ਜਦੋਂ ਠੇਠ ਲਾਹੌਰੀ ਪੰਜਾਬੀ 'ਚ ਪੁੱਛਿਆ ਗਿਆ- 'ਨਾਂ ਕੀ ਹੈ ਤੇਰਾ, ਮੈਂ ਤੈਨੂੰ ਵੇਖ ਲਵਾਂਗਾ' - ਬਲਾਗ

ਦਿੱਲੀ Image copyright Rajesh Joshi
ਫੋਟੋ ਕੈਪਸ਼ਨ ਦਿੱਲੀ ਦੇ ਚਾਣਿਕਿਆਪੁਰੀ ਵਿੱਚ ਪਾਕਿਸਤਾਨ ਦਾ ਸਿਫਾਰਤਖਾਨਾ

ਜਿਵੇਂ ਹੀ ਟੈਕਸੀ ਰੁਕੀ, ਸਧਾਰਨ ਕੱਪੜਿਆਂ ਵਾਲੇ ਚਾਰ-ਪੰਜ ਲੋਕਾਂ ਨੇ ਸਾਨੂੰ ਘੇਰ ਲਿਆ। ਉਹ ਸਾਨੂੰ ਆਪਣੀ ਪਛਾਣ ਦੱਸੇ ਬਿਨ੍ਹਾਂ ਸਾਡੇ ਤੋਂ ਸਾਡਾ ਨਾਮ, ਕੰਮ, ਪਤਾ, ਸਭ ਜਾਣਨਾ ਚਾਹੁੰਦੇ ਸਨ।

ਸੜਕ 'ਤੇ ਇੰਨੀ ਘੱਟ ਰੌਸ਼ਨੀ ਸੀ ਕਿ ਜੋ ਲੋਕ ਸਾਨੂੰ ਸੜਕ 'ਤੇ ਘੇਰ ਕੇ ਸਾਡੇ ਬਾਰੇ ਸਾਰੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਸਨ ਉਨ੍ਹਾਂ ਲੋਕਾਂ ਨੇ ਸਾਡੇ ਚਿਹਰੇ ਦੇਖਣ ਲਈ ਆਪਣੇ ਮੋਬਾਇਲ ਦੀ ਟੌਰਚ ਜਗਾ ਰੱਖੀ ਸੀ।

ਉਨ੍ਹਾਂ ਦੇ ਚਿਹਰੇ ਦੇਖਣਾ ਸੰਭਵ ਨਹੀਂ ਸੀ। ਉਨ੍ਹਾਂ ਵਿਚੋਂ ਇੱਕ ਦੇ ਹੱਥ ਵਿਚ ਇੱਕ ਵੀਡੀਓ ਕੈਮਰਾ ਸੀ ਅਤੇ ਉਹ ਸਬੂਤ ਇਕੱਠੇ ਕਰਨ ਵਾਲੇ ਫ਼ੁਰਤੀ ਨਾਲ ਤੁਰੰਤ ਸਾਡੀ ਵੀਡੀਓ ਫਿਲਮ ਬਨਾਉਣਾ ਚਾਹੁੰਦੇ ਸਨ।

ਇਸ ਨੂੰ ਪੜ੍ਹਦੇ ਹੋਏ, ਤੁਹਾਨੂੰ ਲੱਗ ਸਕਦਾ ਹੈ ਕਿ ਮੈਂ ਕਿਸੇ 'ਗਊ ਰੱਥਿਆ' ਵਿਜਿਲਾਂਤੀ ਸਮੂਹ ਦੇ ਹੱਥਾਂ ਵਿੱਚ ਫਸਣ ਦਾ ਵੇਰਵੇ ਲਿਖ ਰਿਹਾ ਹਾਂ।

ਪਰ ਸ਼ੁੱਕਰਵਾਰ ਦੀ ਸ਼ਾਮ ਨੂੰ, ਦਿੱਲੀ ਦੇ ਚਾਣਕਿਆਪੁਰੀ ਇਲਾਕੇ ਵਿੱਚ ਜੋ ਵਾਪਰਿਆ ਹੈ, ਉਸ ਨੂੰ ਵੇਖਣ ਤੋਂ ਬਾਅਦ ਵਿਜਿਲਾਂਤੀ ਸਮੂਹਾਂ ਅਤੇ ਪੁਲਿਸ ਵਾਲਿਆਂ ਵਿਚਕਾਰ ਫ਼ਰਕ ਕਰਨਾ ਮੁਸ਼ਕਲ ਹੋ ਗਿਆ ਹੈ।

ਪਾਕਿਸਤਾਨੀ ਹਾਈ ਕਮਿਸ਼ਨ ਦੇ ਬਾਹਰ ਮਜ਼ਬੂਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਸੜਕਾਂ 'ਤੇ ਨਾਕੇਬੰਦੀ ਕੀਤੀ ਗਈ ਸੀ। ਅੰਦਰ ਜਾਣ ਦਾ ਰਾਹ ਪੁੱਛਣ 'ਤੇ, ਪੁਲਿਸ ਵਾਲਿਆਂ ਵੱਲੋਂ ਇੱਕ ਨਾਕੇ ਤੋਂ ਦੂਜੇ 'ਤੇ ਭੇਜਿਆ ਜਾ ਰਿਹਾ ਸੀ।

ਇਹ ਵੀ ਪੜ੍ਹੋ:-

ਪਾਕਿਸਤਾਨ ਦਿਵਸ ਦੇ ਮੌਕੇ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਾਕਿਸਤਾਨ ਹਾਈ ਕਮਿਸ਼ਨ ਵਿਚ ਬਹੁਤ ਸਾਰੇ ਪੱਤਰਕਾਰਾਂ, ਲੇਖਕਾਂ, ਵਪਾਰਕ ਲੋਕਾਂ ਅਤੇ ਕਈ ਦੇਸ਼ਾਂ ਦੇ ਡਿਪਲੋਮੈਟਸ ਨੂੰ ਸੱਦਾ ਦਿੱਤਾ ਗਿਆ ਸੀ।

Image copyright Getty Images
ਫੋਟੋ ਕੈਪਸ਼ਨ ਲਾਹੌਰ ਦੀ ਸੰਕੇਤਕ ਤਸਵੀਰ

ਇਹ ਭਾਰਤ ਸੀ ਪਾਕਿਸਤਾਨ ਨਹੀਂ

ਹਰ ਸਾਲ ਭਾਰਤ ਦੀ ਸਰਕਾਰ ਇਸ ਪ੍ਰੋਗਰਾਮ ਵਿਚ ਆਪਣਾ ਇੱਕ ਨੁਮਾਇੰਦਾ ਭੇਜਦੀ ਹੈ, ਪਰ ਇਸ ਵਾਰ ਸਰਕਾਰ ਨੇ ਇਸ ਪ੍ਰੋਗਰਾਮ ਦਾ ਬਾਈਕਾਟ ਕਰਨ ਦਾ ਫ਼ੈਸਲਾ ਲਿਆ।

ਗੇਟ ਦੇ ਬਾਹਰ ਲਗਾਏ ਗਏ ਨਾਕੇ 'ਤੇ ਖੜ੍ਹੇ ਸਿਕਿਓਰਿਟੀ ਵਾਲੇ (ਪਤਾ ਨਹੀਂ ਉਹ ਪੁਲਿਸ ਵਾਲੇ ਸੀ, ਆਈਬੀ ਜਾਂ ਰਾਅ ਦੇ ਕਰਮਚਾਰੀ ਸਨ, ਕਿਸੇ ਨਿੱਜੀ ਸੁਰੱਖਿਆ ਦੇ ਲੋਕ ਸਨ ਜਾਂ ਫਿਰ ਕੋਈ ਹੋਰ) ਹਰ ਇੱਕ ਨੂੰ ਰੋਕ ਕੇ ਉਨ੍ਹਾਂ ਦਾ ਨਾਂ ਅਤੇ ਪਛਾਣ ਪੁੱਛ ਰਹੇ ਸਨ ਅਤੇ ਨਾਲ ਹੀ ਸਾਰਿਆਂ ਨੂੰ ਦੱਸਿਆ ਜਾ ਰਿਹਾ ਸੀ - "ਭਾਰਤ ਸਰਕਾਰ ਨੇ ਪਾਕਿਸਤਾਨ ਹਾਈ ਕਮਿਸ਼ਨ ਵਿਚ ਹੋ ਰਹੇ ਇਸ ਪ੍ਰੋਗਰਾਮ ਦਾ ਬਾਈਕਾਟ ਕੀਤਾ ਹੈ, ਇਸ ਲਈ ਸਾਡੇ ਲਈ ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਤੁਸੀਂ ਉੱਥੇ ਨਾ ਜਾਓ।"

ਸ਼ਾਇਦ ਉਨ੍ਹਾਂ ਨੂੰ ਵੀ ਇਹ ਅਹਿਸਾਸ ਸੀ ਕਿ ਇਹ ਜਮਹੂਰੀ ਕਾਰਵਾਈ ਨਹੀਂ ਹੈ। ਉਨ੍ਹਾਂ ਨੇ ਬੀਬੀਸੀ ਦੇ ਕੁਝ ਸਾਥੀਆਂ ਨੂੰ ਕਿਹਾ ਕਿ ਵੈਸੇ ਤਾਂ ਲੋਕਤੰਤਰ ਹੈ, ਤੁਸੀਂ ਚਾਹੋ ਤਾਂ ਜਾ ਸਕਦੇ ਹੋ।

ਇਸ ਹਦਾਇਤ ਵਿੱਚ ਇੱਕ ਸੁਨੇਹਾ ਲੁਕਿਆ ਹੋਇਆ ਸੀ - 'ਅਸੀਂ ਤੁਹਾਨੂੰ ਚੇਤਾਵਨੀ ਦੇ ਦਿੱਤੀ ਹੈ। ਆਪਣਾ ਕੰਮ ਕਰ ਦਿੱਤਾ ਹੈ। ਹੁਣ ਤੁਹਾਡੀ ਇੱਛਾ ਹੈ ਕਿ ਤੁਸੀਂ ਜਾਣਾ ਚਾਹੁੰਦੇ ਹੋ ਜਾਂ ਨਹੀਂ। ਪਰ ਧਿਆਨ ਰੱਖਿਓ, ਅਸੀਂ ਤੁਹਾਡੀ ਵੀਡੀਓ ਬਣਾ ਲਈ ਹੈ ਅਤੇ ਸਮਾਂ ਆਉਣ 'ਤੇ ਤੁਹਾਡੀ ਪਛਾਣ ਕਰ ਲਈ ਜਾਵੇਗੀ।'

ਇਹ ਸੰਦੇਸ਼ ਸਿਰਫ਼ ਸਰਕਾਰੀ ਕਰਮਚਾਰੀਆਂ ਜਾਂ ਅਧਿਕਾਰੀਆਂ ਨੂੰ ਹੀ ਨਹੀਂ, ਸਗੋਂ ਹਰ ਹਿੰਦੁਸਤਾਨੀ ਮਹਿਮਾਨ ਤੱਕ ਪਹੁੰਚਾਇਆ ਗਿਆ।

ਮਹਿਮਾਨਾਂ ਦੀਆਂ ਗੱਡੀਆਂ ਨੂੰ ਘੇਰ ਕੇ ਇਹ ਦੱਸ ਰਹੇ ਸੁਰੱਖਿਆ ਕਰਮਚਾਰੀ ਲਗਭਗ ਹਰ ਕਿਸੇ ਤੋਂ ਝਿੜਕਾਂ ਵੀ ਖਾ ਰਹੇ ਸਨ।

ਲੋਕਾਂ ਨੂੰ ਇਸ ਗੱਲ 'ਤੇ ਇਤਰਾਜ਼ ਸੀ ਕਿ ਸੁਰੱਖਿਆ ਲਈ ਜ਼ਿੰਮੇਵਾਰ ਲੋਕ ਵਿਜਿਲਾਂਤੀ ਸਮੂਹਾਂ ਦੀ ਤਰ੍ਹਾਂ ਕਿਉਂ ਵਿਵਹਾਰ ਕਰ ਰਹੇ ਹਨ।

ਸੱਦੇ ਗਏ ਲੋਕਾਂ ਵਿਚ ਲੇਖਿਕਾ ਸੈਯਦਾ ਸੈਯਦੈਨ, ਮੁਹੰਮਦ ਅਲੀ ਜਿਨਾਹ ਦੀ ਪਤਨੀ ਰਟੀ ਜਿਨਾਹ 'ਤੇ ਕਿਤਾਬ ਲਿਖਣ ਵਾਲੀ ਸ਼ੀਲਾ ਰੈੱਡੀ ਦੇ ਨਾਲ ਨਾਲ ਬੀਬੀਸੀ ਅਤੇ ਹੋਰ ਕੌਮਾਂਤਰੀ ਮੀਡੀਆ ਦੇ ਪੱਤਰਕਾਰ, ਵਿਦੇਸ਼ੀ ਡਿਪਲੋਮੈਟ, ਫੌਜੀ ਅਧਿਕਾਰੀ ਅਤੇ ਕਾਰੋਬਾਰੀ ਸ਼ਾਮਿਲ ਸਨ।

Image copyright Getty Images

ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਤਾਂ ਅੰਦਾਜ਼ਾ ਸੀ ਕਿ ਪਾਕਿਸਤਾਨੀ ਹਾਈ ਕਮੀਸ਼ਨ ਦੇ ਬਾਹਰ ਆਉਣ-ਜਾਉਣ ਵਾਲੇ ਹਰ ਵਿਅਕਤੀ 'ਤੇ ਨਜ਼ਰ ਰੱਖੀ ਜਾ ਰਹੀ ਹੈ। ਬਿਲਕੁਲ ਉਸੀ ਤਰ੍ਹਾਂ ਜਿਵੇਂ ਪਾਕਿਸਤਾਨ ਵਿਚ ਹਰ ਭਾਰਤੀ ਦੀ ਇੱਕ-ਇੱਕ ਪਲ ਦੀ ਖ਼ਬਰ ਰੱਖੀ ਜਾਂਦੀ ਹੈ।

ਪਰ ਕਿਸੇ ਨੂੰ ਵੀ ਇਸ ਤਰ੍ਹਾਂ ਦੇ ਸੁਆਗਤ ਦੀ ਉਮੀਦ ਨਹੀਂ ਸੀ। ਸ਼ਾਇਦ ਆਜ਼ਾਦ ਭਾਰਤ ਵਿਚ ਪਹਿਲੀ ਵਾਰ ਚਾਣਕਿਆਪੁਰੀ ਦੇ ਡਿਪਲੋਮੈਟਿਕ ਐਨਕਲੇਵ ਵਿਚ ਬਿਨ੍ਹਾਂ ਹਿਚਕਿਚਾਹਟ ਦੇ, ਖੂਫ਼ੀਆ ਵਿਭਾਗ ਦੇ ਲੋਕ ਵਿਜਿਲਾਂਤੀ ਸਮੂਹਾਂ ਦੀ ਤਰ੍ਹਾਂ ਖੁੱਲ੍ਹੇਆਮ ਲੋਕਾਂ ਨੂੰ ਪਾਕਿਸਤਾਨ ਹਾਈ ਕਮੀਸ਼ਨ ਵਿਚ ਨਾ ਜਾਣ ਦੀ ਹਦਾਇਤ ਦੇ ਰਹੇ ਸੀ ਅਤੇ ਵੀਡੀਓ ਬਣਾ ਰਹੇ ਸੀ।

ਮੈਂ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਦੇ ਚਾਣਕਿਆਪੁਰੀ ਡਿਪਲੋਮੈਟਿਕ ਐਨਕਲੇਵ ਵਿਚ ਪਾਕਿਸਤਾਨੀ ਹਾਈ ਕਮੀਸ਼ਨ ਦੇ ਬਾਹਰ ਖੜ੍ਹਾ ਸੀ, ਪਰ ਮੈਂਨੂੰ ਕਿਉਂ ਲੱਗ ਰਿਹਾ ਸੀ ਕਿ ਮੈਂ ਪਾਕਿਸਤਾਨ ਵਿਚ ਹਾਂ, ਜਿੱਥੇ ਗਲੀ ਦੇ ਮੋੜ 'ਤੇ ਖੜ੍ਹਾ ਹਰ ਵਿਅਕਤੀ ਮੇਰੇ 'ਤੇ ਨਜ਼ਰ ਰੱਖਣ ਲਈ ਤੈਨਾਤ ਕੀਤਾ ਗਿਆ ਹੈ?

ਜਦੋਂ ਮੈਂ ਪਹੁੰਚਿਆ ਪਾਕਿਸਤਾਨ

ਅੱਜ ਤੋਂ ਦੱਸ ਸਾਲ ਪਹਿਲਾਂ ਪਾਕਿਸਤਾਨ ਦੀਆਂ ਆਮ ਚੋਣਾਂ ਕਵਰ ਕਰਨ ਲਈ ਮੈਂ ਲੰਡਨ ਤੋਂ ਇਸਲਾਮਾਬਾਦ ਪਹੁੰਚਿਆ। ਉਸ ਵੇਲੇ ਮੈਨੂੰ ਪਹਿਲੀ ਵਾਰ ਇਹ ਅੰਦਾਜ਼ਾ ਹੋਇਆ ਕਿ ਲੜਕੀਆਂ ਨੂੰ ਪਿੱਛਾ ਕਰਨ ਵਾਲੇ ਮਨਚਲਿਆਂ ਨੂੰ ਦੇਖ ਕੇ ਕੀ ਮਹਿਸੂਸ ਹੁੰਦਾ ਹੋਵੇਗਾ।

ਫਰਜ਼ ਕਰੋ ਕਿ ਤੁਸੀਂ ਆਪਣੇ ਕਿਸੇ ਦੋਸਤ ਦੇ ਘਰ ਤੋਂ ਨਿਕਲ ਕੇ, ਆਪਣੀ ਗੱਡੀ ਵਿਚ ਬੈਠੇ ਹੀ ਹੋ ਕਿ ਮੋਟਰਸਾਈਕਲ ਸਟਾਰਟ ਹੋਣ ਦੀ ਆਵਾਜ਼ ਤੁਹਾਨੂੰ ਸੁਣਾਈ ਦੇਵੇ ਅਤੇ ਇਹ ਸਵਾਰ ਸਾਰਾ ਦਿਨ ਤੁਹਾਡੀ ਗੱਡੀ ਪਿੱਛੇ ਹੀ ਲੱਗੇ ਰਹਿਣ।

ਇਹ ਵੀ ਪੜ੍ਹੋ

Image copyright pakhcnewdelhi.org.pk
ਫੋਟੋ ਕੈਪਸ਼ਨ ਦਿੱਲੀ ਦੇ ਚਾਣਿਕਿਆਪੁਰੀ ਵਿੱਚ ਸਥਿਤ ਪਾਕਿਸਤਾਨੀ ਸਿਫਾਰਤਖਾਨਾ

ਉਹ ਨਾ ਤੁਹਾਡੇ ਨਾਲ ਗੱਲ ਕਰਨਗੇ ਅਤੇ ਨਾ ਹੀ ਤੁਹਾਡੀ ਅੱਖਾਂ ਨਾਲ ਅੱਖਾਂ ਮਿਲਾਉਣਗੇ, ਨਾ ਮੁਸਕਰਾਉਣਗੇ। ਬੱਸ ਜਿੱਥੇ-ਜਿੱਥੇ ਤੁਸੀਂ ਜਾਓਗੇ, ਉਹ ਤੁਹਾਡੇ ਮਗਰ-ਮਗਰ ਹੋਣਗੇ। ਉਨ੍ਹਾਂ ਦਿਨਾਂ ਵਿਚ ਸਾਡੀ ਪੁਰਾਣੀ ਸਾਥੀ ਨਿਰੁਪਮਾ ਸੁਬਰਾਮਣਿਅਮ ਇਸਲਾਮਾਬਾਦ ਵਿਚ 'ਦਿ ਹਿੰਦੂ' ਅਖ਼ਬਾਰ ਦੀ ਰਿਪੋਰਟਰ ਸੀ।

ਉਨ੍ਹਾਂ ਦੇ ਘਰ ਦੇ ਬਾਹਰ ਹਰ ਸਮੇਂ ਦੋ ਲੋਕ ਤੈਨਾਤ ਰਹਿੰਦੇ ਸਨ। ਉਨ੍ਹਾਂ ਦੀ ਡਿਊਟੀ ਸੀ ਕਿ ਪਰਛਾਂਵੇ ਦੀ ਤਰ੍ਹਾਂ ਨਿਰੁਪਮਾ ਦੇ ਪਿੱਛੇ-ਪਿੱਛੇ ਲੱਗੇ ਰਹਿਣਾ। 'ਇਗਨੋਰ ਦੈਮ'- ਪੁੱਛਣ 'ਤੇ ਨਿਰੁਪਮਾ ਨੇ ਮੈਨੂੰ ਕਿਹਾ ਕਿਉਂਕਿ ਉਨ੍ਹਾਂ ਨੂੰ ਆਪਣੇ ਇਨ੍ਹਾਂ ਦੋ ਦੋਸਤਾਂ ਦੀ ਮੌਜੂਦਗੀ ਦੀ ਆਦਤ ਪੈ ਚੁੱਕੀ ਸੀ ਕਿ ਹੁਣ ਉਨ੍ਹਾਂ ਨੂੰ ਦੋਵਾਂ ਦੀ ਮੌਜੂਦਗੀ ਦਾ ਅਹਿਸਾਸ ਹੀ ਨਹੀਂ ਹੁੰਦਾ ਸੀ।

'ਇਗਨੋਰ ਦੈਮ' ਯਾਨਿ ਕਿ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰੋ, ਕਹਿਣਾ ਆਸਾਨ ਹੈ, ਪਰ ਤੁਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਹ ਲੋਕ ਖੁਦ ਨੂੰ ਆਸਾਨੀ ਨਾਲ ਇਗਨੋਰ ਨਹੀਂ ਕਰਨ ਦਿੰਦੇ, ਖਾਸ ਕਰਕੇ ਜਦੋਂ ਤੁਸੀਂ ਹਿੰਦੁਸਤਾਨੀ ਹੋਵੋ।

ਪਾਕਿਸਤਾਨ ਵਿਚ ਮੈਨੂੰ ਕੁਝ ਹੀ ਦਿਨ ਹੋਏ ਸਨ ਅਤੇ ਮੈਂ ਆਪਣਾ ਪਿੱਛਾ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਨਜ਼ਰਅੰਦਾਜ਼ ਕਰਨਾ ਸਿੱਖ ਹੀ ਰਿਹਾ ਸੀ ਕਿ ਮੇਰੇ ਫ਼ੋਨ ਦੀ ਘੰਟੀ ਵੱਜੀ। ਦੂਜੇ ਪਾਸੇ ਠੇਠ ਲਾਹੌਰੀ ਪੰਜਾਬੀ ਵਿਚ ਕਿਸੇ ਨੇ ਮੈਨੂੰ ਕਿਹਾ- "ਨਾਂ ਕੀ ਹੈ ਤੇਰਾ। ਮੈਂ ਤੈਨੂੰ ਵੇਖ ਲਵਾਂਗਾ।" ਮੈਂ ਥੋੜੀ-ਬਹੁਤ ਪੰਜਾਬੀ ਬੋਲ ਲੈਂਦਾ ਸੀ ਪਰ ਇੱਕ ਅਜਨਬੀ ਦੀ ਧਮਕੀ ਸੁਣਨ ਤੋਂ ਬਾਅਦ, ਠੇਠ ਕਰਾਚੀ ਉਰਦੂ ਲਹਿਜ਼ਾ ਮੇਰੇ 'ਤੇ ਹਾਵੀ ਹੋ ਗਿਆ। ਮੈਂ ਉਸਨੂੰ ਕਿਹਾ, "ਦੇਖੀਏ ਜਨਾਬ, ਆਪ ਕੈਸੇ ਬਾਤ ਕਰ ਰਹੇ ਹੈਂ। ਕੌਨ ਹੈਂ ਆਪ?"

ਡਰ ਦੀ ਪਤਲੀ ਚਾਦਰ

ਮੇਰੇ ਕੋਲ ਇਸ ਤੋਂ ਵੱਧ ਕੁਝ ਕਹਿਣ ਦੀ ਹਿੰਮਤ ਨਹੀਂ ਸੀ ਅਤੇ ਮੈਂ ਬੀਬੀਸੀ ਉਰਦੂ ਸਰਵਿਸ ਦੇ ਆਪਣੇ ਇੱਕ ਸਹਿਯੋਗੀ ਨੂੰ ਫ਼ੋਨ ਦੇ ਦਿੱਤਾ। ਉਨ੍ਹਾਂ ਨੇ ਫ਼ੋਨ ਕਰਨ ਵਾਲੇ ਨੂੰ ਦੋਗੁਣਾ ਠੇਠ ਲਾਹੌਰੀ ਪੰਜਾਬੀ ਵਿਚ ਸਮਝਾਇਆ ਕਿ ਇਸ ਤਰ੍ਹਾਂ ਦੇ ਫ਼ੋਨ ਕਰਨ ਨਾਲ ਉਨ੍ਹਾਂ ਨੂੰ ਕੁਝ ਪ੍ਰਾਪਤ ਨਹੀਂ ਹੋਣ ਵਾਲਾ।

ਮੈਂ ਅਜੇ ਕੁਝ ਹੋਰ ਦਿਨ ਇਸਲਾਮਾਬਾਦ ਵਿਚ ਰਹਿਣਾ ਸੀ। ਬੀਬੀਸੀ ਦੇ ਜਿਸ ਗੈੱਸਟ ਹਾਊਸ ਵਿਚ ਮੈਂ ਰੁਕਿਆ ਸੀ, ਉਹ ਉੱਚੀਆਂ ਕੰਧਾਂ ਤੇ ਲੋਹੇ ਦੇ ਦਰਵਾਜ਼ੇ ਦੇ ਵੱਡੇ ਗੇਟ ਵਾਲਾ ਸੀ, ਜਿਸ ਵਿਚ ਉੱਚੇ-ਲੰਮੇ ਕੱਦ ਦਾ ਇਕ ਪਠਾਣ ਨੌਜਵਾਨ ਸੁਰੱਖਿਆ ਗਾਰਡ ਸੀ, ਜੋ ਵਿਹਲੇ ਸਮੇਂ ਆਪਣੀ ਖਿਆਲੀ ਪ੍ਰੇਮਿਕਾ ਦੀ ਤਾਰੀਫ਼ ਵਿਚ ਸ਼ਾਇਰੀ ਕਰਦਾ ਸੀ। ਇੱਕ ਦਿਨ ਉਸਨੇ ਹੱਸਦੇ ਹੋਏ ਕਿਹਾ- "ਕੱਲ੍ਹ ਰਾਤ ਫ਼ਿਰ ਤੁਹਾਡੇ ਚਾਹੁਣ ਵਾਲੇ ਆਏ ਸੀ, ਤੁਹਾਡਾ ਅਤਾ-ਪਤਾ ਪੁੱਛ ਰਹੇ ਸੀ। ਮੈਂ ਝਿੜਕ ਕੇ ਭਜਾ ਦਿੱਤਾ।"

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਉਹ ਲੋਕ ਮੇਰੇ ਮਨ ਵਿਚ ਡਰ ਬਿਠਾਉਣ ਵਿਚ ਹੌਲੀ-ਹੌਲੀ ਸਫ਼ਲ ਹੋ ਰਹੇ ਸਨ। ਮੈਂਨੂੰ ਲੱਗਣ ਲੱਗਾ ਕਿ ਮੈਂ ਕਿਤੇ ਵੀ ਇਕੱਲਾ ਨਹੀਂ ਹਾਂ। ਕੋਈ ਪਰਛਾਵਾਂ ਹਰ ਵੇਲੇ ਮੇਰੇ 'ਤੇ ਨਜ਼ਰ ਰੱਖ ਰਿਹਾ ਹੈ। ਮੈਂ ਤਕਰੀਬਨ ਇੱਕ ਮਹੀਨਾ ਇਸਲਾਮਾਬਾਦ ਕਰਾਚੀ ਅਤੇ ਲਾਹੌਰ ਘੁੰਮਦਾ ਰਿਹਾ ਅਤੇ ਉੱਥੇ ਦੇ ਆਮ ਲੋਕਾਂ ਦੀ ਮਹਿਮਾਨ ਨਵਾਜ਼ੀ, ਇਨਸਾਨੀਅਤ ਅਤੇ ਦੋਸਤੀ ਦੀਆਂ ਯਾਦਾਂ ਦਾ ਖਜ਼ਾਨਾ ਆਪਣੇ ਨਾਲ ਲੈ ਕੇ ਵਾਪਸ ਆਇਆ। ਪਰ ਪਰਛਾਵੇਂ ਵਾਂਗ ਮੇਰੇ ਨਾਲ ਰਹਿਣ ਵਾਲੇ ਉਹ ਅਣਪਛਾਤੇ ਲੋਕ ਮੇਰੇ ਦਿਲ ਵਿਚ ਡਰ ਦੀ ਇੱਕ ਪਤਲੀ ਚਾਦਰ ਬਿਛਾਉਣ ਵਿਚ ਸਫ਼ਲ ਹੋ ਗਏ।

ਪੂਰੇ ਦਸ ਸਾਲਾਂ ਬਾਅਦ ਪਾਕਿਸਤਾਨੀ ਹਾਈ ਕਮੀਸ਼ਨ ਦੇ ਬਾਹਰ ਮੈਂਨੂੰ ਮਹਿਸੂਸ ਹੋਇਆ ਕਿ ਠੀਕ ਉਸੇ ਤਰ੍ਹਾਂ ਡਰ ਦੀ ਚਾਦਰ ਇੱਥੇ ਵੀ ਲੋਕਾਂ ਦੇ ਮਨਾਂ ਵਿਚ ਬਿਠਾਉਣ ਦੀ ਕੋਸ਼ਿਸ਼ ਜਾਰੀ ਹੈ। ਅਤੇ ਇਹ ਕੋਸ਼ਿਸ਼ ਮਾਈਕ੍ਰੋ ਅਤੇ ਮੈਕ੍ਰੋ ਯਾਨਿ ਕਿ ਸੂਕਸ਼ਮ ਅਤੇ ਵਿਆਪਕ ਦੋਹਾਂ ਪੱਧਰਾਂ 'ਤੇ ਚੱਲ ਰਹੀ ਹੈ।

ਦਾਦਰੀ ਦੇ ਅਖ਼ਲਾਕ, ਪਹਿਲੂ ਖ਼ਾਨ, ਜੁਨੈਦ ਅਤੇ ਅਜਿਹੇ ਹੀ ਦਰਜਨਾਂ ਮੁਸਲਮਾਨਾਂ ਦੀ ਲਿੰਚਿੰਗ ਕਰਕੇ ਕਥਿਤ ਤੌਰ 'ਤੇ ਗਊ ਰੱਖਿਅਕਾਂ ਨੇ ਮੁਸਲਮਾਨਾਂ ਦੇ ਮਨਾਂ ਵਿਚ ਦਹਿਸ਼ਤ ਬਿਠਾਈ ਹੋਈ ਹੈ। ਉਸ ਤੋਂ ਦੋ ਦਿਨ ਪਹਿਲਾਂ ਹੋਲੀ ਦੀ ਇੱਕ ਬੈਠਕ ਵਿਚ ਇੱਕ ਵਿਅਕਤੀ ਨੇ ਇਸੀ ਸਮਾਗਮ ਵਿਚ ਨਾ ਜਾਣ ਦੀ ਤਾਈਦ ਕਰਦੇ ਹੋਏ ਮੇਰੇ ਦਿਲ ਵਿਚ ਡਰ ਦੀ ਚਾਦਰ ਫ਼ੈਲਾਉਣ ਦੀ ਕੋਸ਼ਿਸ਼ ਕੀਤੀ ਸੀ।

ਪਾਕਿਸਤਾਨ ਵਿਚ ਕੀ ਹੋਇਆ ਸੀ?

ਯੂਟਿਯੂਬ 'ਤੇ ਇਸਲਾਮ ਅਤੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਆਪਣੀਆਂ ਤਕਰੀਰਾਂ ਨਾਲ ਕਿਸੇ ਤਰ੍ਹਾਂ ਮਸ਼ਹੂਰ ਹੋਣ ਵਾਲੇ ਸਾਡੇ ਇੱਕ ਦੋਸਤ ਨੇ ਥੋੜੀ ਹੌਲੀ ਆਵਾਜ਼ ਵਿਚ ਕਿਹਾ ਕਿ ਮੈਂ ਪਿਛਲੇ 20 ਸਾਲਾਂ ਤੋਂ ਪਾਕਿਸਤਾਨ ਡੇਅ ਸਮਾਗਮ ਵਿਚ ਜਾ ਰਿਹਾ ਹਾਂ ਪਰ ਇਸ ਵਾਰ ਨਹੀਂ ਜਾਵਾਂਗਾ।

ਮੈਂ ਉਸਤੋਂ ਕਾਰਨ ਪੁੱਛਣਾ ਚਾਹੁੰਦਾ ਸੀ ਤਾਂ ਉਹ ਅੱਖਾਂ ਨਾਲ ਇਸ਼ਾਰੇ ਕਰਨ ਲੱਗਾ ਅਤੇ ਕਹਿੰਦਾ, "ਮੈਂ ਤੁਹਾਨੂੰ ਦੱਸ ਰਿਹਾ ਹਾਂ। ਇਸ ਵਾਰ ਤੁਸੀਂ ਵੀ ਨਾ ਜਾਇਓ। ਮੈਂ ਕਿਸੇ ਕਾਰਨ ਕਰਕੇ ਕਹਿ ਰਿਹਾ ਹਾਂ। ਮੈਨੂੰ ਜਾਣਕਾਰੀ ਹੈ। ਇਸ ਵਾਰ ਨਹੀਂ ਜਾਣਾ ਚਾਹੀਦਾ।"

ਪੂਰੇ ਕਮਰੇ ਵਿਚ ਸਭ ਲੋਕ ਸੰਵੇਦਨਸ਼ੀਲ ਹੋ ਗਏ ਅਤੇ ਸਾਰਿਆਂ ਨੇ ਮਹਿਸੂਸ ਕੀਤਾ ਇੰਨੀ ਗੰਭੀਰਤਾ ਨਾਲ ਕਹੀ ਗਈ ਗੱਲ ਨੂੰ ਗੰਭੀਰਤਾ ਨਾਲ ਨਾ ਲੈਣਾ ਮੂਰਖਤਾ ਹੋਵੇਗੀ। ਪਰ ਮੇਰੇ ਲਈ ਡਰ ਦੀ ਉਹ ਅਦਿੱਖ ਚਾਦਰ ਨੂੰ ਉੱਥੇ ਹੀ ਫ਼ਾੜ ਦੇਣਾ ਜ਼ਰੂਰੀ ਸੀ। ਮੈਂ ਥੋੜੇ ਮਜ਼ਾਕੀਆ ਢੰਗ ਨਾਲ ਪਰ ਉੱਚੀ ਆਵਾਜ਼ ਵਿਚ ਕਿਹਾ, "ਡਰ ਨਾ ਫ਼ੈਲਾਓ। ਜਿਸਨੇ ਜਾਣਾ ਹੈ ਉਸਨੂੰ ਬਿਨ੍ਹਾਂ ਡਰ ਜਾਣਾ ਚਾਹੀਦਾ ਹੈ। ਜੋ ਨਹੀਂ ਜਾਣਾ ਚਾਹੁੰਦਾ ਉਹ ਨਾ ਜਾਵੇ।"

ਡਰ ਦੀ ਇਸ ਪਤਲੀ ਚਾਦਰ ਨੂੰ ਫ਼ਾੜਨਾ ਮੇਰੇ ਲਈ ਪਾਕਿਸਤਾਨ ਵਿਚ ਵੀ ਜ਼ਰੂਰੀ ਹੋ ਗਿਆ ਸੀ ਕਿਉਂਕਿ ਆਮ ਪਾਕਿਸਤਾਨੀ ਤੁਹਾਨੂੰ ਦੋਸਤੀ ਦੀ ਨਿੱਘ ਅਤੇ ਹਾਸੇ ਦਾ ਉਹ ਤੋਹਫ਼ਾ ਦਿੰਦੇ ਹਨ ਜੋ ਤੁਸੀਂ ਕਦੇ ਨਹੀਂ ਭੁੱਲ ਸਕਦੇ।

ਉਹ ਤੁਹਾਨੂੰ ਲਜ਼ੀਜ਼ ਭੋਜਨ ਦੀਆਂ ਦਾਵਤਾਂ 'ਤੇ ਹਾਸੇ ਨਾਲ ਭਰਪੂਰ ਕਿੱਸੇ ਸੁਣਾ-ਸੁਣਾ ਦੇ ਦੂਹਰਾ ਕਰ ਦਵੇਗਾ, ਕਲਾਸੀਕਲ ਸੰਗੀਤ ਦੀ ਮਹਿਫ਼ਿਲਾਂ ਵਿਚ ਰਾਗ ਜੈਯਜੈਯਵੰਤੀ ਦੀ ਬਾਰੀਕੀਆਂ ਬਾਰੇ ਸਮਝਾਵੇਗਾ, ਸ਼ਿਵ ਦੇ ਅਰਧਨਾਰੀਵਰ ਰੂਪ ਦੀਆਂ ਮਹਿਮਾ ਗਾਵੇਗਾ ਅਤੇ ਤੁਸੀਂ ਹੈਰਾਨ ਹੋਕੇ ਦੇਖਦੇ ਹੀ ਰਹਿ ਜਾਵੋਗੇ।

ਤੁਸੀਂ ਲਾਹੌਰ ਵਿਚ ਉਸਦੇ ਟਾਂਗੇ 'ਤੇ ਸਵਾਰ ਹੋਕੇ ਉਤਰਨ ਵੇਲੇ ਦੱਸੋਗੇ ਕਿ ਤੁਸੀਂ ਭਾਰਤ ਤੋਂ ਹੋ ਤਾਂ ਉਹ ਤੁਹਾਡੇ ਕੋਲੋਂ ਕਿਰਾਇਆ ਨਹੀਂ ਲਵੇਗਾ। ਹਲਵਾਈ ਤੁਹਾਨੂੰ ਮੁਫ਼ਤ ਵਿਚ ਮਿਠਾਈਆਂ ਖਵਾ ਕੇ ਹੀ ਮੰਨੇਗਾ ਅਤੇ ਤੋਹਫ਼ਾ ਦੇ ਕੇ ਖੁਸ਼ ਹੋਣ ਵਾਲੇ ਹਰ ਮਹਿਮਾਨਨਵਾਜ਼ ਪਾਕਿਸਤਾਨੀ ਤੋਂ ਤੁਸੀਂ ਵਾਰ-ਵਾਰ ਸੁਣੋਗੇ ਕਿ- "ਤੁਸੀਂ ਸਾਡੇ ਮਹਿਮਾਨ ਹੋ ਜੀ।"

ਪਰ ਇਸਲਾਮਾਬਾਦ ਵਿਚ ਹਰ ਕਦਮ 'ਤੇ ਪਿੱਛਾ ਕਰਨ ਵਾਲੇ 'ਇਸਟੈਬਲਿਸ਼ਮੈਂਟਸ' ਦੇ ਉਹ ਪਰਛਾਵੇਂ ਉਸ ਪਾਕਿਸਤਾਨੀ ਨਿੱਘ ਅਤੇ ਹਾਸਿਆਂ ਦੇ ਬਿਲਕੁਲ ਵਿਰੁੱਧ ਸਨ। ਡਰ ਦੀ ਪਤਲੀ ਚਾਦਰ ਨੂੰ ਫ਼ਾੜਨ ਦੇ ਇਰਾਦੇ ਨਾਲ ਇੱਕ ਦਿਨ ਮੈਂ ਇਸਲਾਮਾਬਾਦ ਦੇ ਬਾਹਰੀ ਇਲਾਕੇ ਦੇ ਇਕ ਚੌਂਕ ਤੱਕ ਮੇਰੇ ਪਿੱਛੇ-ਪਿੱਛੇ ਆਏ ਇੱਕ ਪਰਛਾਂਵੇਂ ਦੇ ਕੋਲ ਜਾਕੇ ਗੱਲ ਕਰਨ ਦਾ ਫ਼ੈਸਲਾ ਕਰ ਹੀ ਲਿਆ।

"ਅੱਸਲਾਮਅਲੈਕੁਮ ਜਨਾਬ" - ਮੈਂ ਮੁਸਕਰਾਇਆ ਅਤੇ ਸਲਾਮ ਕਰ ਕਿਹਾ।

"ਵਾਲਕਮਸਲਾਮ ਜੀ" - ਜਵਾਬ ਵੀ ਓਨੇ ਹੀ ਆਦਰ ਨਾਲ ਆਇਆ।

"ਸਰ ਜੀ, ਥੱਕ ਤਾਂ ਤੁਸੀਂ ਵੀ ਜਾਂਦੇ ਹੋਵੋਗੇ ਸਾਰਾ ਦਿਨ?"- ਮੈਂ ਗੱਲ ਛੇੜਨ ਲਈ ਖੂਫ਼ੀਆ ਇਰਾਦੇ ਦੇ ਉਸ ਸਭ ਤੋਂ ਥੱਕੇ ਹੋਏ ਸਿਪਾਹੀ ਨੂੰ ਪੁੱਛਿਆ।

"ਕੀ ਕਰੀਏ ਜੀ, ਸਾਨੂੰ ਵੀ ਆਪਣਾ ਪਰਿਵਾਰ ਪਾਲਣਾ ਹੈ"- ਇੱਕ ਸੁੱਕੀ ਮੁਸਕਰਾਹਟ ਨਾਲ ਉਸ ਨੇ ਜਵਾਬ ਦਿੱਤਾ ਅਤੇ ਅਗਲੇ ਹੀ ਪਲ ਜਿਵੇਂ ਉਸਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਅਤੇ ਉਸਨੇ ਆਪਣੇ ਬੋਲਣ ਦੇ ਢੰਗ ਵਿਚ ਥੋੜੀ ਸਖ਼ਤੀ ਲੈ ਆਉਂਦੀ- "ਅਜੇ ਹੋਰ ਕਿੰਨੀ ਦੇਰ ਹੋ ਤੁਸੀਂ ਇੱਥੇ?"

ਇਸ ਤੋਂ ਬਾਅਦ ਮੈਂ ਦੋਸਤੀ ਅੱਗੇ ਵਧਾਉਣ ਦਾ ਵਿਚਾਰ ਉੱਥੇ ਹੀ ਛੱਡ ਦਿੱਤਾ।

ਇਹ ਵੀ ਪੜ੍ਹੋ

ਕੀ ਭਾਰਤ ਕੀ ਪਾਕਿਸਤਾਨ

ਪਰ ਸ਼ੁੱਕਰਵਾਰ ਦੀ ਸ਼ਾਮ ਜਦੋਂ ਭਾਰਤ ਸਰਕਾਰ ਵੱਲੋਂ ਹਦਾਇਤਾਂ ਲੈ ਕੇ ਆਏ ਲੋਕਾਂ ਦੇ ਘੇਰੇ ਨੂੰ ਪਾਰ ਕਰਕੇ ਮੈਂ ਪਾਕਿਸਤਾਨੀ ਹਾਈ ਕਮੀਸ਼ਨ ਦੇ ਗੇਟ ਦੇ ਅੰਦਰ ਕਦਮ ਰੱਖਿਆ ਤਾਂ ਹਰੀ ਰੌਸ਼ਨੀ ਵਿਚ ਭਿੱਜੀ ਹੋਈ ਇਮਾਰਤ ਮੇਰੇ ਸਾਹਮਣੇ ਸੀ ਜਿਸ 'ਤੇ ਪ੍ਰੋਜੈਕਟਰ ਦੀ ਸਹਾਇਤਾ ਨਾਲ ਦੋ ਵੱਡੇ-ਵੱਡੇ ਚੰਦਰਮਾ- ਤਾਰੇ ਪ੍ਰੋਜੈਕਟ ਕੀਤੇ ਗਏ ਸਨ।

ਕੁਝ ਹੀ ਦੇਰ ਵਿਚ ਐਲਾਨ ਹੋਇਆ- ਭਾਰਤ ਅਤੇ ਪਾਕਿਸਤਾਨ ਦਾ ਰਾਸ਼ਟਰੀ ਗੀਤ ਵਜਾਇਆ ਜਾਵੇਗਾ। ਸਾਰੇ ਲੋਕ ਸਾਵਧਾਨ ਦੀ ਅਵਸਥਾ ਵਿਚ ਖੜ੍ਹੇ ਹੋ ਗਏ। ਪਹਿਲਾਂ ਜਨ-ਗਣ-ਮਨ ਦੀ ਧੁੰਨ ਬਜਾਈ ਗਈ ਅਤੇ ਇਸ ਦੇ ਤੁਰੰਦ ਬਾਅਦ ਪਾਕਿਸਤਾਨ ਦਾ ਕੌਮੀ ਤਰਾਨਾ 'ਪਾਕ ਸਰਜ਼ਮੀਂ' ਦੀ ਧੁੰਨ ਬਜਾਈ ਗਈ।

Image copyright Getty Images

ਇੱਥੇ ਤੱਕ ਸਭ ਠੀਕ ਸੀ, ਜਦੋਂ ਮਹਿਮਾਨ ਭੋਜਨ ਦੀਆਂ ਸਟਾਲਾਂ ਵੱਲ ਵਧੇ ਤਾਂ ਮੈਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋਇਆ।

ਲਾਊਡਸਪੀਕਰ 'ਤੇ ਜੋ ਗਾਣਾ ਬਜ ਰਿਹਾ ਸੀ ਉਸ ਨੂੰ ਅਸੀਂ ਹਰ 15 ਅਗਸਤ ਅਤੇ 26 ਜਨਵਰੀ ਨੂੰ ਸਕੂਲ ਦੀ ਪ੍ਰਭਾਤ ਫੇਰੀਆਂ ਦੌਰਾਨ ਗਾਇਆ ਕਰਦੇ ਸੀ। ਆਦਤ ਦੇ ਤੌਰ 'ਤੇ ਮੈਂ ਧੁੰਨ ਨਾਲ ਧੁੰਨ ਮਿਲਾਉਂਦੇ ਹੋਏ ਨਾਲ ਨਾਲ ਗੁਨਗੁਨਾਉਣ ਲੱਗਾ:

ਦੇ ਦੀ ਹਮੇਂ ਆਜ਼ਾਦੀ ਬਿਨਾ ਖਡਗ ਬਿਨਾ ਢਾਲ

ਸਾਬਰਮਤੀ ਕੇ ਸੰਤ ਤੂਨੇ ਕਰ ਦੀਆ ਕਮਾਲ

ਆਂਧੀ ਮੇਂ ਭੀ ਜਲਤੀ ਰਹੀ ਗਾਂਧੀ ਤੇਰੀ ਮਸ਼ਾਲ

ਸਾਬਰਮਤੀ ਕੇ ਸੰਤ ਤੂਨੇ ਕਰ ਦੀਆ ਕਮਾਲ

ਧਿਆਨ ਨਾਲ ਸੁਣਿਆ ਤਾਂ ਇਸੇ ਗਾਣੇ ਦੀ ਧੁੰਨ 'ਤੇ ਭਾਰਤ ਦੇ ਨਹੀਂ ਪਾਕਿਸਤਾਨ ਦੇ ਰਾਸ਼ਟਰ ਪਿਤਾ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦੀ ਸ਼ਲਾਘਾ ਕੀਤੀ ਜਾ ਰਹੀ ਸੀ:

ਯੂੰ ਦੇਦੀ ਹਮੇਂ ਆਜ਼ਾਦੀ ਕਿ ਦੁਨੀਆ ਹੁਈ ਹੈਰਾਨ

ਐ ਕਾਇਦੇ ਆਜ਼ਮ ਤੇਰਾ ਅਹਿਸਾਨ ਹੈ ਅਹਿਸਾਨ

ਹਰ ਸਿਮਤ ਮੁਸਲਮਾਨੋਂ ਪੇ ਛਾਈ ਥੀ ਤਬਾਹੀ

ਮੁਲਕ ਅਪਨਾ ਥਾ ਔਰ ਗੈਰੋਂ ਕੇ ਹਾਥੋਂ ਮੇਂ ਥੀ ਸ਼ਾਹੀ

ਐਸੇ ਮੇਂ ਉਠਾ ਦੀਨ-ਏ-ਮੁਹੰਮਦ ਕਾ ਸਿਪਾਹੀ

ਔਰ ਨਾਰਾ-ਏ-ਤਕਬੀਰ ਸੇ ਦੀ ਤੂਨੇ ਗਵਾਹੀ

ਮੈਂ ਹੈਰਾਨ ਖੜ੍ਹਾ ਸੀ, ਅਤੇ ਹੌਲੀ-ਹੌਲੀ ਗਾਣੇ ਦੀ ਆਵਾਜ਼ ਘੱਟ ਹੁੰਦੀ ਗਈ ਅਤੇ ਮੇਰੇ ਮਨ ਵਿਚ ਪਾਕਿਸਤਾਨ ਦੀ ਸ਼ਾਇਰਾ ਫ਼ਹਿਮੀਦਾ ਰਿਆਜ਼ ਦੀ ਇੱਕ ਨਜ਼ਮ ਉਭਰਨ ਲੱਗੀ।

ਤੁਮ ਬਿਲਕੁਮ ਹਮ ਜੈਸੇ ਨਿਕਲੇ,

ਅਬ ਤਕ ਕਹਾਂ ਛਿਪੇ ਥੇ ਭਾਈ…

ਵੋ ਮੂਰਖਤਾ, ਵੋ ਘਾਮੜਪਨ

ਜਿਸਮੇਂ ਹਮਨੇ ਸਦੀ ਗੰਵਾਈ

ਆਖ਼ਿਰ ਪਹੁੰਚੀ ਦਵਾਰ ਤੁਮਹਾਰੇ

ਅਰੇ ਭਾਈ, ਬਹੁਤ ਬਧਾਈ!

ਇਹ ਵੀਡੀਓਜ਼ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ