ਅੱਲਾਹ ਦਾ ਵਾਸਤਾ ਦਿੰਦੀ ਰਹੀ ਮਾਂ, ਪਰ ਅੱਤਵਾਦੀਆਂ 'ਤੇ ਨਾ ਹੋਇਆ ਅਸਰ - ਗਰਾਊਂਡ ਰਿਪੋਰਟ

ਆਤਿਫ਼ Image copyright Majid Jahangir/BBC
ਫੋਟੋ ਕੈਪਸ਼ਨ ਆਤਿਫ਼ ਅਹਿਮਦ ਮੀਰ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ

ਭਾਰਤ ਪ੍ਰਸ਼ਾਸਿਤ ਕਸ਼ਮੀਰ ਦੇ ਮੀਰ ਮੁਹੱਲਾ ਇਲਾਕੇ ਦੇ ਹਾਜਨ 'ਚ ਲਗਭਗ ਬਰਬਾਦ ਹੋ ਚੁੱਕੇ ਇੱਕ ਮਕਾਨ ਦੇ ਬਾਹਰ ਭੀੜ ਇੱਕਠੀ ਹੋਈ ਹੈ।

ਇਹ ਮਕਾਨ ਮੁਹੰਮਦ ਸ਼ਫ਼ੀ ਮੀਰ ਦਾ ਹੈ ਜਿਨ੍ਹਾਂ ਦੇ 12 ਸਾਲਾ ਮੁੰਡੇ ਆਤਿਫ਼ ਅਹਿਮਦ ਮੀਰ ਨੂੰ ਉਨ੍ਹਾਂ ਦੇ ਚਾਚਾ ਦੇ ਨਾਲ ਅੱਤਵਾਦੀਆਂ ਨੇ ਉਸ ਵੇਲੇ ਬੰਧੀ ਬਣਾ ਲਿਆ ਸੀ, ਜਦੋਂ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਇਸ ਮਕਾਨ ਨੂੰ ਘੇਰ ਲਿਆ ਸੀ ਅਤੇ ਫਿਰ ਇੱਥੇ ਲੁਕੇ ਹੋਏ ਅੱਤਵਾਦੀਆਂ ਨਾਲ ਮੁੱਠਭੇੜ ਹੋਈ।

ਆਂਢੀ-ਗੁਆਂਢੀ ਸਦਮੇ ਵਿੱਚ ਡੁੱਬੇ ਪਰਿਵਾਰ ਨੂੰ ਹੌਂਸਲਾ ਦੇਣ ਆਏ ਹਨ। ਕਿਹਾ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ 12 ਸਾਲਾ ਬੱਚੇ ਨੂੰ ਰਿਹਾਅ ਕਰਨ ਦੀਆਂ ਤਮਾਮ ਅਪੀਲਾਂ ਨੂੰ ਠੁਕਰਾਉਂਦੇ ਹੋਏ ਉਸ ਦਾ ਕਤਲ ਕਰ ਦਿੱਤਾ।

ਆਤਿਫ਼ ਦੇ ਪਿਤਾ ਨੇੜੇ ਲਗਾਏ ਹੋਏ ਇੱਕ ਟੈਂਟ ਵਿੱਚ ਬੈਠੇ ਹੋਏ ਹਨ ਅਤੇ ਬਿਲਕੁਲ ਚੁੱਪ ਹਨ। ਟੈਂਟ ਇਸ ਲਈ ਲਗਾਇਆ ਹੈ ਕਿ ਵੀਰਵਾਰ ਨੂੰ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ 'ਚ ਮੀਰ ਦਾ ਮਕਾਨ ਰਹਿਣ ਲਾਇਕ ਨਹੀਂ ਬਚਿਆ।

ਇਹ ਵੀ ਪੜ੍ਹੋ-

Image copyright Majid Jahangir/BBC
ਫੋਟੋ ਕੈਪਸ਼ਨ ਆਤਿਫ਼ ਦੇ ਪਿਤਾ ਦੱਸਦੇ ਹਨ ਕਿ ਆਤਿਫ਼ ਨੂੰ ਰਿਹਾਅ ਕਰਨ ਦੀਆਂ ਤਮਾਮ ਅਪੀਲਾਂ ਅੱਤਵਾਦੀਆਂ ਨੇ ਠੁਕਰਾ ਦਿੱਤੀਆਂ

ਆਤਿਫ਼ ਦੀ ਮਾਂ ਸ਼ਮੀਨਾ ਬਾਨੋ ਔਰਤਾਂ ਨਾਲ ਘਿਰੀ ਹੋਈ ਹੈ ਅਤੇ ਲੋਕ ਪੁੱਤਰ ਦੀ ਮੌਤ ਕਾਰਨ ਪੂਰੀ ਤਰ੍ਹਾਂ ਟੁੱਟ ਚੁੱਕੀ ਸ਼ਮੀਨਾ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।

ਮੀਰ ਉਨ੍ਹਾਂ ਪਲਾਂ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੇ ਪੁੱਤਰ ਨੂੰ ਅੱਤਵਾਦੀਆਂ ਨੂੰ ਬੰਧੀ ਬਣਾ ਲਿਆ ਸੀ।

ਰਿਹਾਅ ਕਰਨ ਦੀ ਅਪੀਲ

ਮੀਰ ਦੱਸਦੇ ਹਨ, "ਵੀਰਵਾਰ ਦਾ ਦਿਨ ਸੀ, ਜਦੋਂ ਸੁਰੱਖਿਆ ਬਲਾਂ ਨੇ ਚਾਰੇ ਪਾਸਿਓਂ ਉਨ੍ਹਾਂ ਦੇ ਘਰ ਨੂੰ ਘੇਰ ਲਿਆ। ਉਸ ਵੇਲੇ ਕੁੱਲ ਮਿਲਾ ਕੇ ਅਸੀਂ ਅੱਠ ਲੋਕ ਘਰ ਦੇ ਅੰਦਰ ਸੀ।"

"ਪਰਿਵਾਰ ਦੇ ਛੇ ਲੋਕ ਕਿਸੇ ਤਰ੍ਹਾਂ ਘਰੋਂ ਬਾਹਰ ਆਉਣ ਵਿੱਚ ਕਾਮਯਾਬ ਰਹੇ ਪਰ ਮੇਰੇ ਪੁੱਤਰ ਅਤੇ ਮੇਰੇ ਭਰਾ ਅਬਦੁਲ ਹਾਮਿਦ ਮੀਰ ਨੂੰ ਅੱਤਵਾਦੀਆਂ ਨੇ ਘਰੋਂ ਬਾਹਰ ਨਹੀਂ ਜਾਣ ਦਿੱਤਾ ਅਤੇ ਉਨ੍ਹਾਂ ਨੂੰ ਬੰਧੀ ਬਣਾ ਲਿਆ।"

Image copyright Majid Jahangir/BBC
ਫੋਟੋ ਕੈਪਸ਼ਨ ਮੁਠਭੇੜ ਵਿੱਚ ਤਬਾਹ ਹੋਇਆ ਮੀਰ ਦਾ ਘਰ

''ਅਸੀਂ ਉਨ੍ਹਾਂ ਨੂੰ ਘਰੋਂ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਤਵਾਦੀਆਂ ਨੇ ਇੱਕ ਨਹੀਂ ਸੁਣੀ। ਗੁਲਜ਼ਾਰ ਕਿਸੇ ਤਰ੍ਹਾਂ ਘਰੋਂ ਬਾਹਰ ਨਿਕਲਣ ਵਿੱਚ ਕਾਮਯਾਬ ਰਿਹਾ ਪਰ ਮੇਰਾ ਮੁੰਡਾ ਉਨ੍ਹਾਂ ਦੇ ਚੰਗੁਲ ਵਿੱਚ ਫਸ ਗਿਆ। ਅਸੀਂ ਮਾਈਕ ਰਾਹੀਂ ਅੱਤਵਾਦੀਆਂ ਨੂੰ ਕਈ ਵਾਰ ਅਪੀਲ ਕੀਤੀ ਕਿ ਉਹ ਮੇਰੇ ਮੁੰਡੇ ਨੂੰ ਬਾਹਰ ਆਉਣ ਦੇਣ ਪਰ ਉਨ੍ਹਾਂ ਨੇ ਇੱਕ ਨਹੀਂ ਸੁਣੀ।"

ਮੀਰ ਨੇ ਦੱਸਿਆ ਕਿ ਐੱਸਪੀ ਅਤੇ ਡੀਐਸਪੀ ਨੇ ਵੀ ਉਨ੍ਹਾਂ ਦੇ ਪੁੱਤਰ ਨੂੰ ਰਿਹਾਅ ਕਰਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ।

ਇਥੋਂ ਤੱਕ ਆਤਿਫ਼ ਦੀ ਮਾਂ ਨੇ ਵੀ ਕਈ ਵਾਰ ਅਪੀਲ ਕੀਤੀ, ਪਿੰਡ ਦੀ ਵਕਫ਼ ਕਮੇਟੀ ਨੇ ਵੀ ਅਪੀਲ ਕੀਤੀ ਪਰ ਸਾਰਾ ਕੁਝ ਬੇਕਾਰ ਗਿਆ।

ਇਹ ਪੁੱਛੇ ਜਾਣ 'ਤੇ ਅੱਤਵਾਦੀਆਂ ਨੇ ਉਨ੍ਹਾਂ ਦੇ ਪੁੱਤਰ ਅਤੇ ਭਰਾ ਨੂੰ ਬੰਧੀ ਕਿਉਂ ਬਣਾਇਆ ਸੀ ਤਾਂ ਮੀਰ ਨੇ ਕਿਹਾ, "ਉਨ੍ਹਾਂ ਨੇ ਸੋਚਿਆ ਹੋਣਾ ਕਿ ਉਨ੍ਹਾਂ ਨੂੰ ਬੰਧੀ ਬਣਾ ਕੇ ਸੁਰੱਖਿਆ ਬਲ ਉਨ੍ਹਾਂ ਨੂੰ ਨਹੀਂ ਮਾਰਨਗੇ।"

"ਉਹ ਸ਼ਾਮ ਹੋਣ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਮੈਂ ਸੋਚਦਾ ਹਾਂ ਕਿ ਉਨ੍ਹਾਂ ਦੀ ਕੋਸ਼ਿਸ਼ ਰਹੀ ਹੋਵੇਗੀ ਕਿ ਉਹ ਮੇਰੇ ਪੁੱਤਰ ਅਤੇ ਭਰਾ ਨੂੰ ਢਾਲ ਬਣਾ ਕੇ ਉੱਥੋਂ ਭੱਜ ਜਾਣ ਪਰ ਮੈਂ ਤਾਂ ਇਹੀ ਕਹਾਂਗਾ ਕਿ ਮੇਰਾ ਪੁੱਤਰ ਮਾਰਿਆ ਗਿਆ।"

ਪੁਲਿਸ ਮੁਤਾਬਕ ਮੁਠਭੇੜ 'ਚ ਮਾਰੇ ਗਏ ਦੋਵੇਂ ਅੱਤਵਾਦੀ ਅਲੀ ਅਤੇ ਹਬੀਬ ਲਸ਼ਕਰ-ਏ-ਤੱਇਬਾ ਨਾਲ ਜੁੜੇ ਸਨ।

ਆਤਿਫ਼ ਦੀ ਮਾਂ ਦਾ ਅੱਤਵਾਦੀਆਂ ਨੂੰ ਪੁੱਤਰ ਦੀ ਰਿਹਾਈ ਦੀ ਗੁਜ਼ਾਰਿਸ਼ ਕਰਨ ਦਾ ਵੀਡੀਓ ਵੀ ਸਾਹਮਣੇ ਆਇਆ ਹੈ।

Image copyright Majid Jahangir/BBC
ਫੋਟੋ ਕੈਪਸ਼ਨ ਮੀਰ ਉਨ੍ਹਾਂ ਪਲਾਂ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੇ ਪੁੱਤਰ ਨੂੰ ਅੱਤਵਾਦੀਆਂ ਨੂੰ ਬੰਧੀ ਬਣਾ ਲਿਆ ਸੀ

ਵੀਡੀਓ ਵਿੱਚ ਸ਼ਰੀਫ਼ਾ ਬਾਨੋ ਸੈਨਾ ਦੇ ਜਵਾਨਾਂ ਦੀ ਮੌਜੂਦਗੀ 'ਚ ਅੱਤਵਾਦੀਆਂ ਨੂੰ ਪੁੱਤਰ ਨੂੰ ਰਿਹਾਅ ਕਰਨ ਦੀ ਅਪੀਲ ਕਰ ਰਹੀ ਹੈ।

ਉਹ ਕਹਿੰਦੀ ਹੈ, "ਅੱਲਾਹ ਦੇ ਵਾਸਤੇ, ਪੈਗੰਬਰ ਮੁਹੰਮਦ ਦੇ ਵਾਸਤੇ ਉਨ੍ਹਾਂ ਨੂੰ ਛੱਡ ਦਿਓ। ਮੈਂ ਤੁਹਾਨੂੰ ਗੁਜ਼ਾਰਿਸ਼ ਕਰਦੀ ਹਾਂ। ਮੈਂ ਤੁਹਾਨੂੰ ਖਾਣਾ ਦਿੰਦੀ ਸੀ, ਅੱਲਾਹ ਦੇ ਵਾਸਤੇ ਉਨ੍ਹਾਂ ਨੂੰ ਛੱਡ ਦਿਓ।"

ਪਰ ਘਰ 'ਚ ਲੁਕੇ ਅੱਤਵਾਦੀਆਂ ਵੱਲੋਂ ਕੋਈ ਜਵਾਬ ਨਹੀਂ ਆਉਂਦਾ ਹੈ।

ਅੱਤਵਾਦੀਆਂ ਦੇ ਚੰਗੁਲ 'ਚੋਂ ਬਚ ਨਿਕਲੇ ਆਤਿਫ਼ ਦੇ ਚਾਚਾ ਗੁਲਜ਼ਾਰ ਅਹਿਮਦ ਮੀਰ ਸੋਸ਼ਲ ਮੀਡੀਆ 'ਤੇ ਚੱਲ ਰਹੇ ਇੱਕ ਵੀਡੀਓ ਵਿੱਚ ਦੱਸਦੇ ਹਨ, "ਮੈਂ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਅਤੇ ਕਿਸੀ ਤਰ੍ਹਾਂ ਘਰੋਂ ਬਾਹਰ ਨਿਕਲਣ 'ਚ ਸਫ਼ਲ ਰਿਹਾ।"

"ਉਹ ਸਾਨੂੰ ਕਹਿੰਦੇ ਰਹੇ ਕਿ ਅਸੀਂ ਉਨ੍ਹਾਂ ਦੇ ਨਾਲ ਹੀ ਰਹੀਏ। ਉਹ ਦੋਵੇਂ (ਅੱਤਵਾਦੀ) ਜਖ਼ਮੀ ਸਨ, ਜਦੋਂ ਮੈਂ ਘਰੋਂ ਭੱਜਿਆ ਤਾਂ ਉਦੋਂ ਤੱਕ ਆਤਿਫ਼ ਠੀਕ ਸੀ।"

ਅਬਦੁੱਲ ਹਾਮਿਦ ਮੀਰ ਕੈਮਰੇ 'ਤੇ ਕੁਝ ਨਹੀਂ ਬੋਲਣਾ ਚਾਹੁੰਦੇ। ਉਨ੍ਹਾਂ ਨੇ ਮੈਨੂੰ ਕਿਹਾ, "ਉਹ ਸਾਨੂੰ ਕਹਿੰਦੇ ਰਹੇ ਸਾਡੇ ਨਾਲ ਰੁਕੇ ਰਹੋ।"

ਇਹ ਵੀ ਪੜ੍ਹੋ-

Image copyright Majid Jahangir/BBC
ਫੋਟੋ ਕੈਪਸ਼ਨ ਆਤਿਫ਼ ਦੇ ਕਤਲ ਤੋਂ ਬਾਅਦ ਉਸ ਦੀ ਮਾਂ ਨੂੰ ਦਿਲਾਸਾ ਦੇਣ ਆਏ ਆਂਢੀ-ਗੁਆਂਢੀ

ਆਤਿਫ਼ ਦੇ ਇੱਕ ਹੋਰ ਰਿਸ਼ਤੇਦਾਰ ਨੇ ਨਾਮ ਨਾ ਉਜਾਗਰ ਕਰਨ ਦੀ ਸ਼ਰਤ 'ਤੇ ਕਿਹਾ, "ਉਨ੍ਹਾਂ ਨੇ ਸਾਡੇ ਆਤਿਫ਼ ਨੂੰ ਕਿੰਨੀ ਬੇਰਹਿਮੀ ਨਾਲ ਮਾਰਿਆ। ਉਹ ਜਿਹਾਦ ਨਹੀਂ ਕਰ ਰਹੇ ਹਨ, ਉਹ ਦਰਿੰਦੇ ਸਨ।"

ਆਤਿਫ਼ ਛੇਵੀਂ ਕਲਾਸ ਵਿੱਚ ਪੜ੍ਹਦਾ ਸੀ ਅਤੇ ਆਪਣੇ ਪਰਿਵਾਰ 'ਚ ਦੋ ਭੈਣਾਂ ਤੋਂ ਬਾਅਦ ਸਭ ਤੋਂ ਛੋਟਾ ਸੀ।

ਇਸ ਦਹਾਕੇ 'ਚ ਇਹ ਪਹਿਲਾ ਮੌਕਾ ਸੀ ਜਦੋਂ ਅਤਵਾਦੀਆਂ ਨੇ ਕਿਸੇ ਨਾਬਾਲਗ ਨੂੰ ਬੰਧੀ ਬਣਾਇਆ।

ਆਤਿਫ਼ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਹੋਇਆ ਅਤੇ ਇਸ ਵਿੱਚ ਵੱਡੀ ਗਿਣਤੀ 'ਚ ਲੋਕਾਂ ਨੇ ਹਿੱਸਾ ਲਿਆ।

Image copyright Majid Jahangir/BBC
ਫੋਟੋ ਕੈਪਸ਼ਨ ਮੀਰ ਮੁਹੱਲੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਆਤਿਫ਼

ਵਾਇਰਲ ਵੀਡੀਓ 'ਚ ਆਤਿਫ਼ ਅਤੇ ਅਬਦੁੱਲ ਦੇ ਇੱਕ ਹੋਰ ਰਿਸ਼ਤੇਦਾਰ ਵੀ ਉਨ੍ਹਾਂ ਦੀ ਰਿਹਾਈ ਦੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਹਨ, "ਉਨ੍ਹਾਂ ਨੂੰ ਜਾਣ ਦਿਓ, ਕੀ ਇਹ ਜਿਹਾਦ ਹੈ? ਇਹ ਕਿਸ ਤਰ੍ਹਾਂ ਦਾ ਜਿਹਾਦ ਹੈ? ਅੱਲਾਹ ਤੁਹਾਨੂੰ ਇੱਥੇ ਵੀ ਤੇ ਉੱਥੇ ਵੀ ਜਲੀਲ ਕਰੇਗਾ।"

ਬਾਂਦੀਪੋਰਾ ਦੇ ਐਸਐਸਪੀ ਰਾਹੁਲ ਮਲਿਕ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਇਸ ਮੁਠਭੇੜ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਕਿਹਾ, "ਇਹ ਅਚਾਨਕ ਹੋਈ ਮੁਠਭੇੜ ਸੀ। ਸ਼ੁਰੂਆਤ 'ਚ ਅਸੀਂ ਦੋ ਘੰਟੇ 'ਚ 6 ਲੋਕਾਂ ਨੂੰ ਬਚਾਇਆ। ਫਿਰ ਸਾਨੂੰ ਪਤਾ ਲੱਗਾ ਕਿ ਦੋ ਹੋਰ ਲੋਕ ਘਰ ਦੇ ਅੰਦਰ ਹਨ ਅਤੇ ਉਨ੍ਹਾਂ ਦੋਵਾਂ ਨੂੰ ਅੱਤਵਾਦੀਆਂ ਨੇ ਬੰਧੀ ਬਣਾ ਲਿਆ ਹੈ। ਇਨ੍ਹਾਂ ਹਾਲਾਤ 'ਚ ਅਸੀਂ ਉਨ੍ਹਾਂ ਨੂੰ ਘਰੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ।"

"ਇੱਕ ਬੰਧਕ ਬਾਹਰ ਆਇਆ ਸੀ। ਉਸ ਕੋਲੋਂ ਪਤਾ ਲੱਗਾ ਕਿ ਅਲੀ (ਅੱਤਵਾਦੀ) ਨੇ ਆਤਿਫ਼ ਨੂੰ ਬੰਧਕ ਬਣਾ ਕੇ ਰੱਖਿਆ ਹੈ ਅਤੇ ਬਾਹਰ ਨਹੀਂ ਆਉਣ ਦੇ ਰਹੇ। ਜਦੋਂ ਅਸੀਂ ਬਿਲਡਿੰਗ ਨੂੰ ਉਡਾਇਆ ਤਾਂ ਉਦੋਂ ਤੱਕ ਉਨ੍ਹਾਂ ਨੇ ਮੁੰਡੇ ਦਾ ਕਤਲ ਕਰ ਦਿੱਤਾ ਸੀ।"

Image copyright Majid Jahangir/BBC
ਫੋਟੋ ਕੈਪਸ਼ਨ ਆਤਿਫ਼ ਦੇ ਪਿਤਾ ਕੋਲ ਸ਼ੋਕ ਪ੍ਰਗਟਾਉਣ ਆਏ ਲੋਕ

ਐਸਐਸਪੀ ਨੇ ਇਹ ਵੀ ਦੱਸਿਆ, "ਅਲੀ (ਅੱਤਵਾਦੀ) ਕਿਸੇ ਕੁੜੀ ਨਾਲ ਵਿਆਹ ਕਰਨਾ ਚਾਹੁੰਦਾ ਸੀ ਅਤੇ ਚਾਹੁੰਦਾ ਸੀ ਕਿ ਕੁੜੀ ਇਸ ਮਕਾਨ ਵਿੱਚ ਆਵੇ। ਪਰ ਪਰਿਵਾਰ ਦੇ ਲੋਕਾਂ ਨੇ ਕੁੜੀ ਨੂੰ ਕਿਤੇ ਹੋਰ ਭੇਜ ਦਿੱਤਾ ਸੀ।"

"ਉਸ ਦਾ ਕਹਿਣਾ ਸੀ ਕਿ ਉਹ ਤਾਂ ਹੀ ਉਸ ਘਰ ਤੋਂ ਬਾਹਰ ਜਾਵੇਗਾ ਜਦੋਂ ਕੁੜੀ ਨੂੰ ਉੱਥੇ ਲਿਆਂਦਾ ਜਾਵੇਗਾ। ਜਦੋਂ ਸਾਨੂੰ ਅੱਤਵਾਦੀਆਂ ਦੇ ਮੀਰ ਦੇ ਇਸ ਮਕਾਨ 'ਚ ਲੁਕੇ ਹੋਣ ਦੀ ਖ਼ਬਰ ਮਿਲੀ ਤਾਂ ਉਸ ਵੇਲੇ ਤੱਕ ਇਹ ਗੱਲਾਂ ਚੱਲ ਰਹੀਆਂ ਸਨ। ਉਸ ਤੋਂ ਬਾਅਦ ਅਸੀਂ ਇਸ ਘਰ ਨੂੰ ਘੇਰ ਲਿਆ।"

ਪੁਲਿਸ ਨੇ ਦਾਅਵਾ ਕੀਤਾ ਕਿ ਅਲੀ ਕਈ ਨਾਗਰਿਕਾਂ ਦੇ ਕਤਲ 'ਚ ਸ਼ਾਮਿਲ ਸੀ ਅਤੇ ਇਸ ਇਲਾਕੇ 'ਚ ਸਾਲ 2017 ਤੋਂ ਸਰਗਰਮ ਸੀ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)