ਬਠਿੰਡਾ: ਜਿੱਤਣਾ ਹੀ ਨਹੀਂ, ਨਾਂ ਬਣਾਉਣ ਲਈ ਵੀ ਅਹਿਮ ਸੀਟ

ਹਰਸਿਮਰਤ ਬਾਦਲ
ਤਸਵੀਰ ਕੈਪਸ਼ਨ,

ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਦੋ ਵਾਰ ਬਠਿੰਡਾ ਲੋਕ ਸਭਾ ਹਲਕੇ ਦੀ ਕੁਰਸੀ ਆਪਣੇ ਨਾਮ ਕੀਤੀ ਹੈ

ਬਠਿੰਡਾ ਲੋਕ ਸਭਾ ਹਲਕਾ ਲਗਾਤਾਰ ਦੋ ਵਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜ ਵਾਰ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਹੁੰ ਹਰਸਿਮਰਤ ਕੌਰ ਬਾਦਲ ਨੇ ਜਿੱਤਿਆ ਹੈ।

ਸਿਆਸਤ ਵਿੱਚ ਦਹਾਕਿਆਂ ਤੋਂ ਸਰਗਰਮ ਮਜੀਠੀਆ ਖਾਨਦਾਨ ਨਾਲ ਸਬੰਧਤ ਹਰਸਿਮਰਤ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ 'ਪ੍ਰਕਾਸ਼ ਸਿੰਘ ਬਾਦਲ ਦੀ ਨਹੁੰ' ਅਤੇ 'ਸੁਖਬੀਰ ਦੀ ਪਤਨੀ' ਵਜੋਂ ਹੋਈ ਸੀ, ਹਾਲਾਂਕਿ ਇਸ ਵੇਲੇ ਉਹ ਕੇਂਦਰੀ ਮੰਤਰੀ ਹਨ ਅਤੇ ਆਪਣੇ ਤਿੱਖੇ ਬਿਆਨਾਂ ਲਈ ਜਾਣੇ ਜਾਂਦੇ ਹਨ।

ਬਾਦਲ ਪਰਿਵਾਰ ਦਾ ਗੜ੍ਹ ਹੋਣ ਕਾਰਨ ਬਠਿੰਡਾ ਹਾਈਪ੍ਰੋਫਾਈਲ ਸੀਟ ਹੈ, ਇੱਥੋਂ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਵੀ ਚੋਣ ਲੜ ਚੁੱਕੇ ਹਨ। ਇਸ ਵਾਰ ਹਰਸਿਮਰਤ ਬਾਦਲ ਦੇ ਕਈ ਵਿਰੋਧੀ ਉਨ੍ਹਾਂ ਨੂੰ ਹਰਾਉਣ ਦੇ ਮਿਸ਼ਨ ਉੱਤੇ ਹਨ। ਪਰ ਇਹ ਲੜਾਈ ਜਿੱਤਣ ਨਾਲੋਂ ਕਈ ਉਮੀਦਵਾਰਾਂ ਲਈ ਸਿਆਸਤ ਵਿਚ ਵੱਡਾ ਨਾਂ ਬਣਾਉਣ ਵਾਲੀ ਵੀ ਹੋਵੇਗੀ।

ਇਸ ਵਾਰ ਦੇ ਉਮੀਦਵਾਰ

  • ਅਕਾਲੀ ਦਲ - ਹਰਸਿਮਰਤ ਕੌਰ ਬਾਦਲ
  • ਕਾਂਗਰਸ- ਅਮਰਿੰਦਰ ਸਿੰਘ ਰਾਜਾ ਵੜਿੰਗ
  • ਆਮ ਆਦਮੀ ਪਾਰਟੀ- ਬਲਜਿੰਦਰ ਕੌਰ
  • ਪੰਜਾਬ ਏਕਤਾ ਪਾਰਟੀ- ਸੁਖਪਾਲ ਸਿੰਘ ਖਹਿਰਾ
ਵੀਡੀਓ ਕੈਪਸ਼ਨ,

ਹਰਸਿਮਰਤ ਕੌਰ ਬਾਦਲ

ਪਹਿਲਾਂ ਕੀ ਹੋਇਆ?

2014 'ਚ ਹਰਸਿਮਰਤ ਨੂੰ ਵੱਡੀ ਚੁਣੌਤੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਅਤੇ ਅਕਾਲੀ-ਭਾਜਪਾ ਸਰਕਾਰ 'ਚ ਮੰਤਰੀ ਰਹੇ ਮਨਪ੍ਰੀਤ ਸਿੰਘ ਬਾਦਲ ਤੋਂ ਮਿਲੀ ਸੀ।

ਮਨਪ੍ਰੀਤ ਉਸ ਵੇਲੇ ਕਾਂਗਰਸ ਦੀ ਟਿਕਟ 'ਤੇ ਲੜੇ ਸਨ ਪਰ ਹਾਰ ਗਏ।

ਤਸਵੀਰ ਕੈਪਸ਼ਨ,

ਬਲਜਿੰਦਰ ਕੌਰ ਤਲਵੰਡੀ ਸਾਬੋ ਤੋਂ ਵਿਧਾਇਕ ਹਨ

ਉਸ ਤੋਂ ਬਾਅਦ ਉਨ੍ਹਾਂ ਨੇ ਬਠਿੰਡਾ ਸ਼ਹਿਰੀ ਤੋਂ ਵਿਧਾਇਕੀ ਦੀ ਚੋਣ ਲੜੀ ਤੇ ਇਸ ਵੇਲੇ ਉਹ ਸੂਬਾ ਸਰਕਾਰ ਵਿੱਚ ਖਜ਼ਾਨਾ ਮੰਤਰੀ ਹਨ।

ਉਂਝ ਬਠਿੰਡਾ ਲੋਕ ਸਭਾ ਹਲਕਾ ਜ਼ਿਆਦਾਤਰ ਅਕਾਲੀ ਨੁਮਾਇੰਦਾ ਚੁਣਦਾ ਰਿਹਾ ਹੈ।

ਇਹ ਵੀ ਪੜ੍ਹੋ:

ਸਾਲ 1980 ਤੋਂ ਲੈ ਕੇ 2014 ਤੱਕ ਦੀਆਂ 10 ਲੋਕ ਸਭਾ ਚੋਣਾਂ ਵਿੱਚ ਛੇ ਵਾਰੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ ਜਦਕਿ ਦੋ ਵਾਰ ਕਾਂਗਰਸ ਨੇ, ਇੱਕ ਵਾਰ ਸੀਪੀਆਈ ਨੇ ਅਤੇ ਇੱਕ ਵਾਰ ਅਕਾਲੀ ਦਲ-ਮਾਨ ਨੇ ਸੀਟ ਜਿੱਤੀ ਹੈ।

ਕਾਂਗਰਸ ਇਹ ਸੀਟ ਪਿਛਲੀ ਵਾਰ 1991 ਵਿੱਚ ਜਿੱਤ ਸਕੀ ਸੀ ਜਦਕਿ ਸੀਪੀਆਈ ਅਖ਼ੀਰਲੀ ਵਾਰੀ ਬਠਿੰਡਾ ਸੀਟ ਤੋਂ 1999 ਵਿੱਚ ਕਾਮਯਾਬ ਹੋਈ ਸੀ।

ਤਸਵੀਰ ਕੈਪਸ਼ਨ,

ਮਨਪ੍ਰੀਤ ਸਿੰਘ ਬਾਦਲ ਨੂੰ 2014 ਦੀਆਂ ਚੋਣਾਂ ਵਿੱਚ ਹਾਰ ਮਿਲੀ ਸੀ ਪਰ ਵਿਧਾਇਕੀ ਦੀ ਸੀਟ ਜਿੱਤ ਕੇ ਉਹ ਸੂਬੇ ਵਿੱਚ ਖਜ਼ਾਨਾ ਮੰਤਰੀ ਬਣੇ

ਉਂਝ ਇਹ ਹਲਕਾ ਸਿਆਸਤ ਵਿੱਚ ਅਣਖ ਦਾ ਕੇਂਦਰ ਬਣਦਾ ਰਿਹਾ ਹੈ। ਇਸ ਵਾਰ ਵੀ ਹਰਸਿਮਰਤ ਦੇ ਖਿਲਾਫ ਲੜਨ ਲਈ ਵੱਡੇ ਐਲਾਨ ਹੋਏ ਹਨ। ਪਿਛਲੀ ਵਾਰ ਮਨਪ੍ਰੀਤ ਨੇ ਆਪਣਾ ਸਿਆਸੀ ਵਕਾਰ ਮੁੜ ਵਧਾਉਣ ਲਈ ਇੱਥੋਂ ਚੋਣ ਲੜੀ ਅਤੇ ਉਸ ਤੋਂ ਪਹਿਲਾਂ 2009 ਵਿੱਚ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੇ ਚੁਣੌਤੀ ਪੇਸ਼ ਕੀਤੀ ਸੀ।

ਕਿਸ ਦਾ ਜ਼ੋਰ?

ਬਠਿੰਡਾ ਲੋਕ ਸਭਾ ਹਲਕੇ ਵਿੱਚ ਵਿਧਾਨ ਸਭਾ ਦੇ 9 ਹਲਕੇ ਪੈਂਦੇ ਹੈ ਜਿਨ੍ਹਾਂ ਵਿੱਚੋਂ ਪੰਜ ਉੱਪਰ ਤਾਂ 2017 ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਸੀ। ਹਾਲਾਂਕਿ, 2014 ਦੀਆਂ ਲੋਕ ਸਭਾ ਚੋਣਾਂ ਵਿੱਚ 'ਆਪ' ਦਾ ਉਮੀਦਵਾਰ ਬਹੁਤ ਵੱਡੇ ਫਰਕ ਨਾਲ ਤੀਜੇ ਸਥਾਨ ਉੱਪਰ ਰਿਹਾ ਸੀ।

ਇਹ ਵੀ ਪੜ੍ਹੋ:

ਬਠਿੰਡਾ ਸੰਸਦੀ ਹਲਕੇ ਵਿੱਚ ਪੈਂਦੀਆਂ ਬਾਕੀ ਚਾਰ ਸੀਟਾਂ ਵਿੱਚੋਂ ਦੋ-ਦੋ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਕੋਲ ਹਨ।

ਤਸਵੀਰ ਕੈਪਸ਼ਨ,

ਮੌਜੂਦਾ ਸਮੇਂ ਵਿੱਚ ਸੁਖਪਾਲ ਸਿੰਘ ਖਹਿਰਾ ਪੁਲੱਥ ਤੋਂ ਵਿਧਾਇਕ ਹਨ

ਮਨਪ੍ਰੀਤ ਸਿੰਘ ਬਾਦਲ ਬਠਿੰਡਾ-ਸ਼ਹਿਰੀ ਤੋਂ ਵਿਧਾਇਕ ਹਨ ਅਤੇ ਪ੍ਰਕਾਸ਼ ਸਿੰਘ ਬਾਦਲ ਦਾ ਵਿਧਾਨ ਸਭਾ ਹਲਕਾ ਲੰਬੀ ਵੀ ਬਠਿੰਡਾ ਸੰਸਦੀ ਸੀਟ ਵਿੱਚ ਹੀ ਪੈਂਦਾ ਹੈ।

ਬਠਿੰਡਾ ਲੋਕ ਸਭਾ ਹਲਕੇ ਵਿੱਚ 2014 ਦੇ ਹਿਸਾਬ ਨਾਲ 15 ਲੱਖ ਤੋਂ ਵੱਧ ਵੋਟਰ ਹਨ ਪਰ ਅਜੇ ਇਸ ਵਾਰ ਲਈ ਫਾਈਨਲ ਵੋਟਰ ਡਾਟਾ ਨਹੀਂ ਆਇਆ ਹੈ।

ਹਲਕੇ ਵਿੱਚ ਪੈਂਦੀਆਂ ਵਿਧਾਨ ਸਭਾ ਸੀਟਾਂ ਹਨ: ਲੰਬੀ, ਭੁੱਚੋ ਮੰਡੀ, ਬਠਿੰਡਾ-ਸ਼ਹਿਰੀ, ਬਠਿੰਡਾ-ਪੇਂਡੂ, ਤਲਵੰਡੀ ਸਾਬੋ, ਮੌੜ, ਮਾਨਸਾ, ਸਰਦੂਲਗੜ੍ਹ, ਬੁਢਲਾਡਾ।

ਕੀ ਹਨ ਮੁੱਦੇ?

ਸ਼ਹਿਰੀ ਖਿੱਤੇ ਵਿੱਚ ਬਠਿੰਡਾ ਦੇ ਆਪਣੇ ਮੁੱਦਿਆਂ ਵਿੱਚ ਸ਼ਾਮਲ ਹੈ ਇੱਥੇ ਦੀਆਂ ਸੜਕਾਂ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ। ਹਾਲਾਂਕਿ ਬਠਿੰਡਾ ਵਿੱਚ ਦਰਿਆਈ ਜਾਂ ਨਹਿਰੀ ਹੜ੍ਹ ਤਾਂ ਹੁਣ ਨਹੀਂ ਨਜ਼ਰ ਆਉਂਦੇ ਪਰ ਮੀਂਹ ਦੇ ਦਿਨਾਂ ਵਿੱਚ ਆਮ ਤੌਰ 'ਤੇ ਬਠਿੰਡਾ 'ਚ ਗੋਡਿਆਂ ਤੱਕ ਭਰੇ ਪਾਣੀ ਦੀਆਂ ਤਸਵੀਰਾਂ ਅਖਬਾਰਾਂ ਅਤੇ ਸੋਸ਼ਲ ਮੀਡੀਆ ਵਿੱਚ ਬਹੁਤ ਨਜ਼ਰ ਆਉਂਦੀਆਂ ਹਨ।

ਕੂੜੇ ਦੀ ਪ੍ਰੋਸੈਸਿੰਗ ਲਈ ਬਣਿਆ ਇੱਕ ਵੱਡਾ ਪਲਾਂਟ ਵੀ ਅਜੇ ਚੱਲਿਆ ਨਹੀਂ ਕਿਉਂਕਿ ਲੋਕ ਇਸ ਤੋਂ ਆਉਂਦੀ ਬਦਬੂ ਤੋਂ ਤੰਗ ਹਨ।

ਇਹ ਵੀ ਪੜ੍ਹੋ:

ਬਠਿੰਡਾ ਹਲਕੇ ਵਿੱਚ ਪੈਂਦੇ ਪੇਂਡੂ ਇਲਾਕਿਆਂ ਵਿੱਚ ਕਿਸਾਨਾਂ ਦੀ ਵਿੱਤੀ ਹਾਲਤ ਨਾਲ ਜੁੜੀਆਂ ਸਮੱਸਿਆਵਾਂ ਵੀ ਮੁੱਖ ਹਨ। ਮਾਨਸਾ ਦਾ ਇਲਾਕਾ ਇਸ ਸੰਕਟ ਦਾ ਵੱਡਾ ਉਦਾਹਰਣ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)