ਯੁਵਰਾਜ ਸਿੰਘ ਨੇ ਕਿਹਾ ਕਿ ਜਦੋਂ ਤੱਕ ਮੈਨੂੰ ਮਜ਼ਾ ਆਵੇਗਾ ਮੈਂ ਖੇਡਾਂਗਾ - IPL2019

ਯੁਵਰਾਜ ਸਿੰਘ Image copyright AFP

ਆਈਪੀਐੱਲ 2019 ਦੇ ਪਹਿਲੇ ਮੈਚ ਵਿੱਚ 35 ਗੇਂਦਾਂ ਉੱਤੇ 53 ਦੌੜਾਂ ਬਣਾ ਕੇ ਕੀ ਯੁਵਰਾਜ ਨੇ ਵਿਸ਼ਵ ਕੱਪ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ?

ਮੁੰਬਈ ਅਤੇ ਦਿੱਲੀ ਵਿਚਾਲੇ ਖੇਡੇ ਗਏ ਮੈਚ ਵਿੱਚ ਭਾਵੇਂ ਰਿਸ਼ਬ ਪੰਤ ਦੀ ਤੂਫਾਨੀ ਬੱਲੇਬਾਜ਼ੀ ਨੇ ਮੁੰਬਈ ਨੂੰ ਢਹਿਢੇਰੀ ਕਰ ਦਿੱਤਾ ਪਰ ਮੁੰਬਈ ਦੀ ਪਾਰੀ ਦਾ ਚਮਕਦਾ ਸਿਤਾਰਾ ਯੁਵਰਾਜ ਸਿੰਘ ਬਣ ਕੇ ਨਜ਼ਰ ਆਇਆ।

ਇਸ ਸਾਲ ਦੇ ਆਈਪੀਐੱਲ ਲਈ ਹੋਏ ਨੀਲਾਮੀ ਦੇ ਪਹਿਲੇ ਦੌਰ ਵਿੱਚ ਤਾਂ ਯੁਵਰਾਜ ਨੂੰ ਕਿਸੇ ਟੀਮ ਨੇ ਖਰੀਦਿਆ ਵੀ ਨਹੀਂ ਸੀ। ਪਿਛਲੇ ਸਾਲ ਪੰਜਾਬ ਵੱਲੋਂ ਖੇਡਦੇ ਹੋਏ ਯੁਵਰਾਜ ਦਾ ਕਾਫੀ ਮਾੜਾ ਪ੍ਰਦਰਸ਼ਨ ਰਿਹਾ ਸੀ ਜਿਸ ਕਰਕੇ ਪੰਜਾਬ ਨੇ ਯੁਵਰਾਜ ਸਿੰਘ ਨੂੰ ਰਿਲੀਜ਼ ਕਰ ਦਿੱਤਾ ਸੀ।

ਪਰ ਨੀਲਾਮੀ ਦੀ ਦੂਜੀ ਗੇੜ ਵਿੱਚ ਯੁਵਰਾਜ ਨੂੰ ਮੁੰਬਈ ਇੰਡੀਅਨਜ਼ ਨੇ ਖਰੀਦ ਲਿਆ ਸੀ।

ਆਈਪੀਐੱਲ ਦੇ ਇਸ ਮੁਕਾਬਲੇ ਵਿੱਚ ਮੁੰਬਈ ਇੰਡੀਅਨਜ਼ ਨੇ ਟਾਸ ਜਿੱਤ ਦੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਦਿੱਲੀ ਕੈਪਿਟਲ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 213 ਦੌੜਾਂ ਬਣਾਈਆਂ।

ਦਿੱਲੀ ਦੇ ਕਪਤਾਨ ਰਿਸ਼ਬ ਪੰਤ ਨੇ 28 ਗੇਂਦਾਂ ਵਿੱਚ 78 ਦੌੜਾਂ ਬਣਾਈਆਂ ਜਿਸ ਵਿੱਚ 7 ਚੌਕੇ ਤੇ 7 ਛੱਕੇ ਸ਼ਾਮਿਲ ਸਨ। ਦਿੱਲੀ ਦੇ ਸਕੋਰ ਮੁਕਾਬਲੇ ਮੁੰਬਈ ਇੰਡੀਅਨਜ਼ ਦੀ ਟੀਮ 176 'ਤੇ ਆਲਆਊਟ ਹੋ ਗਈ।

ਇਹ ਵੀ ਪੜ੍ਹੋ:

ਸਟਾਈਲਿਸ਼ ਪਲੇਅਰ ਰਹੇ ਯੁਵਰਾਜ

ਹੀਰੋ ਭਾਵੇਂ ਰਿਸ਼ਬ ਪੰਤ ਰਹੇ ਪਰ ਮੈਚ ਵਿੱਚ ਮੋਸਟ ਸਟਾਈਲਿਸ਼ ਪਲੇਅਰ ਦਾ ਖਿਤਾਬ ਯੁਵਰਾਜ ਸਿੰਘ ਨੂੰ ਮਿਲਿਆ।

ਸੋਸ਼ਲ ਮੀਡੀਆ ਵਿੱਚ ਵੀ ਯੁਵਰਾਜ ਹੀ ਟਰੈਂਡ ਵਿੱਚ ਰਹੇ। ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਯੁਵਰਾਜ ਦਾ ਨਾਂ ਚਰਚਾ ਦਾ ਵਿਸ਼ਾ ਬਣਿਆ।

ਮੁੰਬਈ ਇੰਡੀਅਨਜ਼ ਨੇ ਆਪਣੇ ਟਵਿੱਟਰ ਹੈਂਡਲ ਤੋਂ ਸਾਬਕਾ ਭਾਰਤੀ ਟੀਮ ਦੇ ਕਪਤਾਨ ਸੌਰਵ ਗਾਂਗੁਲੀ ਅਤੇ ਯੁਵਰਾਜ ਦੀ ਮੁਲਾਕਾਤ ਦਾ ਵੀਡੀਓ ਵੀ ਜਾਰੀ ਕੀਤਾ।

ਮੁੰਬਈ ਇੰਡੀਅਨਜ਼ ਨੇ ਯੁਵਰਾਜ ਨਾਲ ਸਬੰਧਤ ਇੱਕ ਟਵੀਟ ਕੀਤਾ ਜਿਸ ਵਿੱਚ ਯੁਵਰਾਜ ਨੇ ਕਿਹਾ ਹੈ, "ਮੈ ਸਚਿਨ ਨਾਲ ਕਾਫੀ ਗੱਲਬਾਤ ਕੀਤੀ ਹੈ ਕਿਉਂਕਿ ਉਹ ਵੀ ਉਸੇ ਦੌਰ ਤੋਂ ਲੰਘੇ ਹਨ। ਮੈਂ ਉਸ ਵੇਲੇ ਤੱਕ ਖੇਡਦਾ ਰਹਾਂਗਾ ਜਦੋਂ ਤੱਕ ਮੈਨੂੰ ਖੇਡਣ ਵਿੱਚ ਮਜ਼ਾ ਆ ਰਿਹਾ ਹੈ।"

ਟਵਿੱਟਰ ਯੂਜ਼ਰ ਬਲੈਕ ਫਲਾਈ ਨੇ 2011 ਦੇ ਵਿਸ਼ਵ ਕੱਪ ਦੀ ਯਾਦ ਦਿਵਾਂਉਂਦੇ ਹੋਏ ਕਿਹਾ ਕਿ ਭਾਰਤ ਨੂੰ ਅਜੇ ਵੀ ਚੌਥੇ ਨੰਬਰ ਉੱਤੇ ਬੱਲੇਬਾਜ਼ੀ ਲਈ ਯੁਵਰਾਜ ਦੀ ਲੋੜ ਹੈ।

ਸੂਰਜ ਅਯੱਪਨ ਨੇ ਕਿਹਾ ਕਿ ਭਾਵੇਂ ਯੁਵਰਾਜ ਕੋਈ ਵੀ ਸਕੋਰ ਕਰੇ ਪਰ ਉਸ ਨੂੰ ਖੇਡਦਿਆਂ ਦੇਖ ਕੇ ਕਾਫੀ ਖੁਸ਼ੀ ਮਿਲਦੀ ਹੈ।

ਅਭਿਸ਼ੇਕ ਬਿੱਟੂ ਨੇ ਕਿਹਾ ਕਿ ਭਾਵੇਂ ਮੁੰਬਈ ਮੈਚ ਹਾਰ ਗਈ ਪਰ ਯੁਵਰਾਜ ਨੇ ਲੱਖਾਂ ਦਿਲਾਂ ਨੂੰ ਜਿੱਤ ਲਿਆ।

ਟਵਿੱਟਰ ਯੂਜ਼ਰ ਆਈਸ੍ਰੀਧਰ ਬਾਬੂ ਕਹਿੰਦੇ ਕਿ ਮੁੰਬਈ ਇੰਡੀਅਨ ਨੂੰ ਨਾਪਸੰਦ ਕਰਨ ਵਾਲੇ ਵੀ ਚਾਹ ਰਹੇ ਸਨ ਕਿ ਮੁੰਬਈ ਜਿੱਤ ਜਾਏ ਕਿਉਂਕਿ ਯੁਵਰਾਜ ਜੋ ਖੇਡ ਰਹੇ ਸੀ।

ਮੈਚ ਤੋਂ ਪਹਿਲਾਂ ਰਤਨੀਸ਼ ਕਹਿੰਦੇ ਕਿ ਯੁਵਰਾਜ ਇੱਕ ਜਜ਼ਬਾਤ ਹਨ ਇਸ ਲਈ ਇਹ ਅਹਿਮ ਨਹੀਂ ਕਿ ਉਹ ਕਿੰਨਾ ਸਕੋਰ ਕਰਦੇ ਹਨ।

ਮਿਰਦੁਲ ਖੱਟਰ ਨੇ ਯੁਵਰਾਜ ਦੀ ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਵਾਪਸੀ ਦੀ ਉਮੀਦ ਜਤਾਈ।

ਟਵਿੱਟਰ ਯੂਜ਼ਰ ਆਰਓ ਯੁਵਰਾਜ ਤੋਂ ਖੁਸ਼ ਨਜ਼ਰ ਨਹੀਂ ਆਏ। ਉਹ ਕਹਿੰਦੇ ਕਿ ਜੇ ਯੁਵਰਾਜ ਟੀਮ ਵਿੱਚ ਰਹੇ ਤਾਂ ਮੁੰਬਈ ਇੰਡੀਅਨ ਇਸ ਸਾਲ ਆਈਪੀਐੱਲ ਵਿੱਚ 7ਵੇਂ ਨੰਬਰ ਉੱਤੇ ਰਹੇਗੀ।

ਇਹ ਵੀਡੀਓਜ਼ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)