ਸਮਝੌਤਾ ਟਰੇਨ ਧਮਾਕੇ ਦਾ ਫੈਸਲਾ ਐਨ ਆਖਰੀ ਮੌਕੇ ਟਲਵਾਉਣ ਵਾਲੀ ਰਾਹਿਲਾ ਕੌਣ

ਪਾਕਿਸਤਾਨੀ ਮਹਿਲਾ ਰਾਹਿਲਾ ਵਕੀਲ
ਫੋਟੋ ਕੈਪਸ਼ਨ ਪਾਕਿਸਤਾਨੀ ਮਹਿਲਾ ਰਾਹਿਲਾ ਨੇ ਭਾਰਤੀ ਵਕੀਲ ਜ਼ਰੀਏ ਅਦਾਲਤ ਵਿੱਚ ਦਿੱਤੀ ਅਰਜ਼ੀ ਵਿੱਚ ਕਿਹਾ ਕਿ ਮਾਮਲੇ ਨਾਲ ਜੁੜੇ ਪਾਕਿਸਤਾਨੀ ਗਵਾਹਾਂ ਨੂੰ ਬੁਲਾਇਆ ਜਾਵੇ

11 ਮਾਰਚ 2019, ਸ਼ਾਮ ਚਾਰ ਵਜੇ

ਹਰ ਕਿਸੇ ਨੂੰ 2007 ਦੇ ਸਮਝੌਤਾ ਟਰੇਨ ਧਮਾਕਾ ਮਾਮਲੇ ਵਿੱਚ ਪੰਚਕੂਲਾ ਦੀ ਅਦਾਲਤ ਦੇ ਫ਼ੈਸਲੇ ਦਾ ਇੰਤਜ਼ਾਰ ਸੀ।

ਹਿੰਦੂਤਵਵਾਦੀ ਵਿਚਾਰਧਾਰਾ ਰੱਖਣ ਵਾਲੇ ਅਸੀਮਾਨੰਦ ਸਮੇਤ ਸੁਨੀਲ ਜੋਸ਼ੀ, ਰਾਮਚੰਦਰ ਕਾਲਸਾਂਗਰਾ, ਸੰਦੀਪ ਡਾਂਗੇ ਅਤੇ ਲੋਕੇਸ਼ ਸ਼ਰਮਾ ਦਾ ਨਾਮ ਚਾਰਜਸ਼ੀਟ ਵਿੱਚ ਸ਼ਾਮਿਲ ਹਨ। ਉਸੇ ਵੇਲੇ ਖ਼ਬਰ ਆਈ ਕਿ ਫ਼ੈਸਲੇ ਨੂੰ 14 ਮਾਰਚ ਲਈ ਟਾਲ ਦਿੱਤਾ ਗਿਆ ਹੈ।

ਕਾਰਨ - ਇੱਕ ਪਾਕਿਸਤਾਨੀ ਮਹਿਲਾ ਰਾਹਿਲਾ ਵਕੀਲ ਨੇ ਇੱਕ ਭਾਰਤੀ ਵਕੀਲ ਮੋਮਿਨ ਮਲਿਕ ਜ਼ਰੀਏ ਅਦਾਲਤ ਵਿੱਚ ਦਿੱਤੀ ਅਰਜ਼ੀ ਵਿੱਚ ਕਿਹਾ ਕਿ ਮਾਮਲੇ ਨਾਲ ਜੁੜੇ ਪਾਕਿਸਤਾਨੀ ਗਵਾਹਾਂ ਨੂੰ ਬੁਲਾਇਆ ਜਾਵੇ ਅਤੇ ਉਹ ਵੀ ਆਪਣੀ ਗੱਲ ਅਦਾਲਤ ਸਾਹਮਣੇ ਰੱਖਣਾ ਚਾਹੁੰਦੇ ਹਨ।

Image copyright Raheela wakeel
ਫੋਟੋ ਕੈਪਸ਼ਨ ਭਾਰਤ ਸਰਕਾਰ ਮੁਤਾਬਕ ਮਰਨ ਵਾਲਿਆਂ ਵਿੱਚ ਮੁਹੰਮਦ ਵਕੀਲ ਵੀ ਸ਼ਾਮਿਲ ਸੀ, ਰਾਹਿਲਾ ਮੁਹੰਮਦ ਵਕੀਲ ਦੀ ਧੀ ਹੈ

ਇਹ ਵੀ ਜ਼ਰੂਰ ਪੜ੍ਹੋ

ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ) ਦੇ ਵਕੀਲ ਰਾਜਨ ਮਲਹੋਤਰਾ ਨੇ ਬੀਬੀਸੀ ਨੂੰ ਕਿਹਾ ਕਿ ਇਸ ਤੋਂ ਪਹਿਲਾਂ ਅਦਾਲਤ ਦੇ ਕਈ ਸੰਮਨ ਜਾਰੀ ਕਰਨ ਦੇ ਬਾਵਜੂਦ ਪਾਕਿਸਤਾਨ ਵਾਲੇ ਪਾਸਿਓਂ ਕੋਈ ਜਵਾਬ ਨਹੀਂ ਆਇਆ ਸੀ। ਰਾਹਿਲਾ ਦਾ ਦਾਅਵਾ ਹੈ ਕਿ ਅੱਜ ਤੱਕ ਕੋਈ ਸੰਮਨ ਨਹੀਂ ਮਿਲਿਆ।

ਫ਼ੈਸਲੇ ਦੇ ਐਨ ਵੇਲੇ ਅਰਜ਼ੀ ਦਾਖਲ ਕਰਨ ਵਾਲੀ ਰਾਹਿਲਾ ਵਕੀਲ ਆਖ਼ਿਰ ਕੌਣ ਹੈ

18 ਫ਼ਰਵਰੀ 2007 ਨੂੰ ਹਰਿਆਣਾ ਦੇ ਪਾਣੀਪਤ ਵਿੱਚ ਹੋਏ ਧਮਾਕੇ ਅਤੇ ਉਸ ਤੋਂ ਬਾਅਦ ਲੱਗੀ ਅੱਗ ਵਿੱਚ 68 ਲੋਕ ਮਾਰੇ ਗਏ ਸਨ। ਮਰਨ ਵਾਲਿਆਂ ਵਿੱਚ ਜ਼ਿਆਦਾਤਰ ਪਾਕਿਸਤਾਨੀ ਸਨ।

ਮੈਂ ਧਮਾਕੇ ਦੇ ਕੁਝ ਘੰਟੇ ਬਾਅਦ ਹੀ ਘਟਨਾ ਵਾਲੀ ਥਾਂ 'ਤੇ ਪਹੁੰਚਿਆ ਸੀ। ਧਮਾਕੇ ਅਤੇ ਅੱਗ ਨਾਲ ਰੇਲ ਦੇ ਡੱਬੇ ਅੰਦਰੋਂ ਅਤੇ ਬਾਹਰੋਂ ਪੂਰੀ ਤਰ੍ਹਾਂ ਸੜ ਗਏ ਸਨ।

ਕੁਝ ਦੂਰੀ 'ਤੇ ਹੀ ਇੱਕ ਕਮਰੇ ਵਿੱਚ ਕੁਝ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਇਕੱਠਾ ਕਰਕੇ ਰੱਖਿਆ ਗਿਆ ਸੀ।

Image copyright Getty Images
ਫੋਟੋ ਕੈਪਸ਼ਨ ਹਰਿਆਣਾ ਦੇ ਉਸ ਵੇਲੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਧਮਾਕੇ ਦਾ ਸ਼ਿਕਾਰ ਹੋਈ ਰੇਲਗੱਡੀ ਦਾ ਜਾਇਜ਼ਾ ਲੈਂਦੇ ਹੋਏ

ਰਾਹਿਲਾ ਮੰਨਣ ਨੂੰ ਤਿਆਹ ਨਹੀਂ

ਭਾਰਤ ਸਰਕਾਰ ਮੁਤਾਬਕ ਮਰਨ ਵਾਲਿਆਂ ਵਿੱਚ ਮੁਹੰਮਦ ਵਕੀਲ ਵੀ ਸ਼ਾਮਿਲ ਸੀ। ਰਾਹਿਲਾ ਮੁਹੰਮਦ ਵਕੀਲ ਦੀ ਧੀ ਹੈ।

ਪਾਕਿਸਤਾਨ ਦੇ ਹਫ਼ੀਜ਼ਾਬਾਦ ਜ਼ਿਲ੍ਹੇ ਦੇ ਢੀਂਗਰਾਵਾਲੀ ਪਿੰਡ ਦੀ ਰਹਿਣ ਵਾਲੀ ਰਾਹਿਲਾ ਮੰਨਣ ਨੂੰ ਤਿਆਹ ਨਹੀਂ ਹੈ ਕਿ ਟਰੇਨ ਹਾਦਸੇ ਵਿੱਚ ਪਿਤਾ ਮੁਹੰਮਦ ਵਕੀਲ ਦੀ ਮੌਤ ਹੋ ਗਈ ਸੀ।

ਰਾਹਿਲਾ ਦਾ ਮੰਨਣਾ ਹੈ ਕਿ ਉਸ ਦੇ ਪਿਤਾ ਕਿਸੇ ਭਾਰਤੀ ਜੇਲ੍ਹ ਵਿੱਚ ਬੰਦ ਹਨ।

ਲੰਬੇ ਵੇਲੇ ਤੋਂ ਭਾਰਤ ਵਿੱਚ ਰਾਹਿਲਾ ਦੇ ਵਕੀਲ ਪਾਣੀਪਤ ਦੇ ਮੋਮਿਨ ਮਲਿਕ ਮੁਤਾਬਕ ਉਨ੍ਹਾਂ ਨੇ ਕਰੀਬ 90 ਜੇਲ੍ਹਾਂ ਵਿੱਚ ਆਰ.ਟੀ.ਆਈ ਜ਼ਰੀਏ ਜਾਣਕਾਰੀ ਮੰਗੀ ਪਰ ਕਿਤੇ ਵੀ ਮੁਹੰਮਦ ਵਕੀਲ ਨਹੀਂ ਮਿਲੇ।

Image copyright PTI
ਫੋਟੋ ਕੈਪਸ਼ਨ 18 ਫ਼ਰਵਰੀ 2007 ਨੂੰ ਹਰਿਆਣਾ ਦੇ ਪਾਣੀਪਤ ਵਿੱਚ ਹੋਏ ਧਮਾਕੇ ਅਤੇ ਉਸ ਤੋਂ ਬਾਅਦ ਲੱਗੀ ਅੱਗ ਵਿੱਚ 68 ਲੋਕ ਮਾਰੇ ਗਏ ਸਨ।

ਅੱਠ ਭੈਣ-ਭਰਾਵਾਂ ਵਿੱਚ ਸਭ ਤੋਂ ਵੱਡੀ ਰਾਹਿਲਾ 18 ਜਨਵਰੀ ਨੂੰ ਆਪਣੇ ਘਰ ਵਿੱਚ ਹੀ ਸੀ ਜਦੋਂ ਉਹਨਾਂ ਨੂੰ ਟੀਵੀ ਤੇ ਟਰੇਨ ਬੰਬ ਧਮਾਕੇ ਬਾਰੇ ਪਤਾ ਲੱਗਿਆ। ਪਿਛਲੀ ਰਾਤ 11 ਵਜੇ ਹੀ ਉਨ੍ਹਾਂ ਦੀ ਆਪਣੇ ਪਿਤਾ ਨਾਲ ਫ਼ੋਨ 'ਤੇ ਗੱਲਬਾਤ ਹੋਈ ਸੀ।

ਮੁਹੰਮਦ ਵਕੀਲ 11 ਜਨਵਰੀ ਨੂੰ ਇੱਕ ਮਹੀਨੇ ਲਈ ਭਾਰਤ ਦੇ ਮੁਜ਼ੱਫਰਨਗਰ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਪਹੁੰਚੇ ਸੀ ਪਰ ਪਾਕਿਸਤਾਨ ਵਿੱਚ ਬੇਟੇ ਦੇ ਐਕਸੀਡੈਂਟ ਤੋਂ ਬਾਅਦ ਉਹ ਜਲਦੀ ਹੀ ਵਾਪਸ ਪਾਕਿਸਤਾਨ ਲਈ ਰਵਾਨਾ ਹੋ ਗਏ। ਪਰ ਅੱਜ ਤੱਕ ਉਹ ਘਰ ਨਹੀਂ ਪਹੁੰਚੇ।

ਰਾਹਿਲਾ ਦੀ ਮਾਂ ਦਾ ਪਰਿਵਾਰ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਰਹਿਣ ਵਾਲਾ ਹੈ।

Image copyright Pti
ਫੋਟੋ ਕੈਪਸ਼ਨ ਮਾਮਲੇ ਦੇ ਮੁਲਜ਼ਮਾਂ ਵਿੱਚ ਹਿੰਦੂਤਵਵਾਦੀ ਕਾਰਕੁਨ ਅਸੀਮਾਨੰਦ ਸ਼ਾਮਲ ਹੈ

ਇਹ ਵੀ ਜ਼ਰੂਰ ਪੜ੍ਹੋ

ਦਾਅਵੇ

ਰਾਹਿਲਾ ਦੇ ਵਕੀਲ ਮੋਮਿਨ ਮਲਿਕ ਨੇ ਅੰਮ੍ਰਿਤਸਰ ਵਿੱਚ ਸਾਡੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ ਕਿ ਅਧਿਕਾਰੀਆਂ ਨੂੰ ਕਈ ਚਿੱਠੀਆਂ ਲਿਖਣ ਬਾਅਦ ਹੀ ਸਾਲ 2010 ਵਿੱਚ ਐਨਏਆਈ ਨੇ ਉਹਨਾਂ ਨੂੰ ਮੁਹੰਮਦ ਵਕੀਲ ਦੀ ਮੌਤ ਦੀ ਪੁਸ਼ਟੀ ਕੀਤੀ।

ਬੀਬੀਸੀ ਨਾਲ ਗੱਲਬਾਤ ਵਿੱਚ ਰਾਹਿਲਾ ਨੇ ਆਪਣੇ ਦਾਅਵਿਆਂ ਦੇ ਚਾਰ ਮੁੱਖ ਅਧਾਰ ਗਿਣਵਾਏ

  • ਨਾ ਉਨ੍ਹਾਂ ਦਾ ਨਾ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦਾ ਡੀਐਨਏ ਸਮਝੌਤਾ ਐਕਸਪ੍ਰੈਸ ਬਲਾਸਟ ਦੇ ਮ੍ਰਿਤਕਾਂ ਨਾਲ ਮੇਲ ਖਾਂਦਾ ਹੈ।
  • ਰਾਹਿਲਾ ਦਾ ਦਾਅਵਾ ਹੈ ਕਿ ਮੁਜ਼ੱਫਰਨਗਰ ਤੋਂ ਛਪਣ ਵਾਲੇ ਇੱਕ ਅਖਬਾਰ ਵਿੱਚ ਹਮਲੇ ਵਿੱਚ ਬਚ ਗਏ ਸਥਾਨਕ ਲੋਕਾਂ ਦੀ ਸੂਚੀ ਵਿੱਚ ਉਨ੍ਹਾਂ ਦੇ ਪਿਤਾ ਦਾ ਨਾਮ ਸੀ।
  • ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2009 ਵਿੱਚ ਪਾਕਿਸਤਾਨ ਵੱਲੋਂ ਇੱਕ ਸੂਚੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਭਾਰਤੀ ਜੇਲ੍ਹਾਂ ਵਿੱਚ ਕਥਿਤ ਤੌਰ ਤੇ ਬੰਦ ਸੱਤ ਪਾਕਿਸਤਾਨੀ ਕੈਦੀਆਂ ਦੇ ਨਾਮ ਸੀ, ਮੁਹੰਮਦ ਵਕੀਲ ਦਾ ਨਾਮ ਵੀ ਉਸ ਸੂਚੀ ਵਿੱਚ ਸੀ।
  • ਮੁਜ਼ੱਫਰਨਗਰ ਵਿੱਚ ਰਹਿਣ ਵਾਲੇ ਰਾਹਿਲਾ ਦੇ ਮਾਮਾ ਮਾਰੂਫ਼ ਅਲੀ ਮੁਤਾਬਕ ਉਨ੍ਹਾਂ ਨੇ ਘਟਨਾ ਤੋਂ ਕੁਝ ਸਮਾਂ ਬਾਅਦ ਦਿੱਲੀ ਦੀ ਇੱਕ ਇਮਾਰਤ ਵਿੱਚ ਇੱਕ ਫ਼ਿਲਮ 'ਰੀਲ' ਵਿੱਚ ਮੁਹੰਮਦ ਵਕੀਲ ਨੂੰ ਦੇਖਿਆ ਸੀ ਜੋ ਟਰੇਨ ਵਿੱਚ ਬੈਠੇ ਹੋਏ ਸੀ, ਹਾਲਾਂਕਿ ਉਹ ਕਿਹੜੀ ਇਮਾਰਤ ਸੀ, ਕੀ ਉਨ੍ਹਾਂ ਨੇ ਇਹ ਤਸਵੀਰ ਕਿਸੇ ਟੀਵੀ ਚੈਨਲ ਜਾਂ ਵੀਡੀਓ ’ਤੇ ਦੇਖੀ, ਉਨ੍ਹਾਂ ਨਾਲ ਗੱਲਬਾਤ ਵਿੱਚ ਸਪਸ਼ਟ ਨਹੀਂ ਹੋ ਸਕਿਆ।

ਉਧਰ ਐੱਨ.ਆਈ.ਏ ਦੇ ਵਕੀਲ ਰਾਜਨ ਮਲਹੋਤਰਾ ਮੁਤਾਬਕ ਰਾਹਿਲਾ ਨੇ ਤਾਂ “ਰੇਲਵੇ ਟ੍ਰਿਬਿਊਨਲ ਤੋਂ ਕਲੇਮ ਵੀ ਲੈ ਲਿਆ ਹੈ”।

Image copyright Getty Images
ਫੋਟੋ ਕੈਪਸ਼ਨ ਧਮਾਕੇ ਦਾ ਸ਼ਿਕਾਰ ਹੋਈ ਰੇਲਗੱਡੀ ਦੀ ਜਾਂਚ ਕਰਦੇ ਅਧਿਕਾਰੀ

ਕੀ ਆਖ਼ਰੀ ਗੱਲ ਹੋਈ?

ਧਮਾਕੇ ਦੇ ਇੱਕ ਦਿਨ ਪਹਿਲਾਂ ਦੀ ਰਾਤ ਨੂੰ ਯਾਦ ਕਰਦਿਆਂ ਰਾਹਿਲਾ ਦੱਸਦੀ ਹੈ, "ਮਾਮੂ ਨੇ ਅੱਬੂ ਨਾਲ ਗੱਲ ਕਰਵਾਈ ਸੀ...ਅੱਬੂ ਨੇ ਕਿਹਾ ਸੀ ਕਿ ਅਸੀਂ ਟਰੇਨ ਵਿੱਚ ਬੈਠ ਗਏ ਹਾਂ, ਟਰੇਨ ਚੱਲਣ ਵਾਲੀ ਹੈ। ਤੁਹਾਡੇ ਮਾਮੂ ਦਿੱਲੀ ਵਿੱਚ ਟਰੇਨ ਵਿੱਚ ਬਿਠਾਉਣ ਆਏ ਹਨ। ਤੁਸੀਂ ਪਰੇਸ਼ਾਨ ਨਾ ਹੋਵੋ।"

ਧਮਾਕੇ ਤੋ ਕੁਝ ਸਮੇਂ ਬਾਅਦ ਹੀ ਰਾਹਿਲਾ ਆਪਣੇ ਅੰਕਲ ਨਾਲ 10 ਦਿਨਾਂ ਦੇ ਐਮਰਜੈਂਸੀ ਵੀਜ਼ਾ 'ਤੇ ਪਾਣੀਪਤ ਪਹੁੰਚੀ।

ਉਹ ਦੱਸਦੀ ਹੈ, “ਰੇਲਵੇ ਵਾਲਿਆਂ ਨੇ ਸਾਮਾਨ ਚੈਕ ਕਰਵਾਇਆ। ਮੈਂ ਇੱਕ-ਇੱਕ ਲਾਸ਼ ਦੇਖੀ ਅਤੇ ਚੈੱਕ ਕੀਤਾ,” ਪਰ ਆਪਣੇ ਪਿਤਾ ਨਾਲ ਸਬੰਧਤ ਕੋਈ ਸਾਮਾਨ ਨਹੀਂ ਮਿਲਿਆ।

ਇਹ ਵੀ ਜ਼ਰੂਰ ਪੜ੍ਹੋ

ਰਾਹਿਲਾ ਮੁਤਾਬਕ ਪਾਣੀਪਤ ਵਿੱਚ ਡੀਐੱਨਏ ਟੈਸਟ ਹੋਇਆ ਜਿਸ ਦੇ ਨਤੀਜੇ ਕਿਸੇ ਵੀ ਲਾਸ਼ ਦੇ ਡੀਐੱਨਏ ਨਾਲ ਮੈਚ ਨਹੀਂ ਹੋਏ।

ਉਨ੍ਹਾਂ ਦਾ ਦਾਅਵਾ ਹੈ ਕਿ 2008-09 ਵਿੱਚ ਉਨ੍ਹਾਂ ਕੋਲ ਭਾਰਤ ਸਰਕਾਰ ਦੀ ਇੱਕ ਚਿੱਠੀ ਆਈ ਜਿਸ ਵਿੱਚ ਕਿਹਾ ਗਿਆ ਕਿ ਉਨ੍ਹਾਂ ਦਾ ਬੇਟਾ ਜਾਂ ਭਰਾ ਦੁਬਾਰਾ ਡੀਐੱਨਏ ਟੈਸਟ ਲਈ ਭਾਰਤ ਆਵੇ।

“ਮੇਰੇ ਛੋਟੇ ਭਰਾ ਅਤੇ ਚਾਚਾ ਭਾਰਤ ਗਏ। ਉਨ੍ਹਾਂ ਦਾ ਵੀ ਟੈਸਟ ਕਿਸੇ ਲਾਸ਼ ਨਾਲ ਮੈਚ ਨਹੀਂ ਹੋਇਆ।”

ਇਹ ਵੀਡੀਓ ਜ਼ਰੂਰ ਦੇਖੋ - 'ਮੇਰੀਆਂ ਅੱਖਾਂ ਸਾਹਮਣੇ ਮੇਰੇ ਬੱਚੇ ਸੜ ਗਏ'

ਮੁਆਵਜ਼ਾ

ਐੱਨਆਈਏ ਵਕੀਲ ਰਾਜਨ ਮਲਹੋਤਰਾ ਨੇ ਬੀਬੀਸੀ ਨੂੰ ਦੱਸਿਆ, ਰਾਹਿਲ ਨੇ ਤਾਂ "ਰੇਲਵੇ ਟ੍ਰਿਬਿਊਨਲ ਤੋਂ ਕਲੇਮ ਵੀ ਲੈ ਲਿਆ ਹੈ... ਉਨ੍ਹਾਂ ਦਾ ਕਹਿਣਾ ਹੈ ਕਿ ਚਸ਼ਮਦੀਦ ਇੱਕ-ਦੋ ਜਿਉਂਦੇ ਹਨ... ਉਨ੍ਹਾਂ ਨੇ ਕੋਈ ਨਾਮ ਵੀ ਨਹੀਂ ਦਿੱਤੇ ਹਨ।"

ਰਾਹਿਲਾ ਦਾ ਪਰਿਵਾਰ ਕੋਈ ਮੁਆਵਜ਼ਾ ਮਿਲਣ ਤੋਂ ਇਨਕਾਰ ਕਰਦਾ ਹੈ। ਵਕੀਲ ਮੋਮਿਨ ਮਲਿਕ ਨੇ ਅੰਮ੍ਰਿਤਸਰ ਵਿੱਚ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ ਕਿ ਸਾਲ 2010 ਵਿੱਚ ਮੁਆਵਜ਼ੇ ਦੀ ਰਕਮ ਲਈ ਅਦਾਲਤ ਵਿੱਚ ਅਰਜ਼ੀ ਦਾਖਲ ਕੀਤੀ ਸੀ। ਸੱਤ ਸਾਲ ਬਾਅਦ ਕੁਝ ਰਕਮ ਪਾਕਿਸਤਾਨ ਵਿੱਚ ਭਾਰਤੀ ਹਾਈ ਕਮਿਸ਼ਨ ਕੋਲ ਭੇਜੀ ਗਈ ਪਰ ਰਾਹਿਲਾ ਦੇ ਪਰਿਵਾਰ ਨੇ ਇਹ ਰਕਮ ਲੈਣ ਤੋਂ ਮਨ੍ਹਾ ਕਰ ਦਿੱਤਾ।

ਪਾਕਿਸਤਾਨ ਵਿੱਚ ਰਾਹਿਲਾ ਦੇ ਵਕੀਲ ਰਾਣਾ ਅਜ਼ੀਜ਼ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਮੁਹੰਮਦ ਵਕੀਲ ਦੀ ਮੌਤ ਦੀ ਪੁਸ਼ਟੀ ਕਰਨ ਵਾਲੇ ਕੋਈ ਦਸਤਾਵੇਜ਼ ਨਹੀਂ ਹੈ, ਉਸ ਲਈ ਉਹ ਕਿਸ ਕਾਰਨ ਮੁਆਵਜ਼ਾ ਲੈਂਦੇ।

ਵਕੀਲ ਪਰਿਵਾਰ ਮੁਤਬਾਕ ਪਾਣੀਪਤ ਵਿੱਚ ਇੱਕ ਕਬਰ ਵਿੱਚ ਲਾਸ਼ ਦੇ ਡੀਐੱਨਏ ਸੈਂਪਲ ਦੇ ਮੁਹੰਮਦ ਵਕੀਲ ਨਾਲ ਮੈਚ ਹੋਣ ਦੀ ਗੱਲ ਸਾਹਮਣੇ ਆਏ ਸੀ ਪਰ ਭਾਰਤੀ ਵਕੀਲ ਮੋਮਿਨ ਮਲਿਕ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਹ ਕਰਾਚੀ ਦੇ ਕਿਸੇ ਸ਼ਖਸ ਦੀ ਲਾਸ਼ ਸੀ।

ਇਹ ਵੀਡੀਓ ਜ਼ਰੂਰ ਦੇਖੋ - ਹੋਇਆ ਕੀ ਉਸ ਦਿਨ?

ਰਾਹਿਲਾ ਕਹਿੰਦੀ ਹੈ, "ਉਨ੍ਹਾਂ (ਭਾਰਤੀ ਅਧਿਕਾਰੀਆਂ) ਕੋਲ ਕੋਈ ਸਬੂਤ ਤਾਂ ਹੋਏਗਾ। ਕਿਸ ਨੂੰ ਦਿੱਤੇ ਹਨ ਪੈਸੇ? ਮੈਨੂੰ ਦੱਸਣ ਕਿਸ ਨੂੰ ਪੈਸੇ ਦਿੱਤੇ ਹਨ? ਕਿੰਨੇ ਪੈਸੇ ਖਾਧੇ ਹਨ? ਅਸੀਂ ਤਾਂ ਪੈਸਿਆਂ ਦੀ ਕੋਈ ਡਿਮਾਂਡ ਹੀ ਨਹੀਂ ਕੀਤੀ ਹੈ। ਜੇ ਪੈਸੇ ਚਾਹੀਦੇ ਹੁੰਦੇ ਤਾਂ ਮੈਂ ਪੈਸੇ ਅਤੇ ਇੱਕ ਲਾਸ਼ ਲੈ ਕੇ ਉਸੇ ਵੇਲੇ ਆ ਜਾਂਦੀ। 13 ਸਾਲ ਕਿਉਂ ਜ਼ਲੀਲ ਹੁੰਦੇ ਇਸ ਚੀਜ਼ ਲਈ।”

ਰਾਹਿਲਾ ਦੱਸਦੀ ਹੈ ਕਿ ਹਾਦਸੇ ਤੋਂ ਬਾਅਦ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰ ਵਾਲਿਆਂ ਦੇ ਰਹਿਣ ਦਾ ਪ੍ਰਬੰਧ ਪਾਣੀਪਤ ਹਸਪਤਾਲ ਵਿੱਚ ਕੀਤਾ ਗਿਆ ਸੀ।

“ਉਹ 15 ਲੱਖ ਰੁਪਏ ਦੇਣ ਦੀ ਪੇਸ਼ਕਸ਼ ਕਰ ਰਹੇ ਸੀ। ਮੈਨੂੰ ਵੀ ਕਿਹਾ। ਦੋ-ਤਿੰਨ ਲਾਸ਼ਾਂ ਅਜਿਹੀਆਂ ਸਨ ਜਿਨ੍ਹਾਂ ਦੀ ਸ਼ਨਾਖ਼ਤ ਨਹੀਂ ਹੋ ਪਾ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਕੋਈ ਵੀ ਲਾਸ਼ ਲੈ ਕੇ ਜਾ ਸਕਦੇ ਹੋ। ‘ਇਹ ਕਿਸੇ ਨਾ ਕਿਸੇ ਇਨਸਾਨ ਦੀ ਤਾਂ ਹੈ ਨਾ। ਤੁਸੀਂ ਬਾਡੀ ਲੈ ਜਾਓ। ਤੁਹਾਨੂੰ ਭਾਰਤ ਸਰਕਾਰ 15 ਲੱਖ ਰੁਪਏ ਦੇ ਰਹੀ ਹੈ।’ ਇੱਕ ਰੇਲਵੇ ਦੇ ਵਜ਼ੀਰ ਨੇ ਮੈਨੂੰ ਇਹ ਕਿਹਾ ਪਰ ਮੈਂ ਕਿਹਾ ਕਿ ਗੱਲ 15 ਲੱਖ ਰੁਪਏ ਦੀ ਨਹੀਂ ਹੈ, ਜਦੋਂ ਮੈਨੂੰ ਵਾਲਿਦ ਸਾਹਿਬ ਨਾਲ ਜੁੜੇ ਸਬੂਤ ਨਹੀਂ ਮਿਲੇ, ਤਾਂ ਮੈਂ ਕਿਉਂ ਲੈ ਕੇ ਜਾਵਾਂ। ਤੁਸੀਂ 15 ਲੱਖ ਰੁਪਏ ਦੀ ਗੱਲ ਕਰ ਰਹੇ ਹੋ, ਮੈਂ ਤੁਹਾਨੂੰ 30 ਲੱਖ ਰੁਪਏ ਦੀ ਪੇਸ਼ਕਸ਼ ਕਰਦੀ ਹਾਂ।"

ਪਰਿਵਾਰ 'ਤੇ ਅਸਰ

ਰਾਹਿਲਾ ਮੁਤਾਬਕ ਉਨ੍ਹਾਂ ਦੇ ਪਿਤਾ ਦੇ ਨਾ ਰਹਿਣ ਨਾਲ ਪਰਿਵਾਰ 'ਤੇ ਭਾਰੀ ਸਮਾਜਿਕ ਅਤੇ ਆਰਥਿਕ ਅਸਰ ਪਿਆ ਹੈ।

ਆਪਣੀ ਮਾਂ ਹਾਸ਼ਿਰੂਨ ਬੇਗਮ ਬਾਰੇ ਉਹ ਕਹਿੰਦੀ ਹੈ, "ਅੰਮੀ ਬੀ.ਪੀ. ਤੇ ਦਿਲ ਦੀ ਮਰੀਜ਼ ਬਣ ਚੁੱਕੀ ਹੈ। 13 ਸਾਲ ਕੋਈ ਇਨਸਾਨ ਉਮੀਦ 'ਤੇ ਬੈਠਾ ਹੋਵੇ, ਨਾ ਉਸ ਨੂੰ ਕੋਈ ਇਨਸਾਫ਼ ਮਿਲ ਰਿਹਾ ਹੋਵੇ ਜਾਂ ਕੋਈ ਸੁਣਵਾਈ ਨਾ ਹੋ ਰਹੀ ਹੋਵੇ, ਤਾਂ ਉਸ ਦਾ ਕੀ ਹੋਏਗਾ। ਜਿਸ ਨੇ ਆਪਣੀਆਂ ਪੰਜ ਬੇਟੀਆਂ ਅਤੇ ਤਿੰਨ ਬੇਟਿਆਂ ਨੂੰ ਪਾਲਣਾ ਹੋਵੇ ਅਤੇ ਅੱਗੇ ਦੁਨੀਆਂ ਵਿੱਚ ਚੱਲਣ ਦੇ ਕਾਬਿਲ ਬਣਾਉਣਾ ਹੋਵੇ, ਉਸ ਦਾ ਕੀ ਹੋਏਗਾ।"

ਰਾਹਿਲਾ ਮੁਤਾਬਕ ਘਰ ਦੀ ਆਰਥਿਕ ਹਾਲਾਤ ਨੂੰ ਸੰਭਾਲਨ ਲਈ ਉਨ੍ਹਾਂ ਦੇ ਭਰਾਵਾਂ ਨੂੰ ਆਪਣੀ ਪੜ੍ਹਾਈ ਤੱਕ ਛੱਡ ਦੇਣੀ ਪਈ।

ਭਾਰਤੀ ਅਦਾਲਤ ਤੋਂ ਉਮੀਦ

ਸਾਲ 2007 ਬਾਅਦ ਰਾਹਿਲਾ ਆਪਣੇ ਪਿਤਾ ਨਾਲ ਜੁੜੀ ਜਾਣਕਾਰੀ ਅਤੇ ਜਾਂਚ ਲਈ ਸਾਲ 2012 ਵਿੱਚ ਵੀ ਭਾਰਤ ਆਈ।

ਉਹ ਕਹਿੰਦੀ ਹੈ, "ਤਕਰੀਬਨ 2012 ਵਿੱਚ ਮੈਂ ਜਦੋਂ ਗਈ ਹਾਂ ਕੇਸ ਦੀ ਡੇਟ ਸੀ ਪਰ ਜਾਂਚ ਨੇ ਸਾਨੂੰ ਅਦਾਲਤ ਵਿੱਚ ਪੇਸ਼ ਹੋਣ ਨਹੀਂ ਦਿੱਤਾ। ਨਾ ਸਾਨੂੰ ਅਦਾਲਤ ਵਿੱਚ ਭਾਰਤੀ ਸਰਕਾਰ ਨੇ ਬੁਲਾਇਆ ਕਿ ਅਸੀਂ ਆਪਣਾ ਬਿਆਨ ਕਰ ਸਕਿਏ। ਜਦੋਂ ਸਾਨੂੰ ਬੁਲਾਇਆ ਨਹੀਂ ਜਾਂਦਾ ਤਾਂ ਅਸੀਂ ਕਿਵੇਂ ਪੇਸ਼ ਹੋਈਏ।"

ਹੁਣ ਭਾਰਤੀ ਅਦਾਲਤ ਤੋਂ ਕੀ ਉਮੀਦ ਹੋਏਗੀ ?

ਰਾਹਿਲਾ ਕਹਿੰਦੀ ਹੈ, "ਅਸੀਂ ਚਾਹੁੰਦੇ ਹਾਂ ਕਿ ਅਦਾਲਤ ਹੁਕਮ ਦੇਵੇ ਕਿ ਸਾਨੂੰ ਵੀਜ਼ਾ ਦਿੱਤਾ ਜਾਵੇ। ਮੈਂ ਅਦਾਲਤ ਦੇ ਸਾਹਮਣੇ ਬੋਲਣਾ ਚਾਹੁੰਦੀ ਹਾਂ ਤਾਂ ਕਿ ਸਾਨੂੰ ਪਤਾ ਲੱਗੇ ਕਿ ਸਾਡੇ ਪਿਤਾ ਕਿੱਥੇ ਹਨ, ਕਿਸ ਥਾਂ ਹਨ।"

"ਆਖ਼ਰੀ ਸਾਹ ਤੱਕ ਇਨਸਾਨ ਨੂੰ ਉਮੀਦ ਰਹਿੰਦੀ ਹੈ। ਉਮੀਦ ਤਾਂ ਉਦੋਂ ਹੀ ਖ਼ਤਮ ਹੋਏਗੀ ਜਦੋਂ ਕੋਈ ਸਬੂਤ ਸਾਹਮਣੇ ਆਏਗਾ।"

14 ਮਾਰਚ ਨੂੰ ਅਦਾਲਤੀ ਕਾਰਵਾਈ 'ਤੇ ਵਕੀਲ ਰਾਜਨ ਮਲਹੋਤਰਾ ਨੇ ਬੀਬੀਸੀ ਨੂੰ ਦੱਸਿਆ, "ਐੱਨਆਈਏ ਆਪਣਾ ਜਵਾਬ ਪੇਸ਼ ਕਰੇਗੀ। ਉਸ ਦੇ ਬਾਅਦ ਬਹਿਸ ਹੋਏਗੀ। ਉਸ ਦੇ ਬਾਅਦ ਅਦਾਲਤ ਫ਼ੈਸਲਾ ਕਰੇਗੀ।"

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)