ਗੁਰੂਗ੍ਰਾਮ 'ਚ ਮੁਸਲਮਾਨ ਪਰਿਵਾਰ ਨਾਲ ਹਿੰਸਾ ’ਤੇ ਕੀ ਬੋਲੇ ਹਰਿਆਣਾ ਦੇ ਡੀਜੀਪੀ

ਡੀਜੀਪੀ ਮਨੋਜ ਯਾਦਵ Image copyright facebook @GurugramPolice
ਫੋਟੋ ਕੈਪਸ਼ਨ ਹਰਿਆਣਾ ਦੇ ਡੀਜੀਪੀ ਮਨੋਜ ਯਾਦਵ (ਵਿਚਾਲੇ) ਕਹਿੰਦੇ ਹਨ ਕਿ ਇਸ ਮਾਮਲੇ ਨੂੰ ਫਿਰਕੂ ਹਿੰਸਾ ਨਾਲ ਜੋੜ ਕੇ ਨਾ ਦੇਖਿਆ ਜਾਵੇ।

"ਅਜਿਹੀਆਂ ਘਟਨਾਵਾਂ ਹਫ਼ਤੇ ਵਿੱਚ ਇੱਕ ਅੱਧੀ ਵਾਰ ਵਾਪਰ ਹੀ ਜਾਂਦੀਆਂ ਹਨ, ਇਹ ਫਿਰਕੂ ਹਿੰਸਾ ਨਹੀਂ ਹੈ।" ਇਹ ਕਹਿਣਾ ਹੈ ਕੌਮੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਘੱਟ ਗਿਣਤੀ ਮੁਸਲਿਮ ਭਾਈਚਾਰੇ ਦੇ ਇੱਕ ਪਰਿਵਾਰ ਨਾਲ ਕੁੱਟਮਾਰ ਦੀ ਘਟਨਾ 'ਤੇ ਸੂਬੇ ਦੇ ਡੀਜੀਪੀ ਮਨੋਜ ਯਾਦਵ ਦਾ।

ਘਟਨਾ ਵੀਰਵਾਰ ਸ਼ਾਮ 5 ਵਜੇ ਗੁਰੂਗ੍ਰਾਮ ਦੇ ਭੂਪ ਸਿੰਘ ਨਗਰ ਵਿੱਚ ਵਾਪਰੀ। ਘਰ ਦੇ ਬਾਹਰ ਪਰਿਵਾਰ ਦੇ ਕੁਝ ਮੁੰਡੇ ਕ੍ਰਿਕਟ ਖੇਡ ਰਹੇ ਸਨ। ਇਸ ਮਗਰੋਂ ਕੁਝ ਦੇਰ ਬਾਅਦ ਦੋ ਮੋਟਰਸਾਈਕਲ ਸਵਾਰ ਨੌਜਵਾਨ ਉੱਥੇ ਪਹੁੰਚੇ ਤੇ ਖੇਡ ਰਹੇ ਮੁੰਡਿਆਂ ਨਾਲ ਉਨ੍ਹਾਂ ਦੀ ਕਹਾਸੁਣੀ ਹੋਈ ਅਤੇ ਮਾਮਲਾ ਵੱਧ ਗਿਆ।

ਇਸ ਬਾਰੇ ਪੁਲਿਸ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵੀ ਜਾਣਕਾਰੀ ਦਿੱਤੀ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਹਿੰਦੂਤਵੀ ਸਮਰਥਨ ਹਾਸਿਲ ਸਮੂਹ ਵੱਲੋਂ ਯੋਜਨਾ ਬਣਾ ਕੇ ਇਹ ਹਮਲਾ ਕੀਤਾ ਗਿਆ ਹੈ।

ਹਾਲਾਂਕਿ ਪੁਲਿਸ ਨੇ ਇਸ ਬਾਰੇ ਪੁਸ਼ਟੀ ਨਹੀਂ ਕੀਤੀ ਹੈ।

ਕੀ ਹੋਇਆ ਸੀ ਹੋਲੀ ਵਾਲੇ ਦਿਨ?

21 ਮਾਰਚ ਨੂੰ ਵੀਰਵਾਰ ਵਾਲੇ ਦਿਨ ਦੀ ਘਟਨਾ ਦੱਸੀ ਜਾ ਰਹੀ ਹੈ। ਮਾਮਲਾ ਉਸ ਵੇਲੇ ਵੱਧ ਗਿਆ ਜਦੋਂ ਘਰ ਦੇ ਬਾਹਰ ਕ੍ਰਿਕਟ ਖੇਡ ਰਹੇ ਮੁੰਡਿਆਂ ਨੂੰ ਦੋ ਬਾਈਕ ਸਵਾਰਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ।

ਗੱਲ ਵਧਦੀ ਦੇਖ ਕੇ ਕ੍ਰਿਕਟ ਖੇਡ ਰਹੇ ਮੁੰਡਿਆਂ ਦੇ ਚਾਚੇ ਸਾਜਿਦ ਵੀ ਪਹੁੰਚੇ। ਬੀਬੀਸੀ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਡੀਜੀਪੀ ਨੇ ਮਨੋਜ ਯਾਦਵ ਨੇ ਕਿਹਾ, "ਮੋਟਰਸਾਈਕਲ ਸਵਾਰ ਮੁੰਡਿਆਂ ਵਿੱਚੋਂ ਇੱਕ ਧਮਕੀ ਦੇਣ ਲੱਗਾ, ਨਤੀਜੇ ਵੱਜੋਂ ਸਾਜਿਦ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇੱਥੋਂ ਹੀ ਮਾਮਲਾ ਕੁੱਟਮਾਰ ਤੱਕ ਪਹੁੰਚ ਗਿਆ।"

Image copyright Getty Images
ਫੋਟੋ ਕੈਪਸ਼ਨ ਡੰਡਿਆਂ, ਰਾਡਾਂ, ਹਾਕੀਆਂ ਤੇ ਤੇਜ਼ ਧਾਰ ਹਥਿਆਰਾਂ ਨਾਲ ਪਰਿਵਾਰ 'ਤੇ ਹਮਲਾ ਕੀਤਾ ਗਿਆ (ਸੰਕੇਤਕ ਤਸਵੀਰ)

ਗੁਰੂਗ੍ਰਾਮ ਦੇ ਏਸੀਪੀ ਸ਼ਮਸ਼ੇਰ ਸਿੰਘ ਮੁਤਾਬਕ, "ਕੁਝ ਦੇਰ ਬਾਅਦ ਤਕਰੀਬਨ 40 ਲੋਕਾਂ ਦਾ ਗਰੁੱਪ ਡੰਡਿਆਂ, ਰਾਡਾਂ, ਹਾਕੀਆਂ ਤੇ ਤੇਜ਼ ਧਾਰ ਹਥਿਆਰਾਂ ਨਾਲ ਪਰਿਵਾਰ 'ਤੇ ਹਮਲਾ ਕਰ ਦਿੱਤਾ।"

ਇਸ ਹਮਲੇ ਵਿੱਚ ਪਰਿਵਾਰ ਦੇ ਮੁੰਡੇ ਸ਼ਾਹਿਦ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਇਲਜ਼ਾਮ ਹੈ ਕਿ ਹਮਲਾਵਰਾਂ ਨੇ ਬੱਚਿਆਂ ਅਤੇ ਔਰਤਾਂ ਨੂੰ ਵੀ ਨਿਸ਼ਾਨਾ ਬਣਾਇਆ।

ਪੁਲਿਸ ਨੇ ਅੱਗੇ ਕਿਹਾ ਕਿ ਪੀੜਤਾਂ ਵਿਚੋਂ ਕਿਸੇ ਇੱਕ ਦੇ ਫੋਨ 'ਤੇ ਹਮਲੇ ਦਾ ਵੀਡੀਓ ਰਿਕਾਰਡ ਹੋ ਗਿਆ, ਜਿਸ ਵਿੱਚ ਸ਼ਾਹਿਦ ਨੂੰ ਕੁੱਟਮਾਰ ਦੌਰਾਨ ਪਰਿਵਾਰ ਵਾਲੇ ਰਹਿਮ ਦੀ ਅਪੀਲ ਕਰਦੇ ਨਜ਼ਰ ਆ ਰਹੇ ਹਨ।

ਪੁਲਿਸ ਮੁਤਾਬਕ, "ਸ਼ਾਹਿਦ 'ਤੇ ਉਦੋਂ ਤੱਕ ਡੰਡਿਆਂ ਅਤੇ ਰਾਡਾਂ ਨਾਲ ਵਾਰ ਕਰਨੇ ਜਾਰੀ ਰੱਖੇ ਗਏ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਿਆ।"

ਇਹ ਵੀ ਪੜ੍ਹੋ-

Image copyright Getty Images
ਫੋਟੋ ਕੈਪਸ਼ਨ ਘਟਨਾ ਦਾ ਵੀਡੀਓ ਪੀੜਤ ਪਰਿਵਾਰ ਦੇ ਕਿਸੇ ਮੈਂਬਰ ਨੇ ਆਪਣੇ ਮੋਬਾਈਲ ਵਿੱਚ ਕੈਦ ਕਰ ਲਿਆ (ਸੰਕੇਤਕ ਤਸਵੀਰ)

ਇਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋਣ ਲੱਗ ਗਈ।

ਏਸੀਪੀ ਸ਼ਮਸ਼ੇਰ ਸਿੰਘ ਨੇ ਦੱਸਿਆ, "ਅਸੀਂ ਭੌਂਡਸੀ ਪੁਲਿਸ ਸਟੇਸ਼ਨ 'ਚ ਕਤਲ ਦੀ ਕੋਸ਼ਿਸ਼ ਅਤੇ ਦੰਗਾ ਫਸਾਦ ਸਣੇ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੀਤਾ ਗਿਆ ਹੈ। ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵੀਡੀਓ ਦੀ ਮਦਦ ਨਾਲ ਹੋਰਨਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਨੂੰ ਫੋਨ ਕਰਨ ਤੋਂ ਬਾਅਦ ਪੁਲਿਸ ਉਥੇ ਕਰੀਬ 40 ਮਿੰਟਾਂ ਬਾਅਦ ਆਈ ਅਤੇ ਉਦੋਂ ਤੱਕ ਹਮਲਾਵਰ ਭੱਜ ਗਏ।

ਇਹ ਵੀ ਪੜ੍ਹੋ-

Image copyright facebook @GurugramPolice
ਫੋਟੋ ਕੈਪਸ਼ਨ ਹਰਿਆਣਾ ਦੇ ਡੀਜੀਪੀ ਮਨੋਜ ਯਾਦਵ ਦੀ ਬੀਬੀਸੀ ਨਾਲ ਗੱਲਬਾਤ

ਕੀ ਕਹਿੰਦੇ ਹਨ ਹਰਿਆਣਾ ਦੇ ਡੀਜੀਪੀ?

ਹਰਿਆਣਾ ਦੇ ਡੀਜੀਪੀ ਮਨੋਜ ਯਾਦਵ ਨੇ ਇਸ ਸਾਰੀ ਘਟਨਾ ਨੂੰ ਮਾਮੂਲੀ ਕਹਾਸੁਣੀ ਮਗਰੋਂ ਵਾਪਰੀ ਘਟਨਾ ਦੱਸਿਆ ਹੈ। ਡੀਜੀਪੀ ਮੁਤਾਬਕ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਸਾਰੇ ਮੁਲਜ਼ਮਾਂ ਨੂੰ ਅੱਜ ਸ਼ਾਮ ਤੱਕ ਕਾਬੂ ਕਰਨ ਦਾ ਦਾਅਵਾ ਕਰਨ ਵਾਲੇ ਸੂਬੇ ਦੇ ਡੀਜੀਪੀ ਨਾਲ ਇਸ ਘਟਨਾ 'ਤੇ ਗੱਲਬਾਤ ਕੀਤੀ ਬੀਬੀਸੀ ਪੱਤਰ ਅਰਵਿੰਦ ਛਾਬੜਾ ਨੇ।

ਸਵਾਲ- ਕੀ ਇਹ ਫਿਰਕੂ ਹਿੰਸਾ ਹੈ?

ਅਸੀਂ ਇਸਨੂੰ ਸਿਰਫ ਕਾਨੂੰਨ-ਵਿਵਸਥਾ ਨਾਲ ਸਬੰਧਤ ਮਾਮਲੇ ਵਜੋਂ ਦੇਖ ਰਹੇ ਹਾਂ। ਪੀੜਤ ਪਰਿਵਾਰ ਯੂਪੀ ਦੇ ਬਾਗਪਤ ਦਾ ਰਹਿਣ ਵਾਲਾ ਹੈ। ਅਸੀਂ ਉਨ੍ਹਾਂ ਦੀ ਸੁਰੱਖਿਆ ਲਈ ਪੁਲਿਸ ਦੀ ਤਾਇਨਾਤੀ ਕਰ ਦਿੱਤੀ ਹੈ। ਇਸ ਘਟਨਾ ਨੂੰ ਕਿਸੇ ਸਾਜਿਸ਼ ਦੇ ਤਹਿਤ ਅੰਜਾਮ ਨਹੀਂ ਦਿੱਤਾ ਗਿਆ ਸਗੋਂ ਇਹ ਅਚਾਨਕ ਵਾਪਰੀ ਘਟਨਾ ਹੈ। ਕ੍ਰਿਕਟ ਖੇਡ ਰਹੇ ਨੌਜਵਾਨਾਂ ਨੂੰ ਦੋ ਬਾਈਕ ਸਵਾਰਾਂ ਨੇ ਆ ਕੇ ਡਰਾਉਣਾ ਧਮਕਾਉਣਾ ਸ਼ੁਰੂ ਕਰ ਦਿੱਤਾ, ਗੱਲ ਵਧੀ ਤਾਂ ਖੇਡ ਰਹੇ ਨੌਜਵਾਨਾਂ ਦੇ ਰਿਸ਼ਤੇਦਾਰ ਨੇ ਬਾਈਕ ਸਵਾਰਾਂ ਵਿੱਚੋਂ ਇੱਕ ਨੂੰ ਥੱਪੜ ਮਾਰ ਦਿੱਤਾ। ਨਤੀਜਾ ਇਹ ਹੋਇਆ ਮਾਮਲਾ ਵਧ ਗਿਆ। ਲੋਕ ਅਜਿਹੀ ਗੱਲ ਇੱਜ਼ਤ 'ਤੇ ਲੈ ਜਾਂਦੇ ਹਨ। ਇਹ ਗੱਲ ਤਾਂ ਅਜਿਹੀ ਹੈ ਜਿਵੇਂ ਕਿ ਤੁਸੀਂ ਮੈਨੂੰ ਥੱਪੜ ਮਾਰਿਆਂ ਅਤੇ ਮੈਂ ਕਹਿ ਦਿੱਤਾ ਕਿ ਤੁਹਾਨੂੰ ਸਬਕ ਜ਼ਰੂਰ ਸਿਖਾਵਾਂਗਾ।

ਸਵਾਲ- ਤੁਹਾਡਾ ਮਤਲਬ ਹੈ ਕਿ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ?

ਜਵਾਬ- ਹਾਂ, ਅਜਿਹੀ ਘਟਨਾ ਹਫ਼ਤੇ ਵਿੱਚ ਇੱਕ ਵਾਰ ਤਾਂ ਵਾਪਰ ਹੀ ਜਾਂਦੀ ਹੈ। ਕਾਰਨ ਜ਼ਮੀਨ ਅਤੇ ਪਾਣੀ ਵਰਗੇ ਮੁੱਦੇ ਹੁੰਦੇ ਹਨ। ਇਸ ਮਾਮਲੇ ਵਿੱਚ ਗੱਲ ਇੰਨੀ ਹੀ ਹੈ ਕਿ ਪੀੜਤ ਇੱਕ ਮੁਸਲਿਮ ਪਰਿਵਾਰ ਹੈ ਪਰ ਇਹ ਫਿਰਕੂ ਹਿੰਸਾ ਨਹੀਂ ਹੈ।

ਸਵਾਲ- ਤੁਹਾਨੂੰ ਨਹੀਂ ਲੱਗਦਾ ਕਿ ਘੱਟ ਗਿਣਤੀਆਂ ਵਿੱਚ ਡਰ ਪੈਦਾ ਹੋਵੇਗਾ?

ਜਵਾਬ- ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ। ਅਸੀਂ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਕਰਾਂਗੇ। ਇਹ ਕੋਈ ਗਿਣੀ ਮਿੱਥੀ ਸਾਜਿਸ਼ ਨਹੀਂ ਸੀ। ਲੋੜ ਮੁਤਾਬਕ ਅਜਿਹੇ ਮਾਮਲਿਆਂ ਵਿੱਚ ਸਖ਼ਤੀ ਵਰਤੀ ਜਾਵੇਗੀ।

ਇਹ ਵੀਡੀਓਜ਼ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)