ਫਾਰੂਖ਼ ਸ਼ੇਖ਼ : ਘੱਟ ਕੰਮ ਤੇ ਵੱਧ ਆਰਾਮ ਕਰਨ 'ਚ ਵਿਸ਼ਵਾਸ ਰੱਖਣ ਵਾਲਾ ਅਦਾਕਾਰ

ਫਾਰੁਖ਼ ਸ਼ੇਖ Image copyright Getty Images

ਅਦਾਕਾਰ ਫਾਰੁਖ਼ ਸ਼ੇਖ ਦਾ ਨਾਮ ਸੁਣਦੇ ਹੀ ਸ਼ਾਇਦ ਤੁਹਾਡੇ ਜ਼ਹਿਨ ਵਿੱਚ 'ਚਸ਼ਮੇਬਦੁੱਰ', 'ਸਾਥ-ਸਾਥ' ਅਤੇ 'ਕਥਾ' ਵਰਗੀਆਂ ਫ਼ਿਲਮਾਂ ਆਉਣਗੀਆਂ।

ਫਾਰੁਖ਼ ਸ਼ੇਖ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1973 ਵਿੱਚ ਆਈ ਫ਼ਿਲਮ 'ਗਰਮ ਹਵਾ' ਤੋਂ ਕੀਤੀ ਸੀ।

ਉਨ੍ਹਾਂ ਦੀ ਆਖ਼ਰੀ ਫ਼ਿਲਮ ਸੀ 'ਕਲੱਬ 60' ਜਿਹੜੀ 2013 ਵਿੱਚ ਆਈ ਸੀ। 40 ਸਾਲ ਅਦਾਕਾਰੀ ਨਾਲ ਜੁੜੇ ਰਹੇ ਫਾਰੁਖ਼ ਸ਼ੇਖ ਕਹਿੰਦੇ ਸਨ ਕਿ ਉਹ ਕੰਮ ਘੱਟ ਅਤੇ ਆਰਾਮ ਵੱਧ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ।

ਘੱਟ ਕੰਮ ਅਤੇ ਵੱਧ ਆਰਾਮ

ਬੀਬੀਸੀ ਨਾਲ ਹੋਈ ਇੱਕ ਖਾਸ ਗੱਲਬਾਤ ਦੌਰਾਨ ਫਾਰੁਖ਼ ਸ਼ੇਖ ਨੇ ਕਿਹਾ ਸੀ, ''ਘੱਟ ਕੰਮ ਕਰਨਾ ਅਤੇ ਵੱਧ ਆਰਾਮ ਕਰਨਾ ਮੇਰੀ ਫਿਤਰਤ ਵਿੱਚ ਸ਼ਾਮਲ ਹੈ। ਇੱਕ ਦਿਨ ਕੰਮ ਕੀਤਾ ਤਾਂ ਚਾਰ ਦਿਨ ਆਰਾਮ ਕਰ ਲਓ। ਨਹੀਂ ਤਾਂ ਅਜਿਹਾ ਲਗਦਾ ਹੈ ਕਿ ਤੁਸੀਂ ਕਿਸੇ ਦਫ਼ਤਰ ਵਿੱਚ ਜਾ ਰਹੇ ਹੋ। ਮੈਂ ਉਸ ਨਾਲ ਬਹੁਤ ਬੋਰ ਮਹਿਸੂਸ ਕਰਦਾ ਹਾਂ।''

ਫਾਰੁਖ਼ ਕਹਿੰਦੇ ਸਨ, ''ਮੈਂ ਰੋਜ਼ਾਨਾ ਕੰਮ ਨਹੀਂ ਕਰ ਸਕਦਾ। ਜੇਕਰ ਕੋਈ ਮੈਨੂੰ ਕਹੇ ਕਿ ਰੋਜ਼ਾਨਾ ਕੰਮ ਕਰਨਾ ਹੈ ਤਾਂ ਮੈਂ ਭੱਜ ਜਾਵਾਂਗਾ। ਜੇਕਰ ਇੰਡਸਟਰੀ ਵਿੱਚ ਕੋਈ ਮੈਨੂੰ ਕਹੇ ਸਾਹਿਬ ਤੁਸੀਂ ਸਾਲ ਵਿੱਚ ਛੇ ਫ਼ਿਲਮਾਂ ਕਰ ਲਵੋ ਤਾਂ ਵੀ ਮੈਂ ਭੱਜ ਜਾਵਾਂਗਾ। ''

ਫਾਰੁਖ਼ ਸ਼ੇਖ ਦਾ ਘੱਟ ਕੰਮ ਕਰਨਾ ਉਨ੍ਹਾਂ ਲਈ ਚੰਗਾ ਹੋ ਸਕਦਾ ਹੈ ਪਰ ਦਰਸ਼ਕਾਂ ਦਾ ਇਸ ਨਾਲ ਕੀ ਫਾਇਦਾ ਭਲਾ?

ਇਸ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਸੀ, ''ਜੇਕਰ ਦਰਸ਼ਕ ਮੈਨੂੰ ਸਵੇਰੇ ਸ਼ਾਮ, ਹਰ ਰੋਜ਼, ਹਰ ਥਾਂ ਦੇਖਣ ਲੱਗ ਗਏ ਤਾਂ ਉਹ ਛੇਤੀ ਹੀ ਮੇਰੇ ਤੋਂ ਬੋਰ ਹੋ ਜਾਣਗੇ। ਇਹ ਸੋਚਣਗੇ ਕਿ ਇਹ ਤਾਂ ਜਾਂਦਾ ਹੀ ਨਹੀਂ ਹੈ, ਲੱਗਾ ਹੀ ਰਹਿੰਦਾ ਹੈ।''

ਇਹ ਵੀ ਪੜ੍ਹੋ:

Image copyright Getty Images

ਫ਼ਿਲਮਾਂ ਕਰਨਾ ਸ਼ੌਕ ਸੀ, ਜਨੂੰਨ ਨਹੀਂ

ਫਾਰੁਖ਼ ਸ਼ੇਖ ਇਹ ਵੀ ਮੰਨਦੇ ਸਨ ਕਿ ਫ਼ਿਲਮਾਂ ਕਰਨਾ ਉਨ੍ਹਾਂ ਦਾ ਇੱਕ ਸ਼ੌਕ ਹੈ। ਉਹ ਕਹਿੰਦੇ ਸਨ, ''ਫ਼ਿਲਮਾਂ ਕਰਨਾ ਮੇਰਾ ਜਨੂੰਨ ਨਹੀਂ ਹੈ। ਸਗੋਂ ਇਹ ਤਾਂ ਮੇਰਾ ਸ਼ੌਕ ਹੈ। ਇੱਕ ਅਜਿਹਾ ਸ਼ੌਕ ਜਿਸ ਨੂੰ ਕਰਨ ਨਾਲ ਮੈਨੂੰ ਪੇਸੇ ਵੀ ਮਿਲ ਜਾਂਦੇ ਹਨ।''

ਫ਼ਿਲਮਾਂ ਕਰਨ ਦਾ ਸ਼ੌਕ ਤਾਂ ਆਪਣੀ ਥਾਂ ਠੀਕ ਹੈ ਪਰ 40 ਸਾਲ ਦੇ ਲੰਬੇ ਕਰੀਅਰ ਵਿੱਚ ਕਦੇ ਅਜਿਹਾ ਹੋਇਆ ਕਿ ਉਨ੍ਹਾਂ ਨੂੰ ਲੱਗਿਆ ਕਿ ਕਰਨ ਲਈ ਫ਼ਿਲਮਾਂ ਨਹੀਂ ਹਨ, ਕੋਈ ਪੁੱਛ ਨਹੀਂ ਰਿਹਾ?

ਇਸ ਸਵਾਲ ਦਾ ਜਵਾਬ ਵੀ ਆਪਣੇ ਅੰਦਾਜ਼ ਵਿੱਚ ਦਿੰਦੇ ਹੋਏ ਫਾਰੁਖ਼ ਸ਼ੇਖ ਨੇ ਕਿਹਾ ਸੀ, ''ਮੈਂ ਕਦੇ ਵੀ ਜ਼ਿਆਦਾ ਫ਼ਿਲਮਾਂ ਕਰਨਾ ਪਸੰਦ ਨਹੀਂ ਕਰਦਾ। ਨਾ ਹੀ ਮੈਂ ਉਸ ਸ਼੍ਰੇਣੀ ਵਿੱਚ ਕਦੇ ਸੀ ਕਿ ਇਹ ਹੈ ਤਾਂ ਬਸ ਹੁਣ ਸਾਡੀ ਫ਼ਿਲਮ 100 ਕਰੋੜ ਦਾ ਕਾਰੋਬਾਰ ਕਰ ਲਵੇਗੀ।''

ਇਹ ਵੀ ਪੜ੍ਹੋ:

ਫਾਰੁਖ਼ ਮੁਤਾਬਕ, ''ਮੇਰੇ ਨਾਲ ਤਾਂ ਇਹ ਹੁੰਦਾ ਸੀ ਕਿ ਮੇਰੀਆਂ ਫ਼ਿਲਮ ਜਾਂ ਚੱਲਦੀਆਂ ਸੀ ਜਾਂ ਨਹੀਂ। ਇਹ ਹੁੰਦਾ ਸੀ ਕਿ ਫਾਰੁਖ਼ ਸ਼ੇਖ ਦੀ ਇਹ ਫ਼ਿਲਮ ਨਹੀਂ ਚੱਲੀ। ਜਾਂ ਤਾਂ ਇਹ ਹੁੰਦਾ ਸੀ ਕਿ ਫਾਰੁਖ਼ ਸ਼ੇਖ ਦੀ ਉਹ ਫ਼ਿਲਮ ਨਹੀਂ ਚੱਲੀ। ਇਹ ਕਦੇ ਨਹੀਂ ਹੁੰਦਾ ਸੀ ਕਿ ਫਾਰੁਖ਼ ਸ਼ੇਖ ਦੇ ਕਾਰਨ ਇਹ ਫ਼ਿਲਮ ਚੱਲ ਪਈ। ਨਾ ਤਾਂ ਸਾਡੇ 'ਤੇ ਫਿਲਮ ਚਲਾਉਣ ਦੀ ਜ਼ਿੰਮੇਵਾਰੀ ਸੀ ਅਤੇ ਨਾ ਹੀ ਸਾਡੇ ਨਾਲ ਉਹ ਕਮਾਲ ਜੁੜਦਾ ਸੀ। ਤਾਂ ਮੇਰੇ ਨਾਲ ਇਹ ਕਦੇ ਨਹੀਂ ਹੋਇਆ ਕਿ ਹੁਣ ਤਾਂ ਮਾਮਲਾ ਨਿਪਟ ਗਿਆ।''

ਏ-ਲਿਸਟ ਵਾਲੀ ਸ਼੍ਰੇਣੀ ਵਾਲੇ ਸਟਾਰ ਨਹੀਂ

ਨਾਲ ਹੀ ਉਹ ਇਹ ਵੀ ਕਹਿੰਦੇ ਸਨ ਕਿ ਕਿਸੇ ਨੇ ਕਦੇ ਇਹ ਨਹੀਂ ਕਿਹਾ ਕਿ ਦੇਖੋ ਇਹ ਤਾਂ ਵੱਡੇ ਬਾਕਸ ਆਫ਼ਿਸ ਸਟਾਰ ਸਨ ਪਰ ਹੁਣ ਤਾਂ ਇਨ੍ਹਾਂ ਦੀਆਂ ਫ਼ਿਲਮਾਂ ਪਿਟ ਜਾਂਦੀਆਂ ਹਨ।

ਫਾਰੁਖ਼ ਸ਼ੇਖ ਇਹ ਵੀ ਮੰਨਦੇ ਹੋਏ ਜ਼ਰਾ ਨਹੀਂ ਝਿਜਕੇ ਸੀ ਕਿ ਉਹ ਕਦੇ ਵੀ ਏ-ਲਿਸਟ ਵਾਲੀ ਸ਼੍ਰੇਣੀ ਵਿੱਚ ਆਉਣ ਵਾਲੇ ਸਟਾਰ ਨਹੀਂ ਰਹੇ।

ਉਹ ਕਹਿੰਦੇ ਸਨ, ''ਸੈਂਕੜੇ ਫ਼ਿਲਮਾਂ ਹਰ ਸਾਲ ਬਣਦੀਆਂ ਹਨ ਅਤੇ ਮੁੱਖ ਕਿਰਦਾਰ ਨਿਭਾਉਣ ਵਾਲੇ ਕਲਾਕਾਰ ਗਿਣਤੀ ਦੇ 15 ਜਾਂ 20 ਹੀ ਹੋਣਗੇ। ਤਾਂ ਬਹੁਤ ਟੌਪ ਦੇ ਸਿਤਾਰਿਆਂ ਨੂੰ ਜਿਹੜਾ ਕੰਮ ਮਿਲੇਗਾ ਉਹ ਤੁਹਾਨੂੰ ਕਦੇ ਨਹੀਂ ਮਿਲ ਸਕਦਾ।''

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ