ਫਾਜ਼ਿਲਕਾ ਦੇ ਕੱਲਰਖੇੜਾ ਪਿੰਡ ’ਤੇ ਡਿੱਗਿਆ ਗੋਲਾ ਕਿੱਥੋਂ ਆਇਆ, ਲੋਕਾਂ ਲਈ ਬਣਿਆ ਰਹੱਸ -ਗਰਾਉਂਡ ਰਿਪੋਰਟ

ਰਾਜਵੀਰ ਕੌਰ Image copyright Gurdarshan Singh/BBC
ਫੋਟੋ ਕੈਪਸ਼ਨ ਰਾਜਵੀਰ ਕੌਰ ਉਸ ਸਮੇਂ ਬਾਰੇ ਦਸਦੇ ਹੋਏ ਜਦੋਂ ਉਨ੍ਹਾਂ ਘਰ ਬੰਬਨੁਮਾ ਗੋਲਾ ਡਿੱਗਿਆ

'ਅਸੀਂ ਰਾਤੀਂ ਕਰੀਬ 8 ਵਜੇ ਰੋਟੀ ਬਣਾ ਰਹੇ ਸਾਂ, ਸਾਡੇ ਘਰ ਵਿਚ ਮੇਰੇ ਤੋਂ ਸਿਰਫ਼ ਦੱਸ ਫੁੱਟ ਦੀ ਦੂਰ ਹੀ ਬੰਬਨੁਮਾ ਗੋਲਾ ਡਿੱਗਿਆ, ਫ਼ਾਜ਼ਿਲਕਾ ਦੇ ਪਿੰਡ ਕੱਲਰਖੇੜਾ ਦੀ ਰਾਜਵੀਰ ਅਜੇ ਵੀ ਸਹਿਮੀ ਹੋਈ ਦਿਖ ਰਹੀ ਸੀ।

ਰਾਜਵੀਰ ਦੇ ਘਰ ਉੱਤੇ 10 ਮਾਰਚ ਦੀ ਰਾਤ ਇੱਕ ਬੰਬ ਵਰਗੀ ਚੀਜ਼ ਛੱਤ ਉੱਤੇ ਡਿੱਗੀ ਅਤੇ ਛੱਟ ਫਟ ਗਈ। ਉਹ ਡਰੀ ਹੋਈ ਅਵਾਜ਼ ਵਿਚ ਅੱਗੇ ਦੱਸਦੀ ਹੈ , ''ਸਾਡੀ ਕਿਸਮਤ ਚੰਗੀ ਸੀ ਕਿ ਬੰਬਨੁਮਾ ਗੋਲਾ ਫਟਿਆ ਨਹੀਂ, ਜੇ ਫੱਟ ਜਾਂਦਾ ਤਾਂ ਖੌਰੇ ਕੀ ਹੋਣਾ ਸੀ।

ਇਹ ਘਟਨਾ ਪੰਜਾਬ ਦੇ ਫ਼ਾਜ਼ਿਲਕਾ ਜ਼ਿਲ੍ਹੇ ਦੀ ਤਹਿਸੀਲ ਅਬੋਹਰ ਦੇ ਪਿੰਡ ਕੱਲਰ ਖੇੜਾ ਦੀ ਹੈ। ਪੰਜ ਹਜ਼ਾਰ ਦੇ ਕਰੀਬ ਆਬਾਦੀ ਵਾਲੇ ਇਸ ਪਿੰਡ ਦੀਆਂ ਦੋ ਪੰਚਾਇਤਾਂ ਹਨ।

ਇਹ ਪਿੰਡ ਅਬੋਹਰ-ਗੰਗਾਨਗਰ ਸੜਕ ਦੇ ਰਸਤੇ ਰਾਜਸਥਾਨ ਦੇ ਬਾਰਡਰ ਤੋਂ ਮਹਿਜ਼ 8 ਕਿੱਲੋਮੀਟਰ ਪਿੱਛੇ ਪੈਂਦਾ ਹੈ। ਪਾਕਿਸਤਾਨ ਬਾਰਡਰ ਇਸ ਪਿੰਡ ਤੋਂ ਕਰੀਬ 15 ਕਿਲੋਮੀਟਰ ਦੂਰ ਲਹਿੰਦੇ ਵੱਲ ਹੈ।

ਇਹ ਵੀ ਜ਼ਰੂਰ ਪੜ੍ਹੋ:

ਜਦੋਂ ਅਸੀਂ ਪਿੰਡ ਪਹੁੰਚੇ ਤਾਂ ਸਾਰੇ ਪਿੰਡ ਵਿੱਚ ਚੁੱਪੀ ਸੀ ਤੇ ਪਿੰਡ ਦੇ ਹਰ ਬੱਚੇ-ਬੁੱਢੇ ਦੀ ਨਜ਼ਰ ਉਸ ਘਰ ਵੱਲ ਸੀ, ਜਿਸ 'ਤੇ ਸੋਮਵਾਰ ਰਾਤ ਬੰਬਨੁਮਾ ਗੋਲਾ ਡਿੱਗਿਆ ਸੀ।

ਪਿੰਡ ਕੱਲਰ ਖੇੜਾ 'ਚ ਸਾਹਮਣੇ ਆਏ ਇਸ ਮਾਮਲੇ ਬਾਰੇ ਥਾਣਾ ਖੁਹੀਆਂ ਸਰਵਰ 'ਚ ਰਪਟ ਲਿਖੀ ਗਈ ਹੈ। ਥਾਣਾ ਮੁਖੀ ਸੁਨੀਲ ਮੁਤਾਬਕ, “ਉੱਚ ਅਧਿਕਾਰੀਆਂ ਦੀਆਂ ਹਦਾਇਤਾਂ 'ਤੇ ਰਿਪੋਰਟ ਲਿਖੀ ਹੈ ਤੇ ਅੱਗੇ ਜਿਵੇਂ ਫ਼ੌਜ ਹਦਾਇਤ ਕਰੇਗੀ ਉਸ ਹਿਸਾਬ ਨਾਲ ਚੱਲਾਂਗੇ।”

ਥਾਣਾ ਮੁਖੀ ਸੁਨੀਲ ਨੇ ਸਾਨੂੰ ਦੱਸਿਆ, ''ਅਸੀਂ ਤਾਂ ਸਾਰੀ ਜਾਣਕਾਰੀ ਫ਼ੌਜ ਨੂੰ ਦੇ ਦਿੱਤੀ ਸੀ, ਸਾਨੂੰ ਤਾਂ ਪਤਾ ਹੀ ਨਹੀਂ ਕਿ ਉਹ ਹੈ ਕੀ ਚੀਜ਼...ਫ਼ੌਜ ਨੇ ਸਾਨੂੰ ਵੀ ਨੇੜੇ ਨਹੀਂ ਆਉਣ ਦਿੱਤਾ।''

Image copyright Gurdarshan Singh/BBC
ਫੋਟੋ ਕੈਪਸ਼ਨ ਹਰਦੇਵ ਸਿੰਘ ਦੇ ਘਰ ਆਉਣ-ਜਾਣ ਵਾਲਿਆਂ ਦਾ ਸਿਲਸਿਲਾ ਜਾਰੀ ਹੈ

ਉਧਰ ਬੀਐੱਸਐੱਫ ਅਬੋਹਰ ਰੇਂਜ ਦੇ ਡੀਆਈਜੀ ਟੀ ਆਰ ਮੀਨਾ ਨੇ ਕਿਹਾ ਕਿ ਇਹ ਮਾਮਲਾ ਸਰਹੱਦ ਤੋਂ 15 ਕਿਲੋਮੀਟਰ ਪਿੱਛੇ ਦਾ ਹੈ, ਸੋ ਇਸ ਬਾਰੇ ਪੰਜਾਬ ਪੁਲਿਸ ਦੇ ਅਧਿਕਾਰੀ ਹੀ ਦੱਸ ਸਕਦੇ ਹਨ।

ਪਰ ਜਦੋਂ ਫ਼ਾਜ਼ਿਲਕਾ ਦੇ ਐੱਸਐੱਸਪੀ ਦੀਪਕ ਹਿਲੌਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ, “ਇਸ ਬਾਰੇ ਬੀਐੱਸਐੱਫ ਜਾਂ ਫ਼ੌਜ ਦੇ ਅਧਿਕਾਰੀ ਹੀ ਦੱਸ ਸਕਦੇ ਹਨ ਅਤੇ ਉਹ ਇਸ ਮਾਮਲੇ 'ਤੇ ਕੁਝ ਨਹੀਂ ਕਹਿ ਸਕਦੇ।”

ਇਸ ਮਾਮਲੇ 'ਤੇ ਅਬੋਹਰ ਦੀ ਐੱਸਡੀਐੱਮ ਪੂਨਮ ਨੇ ਕਿਹਾ, ''ਜਦੋਂ ਪਿੰਡ ਤੋਂ ਫ਼ੋਨ ਆਇਆ ਤਾਂ ਅਸੀਂ ਮੌਕੇ 'ਤੇ ਪੁਹੰਚੇ, ਫ਼ਿਰ ਅਸੀਂ ਫ਼ੌਜ ਨਾਲ ਗੱਲ ਕੀਤੀ, ਜਿਨ੍ਹਾਂ ਨੇ ਇਸ ਬੰਬਨੁਮਾ ਗੋਲੇ ਨੂੰ ਆਪਣੇ ਕਬਜ਼ੇ 'ਚ ਲਿਆ। ਇਹ ਇੱਕ ਸ਼ੱਕੀ ਮਾਮਲਾ ਹੈ, ਜਿਸ 'ਤੇ ਫੌਜ ਦੇ ਅਧਿਕਾਰੀ ਜਾਂਚ ਕਰ ਰਹੇ ਹਨ ਅਤੇ ਇਸ ਲਈ ਇਸ ਮਾਮਲੇ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਬਹੁਤ ਸੰਜੀਦਾ ਮਾਮਲਾ ਹੈ।''

ਭਾਰਤੀ ਫ਼ੌਜ ਨੇ ਇਸ ਮਾਮਲੇ ਉੱਤੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ, ਪਰ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਫ਼ੌਜ ਦੇ ਇੱਕ ਸੂਤਰ ਨੇ ਦੱਸਿਆ, ''ਹੋ ਸਕਦਾ ਹੈ ਇਹ ਬੰਬਨੁਮਾ ਚੀਜ਼ ਫ਼ੌਜ ਦੇ ਅਭਿਆਸ ਦੌਰਾਨ ਇਸ ਪਾਸੇ ਆ ਗਈ ਹੋਵੇ ਅਤੇ ਇਸ ਮਾਮਲੇ ਬਾਰੇ ਪੜਤਾਲ ਚੱਲ ਰਹੀ ਹੈ।''

''ਕੋਈ ਚੀਜ਼ ਅੰਦਰ ਡਿੱਗੀ ਜਿਸ ਨੇ ਟਰੰਕ ਤੇ ਪੇਟੀ ਨੂੰ ਤੋੜਿਆ'

ਪਿੰਡ ਕੱਲਰ ਖੇੜਾ ਦੇ ਜਿਸ ਘਰ ਵਿੱਚ ਇਹ ਬੰਬਨੁਮਾ ਗੋਲਾ ਡਿੱਗਿਆ, ਉਸ ਘਰ ਦੇ ਮਾਲਕ ਹਰਦੇਵ ਸਿੰਘ ਨੇ ਦੱਸਿਆ, ''ਅਸੀਂ ਸਾਰਾ ਪਰਿਵਾਰ ਰੋਟੀ ਖਾਣ ਲੱਗੇ ਸੀ ਜਦੋ ਅਸਮਾਨ 'ਚ ਉਨ੍ਹਾਂ ਨੂੰ ਆਤਿਸ਼ਬਾਜ਼ੀ ਵਰਗਾ ਕੁਝ ਦਿਸਿਆ, ਪਰ ਕੁਝ ਦੇਰ ਬਾਅਦ ਹੀ ਕੋਈ ਚੀਜ਼ ਸਾਡੇ ਘਰ ਦੀ ਛੱਤ ਉੱਤੇ ਡਿੱਗੀ ਤਾਂ ਸਾਰਾ ਪਰਿਵਾਰ ਡਰ ਗਿਆ।''

Image copyright Gurdarshan Singh/BBC
ਫੋਟੋ ਕੈਪਸ਼ਨ ਹਰਦੇਵ ਸਿੰਘ ਆਪਣੇ ਘਰ ਵਿੱਚ ਡਿੱਗੇ ਬੰਬਨੁਮਾ ਗੋਲੇ ਬਾਰੇ ਗੱਲਬਾਤ ਦੌਰਾਨ

ਹਰਦੇਵ ਸਿੰਘ ਨੇ ਅੱਗੇ ਦੱਸਿਆ, ''ਜਦੋ ਅਸੀਂ ਦੇਖਿਆ ਤਾਂ ਕਮਰੇ ਅੰਦਰ ਬਹੁਤ ਧੂੰਆਂ ਸੀ ਅਤੇ ਧੂੰਏ ਦੇ ਖ਼ਤਮ ਹੁੰਦਿਆਂ ਸਾਨੂੰ ਪਤਾ ਲਗਿਆ ਕੇ ਛੱਤ ਪਾੜ ਕੇ ਕੋਈ ਚੀਜ਼ ਅੰਦਰ ਡਿੱਗੀ, ਜਿਸ ਨੇ ਟਰੰਕ ਤੇ ਪੇਟੀ ਨੂੰ ਤੋੜਿਆ। ਇਸ ਤੋਂ ਬਾਅਦ ਅਸੀਂ ਪੁਲਿਸ ਤੇ ਪੰਚਾਇਤ ਨੂੰ ਦੱਸਿਆ ਅਤੇ ਸਾਰਾ ਪ੍ਰ੍ਸ਼ਾਸ਼ਨ ਤੇ ਫੌਜ ਦੇ ਅਧਿਕਾਰੀ ਸਾਡੇ ਘਰ ਆ ਗਏ, ਜਿਨ੍ਹਾਂ ਇਸ ਬੰਬਨੁਮਾ ਗੋਲੇ ਨੂੰ ਨਕਾਰਾ ਕੀਤਾ।''

ਉਨ੍ਹਾਂ ਅੱਗੇ ਕਿਹਾ, ''ਜਿਵੇਂ ਪ੍ਰਸ਼ਾਸਨ ਨੇ ਇਸ ਬੰਬਨੁਮਾ ਗੋਲੇ ਨੂੰ ਟੋਆ ਪੁੱਟ ਕੇ ਨਕਾਰਾ ਕੀਤਾ ਹੈ ਤੇ ਜੇ ਇਹ ਸਾਡੇ ਘਰ ਵਿੱਚ ਫ਼ੱਟ ਜਾਂਦਾ ਤਾਂ ਪਤਾ ਨਹੀਂ ਕੀ ਹੋਣਾ ਸੀ।''

ਸਾਡੇ ਘਰ ਤਾਂ ਉਸ ਵੇਲੇ ਤੋਂ ਲੋਕਾਂ ਦੀ ਭੀੜ ਲੱਗੀ ਹੋਈ ਹੈ ਅਤੇ ਸਾਡੇ ਤਾਂ ਰਿਸ਼ਤੇਦਾਰ ਵੀ ਪਤਾ ਲੈਣ ਆ ਰਹੇ ਨੇ, ਬੱਸ ਰੱਬ ਨੇ ਬਚਾ ਤੇ ਸ਼ੁਕਰ ਹੈ ਓਸ ਦਾ।''

ਹਰਦੇਵ ਦੇ ਪਿਤਾ ਹਰਨੇਕ ਸਿੰਘ ਮੁਤਾਬਕ ਪਿਛਲੇ 3-4 ਦਿਨਾਂ ਤੋਂ ਪਾਕਿਸਤਾਨ ਵਾਲੇ ਪਾਸਿਓਂ ਧਮਾਕਿਆਂ ਦੀਆਂ ਆਵਾਜਾਂ ਆ ਰਹੀਆਂ ਸਨ।

'ਕੁਝ ਦਿਨਾਂ ਤੋਂ ਪਾਕਿਸਤਾਨ ਵਾਲੇ ਪਾਸਿਓਂ ਹਰਕਤਾਂ ਹੋ ਰਹੀਆਂ'

ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਰਾਤ 8 ਵਜੇ ਲੋਕਾਂ ਨੇ ਦੇਖਿਆ ਕੇ ਆਸਮਾਨ ਤੋਂ ਆਤਿਸ਼ਬਾਜ਼ੀ ਪਾਕਿਸਤਾਨ ਵਾਲੇ ਪਾਸਿਓਂ ਆ ਰਹੀਆਂ ਸੀ, ਜਿਨ੍ਹਾਂ 'ਚੋਂ ਇੱਕ ਚੀਜ਼ ਹਰਨੇਕ ਸਿੰਘ ਦੇ ਘਰ ਛੱਤ ਪਾੜ ਕੇ ਡਿੱਗੀ ਤਾਂ ਅੰਦਰ ਧੂੰਆਂ ਹੀ ਧੂੰਆਂ ਸੀ।

Image copyright Gurdarshan Singh/BBC
ਫੋਟੋ ਕੈਪਸ਼ਨ ਪਿੰਡ ਕੱਲਰ ਖੇੜਾ ਦੇ ਸਰਪੰਚ ਜੋਗਿੰਦਰ ਸਿੰਘ

ਸਰਪੰਚ ਨੇ ਦੱਸਿਆ, “ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਵਾਲੇ ਪਾਸਿਓਂ ਹਰਕਤਾਂ ਹੋ ਰਹੀਆਂ ਹਨ ਪਰ ਬਾਰਡਰ 15 ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਇਸ ਬੰਬਨੁਮਾ ਗੋਲੇ ਦਾ ਸਾਡੇ ਪਿੰਡ ਡਿਗਣਾ ਇੱਕ ਵੱਡਾ ਰਹੱਸ ਹੈ।”

'ਇੱਕ ਨਹੀਂ ਦੋ ਆਵਾਜ਼ਾਂ ਆਈਆਂ ਸਨ'

ਪਿੰਡ ਕੱਲਰ ਖੇੜਾ ਵਾਸੀ ਅਮਨਦੀਪ ਸਿੰਘ ਨੇ ਦੱਸਿਆ, ''ਜਦੋਂ ਪਾਕਿਸਤਾਨ ਵਾਲੇ ਪਾਸਿਓਂ ਧਮਾਕਿਆਂ ਦੀ ਆਵਾਜ਼ ਆਈ ਤਾਂ ਅਸੀਂ ਛੱਤ 'ਤੇ ਚੜ੍ਹ ਗਏ ਅਤੇ ਕੁਝ ਦੇਰ ਬਾਅਦ ਮੇਰੇ ਸਿਰ ਉੱਤੋਂ ਕੋਈ ਚੀਜ ਲੰਘੀ ਜੋ ਸਾਡੇ ਗੁਆਂਢੀਆਂ ਦੇ ਘਰ ਆ ਕੇ ਡਿੱਗੀ।''

Image copyright Gurdarshan Singh/BBC
ਫੋਟੋ ਕੈਪਸ਼ਨ ਅਮਨਦੀਪ ਮੁਤਾਬਕ ਦੋ ਆਵਾਜ਼ਾ ਆਈਆਂ ਸਨ।

ਅਮਨਦੀਪ ਮੁਤਾਬਕ ਇੱਕ ਨਹੀਂ ਦੋ ਆਵਾਜਾਂ ਆਈਆਂ ਸਨ, ਜਿਸ ਵਿੱਚੋਂ ਇੱਕ ਚੀਜ਼ ਤਾਂ ਹਰਦੇਵ ਸਿੰਘ ਘਰ ਡਿੱਗੀ ਪਰ ਦੂਜੀ ਕਿੱਥੇ ਹੈ ਇਸ ਦਾ ਅਜੇ ਤੱਕ ਕੋਈ ਪਤਾ ਨਹੀਂ ਲਗਿਆ।

ਤੁਹਾਨੂੰ ਇਹ ਵੀਡੀਓਜ਼ ਵੀਪਸੰਦਆ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ