#MyVoteCounts: 'ਸਾਡੇ ਪਿੰਡ ਗਰੀਬ ਘਰ ਜੰਮੀ ਕੁੜੀ ਦਾ ਬਾਲ ਵਿਆਹ ਹੁੰਦਾ'

ਸੈਦਾਬੀ
ਫੋਟੋ ਕੈਪਸ਼ਨ ਬੀਬੀਸੀ ਦੀ ਟੀਮ ਆਂਧਰਾ ਪ੍ਰਦੇਸ਼ ਦੇ ਗੰਤੂਰ ਸ਼ਹਿਰ ਜਾ ਕੇ ਸੈਦਾਬੀ ਨੂੰ ਮਿਲੀ ਅਤੇ ਪਤਾ ਲਗਾਇਆ ਕਿ ਕਿਹੜੇ ਮੁੱਦਿਆ ਖ਼ਿਲਾਫ਼ ਉਹ ਵੋਟ ਪਾਉਣ ਜਾ ਰਹੀ ਹੈ

''ਮੇਰੀ ਉਮਰ 19 ਸਾਲ ਹੈ। ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਮੈਂ ਪਹਿਲੀ ਵਾਰ ਵੋਟ ਕਰਨ ਜਾ ਰਹੀ ਹੈ। ਮੈਂ ਆਪਣੇ ਆਲੇ-ਦੁਆਲੇ ਕਈ ਮੁੱਦੇ ਦੇਖੇ ਹਨ। ਮੈਂ ਆਪਣੀ ਵੋਟ ਜ਼ਰੀਏ ਉਨ੍ਹਾਂ ਮੁੱਦਿਆਂ ਨੂੰ ਸੁਲਝਾਉਣ ਲਈ ਕੁਝ ਕਰਨਾ ਚਾਹੁੰਦੀ ਹਾਂ।''

''ਮੈਂ ਉਮੀਦ ਕਰਦੀ ਹਾਂ ਕਿ ਮੇਰੀ ਵੋਟ ਬਾਲ ਵਿਆਹ ਰੋਕਣ ਵਿੱਚ ਸਹਾਇਕ ਸਾਬਿਤ ਹੋਵੇਗੀ। 19 ਸਾਲਾ ਸੈਦਾਬੀ ਨੂੰ ਲਗਦਾ ਹੈ ਕਿ ਉਸਦੇ ਕੋਲ ਸਭ ਤੋਂ ਵੱਧ ਤਾਕਤਵਰ ਹਥਿਆਰ ਵੋਟ ਪਾਉਣ ਦਾ ਅਧਿਕਾਰ ਹੈ।''

ਬੀਬੀਸੀ ਨਿਊਜ਼ ਪਹਿਲੀ ਵਾਰ ਵੋਟ ਪਾਉਣ ਜਾ ਰਹੀਆਂ ਕੁੜੀਆਂ ਨੂੰ ਪੁੱਛ ਰਿਹਾ ਹੈ ਕਿ ਕਿਹੜੇ ਮੁੱਦਿਆਂ 'ਤੇ ਉਹ ਆਪਣੇ ਵੋਟ ਦਾ ਇਸਤੇਮਾਲ ਕਰਨ ਜਾ ਰਹੀਆਂ ਹਨ।

ਬੀਬੀਸੀ ਦੀ ਟੀਮ ਆਂਧਰਾ ਪ੍ਰਦੇਸ਼ ਦੇ ਗੰਤੂਰ ਸ਼ਹਿਰ ਜਾ ਕੇ ਸੈਦਾਬੀ ਨੂੰ ਮਿਲੀ ਅਤੇ ਪਤਾ ਲਗਾਇਆ ਕਿ ਕਿਹੜੇ ਮੁੱਦਿਆ ਖ਼ਿਲਾਫ਼ ਉਹ ਵੋਟ ਪਾਉਣ ਜਾ ਰਹੀ ਹੈ।

ਸੈਦਾਬੀ ਬਾਲ ਵਿਆਹਾਂ ਖ਼ਿਲਾਫ਼ ਲੜਨਾ ਚਾਹੁੰਦੀ ਹੈ। ਇਸ ਬਾਰੇ ਉਸ ਨੇ ਆਪਣੇ ਵਿਚਾਰੇ ਸਾਂਝੇ ਕੀਤੇ।

ਇਹ ਵੀ ਪੜ੍ਹੋ:

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪਹਿਲੀ ਵਾਰ ਵੋਟ ਪਾਉਣ ਵਾਲੀ ਸਈਦ ਸਾਈਦਾਬੀ

ਬਾਲ ਵਿਆਹ ਦਾ ਮੁੱਦਾ

ਸੈਦਾਬੀ ਦੱਸਦੀ ਹੈ,''ਅਸੀਂ ਪੰਜ ਜੀਅ ਇੱਕ ਤੰਗ ਅਤੇ ਛੋਟੇ ਘਰ ਵਿੱਚ ਰਹਿੰਦੇ ਸੀ। ਕੁਝ ਸਾਲ ਪਹਿਲਾਂ ਮੇਰੇ ਪਿਤਾ ਨੂੰ ਲਕਵਾ ਮਾਰ ਗਿਆ। ਉਸ ਤੋਂ ਬਾਅਦ ਮੇਰੀ ਵੱਡੀ ਭੈਣ ਅਤੇ ਮਾਂ ਨੇ ਪੈਸੇ ਕਮਾ ਕੇ ਘਰ ਦਾ ਖਰਚਾ ਚੁੱਕਣਾ ਸ਼ੁਰੂ ਕੀਤਾ। ਮੇਰੀ ਵੱਡੀ ਭੈਣ ਦੇ ਵਿਆਹ ਤੋਂ ਬਾਅਦ ਹੁਣ ਛੋਟੀ ਭੈਣ ਮਾਂ ਨਾਲ ਕੰਮ ਕਰਵਾਉਂਦੀ ਹੈ।''

''ਮੇਰੀ ਪੜ੍ਹਾਈ ਵਿੱਚ ਦਿਲਚਸਪੀ ਹੈ ਇਸ ਲਈ ਮੈਂ ਉਨ੍ਹਾਂ ਨਾਲ ਬਾਹਰ ਦੇ ਕੰਮ ਨਹੀਂ ਕਰਦੀ। ਆਪਣੇ ਘਰ ਵਿੱਚ ਮੈਂ ਇਕਲੌਤੀ ਹਾਂ ਜਿਸ ਨੇ ਪੜ੍ਹਾਈ ਜਾਰੀ ਰੱਖੀ ਹੈ। ਅਸੀਂ ਇਸ ਹਾਲਤ ਵਿੱਚ ਨਹੀਂ ਹਾਂ ਕਿ ਸਾਰੇ ਭੈਣ-ਭਰਾ ਪੜ੍ਹ ਸਕੀਏ। ਇੱਕ ਸਮਾਂ ਸੀ ਜਦੋਂ ਅਸੀਂ ਪੂਰੇ ਦਿਨ ਵਿੱਚ ਇੱਕ ਵਾਰ ਹੀ ਰੋਟੀ ਖਾਂਦੇ ਸੀ।''

ਗੱਲਬਾਤ ਦੌਰਾਨ ਸੈਦਾਬੀ ਨੇ ਦੱਸਿਆ ਕਿ ਉਹ ਬਹੁਤ ਚੰਗੀ ਡਰਾਇੰਗ ਕਰਦੀ ਹੈ। ਉਸ ਨੇ ਇੱਕ ਮਸਜਿਦ ਦਾ ਸਕੈੱਚ ਬਣਾਉਣਾ ਸ਼ੁਰੂ ਕੀਤਾ ਹੈ ਜੋ ਉਸਦੇ ਗੁਆਂਢ ਵਿੱਚ ਹੀ ਹੈ। ਉਸਦੀ ਇਸ ਡਰਾਇੰਗ ਦੀ ਡੂੰਘਾਈ ਨੇ ਸਾਨੂੰ ਹੈਰਾਨ ਕਰ ਦਿੱਤਾ।

ਫੋਟੋ ਕੈਪਸ਼ਨ ਸੈਦਾਬੀ ਪੜ੍ਹ-ਲਿਖ ਕੇ ਵਕੀਲ ਬਣਨਾ ਚਾਹੁੰਦੀ ਹੈ

ਸੈਦਾਬੀ ਕਹਿੰਦੀ ਹੈ ਕਿ ਉਹ ਉਸ ਨੂੰ ਵੋਟ ਕਰੇਗੀ ਜੋ ਬਾਲ ਵਿਆਹਾਂ ਉੱਤੇ ਰੋਕ ਲਗਾਵੇਗਾ ਅਤੇ ਅਜਿਹੀਆਂ ਨੀਤੀਆਂ ਵਿੱਚ ਬਦਲਾਅ ਲਿਆਵੇਗਾ। ''ਸਾਡੇ ਗੁਆਂਢ ਵਿੱਚ ਬਾਲ ਵਿਆਹ ਬਹੁਤ ਆਮ ਹਨ। ਹਾਲਾਂਕਿ ਇਹ ਮੁਸਲਿਮ ਭਾਈਚਾਰੇ ਬਾਰੇ ਨਹੀਂ ਹੈ। ਕੋਈ ਵੀ ਉਹ ਕੁੜੀ ਜਿਹੜੀ ਗਰੀਬ ਘਰ ਵਿੱਚ ਜਨਮ ਲੈਂਦੀ ਹੈ, ਸਾਡੇ ਪਿੰਡ ਵਿੱਚ ਉਸਦਾ ਬਾਲ ਵਿਆਹ ਹੁੰਦਾ ਹੈ। ਮੇਰਾ ਘਰ ਆਪਣੇ ਆਪ ਵਿੱਚ ਇੱਕ ਉਦਾਹਰਣ ਹੈ। ਮੇਰੀ ਮਾਮੀ ਅਤੇ ਮੇਰੀ ਵੱਡੀ ਭੈਣ ਦਾ ਬਾਲ ਵਿਆਹ ਹੋਇਆ ਹੈ।''

ਇਹ ਵੀ ਪੜ੍ਹੋ:

"ਮੇਰੀ ਭੈਣ ਦਾ ਵਿਆਹ 14 ਸਾਲ ਦੀ ਉਮਰ ਵਿੱਚ ਹੋ ਗਿਆ। ਉਸਦੀ ਪੜ੍ਹਾਈ 10ਵੀਂ ਕਲਾਸ ਵਿੱਚ ਹੀ ਰੋਕ ਦਿੱਤੀ ਗਈ। ਉਸ ਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਅਤੇ ਉਸਦੇ ਤਿੰਨੇ ਜਣੇਪੇ ਆਪ੍ਰੇਸ਼ਨ ਰਾਹੀਂ ਹੋਏ। ਹੁਣ ਉਹ ਉਸ ਸਟੇਜ 'ਤੇ ਹੈ ਜਿੱਥੇ ਉਹ ਅੱਗੇ ਨਹੀਂ ਵਧ ਸਕਦੀ। ਉਸਦਾ ਸਰੀਰ ਕਿਸੇ ਵੀ ਸਰੀਰਕ ਤਣਾਅ ਨੂੰ ਝੱਲਣ ਦੀ ਹਾਲਤ ਵਿੱਚ ਨਹੀਂ ਹੈ। ਜ਼ਰਾ ਸੋਚੋ ਕਿ ਪਹਿਲਾਂ ਉਸ ਨੇ ਸਾਡੇ ਪਾਲਣ-ਪੋਸ਼ਣ ਲਈ ਕੰਮ ਕੀਤਾ ਅਤੇ ਹੁਣ ਉਹ ਹਿੱਲਣ ਦੀ ਹਾਲਤ ਵਿੱਚ ਨਹੀਂ ਹੈ ਇਸ ਸਭ ਨਾਲ ਮੈਨੂੰ ਬਹੁਤ ਦੁਖ਼ ਹੁੰਦਾ ਹੈ।''

''ਮੇਰੀ ਮਾਮੀ ਵੀ ਕੁਝ ਇਸੇ ਤਰ੍ਹਾਂ ਦੀ ਹੀ ਸਥਿਤੀ ਵਿੱਚੋਂ ਲੰਘੀ। ਉਹ ਜਿਹੜੇ ਦੌਰ ਵਿੱਚੋਂ ਲੰਘੀ ਉਹ ਬਹੁਤ ਦਰਦ ਭਰਿਆ ਸੀ। ਬਹੁਤ ਛੋਟੀ ਉਮਰ ਵਿੱਚ ਉਹ ਤੀਜੀ ਵਾਰ ਗਰਭਵਤੀ ਹੋ ਗਈ ਅਤੇ ਇਸ ਦੌਰਾਨ ਉਸ ਨੂੰ ਬਹੁਤ ਦਿੱਕਤਾਂ ਆਈਆਂ ਜਿਸ ਤੋਂ ਬਾਅਦ ਹੁਣ ਉਹ ਸਾਡੇ ਨਾਲ ਨਹੀਂ ਹੈ।''

ਮਾਮੀ ਤੇ ਭੈਣ ਵੀ ਇਸੇ ਦਰਦ ਵਿੱਚੋਂ ਲੰਘੀਆਂ

ਇਹ ਸਿਰਫ਼ ਉਸਦੀ ਮਾਮੀ ਜਾਂ ਭੈਣ ਨਾਲ ਹੀ ਨਹੀਂ ਹੋਇਆ। ਸੈਦਾਬੀ ਕਹਿੰਦੀ ਹੈ ਕਿ ਉਹ ਆਪਣੀਆਂ ਕਈ ਸਹੇਲੀਆਂ ਨੂੰ ਜਾਣਦੀ ਹੈ ਕਿ ਜੋ ਅਜਿਹੇ ਹਾਲਾਤਾਂ ਵਿੱਚੋਂ ਲੰਘ ਰਹੀਆਂ ਹਨ। ''ਮੈਂ ਅਤੇ ਮੇਰੀ ਸਹੇਲੀਆਂ ਨੇ ਇਸ 'ਤੇ ਚਰਚਾ ਵੀ ਕੀਤੀ। ਹਰ ਵਾਰ ਅਸੀਂ ਇਸੇ ਨਤੀਜੇ 'ਤੇ ਹੀ ਪਹੁੰਚੇ ਕਿ ਸਾਡੀ ਗਰੀਬੀ ਹੀ ਸਾਡੇ ਬਾਲ ਵਿਆਹਾਂ ਦਾ ਕਾਰਨ ਹੈ।''

ਇਹ ਵੀ ਪੜ੍ਹੋ:

''ਸਾਨੂੰ ਲਗਦਾ ਹੈ ਕਿ ਸਾਡੇ ਮਾਪੇ ਸਾਡੀ ਪੜ੍ਹਾਈ ਦਾ ਖਰਚਾ ਨਹੀਂ ਚੁੱਕ ਸਕਦੇ ਇਸ ਲਈ ਸਾਡਾ ਵਿਆਹ ਕਰ ਦਿੰਦੇ ਹਨ। ਜੇਕਰ ਅਸੀਂ ਚੰਗਾ ਪੜ੍ਹ-ਲਿਖ ਜਾਈਏ ਤਾਂ ਸਾਡੇ ਮੁਤਾਬਕ ਮੁੰਡਾ ਲੱਭਣਾ ਔਖਾ ਹੋ ਜਾਂਦਾ ਹੈ। ਸਾਨੂੰ ਇਹ ਲਗਦਾ ਹੈ ਕਿ ਇਹੀ ਇੱਕ ਵੱਡਾ ਕਾਰਨ ਹੈ ਕਿ ਸਾਡੀ ਪੜ੍ਹਾਈ ਨੂੰ ਵਿਚਾਲੇ ਹੀ ਛੁਡਵਾ ਕੇ ਵਿਆਹ ਕਰਵਾ ਦਿੱਤਾ ਜਾਂਦਾ ਹੈ।''

ਫੋਟੋ ਕੈਪਸ਼ਨ ਕਾਗਜ਼ ਦੀਆਂ ਬੇੜੀਆਂ ਨੂੰ ਉਹ ਆਪਣੀ ਪੜ੍ਹਾਈ ਦੇ ਭਵਿੱਖ ਨਾਲ ਜੋੜ ਕੇ ਦੇਖਦੀ ਹੈ

ਸੈਦਾਬੀ 12ਵੀਂ ਕਲਾਸ ਵਿੱਚ ਪੜ੍ਹਦੀ ਹੈ। ਜਿਵੇਂ ਹੀ ਉਸਦੇ ਪੇਪਰ ਖ਼ਤਮ ਹੋਣਗੇ ਉਸਦਾ ਵਿਆਹ ਕਰ ਦਿੱਤਾ ਜਾਵੇਗਾ। ''ਮੈਂ ਅੱਗੇ ਪੜ੍ਹਨਾ ਚਾਹੁੰਦੀ ਹਾਂ। ਮੈਂ ਕਾਨੂੰਨ ਦੀ ਡਿਗਰੀ ਹਾਸਲ ਕਰਨਾ ਚਾਹੁੰਦੀ ਹਾਂ। ਮੈਂ ਵਕੀਲ ਬਣਨਾ ਚਾਹੁੰਦੀ ਹਾਂ ਤੇ ਬਾਲ ਵਿਆਹਾਂ ਖ਼ਿਲਾਫ਼ ਲੜਨਾ ਚਾਹੁੰਦੀ ਹਾਂ। ਮੇਰੀ ਮਾਂ ਮੇਰੀਆਂ ਇੱਛਾਵਾਂ ਬਾਰੇ ਜਾਣਦੀ ਹੈ। ਮੇਰੀ ਮਾਂ ਨੇ ਮੈਨੂੰ ਗਲੇ ਲਗਾਇਆ ਤੇ ਰੋਣ ਲੱਗੀ। ਉਸ ਨੇ ਮੈਨੂੰ ਦੱਸਿਆ ਕਿ ਕਿਵੇਂ ਉਹ ਉਸ ਨੂੰ ਪੜ੍ਹਾਉਣ ਵਿੱਚ ਅਸਮਰੱਥ ਹੈ।''

ਉਸ ਕਹਾਣੀ ਸ਼ੂਟ ਕਰਦੇ ਵੇਲੇ ਅਸੀਂ ਇੱਕ ਝੀਲ 'ਤੇ ਗਏ ਜੋ ਉਸਦੇ ਘਰ ਦੇ ਨੇੜੇ ਹੈ। ਉਸ ਨੇ ਕਾਗਜ਼ ਦੀਆਂ ਤਿੰਨ ਕਿਸ਼ਤੀਆਂ ਬਣਾਈਆਂ ਸਨ ਅਤੇ ਉਨ੍ਹਾਂ ਨੂੰ ਪਾਣੀ ਵਿੱਚ ਵਹਾ ਦਿੱਤਾ। ਸ਼ੂਟ ਤੋਂ ਬਾਅਦ ਉਸ ਨੇ ਤਿੰਨ ਕਾਗਜ਼ਾਂ ਦੀਆਂ ਬੇੜੀਆਂ ਵੱਲ ਇਸ਼ਾਰਾ ਕੀਤਾ ਜਿਹੜੀਆਂ ਅਜੇ ਤੈਰ ਰਹੀਆਂ ਸਨ। ਉਸ ਨੇ ਕਿਹਾ,''ਇਹ ਤਿੰਨ ਬੇੜੀਆਂ ਮੇਰੀ ਗ੍ਰੈਜੂਸ਼ਏਸ਼ਨ ਦੇ ਤਿੰਨ ਸਾਲਾਂ ਨੂੰ ਦਰਸਾਉਂਦੀਆਂ ਹਨ। ਮੈਨੂੰ ਵਿਸ਼ਵਾਸ ਹੈ ਕਿ ਕਿਸੇ ਤਰ੍ਹਾਂ ਮੈਂ ਆਪਣੀ ਗ੍ਰੈਜੂਸ਼ਏਸ਼ਨ ਪੂਰੀ ਕਰ ਲਵਾਂਗੀ ਅਤੇ ਇਨ੍ਹਾਂ ਕਾਗਜ਼ ਦੀਆਂ ਬੇੜੀਆਂ ਦੀ ਤਰ੍ਹਾਂ ਤੈਰਦੀ ਰਹਾਂਗੀ।''

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)