ਕੀ ਪਾਕਿਸਤਾਨੀ ਕਰਨਲ ਨੇ ਮੰਨਿਆ ਬਾਲਾਕੋਟ 'ਚ ਹੋਈਆਂ 200 ਮੌਤਾਂ : ਫ਼ੈਕਟ ਚੈੱਕ

ਬਾਲਾਕੋਟ Image copyright SM Viral Post
ਫੋਟੋ ਕੈਪਸ਼ਨ ਵਾਇਰਲ ਵੀਡੀਓ ਦੇ 20ਵੇਂ ਸਕਿੰਟ ਚ ਕਰਨਲ ਫ਼ੈਸਲ ਇਸੇ ਬੱਚੇ ਨਾਲ ਗੱਲਬਾਤ ਕਰਦੇ ਦਿਖ ਰਹੇ ਹਨ

ਭਾਰਤ ਦੇ ਕਈ ਵੱਡੇ ਨਿਊਜ਼ ਚੈਨਲਾਂ ਨੇ ਬੁੱਧਵਾਰ ਨੂੰ ਪਾਕਿਸਤਾਨ ਦਾ ਇੱਕ ਵੀਡੀਓ ਇਸ ਦਾਅਵੇ ਨਾਲ ਦਿਖਾਇਆ ਕਿ ਪਾਕਿਸਤਾਨੀ ਫ਼ੌਜ ਦੇ ਇੱਕ ਅਫ਼ਸਰ ਨੇ ਬਾਲਾਕੋਟ ਹਮਲੇ 'ਚ 200 ਲੋਕਾਂ ਦੇ ਮਾਰੇ ਜਾਣ ਦੀ ਗੱਲ ਮੰਨੀ ਹੈ।

ਟੀਵੀ ਚੈਨਲਾਂ 'ਤੇ ਆਉਣ ਤੋਂ ਪਹਿਲਾਂ ਇਹ ਵੀਡੀਓ ਸਾਨੂੰ ਸੋਸ਼ਲ ਮੀਡੀਆ 'ਤੇ ਅੱਗੇ ਤੋਂ ਅੱਗੇ ਸ਼ੇਅਰ ਹੁੰਦੇ ਮਿਲਿਆ ਸੀ। ਫ਼ੇਸਬੁੱਕ ਦੇ ਕੁਝ ਕਲੋਜ਼ ਗਰੁੱਪਾਂ 'ਚ ਇਸ ਵੀਡੀਓ ਨੂੰ 'ਭਾਰਤੀ ਹਵਾਈ ਫ਼ੌਜ ਦੇ ਬਾਲਾਕੋਟ ਹਮਲੇ ਦੇ ਸਬੂਤ' ਦੇ ਤੌਰ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ।

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਇਸ ਵੀਡੀਓ ਨੂੰ ਟਵੀਟ ਕਰਦੇ ਲਿਖਿਆ ਹੈ, ''ਹਿੰਦੁਸਤਾਨ ਦੀ ਫ਼ੌਜ ਦੀ ਹਿੰਮਤ 'ਤੇ ਪਾਕਿਸਤਾਨ ਰੋ ਰਿਹਾ ਹੈ, ਜਿਸਦਾ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ ਦੇਸ ਦੇ ਗੱਦਾਰ ਸਾਡੀ ਫ਼ੌਜ ਨੂੰ ਬੇਇੱਜ਼ਤ ਕਰ ਰਹੇ ਹਨ ਅਤੇ ਸਬੂਤ ਮੰਗ ਰਹੇ ਹਨ।''

Image copyright twitter/girirajsinghbjp

ਕੁਝ ਯੂ-ਟਿਊਬ ਚੈਨਲਾਂ ਤੋਂ ਇਲਾਵਾ 'ਮੋਦੀਨਾਮਾ' ਅਤੇ 'ਅੱਛੇ ਦਿਨ' ਵਰਗੇ ਕਈ ਫ਼ੇਸਬੁੱਕ ਪੇਜ ਹਨ ਜਿਸ 'ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਹੈ ਅਤੇ ਲੱਖਾਂ ਵਾਰ ਇਸ ਵੀਡੀਓ ਨੂੰ ਦੇਖਿਆ ਜਾ ਚੁੱਕਿਆ ਹੈ।

ਟੀਵੀ ਚੈਨਲਾਂ 'ਤੇ ਦਿਖਾਏ ਜਾਣ ਤੋਂ ਬਾਅਦ ਇਹ ਵੀਡੀਓ ਤੇਜ਼ੀ ਨਾਲ ਫ਼ੈਲਿਆ ਹੈ ਅਤੇ ਇਸ ਨੂੰ ਵੱਟਸਐਪ 'ਤੇ ਵੀ 'ਬਾਲਾਕੋਟ ਦੇ ਸਬੂਤ' ਦੇ ਤੌਰ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਬੀਬੀਸੀ ਨੂੰ ਆਪਣੇ ਕਈ ਪਾਠਕਾਂ ਤੋਂ ਇਹ ਵੀਡੀਓ ਮਿਲਿਆ ਹੈ ਅਤੇ ਉਨ੍ਹਾਂ ਨੇ ਇਸਦੀ ਸੱਚਾਈ ਜਾਣਨ ਦੀ ਇੱਛਾ ਪ੍ਰਗਟ ਕੀਤੀ ਹੈ।

ਵੀਡੀਓ ਦੀ ਪੜਤਾਲ 'ਚ ਸਾਨੂੰ ਪਤਾ ਲਗਿਆ ਕਿ ਇਸ 'ਚ ਦਿਖ ਰਹੇ ਪਾਕਿਸਤਾਨ ਦੀ ਫ਼ੌਜ ਦੇ ਅਫ਼ਸਰ ਨੇ ਕਿਤੇ ਵੀ ਬਾਲਾਕੋਟ ਹਮਲੇ 'ਚ 200 ਲੋਕਾਂ ਦੇ ਮਰਨ ਦੀ ਗੱਲ ਨਹੀਂ ਮੰਨੀ ਹੈ।

Image copyright Nasur Ullah/Facebook
ਫੋਟੋ ਕੈਪਸ਼ਨ ਪੀੜਤ ਪਰਿਵਾਰ ਦੇ ਨਾਲ ਖੜੇ ਪਾਕਿਸਤਾਨ ਫ਼ੌਜ ਦੇ ਕਰਨਲ ਫ਼ੈਸਲ ਕੁਰੈਸ਼ੀ

200 ਨਹੀਂ, ਇੱਕ ਦੀ ਮੌਤ

ਪਾਕਿਸਤਾਨ 'ਚ ਮੌਜੂਦ ਸੀਨੀਅਰ ਪੱਤਰਕਾਰ ਰਹੀਮੁੱਲਾ ਯੂਸੁਫ਼ਜ਼ਈ ਨਾਲ ਜਦੋਂ ਅਸੀਂ ਇਸ ਵੀਡੀਓ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਦੋ ਚੀਜ਼ਾਂ ਦੱਸੀਆਂ।

ਪਹਿਲੀ ਇਹ ਕਿ ਵੀਡੀਓ 'ਚ ਜੋ ਲੋਕ ਫ਼ੌਜੀ ਅਫ਼ਸਰ ਨਾਲ ਗੱਲ ਕਰ ਰਹੇ ਹਨ, ਖ਼ਾਸ ਤੌਰ 'ਤੇ ਪਾਕਿਸਤਾਨੀ ਅਫ਼ਸਰ ਦੇ ਨੇੜੇ ਮੰਜੀ 'ਤੇ ਬੈਠੇ ਬਜ਼ੁਰਗ, ਉਹ ਪਸ਼ਤੋ ਬੋਲ ਰਹੇ ਹਨ ਅਤੇ ਖ਼ੈਬਰ ਪਖ਼ਤੂਨਖ਼ਵਾ ਦੇ ਮਾਨਸੇਰਾ-ਬਾਲਾਕੋਟ ਇਲਾਕੇ 'ਚ ਹਿੰਡਕੋ ਭਾਸ਼ਾ ਬੋਲੀ ਜਾਂਦੀ ਹੈ।

ਦੂਜੀ ਗੱਲ ਇਹ ਕਿ ਜੋ ਪਾਕਿਸਤਾਨੀ ਅਫ਼ਸਰ ਲੋਕਾਂ ਨਾਲ ਗੱਲ ਕਰ ਰਹੇ ਹਨ ਉਹ 200 ਲੋਕਾਂ ਦੇ ਮਰਨ ਦੀ ਨਹੀਂ, ਸਗੋਂ 200 ਲੋਕਾਂ ਵਿੱਚੋਂ ਕਿਸੇ ਇੱਕ ਸ਼ਖ਼ਸ ਦੇ ਮਰਨ ਦੀ ਗੱਲ ਕਹਿ ਰਹੇ ਸਨ। ਵੀਡੀਓ ਨੂੰ ਗ਼ੌਰ ਨਾਲ ਸੁਣਨ ’ਤੇ ਇਹ ਹਕੀਕਤ ਸਾਹਮਣੇ ਆ ਜਾਂਦੀ ਹੈ।

ਵੀਡੀਓ 'ਚ ਉਹ ਕਹਿ ਰਹੇ ਹਨ, ''…ਇਸੇ ਲਈ ਅਸੀਂ ਆਏ ਹਾਂ ਕਿ ਸਾਡਾ ਸਭ ਦਾ ਈਮਾਨ ਹੈ ਕਿ ਜੋ ਹਕੂਮਤ ਦੇ ਨਾਲ ਖੜ੍ਹੇ ਹੋ ਕੇ ਲੜਾਈ ਕਰਦਾ ਹੈ, ਉਹ ਜਿਹਾਦ ਹੈ। ਇਹ ਰੁਤਬਾ ਕੁਝ ਹੀ ਲੋਕਾਂ ਨੂੰ ਨਸੀਬ ਹੁੰਦਾ ਹੈ।”

“ਇਹ ਹਰ ਇੱਕ ਬੰਦੇ ਨੂੰ ਨਸੀਬ ਨਹੀਂ ਹੁੰਦਾ। ਤੁਹਾਨੂੰ ਪਤਾ ਹੈ ਕਿ ਕੱਲ੍ਹ 200 ਬੰਦਾ ਉੱਤੇ (ਪਹਾੜ 'ਤੇ) ਗਿਆ ਸੀ। ਇਸ ਦੇ ਨਸੀਬ 'ਚ ਸ਼ਹਾਦਤ ਲਿਖੀ ਹੋਈ ਸੀ। ਸਾਡੇ ਨਸੀਬ 'ਚ ਨਹੀਂ ਲਿਖੀ ਸੀ। ਅਸੀਂ ਰੋਜ਼ਾਨਾ ਚੜ੍ਹਦੇ ਹਾਂ, ਜਾਂਦੇ ਹਾਂ, ਆਉਂਦੇ ਹਾਂ। ਪਰ ਸ਼ਹਾਦਨ ਉਨ੍ਹਾਂ ਨੂੰ ਹੀ ਨਸੀਬ ਹੁੰਦੀ ਹੈ ਜਿਨ੍ਹਾਂ 'ਤੇ ਅੱਲ੍ਹਾ ਦੀ ਖ਼ਾਸ ਨਜ਼ਰ ਹੁੰਦੀ ਹੈ।''

ਪਰ ਭਾਰਤ 'ਚ ਇਸ ਵੀਡੀਓ ਨੂੰ ਇਹ ਕਹਿੰਦੇ ਹੋਏ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ ਅਫ਼ਸਰ ਨੇ 200 ਲੋਕਾਂ ਦੇ ਮਰਨ ਦੀ ਗੱਲ ਮੰਨੀ ਹੈ।

Image copyright Farman Ullah Khan/Facebook
ਫੋਟੋ ਕੈਪਸ਼ਨ ਪਿੰਡ ਵਾਲਿਆਂ ਨਾਲ ਮੁਲਾਕਾਤ ਕਰਦੇ ਪਾਕਿਸਤਾਨ ਫ਼ੌਜ ਦੇ ਬ੍ਰਿਗੇਡੀਅਰ ਹਲੀਮ

ਵੀਡੀਓ ਬਾਲਾਕੋਟ ਦਾ ਨਹੀਂ

ਇਸ ਵਾਇਰਲ ਵੀਡੀਓ ਨੂੰ ਫ਼੍ਰੇਮ ਦਰ ਫ਼੍ਰੇਮ ਸਰਚ ਕਰਨ 'ਤੇ ਜੋ ਸਭ ਤੋਂ ਪੁਰਾਣੀ ਫ਼ੇਸਬੁੱਕ ਪੋਸਟ ਮਿਲਦੀ ਹੈ ਉਹ 1 ਮਾਰਚ 2019 ਦੀ ਹੈ।

ਉਰਦੂ 'ਚ ਲਿਖੀ ਇਸ ਫ਼ੇਸਬੁੱਕ ਪੋਸਟ ਅਨੁਸਾਰ ਇਹ ਕਥਿਤ ਤੌਰ 'ਤੇ ਅਹਿਸਾਨੁੱਲਾਹ ਨਾਂ ਦੇ ਕਿਸੇ ਪਾਕਿਸਤਾਨੀ ਫ਼ੌਜੀ ਦੇ ਜਨਾਜ਼ੇ ਦਾ ਵੀਡੀਓ ਹੈ ਜਿਸਦਾ ਪਿੰਡ ਪੱਛਮੀ ਖ਼ੈਬਰ ਪਖ਼ਤੂਨਖ਼ਵਾ 'ਚ ਮੌਜੂਦ ਹੈ।

ਬੀਬੀਸੀ ਨੇ ਪਾਕਿਸਤਾਨ ਦੀ ਫ਼ੌਜ ਦੇ ਬੁਲਾਰਿਆਂ ਨਾਲ ਵੀ ਇਸ ਵੀਡੀਓ ਬਾਰੇ ਗੱਲ ਕੀਤੀ। ਉਨ੍ਹਾਂ ਮੁਤਾਬਕ ਇਹ ਵੀਡੀਓ ਪੱਛਮੀ ਖ਼ੈਬਰ ਪਖ਼ਤੂਨਖ਼ਵਾ 'ਚ ਸਥਿਤ ਦੀਰ ਦੇ ਹੇਠਲੇ ਇਲਾਕੇ (Lower Dir) ਦਾ ਹੈ ਜੋ ਬਾਲਾਕੋਟ ਤੋਂ ਕਰੀਬ 300 ਕਿਲੋਮੀਟਰ ਦੂਰ ਹੈ। ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨੀ ਫ਼ੌਜ ਦੇ ਅਫ਼ਸਰ ਪੀੜਤ ਪਰਿਵਾਰ ਨੂੰ ਮਿਲਣ ਗਏ ਸਨ।

ਇਹ ਵੀ ਜ਼ਰੂਰ ਪੜ੍ਹੋ:

ਫ਼ੇਸਬੁੱਕ ਜ਼ਰੀਏ ਅਸੀਂ ਇਸ ਘਟਨਾ ਨਾਲ ਜੁੜੀ ਇੱਕ ਹੋਰ ਵੀਡੀਓ 'ਚ ਦਿਖਣ ਵਾਲੇ ਜਾਵੇਦ ਇਕ਼ਬਾਲ ਸ਼ਾਹੀਨ, ਫ਼ਰਮਾਨੁੱਲਾਹ ਖ਼ਾਨ ਅਤੇ ਖਿਸ਼ਤਾ ਰਹਿਮਾਨ ਦੁਰਾਨੀ ਦੀ ਪਛਾਣ ਕੀਤੀ।

ਇਨ੍ਹਾਂ ਤਿੰਨਾਂ ਦੀ 2 ਮਾਰਚ ਦੀ ਫ਼ੇਸਬੁੱਕ ਪੋਸਟ ਨਾਲ ਇਸ ਗੱਲ ਦੀ ਪੁਸ਼ਟੀ ਹੁੰਦੀ ਹੈ ਕਿ ਪਾਕਿਸਤਾਨੀ ਫ਼ੌਜ 'ਚ ਬ੍ਰਿਗੇਡੀਅਰ ਹਲੀਮ ਅਤੇ ਕਰਨਲ ਫ਼ੈਸਲ ਕੁਰੈਸ਼ੀ ਪੀੜਤ ਪਰਿਵਾਰ ਨੂੰ ਮਿਲਣ ਉਨ੍ਹਾਂ ਦੇ ਪਿੰਡ ਪਹੁੰਚੇ ਸਨ। ਇਨ੍ਹਾਂ ਤਿੰਨਾਂ ਨੇ ਫ਼ੇਸਬੁੱਕ 'ਤੇ ਖ਼ੁਦ ਨੂੰ ਦੀਰ ਇਲਾਕੇ ਦਾ ਦੱਸਿਆ ਹੈ।

ਭਾਰਤ 'ਚ ਇਸ ਘਟਨਾ ਦਾ ਜੋ ਵੀਡੀਓ ਵਾਇਰਲ ਹੋਇਆ ਹੈ, ਉਸ 'ਚ ਕਰਨਲ ਫ਼ੈਸਲ ਕੁਰੈਸ਼ੀ ਦੀ ਹੀ ਆਵਾਜ਼ ਸੁਣਾਈ ਦਿੰਦੀ ਹੈ।

Image copyright SM Viral Post

ਵੀਡੀਓ ਬਾਰੇ ਪਾਕਿਸਤਾਨ 'ਚ ਵੀ ਖ਼ਦਸ਼ਾ

ਭਾਰਤ 'ਚ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁਝ ਪਾਕਿਸਤਾਨੀ ਮੀਡੀਆ ਵੈੱਬਸਾਈਟਾਂ ਨੇ ਵੀ ਇਸ ਵੀਡੀਓ ਨੂੰ ਫ਼ੇਕ ਦੱਸਿਆ ਅਤੇ ਲਿਖਿਆ ਹੈ ਕਿ 'ਬਾਲਾਕੋਟ ਹਮਲੇ 'ਚ ਕਥਿਤ ਤੌਰ 'ਤੇ ਹੋਈ ਲੋਕਾਂ ਦੀ ਮੌਤ ਦੇ ਦਾਅਵੇ ਨੂੰ ਸਹੀ ਸਾਬਿਤ ਕਰਨ ਲਈ ਭਾਰਤੀ ਮੀਡੀਆ ਨੇ ਫ਼ਿਰ ਫ਼ਰਜ਼ੀ ਵੀਡੀਓ ਦਿਖਾਏ।'

ਪਰ ਇਨ੍ਹਾਂ ਵੈੱਬਸਾਈਟਾਂ ਨੇ ਇਸ ਵੀਡੀਓ ਬਾਰੇ ਜੋ ਜਾਣਕਾਰੀ ਦਿੱਤੀ ਹੈ ਉਹ ਵੀ ਤੱਥਾਂ ਦੇ ਆਧਾਰ 'ਤੇ ਗ਼ਲਤ ਹੈ।

'ਡੇਲੀ ਪਾਕਿਸਤਾਨ ਡਾਟ ਕੌਮ' ਨੇ ਲਿਖਿਆ ਹੈ ਕਿ ਇਹ ਵੀਡੀਓ ਐੱਲਓਸੀ 'ਤੇ ਭਾਰਤ-ਪਾਕਿਸਤਾਨ ਵਿਚਾਲੇ ਹੋਈ ਫ਼ਾਇਰਿੰਗ 'ਚ ਨਾਇਕ ਖ਼ੁਰੱਮ ਦੇ ਨਾਲ ਮਾਰੇ ਗਏ ਹਵਲਦਾਰ ਅਬਦੁੱਲ ਰਾਬ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਦਾ ਹੈ।

ਪਰ ਪਾਕਿਸਤਾਨ ਦੇ ਸਰਕਾਰੀ 'ਰੇਡੀਓ ਪਾਕਿਸਤਾਨ' ਦੀ ਅਧਿਕਾਰਤ ਪੋਸਟ ਅਨੁਸਾਰ ਇਹ ਦੋਵੇਂ ਹੀ ਸਿਪਾਹੀ ਪਾਕਿਸਤਾਨ ਦੇ ਪੰਜਾਬ 'ਚ ਸਥਿਤ ਡੇਰਾ ਗਾਜ਼ੀ ਖ਼ਾਨ ਨਾਲ ਵਾਸਤਾ ਰੱਖਦੇ ਸਨ।

ਤੁਹਾਨੂੰ ਇਹ ਵੀਡੀਓਜ਼ ਵੀਪਸੰਦ ਸਕਦੀਆਂ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)