ ਮਸੂਦ ਅਜ਼ਹਰ ਨੂੰ ਰਿਹਾਅ ਨਾ ਕਰੇ, ਅਸੀਂ ਉਦੋਂ ਉਸ ਫ਼ੈਸਲੇ ਦੇ ਖ਼ਿਲਾਫ਼ ਸੀ, ਅੱਜ ਵੀ ਹਾਂ।''

ਤੁਹਾਨੂੰ ਇਹ ਵੀਡੀਓਜ਼ ਵੀਪਸੰਦਆ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)