ਅਸਤੀਫ਼ੇ ਮਗਰੋਂ ਵੀ ਸੁਖਪਾਲ ਖਹਿਰਾ ਤੇ ਐੱਚ ਐੱਸ ਫੂਲਕਾ ਕਿਉਂ ਨੇ ਵਿਧਾਇਕ

ਆਮ ਆਦਮੀ ਪਾਰਟੀ Image copyright Getty Images
ਫੋਟੋ ਕੈਪਸ਼ਨ ਐੱਚ ਐੱਸ ਫ਼ੂਲਕਾ ਤੇ ਅਰਵਿੰਦ ਕੇਜਰੀਵਾਲ

2017 ਦੀਆਂ ਆਮ ਸੂਬਾਈ ਚੋਣਾਂ ਦੌਰਾਨ 20 ਵਿਧਾਇਕਾਂ ਨਾਲ ਪੰਜਾਬ ਵਿਧਾਨ ਸਭਾ ਵਿੱਚ ਐਂਟਰੀ ਮਾਰ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦਾ ਦਰਜਾ ਹਾਸਲ ਕੀਤਾ ਸੀ।

ਆਮ ਆਦਮੀ ਪਾਰਟੀ ਸੂਬੇ ਵਿੱਚ ਫ਼ਿਲਹਾਲ ਵੀ ਵਿਰੋਧੀ ਧਿਰ ਵਜੋਂ ਹੀ ਵਿਚਰ ਰਹੀ ਹੈ ਪਰ ਉਸ ਦੇ 20 ਵਿੱਚੋਂ ਦੋ ਮੌਜੂਦਾ ਵਿਧਾਇਕਾਂ (ਸੁਖਪਾਲ ਸਿੰਘ ਖਹਿਰਾ, ਭੁਲੱਥ ਤੋਂ ਵਿਧਾਇਕ ਅਤੇ ਐੱਚ ਐੱਸ ਫੂਲਕਾ, ਦਾਖਾ ਤੋਂ ਵਿਧਾਇਕ) ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਇਨ੍ਹਾਂ ਵਿੱਚੋਂ ਦਾਖਾ ਤੋਂ ਵਿਧਾਇਕ ਐੱਚ ਐੱਸ ਫੂਲਕਾ ਨੇ ਤਾਂ ਵਿਧਾਇਕ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਜਦਕਿ ਸੁਖਪਾਲ ਖਹਿਰਾ ਨੇ ਪੰਜਾਬ ਏਕਤਾ ਪਾਰਟੀ ਬਣਾ ਕੇ ਆਮ ਆਦਮੀ ਪਾਰਟੀ ਤੋਂ ਰਿਸ਼ਤਾ ਤੋੜ ਲਿਆ ਹੈ।

ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਦੀ ਵਿਧਾਨਸਭਾ ਦੀ ਮੈਂਬਰਸ਼ਿਪ ਖ਼ਾਰਜ ਕਰਨ ਦੀ ਆਰਜ਼ੀ ਵੀ ਸਪੀਕਰ ਕੋਲ ਲਗਾ ਦਿੱਤੀ ਸੀ।

ਇਹ ਵੀ ਜ਼ਰੂਰ ਪੜ੍ਹੋ:

ਭਾਵੇਂ ਦੋਵੇਂ ਵਿਧਾਇਕ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਤੋਂ ਵੱਖ ਕਰ ਕੇ ਉਸ ਨੂੰ ਸ਼ਰੇਆਮ ਚੁਣੌਤੀ ਦੇ ਰਹੇ ਹਨ ਪਰ ਤਕਨੀਕੀ ਪਹਿਲੂਆਂ ਉੱਤੇ ਗ਼ੌਰ ਕਰੀਏ ਤਾਂ ਦੋਵੇਂ ਅਜੇ ਵੀ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਹਨ।

ਇਸ ਤਰ੍ਹਾਂ ਹੀ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਮੌਜੂਦਾ ਸਮੇਂ ਵਿੱਚ ਪੰਜਾਬ ਏਕਤਾ ਪਾਰਟੀ ਵੱਲੋਂ ਫ਼ਰੀਦਕੋਟ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ।

ਐਚ ਐਸ ਫੂਲਕਾ ਦਾ ਅਸਤੀਫ਼ਾ ਕਿੱਥੇ ਫਸਿਆ?

ਦਿੱਲੀ ਦੇ ਉੱਘੇ ਵਕੀਲ ਐੱਚ ਐੱਸ ਫੂਲਕਾ ਵੱਲੋਂ ਜਨਵਰੀ ਮਹੀਨੇ ਦੇ ਸ਼ੁਰੂ ਵਿੱਚ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਵੱਲੋਂ 21 ਫਰਵਰੀ ਨੂੰ ਉਨ੍ਹਾਂ ਨੂੰ ਸੰਮਨ ਕਰ ਕੇ ਅਸਤੀਫ਼ਾ ਦਿੱਤੇ ਜਾਣ ਦਾ ਸਪਸ਼ਟੀਕਰਨ ਮੰਗਿਆ ਗਿਆ ਸੀ।

ਪੰਜਾਬ ਵਿਧਾਨਸਭਾ ਦੇ ਸਪੀਕਰ ਰਾਣਾ ਕੇ ਪੀ ਨੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਉਨ੍ਹਾਂ ਨੂੰ ਫੂਲਕਾ ਦਾ ਅਸਤੀਫ਼ਾ ਤਾਂ ਮਿਲ ਗਿਆ ਹੈ ਪਰ ਉਹ ਵਿਧਾਨ ਸਭਾ ਦੇ ਨਿਯਮਾਂ ਮੁਤਾਬਕ ਨਹੀਂ ਹੈ।

ਸਪੀਕਰ ਕੇ ਪੀ ਨੇ ਹਾਊਸ ਨੂੰ ਇਹ ਵੀ ਦੱਸਿਆ ਕਿ ਉਹ ਇਸ ਬਾਰੇ ਕਾਨੂੰਨੀ ਰਾਇ ਵੀ ਲੈ ਰਹੇ ਹਨ।

ਪੰਜਾਬ ਵਿਧਾਨ ਸਭਾ ਦੇ ਨਿਯਮਾਂ ਦੇ ਜਾਣਕਾਰਾਂ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਕਿ ਵਿਧਾਇਕ ਅਤੇ ਸੰਸਦ ਮੈਂਬਰ ਦੇ ਅਸਤੀਫ਼ਾ ਦੇਣ ਸਮੇਂ ਇਹ ਜ਼ਰੂਰੀ ਹੈ ਕਿ ਉਸ ਵਿੱਚ ਅਸਤੀਫ਼ੇ ਸਬੰਧੀ ਕੋਈ ਸ਼ਰਤ ਦਾ ਹਵਾਲਾ ਨਾ ਦਿੱਤਾ ਗਿਆ ਹੋਵੇ ਅਤੇ ਅਸਤੀਫ਼ਾ ਇੱਕ ਲਾਈਨ ਵਿੱਚ ਸਪੱਸ਼ਟ ਹੋਣਾ ਜ਼ਰੂਰੀ ਹੈ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਵੀ ਮੰਨਿਆ ਕਿ ਇਹ ਗੱਲ ਕਾਨੂੰਨੀ ਤੌਰ ਉੱਤੇ ਸਪੱਸ਼ਟ ਹੈ ਕਿ ਜੇ ਕਿਸੇ ਨੇ ਲੋਕ ਸਭਾ ਜਾਂ ਫਿਰ ਵਿਧਾਨ ਸਭਾ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਹੈ ਤਾਂ ਉਹ ਇੱਕ ਲਾਈਨ ਵਿੱਚ ਹੀ ਹੋਵੇਗਾ।

ਉਨ੍ਹਾਂ ਨੇ ਨਾਲ ਹੀ ਇਹ ਕਿਹਾ, "ਅਸਤੀਫ਼ੇ ਸਬੰਧੀ ਸਪੀਕਰ ਦੀ ਸੰਤੁਸ਼ਟੀ ਹੋਣੀ ਜ਼ਰੂਰੀ ਹੈ ਕਿਉਂਕਿ ਅੰਤਿਮ ਫ਼ੈਸਲਾ ਸਪੀਕਰ ਦਾ ਹੀ ਹੁੰਦਾ ਹੈ ਅਤੇ ਉਸ ਉੱਤੇ ਕੋਈ ਸਵਾਲ ਨਹੀਂ ਚੁੱਕ ਸਕਦਾ। ਐੱਚ ਐੱਸ ਫੂਲਕਾ ਨੇ ਵੀ ਬਜਟ ਸੈਸ਼ਨ ਦੌਰਾਨ ਖ਼ੁਦ ਮੰਨਿਆ ਸੀ ਕਿ ਉਹ ਫ਼ਿਲਹਾਲ ਵਿਧਾਇਕ ਹਨ ਅਤੇ ਸੈਸ਼ਨ ਦੌਰਾਨ ਆਪਣੀ ਹਾਜ਼ਰੀ ਭਰਦੇ ਰਹੇ।"

ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰੀ ਨੇ ਬੀਬੀਸੀ ਨੂੰ ਦੱਸਿਆ ਕਿ ਫੂਲਕਾ ਦਾ ਅਸਤੀਫ਼ਾ ਸਪੀਕਰ ਦੇ ਵਿਚਾਰ ਅਧੀਨ ਹੈ।

ਸੁਖ਼ਪਾਲ ਸਿੰਘ ਖਹਿਰਾ ਦਾ ਮਾਮਲਾ

ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਹਾਊਸ ਵਿੱਚ ਦੱਸਿਆ ਕਿ ਵਿਧਾਨ ਸਭਾ ਵੱਲੋਂ ਸੁਖਪਾਲ ਖਹਿਰਾ ਨੂੰ ਸੰਵਿਧਾਨ ਦੇ ਦਸਵੇਂ ਸ਼ਡਿਊਲ ਤਹਿਤ ਨੋਟਿਸ ਜਾਰੀ ਕੀਤੇ ਗਏ ਸਨ।

ਨੋਟਿਸ ਵਿੱਚ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਹਾਊਸ ਵਿੱਚੋਂ ਬਰਖ਼ਾਸਤ ਕਿਉਂ ਨਾ ਕੀਤਾ ਜਾਵੇ, ਅਤੇ ਇਸ ਦਾ ਜਵਾਬ ਖਹਿਰਾ ਨੂੰ ਪੰਦਰਾਂ ਦਿਨਾਂ ਦੇ ਅੰਦਰ ਦੇਣਾ ਸੀ।

Image copyright Sukhcharan preet/bbc

ਪਰ ਇਹ ਨੋਟਿਸ ਖਹਿਰਾ ਵੱਲੋਂ ਸਵੀਕਾਰ ਨਹੀਂ ਕੀਤੇ ਗਏ ਜਾਂ ਫਿਰ ਉਨ੍ਹਾਂ ਨੂੰ ਇਹ ਮਿਲੇ ਨਹੀਂ ਹਨ।

ਇਸ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਇਹ ਦੋਸ਼ ਵੀ ਲਗਾਏ ਗਏ ਕਿ ਵਿਧਾਨ ਸਭਾ ਤੋਂ ਬਰਖ਼ਾਸਤਗੀ ਨੂੰ ਲੈ ਕੇ ਖਹਿਰਾ ਨੇ ਇਹ ਨੋਟਿਸ ਸਵੀਕਾਰ ਨਹੀਂ ਕੀਤੇ।

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਆਪਣੇ ਅੰਦਾਜ਼ ਵਿੱਚ

ਸੁਖਪਾਲ ਸਿੰਘ ਖਹਿਰਾ ਉੱਤੇ ਤੰਜ ਕਸਦਿਆਂ ਕਿਹਾ ਹੈ, " ਖਹਿਰਾ ਦੀ ਦੋਸਤੀ ਤਾਂ ਬੈਂਸ ਭਰਾਵਾਂ ਨਾਲ ਹੈ, ਜਿਨ੍ਹਾਂ ਦੀ ਪਾਰਟੀ ਦਾ ਚੋਣ ਨਿਸ਼ਾਨ ਲੈਟਰ ਬਾਕਸ ਹੈ ਪਰ ਉਹ ਚਿੱਠੀਆਂ ਲੈਂਦੇ ਨਹੀਂ ਹਨ।"

ਪਰ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਗੱਲ ਦਾ ਦਾਅਵਾ ਕੀਤਾ ਕਿ ਇਹ ਇਲਜ਼ਾਮ ਗ਼ਲਤ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵਿਧਾਨ ਸਭਾ ਸਪੀਕਰ ਨੂੰ ਫ਼ੋਨ 'ਤੇ ਇਸ ਬਾਬਤ ਖ਼ੁਦ ਦੱਸਿਆ ਅਤੇ ਵਿਧਾਨ ਸਭਾ ਸਕੱਤਰ ਨਾਲ ਮੁਲਾਕਾਤ ਕਰ ਚੁੱਕੇ ਹਨ।

ਵਿਧਾਨਸਭਾ ਸਕੱਤਰ ਸ਼ਸ਼ੀ ਲਖਨਪਾਲ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਮੰਨਿਆ ਕਿ ਖਹਿਰਾ ਉਨ੍ਹਾਂ ਨਾਲ ਮਿਲੇ ਸੀ ਤੇ ਹੁਣ ਇਸ ਬਾਰੇ ਉਨ੍ਹਾਂ ਨੂੰ ਤਾਜ਼ਾ ਨੋਟਿਸ ਭੇਜਿਆ ਗਿਆ ਹੈ।

ਇਹ ਵੀ ਜ਼ਰੂਰ ਪੜ੍ਹੋ:

ਉਨ੍ਹਾਂ ਕਿਹਾ, "ਮੈਂ ਉਨ੍ਹਾਂ ਨੂੰ ਇਸ ਬਾਰੇ ਫ਼ੋਨ ਕਰ ਕੇ ਵੀ ਦੱਸ ਦਿੱਤਾ ਹੈ।"

ਉਨ੍ਹਾਂ ਅੱਗੇ ਦੱਸਿਆ ਕਿ ਖਹਿਰਾ ਖ਼ਿਲਾਫ਼ ਦੋ ਸ਼ਿਕਾਇਤਾਂ ਮਿਲਿਆਂ ਹਨ ਕਿ ਉਨ੍ਹਾਂ ਨੂੰ ਬਰਖ਼ਾਸਤ ਕੀਤਾ ਜਾਵੇ। ਇੱਕ ਸ਼ਿਕਾਇਤ ਉਨ੍ਹਾਂ ਦੇ ਹਲਕੇ ਤੋਂ ਮਿਲੀ ਸੀ ਤੇ ਦੂਜੀ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੱਲੋਂ।

ਮਾਸਟਰ ਬਲਦੇਵ ਸਿੰਘ

ਇਸ ਕੈਟਾਗਰੀ ਵਿੱਚ ਤੀਜਾ ਨਾਮ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਦਾ ਆਉਂਦਾ ਹੈ। ਮਾਸਟਰ ਬਲਦੇਵ ਸਿੰਘ ਪਾਰਟੀ ਤੋਂ ਬਗ਼ਾਵਤ ਕਰ ਕੇ ਸੁਖਪਾਲ ਸਿੰਘ ਖਹਿਰਾ ਗਰੁੱਪ ਨਾਲ ਖੜੇ ਹੋ ਗਏ ਸਨ।

ਉਨ੍ਹਾਂ ਨੇ ਵੀ ਆਪਣਾ ਅਸਤੀਫ਼ਾ ਪਾਰਟੀ ਤੋਂ ਦੇ ਦਿੱਤਾ ਹੈ ਅਤੇ ਪੰਜਾਬ ਏਕਤਾ ਪਾਰਟੀ ਵੱਲੋਂ ਫ਼ਰੀਦਕੋਟ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ।

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੀਡੀਆ ਕੋ-ਆਰਡੀਨੇਟਰ ਮਨਜੀਤ ਸਿੰਘ ਸਿੱਧੂ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਸਟਰ ਬਲਦੇਵ ਸਿੰਘ ਨੇ ਆਪਣਾ ਅਸਤੀਫ਼ਾ ਮੀਡੀਆ ਵਿੱਚ ਹੀ ਦਿੱਤਾ ਹੈ ਪਾਰਟੀ ਦੇ ਕਿਸੇ ਵੀ ਪਲੇਟਫ਼ਾਰਮ ਉੱਤੇ ਅਸਤੀਫ਼ਾ ਨਹੀਂ ਭੇਜਿਆ ਹੈ।

ਤੁਹਾਨੂੰ ਇਹ ਵੀਡੀਓਜ਼ ਵੀਪਸੰਦ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)