ਭਾਰਤ ਤੋਂ ਫੋਨਾਂ ਰਾਹੀਂ ਕਿਵੇਂ ਵੱਜਦੀ ਹੈ ਅਮਰੀਕਾ 'ਚ ਠੱਗੀ

ਕਾਲ ਸੈਂਟਰ, ਗ੍ਰਾਫਿਕਸ

ਸੁਸ਼ੀਲ ਝਾਅ ਕੁਝ ਸਮਾਂ ਪਹਿਲਾਂ ਠੱਗੇ ਜਾਣ ਤੋਂ ਮਸਾਂ ਹੀ ਬਚੇ। ਠੱਗਾਂ ਨੇ ਉਨ੍ਹਾਂ ਤੋਂ 5,000 ਅਮਰੀਕੀ ਡਾਲਰ ਠੱਗਣ ਦੀ ਤਿਆਰੀ ਕਰ ਲਈ ਸੀ। ਇਹ ਠੱਗੀ ਇੱਕ ਝੂਠੇ ਕਾਲ ਸੈਂਟਰ ਰਾਹੀਂ ਮਾਰੀ ਜਾਣੀ ਸੀ।

ਕਾਲ ਸੈਂਟਰ ਵਾਲਿਆਂ ਨੇ ਝਾਅ ਨੂੰ ਵੀ ਉਨ੍ਹਾਂ ਅਮਰੀਕੀਆਂ ਵਿੱਚੋਂ ਹੀ ਇੱਕ ਸਮਝਿਆ ਜਿਨ੍ਹਾਂ ਨੂੰ ਆਮਦਨ ਕਰ ਵਿਭਾਗ ਦੇ ਫੋਨ ਤੋਂ ਡਰ ਲਗਦਾ ਹੈ।

ਸੁਸ਼ੀਲ ਝਾਅ ਹੁਣ ਅਮਰੀਕਾ ਦੇ ਸੈਂਟ ਲੂਈਸ ਵਿੱਚ ਰਹਿੰਦੇ ਹਨ। ਸੁਸ਼ੀਲ ਪਹਿਲਾਂ ਬੀਬੀਸੀ ਪੱਤਰਕਾਰ ਰਹੇ। ਅਮਰੀਕੀਆਂ ਦੇ ਅਜਿਹੇ ਡਰ ਨੂੰ ਅਧਾਰ ਬਣਾ ਕੇ ਲੋਕਾਂ ਨੂੰ ਫੋਨ ਕਾਲ ਰਾਹੀਂ ਠੱਗਣ ਵਾਲੇ ਅਜਿਹੇ ਕਈ ਹਨ।

ਅਹਿਮਦਾਬਾਦ ਸਾਈਬਰ ਕ੍ਰਾਈਮ ਸੈੱਲ ਨੇ ਹਾਲ ਹੀ ਵਿੱਚ ਅਜਿਹੇ ਛੇ ਕਾਲ ਸੈਂਟਰਾਂ ਦਾ ਭਾਂਡਾ ਭੰਨਿਆ ਤੇ 40 ਤੋਂ ਵਧੇਰੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

ਇਹ ਵੀ ਪੜ੍ਹੋ:

ਇਨ੍ਹਾਂ ਕਾਲ ਸੈਂਟਰਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮ ਦੀ ਪੂਰੀ ਜਾਣਕਾਰੀ ਹੈ। ਝਾਅ ਨੇ ਆਪਣੇ ਤਜ਼ਰਬੇ ਬਾਰੇ ਦੱਸਿਆ, "ਸਭ ਕੁਝ ਕਿਸੇ ਅਸਲੀ ਸਰਕਾਰੀ ਦਫ਼ਤਰ ਤੋਂ ਆਏ ਫੋਨ ਵਰਗਾ ਲੱਗ ਰਿਹਾ ਸੀ। ਮਿਸਾਲ ਵਜੋਂ, ਇਹ ਵੀ ਸੁਨੇਹਾ ਵੀ ਸੁਣਾਇਆ ਗਿਆ ਕਿ ਇਹ ਕਾਲ ਸਿਖਲਾਈ ਲਈ ਰਿਕਾਰਡ ਕੀਤੀ ਜਾ ਸਕਦੀ ਹੈ। ਜੋ ਅਫ਼ਸਰ ਫੋਨ ਲਾਈਨ 'ਤੇ ਆਇਆ ਉਹ ਅਮਰੀਕੀ ਲਹਿਜੇ ਵਿੱਚ ਗੱਲ ਕਰ ਰਿਹਾ ਸੀ, ਆਪਣਾ ਨਾਮ ਦੱਸਣ ਤੋਂ ਬਾਅਦ ਉਸ ਨੇ ਆਪਣਾ ਬੈਜ ਨੰਬਰ ਦੱਸਿਆ।"

ਹਾਲਾਂਕਿ ਝਾਅ ਸ਼ਿਕਾਰ ਨਹੀਂ ਬਣੇ ਪਰ ਉਨ੍ਹਾਂ ਦੱਸਿਆ ਕਿ ਉਹ ਲਗਭਗ ਮੰਨ ਗਏ ਸਨ ਕਿ ਫੋਨ ਉੱਤੇ ਗੱਲ ਕਰਨ ਵਾਲਾ ਵਿਅਕਤੀ ਸੱਚੀਂ ਕੋਈ ਸਰਕਾਰੀ ਅਫ਼ਸਰ ਸੀ।

ਅਜਿਹੇ ਕਾਲ ਸੈਂਟਰ ਭਾਰਤ ਵਿੱਚ ਕੁਝ ਲੋਕਾਂ ਲਈ ਪੈਸਾ ਕਮਾਉਣ ਦਾ ਜ਼ਰੀਆ ਹਨ।

ਅਹਿਮਦਾਬਾਦ ਵਿੱਚ ਸਾਲ 2018 ਤੋਂ ਬਾਅਦ 11 ਅਜਿਹੇ ਝੂਠੇ ਕਾਲ ਸੈਂਟਰ ਫੜੇ ਜਾ ਚੁੱਕੇ ਹਨ। ਹਾਲ ਹੀ ਵਿੱਚ ਇੱਕ ਹੋਰ ਗੁਜਰਾਤ ਦੇ ਹੀ ਬਾਰੂਚ ਵਿੱਚ ਫੜਿਆ ਗਿਆ। ਅਹਿਮਦਾਬਾਦ ਸਾਈਬਰ ਕ੍ਰਾਈਮ ਸੈੱਲ ਦੇ ਇੰਸਪੈਕਟਰ ਵੀ. ਬੀ. ਬਰਾਦ ਨੇ ਦੱਸਿਆ ਕਿ ਅਜਿਹੇ ਕਾਲ ਸੈਂਟਰ ਨੋਇਡਾ, ਗੁੜਗਾਓਂ, ਜੈਪੁਰ, ਪੂਣੇ ਅਤੇ ਵਦੋਦਰਾ ਤੋਂ ਵੀ ਚਲਾਏ ਜਾਂਦੇ ਹਨ।

ਇਨ੍ਹਾਂ ਕਾਲ ਸੈਂਟਰਾਂ ਵਿੱਚ ਕੌਣ ਕੰਮ ਕਰਦਾ ਹੈ?

ਵੀ.ਬੀ. ਬਰਾਦ ਨੇ ਦੱਸਿਆ, "ਇਨ੍ਹਾਂ ਕਾਲ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਗਰੈਜੂਏਟ ਭਾਵੇਂ ਨਾ ਹੋਣ ਪਰ ਇਨ੍ਹਾਂ ਦੀ ਅੰਗਰੇਜ਼ੀ 'ਤੇ ਚੰਗੀ ਪਕੜ ਹੈ।"

ਵੀ.ਬੀ. ਬਰਾਦ ਨੇ ਬੀਬੀਸੀ ਗੁਜਰਾਤੀ ਸੇਵਾ ਨੂੰ ਦੱਸਿਆ, "ਸੀਨੀਅਰ, ਨਵਿਆਂ ਨੂੰ ਆਪਣੇ ਕੋਲ ਬਿਠਾ ਕੇ ਸਿਖਾਉਂਦੇ ਹਨ। ਇਸ ਵਿੱਚ ਕੋਈ ਵਧੇਰੇ ਕੌਸ਼ਲ ਜਾਂ ਸਮਾਂ ਨਹੀਂ ਲਗਦਾ ਅਤੇ ਉਹ ਜਲਦੀ ਹੀ ਸਿੱਖ ਜਾਂਦੇ ਹਨ ਕਿਉਂਕਿ ਸਭ ਕੁਝ ਪਹਿਲਾਂ ਤੋਂ ਤਿਆਰ ਹੁੰਦਾ ਹੈ ਤੇ ਉਹ ਚਲਦੇ ਵਹਾਅ ਵਿੱਚ ਸ਼ਾਮਲ ਹੋ ਜਾਂਦੇ ਹਨ।"

ਇਸ ਨਾਲ ਉਨ੍ਹਾਂ ਨੂੰ ਮਹੀਨੇ ਦੇ 20,000 ਤੋਂ 60,000 ਰੁਪਏ ਦੀ ਆਮਦਨੀ ਹੋ ਜਾਂਦੀ ਹੈ। ਸ਼ੁਰੂਆਤੀ ਤਨਖ਼ਾਹ ਹੀ 15,000 ਰੁਪਏ ਦੇ ਲਗਭਗ ਹੈ।

ਉਨ੍ਹਾਂ ਨੇ ਬਸ ਹਰ ਫੋਨ ਕਾਲ ਤੇ ਲਿਖੀ-ਲਿਖਾਈ ਗੱਲ ਬੋਲਣੀ ਹੁੰਦੀ ਹੈ। ਕਾਲ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਇਨ੍ਹਾਂ ਲੋਕਾਂ ਨੂੰ ਅਮਰੀਕਾ ਦੇ ਰੈਵਨਿਊ ਡਿਪਾਰਟਮੈਂਟ ਦੇ ਕਈ ਅਹੁਦਿਆਂ ਬਾਰੇ ਵੀ ਦੱਸਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੇ ਆਪ ਨੂੰ ਇੰਟਰਨਲ ਰੈਵਨਿਊ ਸਰਵਿਸ ਦੇ ਅਫ਼ਸਰ ਦੱਸ ਕੇ ਗੱਲ ਕਰਦੇ ਹਨ।

ਪਹਿਲੀ ਕਾਲ ਕਰਨ ਵਾਲਿਆਂ ਨੂੰ 'ਕਾਲਰ' ਅਤੇ ਕੰਮ ਸਿਰੇ ਚਾੜਨ ਵਾਲਿਆਂ ਨੂੰ 'ਕਲੋਜ਼ਰਜ਼' ਕਿਹਾ ਜਾਂਦਾ ਹੈ।

Image copyright Getty Images
ਫੋਟੋ ਕੈਪਸ਼ਨ ਸਾਈਬਰ ਐਕਸਪਰਟ ਤੋਂ ਲੈ ਕੇ ਬੱਚਿਆਂ ਤੱਕ, ਹਰ ਉਮਰ ਦੇ ਲੋਕ ਅੱਜ ਹੈਕਿੰਗ ਦਾ ਹੁਨਰ ਦਿਖਾ ਰਹੇ ਹਨ

ਵੀ.ਬੀ. ਬਰਾਦ ਨੇ ਦੱਸਿਆ ਕਿ ਉਨ੍ਹਾਂ ਨੇ ਦੇਖਿਆ ਕਿ ਹਰ ਕਿਸੇ ਨੂੰ ਪਤਾ ਹੁੰਦਾ ਹੈ ਕਿ ਉਹ ਜੁਰਮ ਕਰ ਰਹੇ ਹਨ।

ਚੋਰੀ ਦੀ ਜਾਣਕਾਰੀ ਤੇ ਪਲਦਾ ਕਾਰੋਬਾਰ

ਜੇ ਤੁਹਾਡੇ ਬਾਰੇ ਜਾਣਕਾਰੀ ਸੌਖੀ ਨਾ ਮਿਲ ਜਾਂਦੀ ਹੋਵੇ ਤਾਂ ਇਹ ਕੰਮ ਨਹੀਂ ਕੀਤਾ ਜਾ ਸਕਦਾ। ਸਭ ਤੋਂ ਪਹਿਲਾਂ ਤਾਂ ਇਨ੍ਹਾਂ ਕਾਲ ਸੈਂਟਰਾਂ ਦੇ ਮਾਲਕ ਲੋਕਾਂ ਬਾਰੇ ਜਾਣਕਾਰੀ ਦੀ ਗੈਰ-ਕਾਨੂੰਨੀ ਖ਼ਰੀਦ ਕਰਦੇ ਹਨ। ਕਿਸੇ ਸੈਂਟਰ ਕੋਲ ਕਿੰਨਾ ਤੇ ਕਿਹੋ-ਜਿਹੀ ਜਾਣਕਾਰੀ ਹੈ, ਇਸੇ ਤੋਂ ਉਸ ਦਾ ਆਕਾਰ ਬਣਦਾ ਹੈ।

ਇਨ੍ਹਾਂ ਵਿੱਚ ਉਨ੍ਹਾਂ ਲੋਕਾਂ ਦੇ ਨਾਮ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੀਆਂ ਕਾਰਾਂ ਗੁਆਚੀਆਂ ਹੋਣ ਦੂਸਰੇ ਨੰਬਰ ਤੇ ਹੁੰਦੇ ਹਨ ਟੈਕਸ ਦੀ ਚੋਰੀ ਕਰਨ ਵਾਲੇ ਲੋਕ।

ਸਨੀ ਵਘੇਲਾ, ਸਾਈਬਰ ਜਾਂਚ ਪੜਤਾਲ ਦਾ ਕੰਮ ਕਰਨ ਵਾਲੀ ਕੰਪਨੀ ਟੈਕ ਡਿਫੈਂਸ ਦੇ ਸੀਓ ਹਨ। ਅਜਿਹੇ ਹਰ ਵਿਅਕਤੀ ਦੀ ਜਾਣਕਾਰੀ ਵੀਹ ਸੈਂਟ ਤੋਂ 1 ਅਮਰੀਕੀ ਡਾਲਰ ਵਿੱਚ ਵੇਚੀ ਜਾਂਦੀ ਹੈ। "ਮਿਸਾਲ ਵਜੋਂ ਜੇ ਕਿਸੇ ਵਿਅਕਤੀ ਦੀ ਜਾਣਕਾਰੀ ਪਹਿਲੀ ਵਾਰ ਵੇਚੀ ਜਾ ਰਹੀ ਹੈ ਤਾਂ ਉਸ ਦੀ ਕੀਮਤ ਹੋਵੇਗੀ- 1 ਡਾਲਰ।"

Image copyright Getty Images
ਫੋਟੋ ਕੈਪਸ਼ਨ ਸਾਈਬਰ ਅਪਰਾਧ ਜਾਂ ਹੈਕਿੰਗ ਹੁਣ ਇੱਕ ਵੱਡਾ ਕਾਰੋਬਾਰ ਬਣ ਗਿਆ ਹੈ

ਉਨ੍ਹਾਂ ਅੱਗੇ ਦੱਸਿਆ, "ਸ਼ਿਕਾਰ ਨੂੰ ਪਹਿਲੀ ਵਾਰ ਕਾਲ ਕਰਕੇ ਡਰਾਉਣ ਤੇ ਪੈਸੇ ਕਢਵਾ ਸਕਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਪਰ ਜਿਵੇਂ-ਜਿਵੇਂ ਡਾਟਾ ਅੱਗੇ ਤੋਂ ਅਗਲੇ ਕਾਲ ਸੈਂਟਰ ਕੋਲ ਜਾਂਦਾ ਹੈ, ਤਾਂ ਸ਼ਿਕਾਰ ਪੈਸੇ ਦੇਣ ਲਈ ਤਿਆਰ ਨਹੀਂ ਹੋਣਗੇ।"

ਵਘੇਲਾ ਨੇ ਦੱਸਿਆ, "ਡਾਟਾ ਹਾਸਲ ਕਰਨ ਦੇ ਤਿੰਨ ਤਰੀਕੇ ਹਨ, ਪਹਿਲਾ— ਕਿਸੇ ਏਜੰਟ ਰਾਹੀਂ। ਦੂਸਰਾ, ਹੈਕਰਾਂ ਰਾਹੀਂ, ਜੋ ਅਮਰੀਕਾ ਤੇ ਕੈਨੇਡਾ ਦੀਆਂ ਸਰਕਾਰੀ ਵੈਬਸਾਈਟਾਂ 'ਚ ਸੰਨ੍ਹ ਲਾਉਂਦੇ ਹਨ। ਇਨ੍ਹਾਂ ਹੈਕਰਾਂ ਕੋਲ ਲੋਕਾਂ ਦੇ ਸੋਸ਼ਲ ਸਕਿਊਰਿਟੀ ਨੰਬਰ ਵਗੈਰਾ ਹੁੰਦੇ ਹਨ। ਤੀਸਰਾ ਤਰੀਕਾ ਹੈ, ਈ-ਕਾਮਰਸ ਵੈਬਸਾਈਟਾਂ ਰਾਹੀਂ।"

ਇਹ ਲਿਖਤੀ ਰੂਪ ਵਿੱਚ, ਪੈਨ ਡਰਾਈਵਾਂ ਰਾਹੀਂ, ਹਾਰਡ ਡਿਸਕਾਂ ਅਤੇ ਕਲਾਊਡ ਸਟੋਰੇਜਾਂ ਰਾਹੀਂ ਇੱਕ ਤੋਂ ਦੂਜੇ ਤੱਕ ਪਹੁੰਚਾਇਆ ਜਾਂਦਾ ਹੈ।

ਜਾਣਕਾਰੀ ਦੀ ਗਲਤ ਵਰਤੋਂ ਕਿਵੇਂ ਕੀਤੀ ਜਾਂਦੀ ਹੈ ਇਸ ਦੀਆਂ ਕੁਝ ਮਿਸਾਲਾਂ, ਇੰਸਪੈਕਟਰ ਬਰਾਦ ਨੇ ਦਿੱਤੀਆਂ, " ਮਿਸਾਲ ਵਜੋਂ ਜਿਸ ਦੀ ਕਾਰ ਚੋਰੀ ਹੋਈ ਹੈ, ਉਸ ਕੋਲ ਫੋਨ ਆਵੇਗਾ ਕਿ ਪੁਲਿਸ ਨੂੰ ਕਾਰ ਦੀ ਪਿਛਲੀ ਸੀਟ ਤੇ ਖੂਨ ਦੇ ਧੱਬੇ ਮਿਲੇ ਹਨ। ਕਾਨੂੰਨੀ ਪਛੜਿਆਂ ਤੋਂ ਬਚਣ ਲਈ ਉਸ ਨੂੰ ਕੁਝ ਪੈਸੇ ਤਾਰਨੇ ਪੈਣਗੇ।"

ਵਾਇਆ ਚੀਨ ਪਹੁੰਚਦਾ ਹੈ ਪੈਸਾ

ਇਨ੍ਹਾਂ ਕਾਲ ਸੈਂਟਰਾਂ ਤੱਕ ਪੈਸਾ ਵਾਇਆ ਚੀਨ ਪਹੁੰਚਦਾ ਹੈ। ਸ਼ਿਕਾਰ ਨੂੰ ਇੱਕ ਗੂਗਲ ਪੇ ਕਾਰਡ ਖ਼ਰੀਦਣ ਲਈ ਕਿਹਾ ਜਾਂਦਾ ਹੈ। ਕਾਲ ਸੈਂਟਰ ਦਾ ਸਟਾਫ਼ ਚੀਨ ਵਿੱਚ ਦੁਕਾਨਦਾਰਾਂ ਨੂੰ ਕਾਰਡ ਦੇ ਨੰਬਰ ਭੇਜਦਾ ਹੈ।

ਬਰਾਦ ਦਾ ਕਹਿਣਾ ਹੈ ਕਿ ਇਹ ਦੁਕਾਨਦਾਰ ਵੀ ਸਿੰਡੀਕੇਟ ਦਾ ਹਿੱਸਾ ਹਨ, ਜਾਂ ਨਹੀਂ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਬਰਾਦ ਨੇ ਅੱਗੇ ਦੱਸਿਆ,"ਇਹ ਦੁਕਾਨਦਾਰ ਚੀਨੀ ਕਰੰਸੀ ਨੂੰ ਅਮਰੀਕੀ ਡਾਲਰ ਵਿੱਚ ਬਦਲਦੇ ਹਨ। ਬਦਲੇ ਵਿੱਚ ਕੁਲ ਵਟਾਂਦਰੇ ਦਾ 20 ਫੀਸਦੀ ਚਾਰਜ ਕਰਦੇ ਹਨ। ਚੀਨੀ ਕਰੰਸੀ ਹਵਾਲੇ ਰਾਹੀਂ ਕਾਲ ਸੈਂਟਰਾਂ ਦੇ ਖਾਤਿਆਂ ਵਿੱਚ ਭੇਜੇ ਜਾਂਦੀ ਹੈ। ਕਦੇ-ਕਦਾਈਂ ਇਸ ਕੰਮ ਵਿੱਚ ਚੀਨੀ ਦੁਕਾਨਦਾਰ ਨਾਲ ਕਾਰੋਬਾਰ ਕਰਨ ਵਾਲੇ ਭਾਰਤੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਹੈ।"

ਡੀਜੇ ਜਡੇਜਾ, ਅਹਿਮਾਦਾਬਾਦ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਵਿੱਚ ਸਬ ਇੰਸਪੈਕਟਰ ਹਨ। ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਹਾਲੇ ਅਸੀਂ ਵਿਚੋਲੀਏ ਨੂੰ ਫੜਨਾ ਹੈ, ਜੋ ਇਨ੍ਹਾਂ ਦੁਕਾਨਦਾਰਾਂ ਦੇ ਸਿੱਧੇ ਸੰਪਰਕ ਵਿੱਚ ਰਹਿੰਦਾ ਹੈ।"

ਇਹ ਵੀ ਪੜ੍ਹੋ:

ਉਨ੍ਹਾਂ ਮੁਤਾਬਕ ਹਾਲਾਂਕਿ ਭਾਰਤ ਤੋਂ ਚੱਲਣ ਵਾਲੇ ਇਨ੍ਹਾਂ ਕਾਲ ਸੈਂਟਰ ਵਾਲੇ ਇਨ੍ਹਾਂ ਵਿਚੋਲਿਆਂ ਦੇ ਸੰਪਰਕ ਵਿੱਚ ਹਨ।

ਇਨ੍ਹਾਂ ਨੂੰ ਫੜਨਾ ਮੁਸ਼ਕਿਲ ਕਿਉਂ ਹੈ?

ਇਨ੍ਹਾਂ ਵਿੱਚੋਂ ਬਹੁਤੇ ਕਾਲ ਸੈਂਟਰ ਛੋਟੀਆ-ਮੋਟੀਆਂ ਵਿੱਤੀ ਕੰਪਨੀਆਂ ਦੇ ਭੇਖ ਵਿੱਚ ਕੰਮ ਕਰਦੇ ਹਨ। ਪਹਿਲੀ ਨਜ਼ਰੇ ਤਾਂ ਇਹ ਕਿਸੇ ਵੀ ਹੋਰ ਸਧਾਰਨ ਕਾਲ ਸੈਂਟਰ ਵਰਗੇ ਹੀ ਲਗਦੇ ਹਨ। ਕਾਲ ਸੈਂਟਰਾਂ ਨੂੰ ਰਾਤ ਵਿੱਚ ਕੰਮ ਕਰਨਾ ਪੈਂਦਾ ਹੈ, ਇਹ ਇਸੇ ਦਾ ਫਾਇਦਾ ਚੁੱਕਦੇ ਹਨ ਅਤੇ ਬੰਦ ਦਰਵਾਜ਼ਿਆਂ ਪਿੱਛੇ ਆਪਣਾ 'ਅਸਲੀ ਕੰਮ' ਕਰਦੇ ਰਹਿੰਦੇ ਹਨ।

ਜਡੇਜਾ ਨੇ ਦੱਸਿਆ, "ਇਨ੍ਹਾਂ ਦੀ ਕਿਤੇ ਰਜਿਸਟਰੇਸ਼ਨ ਨਹੀਂ ਹੋਈ ਹੁੰਦੀ ਅਤੇ ਇਹ ਕਿਸੇ ਪੂਰੀ ਕੰਪਨੀ ਵਾਂਗ ਕੰਮ ਨਹੀਂ ਕਰਦੇ। ਇਨ੍ਹਾਂ ਕਾਲ ਸੈਂਟਰਾਂ ਵਿੱਚ ਕੰਮ ਕਰਨ ਵਾਲੇ ਲੋਕ ਚੰਗੇ ਪਹਿਰਾਵੇ ਵਾਲੇ, ਮਿੱਠ-ਬੋਲੜੇ ਅਤੇ ਆਮ ਤੌਰ 'ਤੇ ਨੌਜਵਾਨ ਹੁੰਦੇ ਹਨ।

ਇਹ ਡਾਟਾ ਅਤੇ ਲਿਖੀ-ਲਿਖਾਈ ਸਕਰਿਪਟ, ਕਲਾਊਡ ਸਰਵਰਾਂ 'ਤੇ ਰੱਖੇ ਜਾਂਦੇ ਹਨ। ਕਾਲ ਸੈਂਟਰਾਂ ਵਾਲੇ ਇਸ ਜਾਣਕਾਰੀ ਨੂੰ ਗੂਗਲ ਕਰੋਮ ਦੇ ਇਨਕੋਗਨੀਸ਼ੋ ਮੋਡ ਰਾਹੀਂ ਹਾਸਲ ਕਰਦੇ ਹਨ। ਹਾਲ ਹੀ ਵਿੱਚ ਫੜੇ ਗਏ ਕਾਲ ਸੈਂਟਰਾਂ ਵਿੱਚ ਦੇਖਿਆ ਗਿਆ ਕਿ ਇਹ ਲੋਕ ਅਮਰੀਕੀ ਨਾਗਰਿਕਾਂ ਦਾ ਜਾਣਕਾਰੀ ਹਾਸਲ ਕਰਨ ਲਈ ਪ੍ਰੌਕਸੀ ਸਰਵਰਾਂ ਦੀ ਵਰਤੋਂ ਕਰ ਰਹੇ ਸਨ।

Image copyright PAULA BRONSTEIN/GETTY IMAGES
ਫੋਟੋ ਕੈਪਸ਼ਨ ਪੈਸੇ ਦਾ ਲੈਣ-ਦੇਣ ਹਵਾਲਾ ਰਾਹੀਂ ਕੀਤਾ ਜਾਂਦਾ ਹੈ।

ਡਾਇਰੈਕਟ ਇਨਵਰਡ ਡਾਇਲਿੰਗ ਤਕਨੀਕ ਰਾਹੀਂ ਸਾਹਮਣੇ ਵਾਲੇ ਕੋਲ ਅਮਰੀਕਾ ਦਾ ਨੰਬਰ ਜਾਂਦਾ ਹੈ। ਜਿਸ ਨਾਲ ਉਸ ਨੂੰ ਭਰੋਸਾ ਹੋ ਜਾਂਦਾ ਹੈ ਕਿ ਫੋਨ ਅਮਰੀਕਾ ਤੋਂ ਹੀ ਆਈ ਹੈ ਤੇ ਅਸਲੀ ਹੈ।

ਇਸ ਤਕਨੀਕ ਨਾਲ ਇੱਕ ਹੀ ਫੋਨ ਲਾਈਨ ਨੂੰ ਇੱਕ ਤੋਂ ਵਧੇਰੇ ਨੰਬਰ ਦਿੱਤੇ ਜਾ ਸਕਦੇ ਹਨ। ਇਸ ਦਾ ਮਤਲਬ ਹੋਇਆ ਕਿ ਕੋਈ ਇਕੱਲਾ ਵਿਅਕਤੀ ਵੀ ਬਹੁਤ ਸਾਰੇ ਸ਼ਿਕਾਰਾਂ ਨੂੰ ਉਸੇ ਲਾਈਨ ਤੋਂ ਫੋਨ ਕਰ ਸਕਦਾ ਹੈ।

ਭਾਰਤ ਵਿੱਚ ਅਜਿਹੇ ਕੇਸਾਂ ਵਿੱਚ ਮੁਲਜ਼ਮਾਂ ਨੂੰ ਇਮਫਰਮੈਸ਼ਨ ਐਂਡ ਟੈਕਨੌਲਜੀ ਐਕਟ ਦੀਆਂ ਧਾਰਾਵਾਂ ਦੇ ਨਾਲ-ਨਾਲ ਭਾਰਤੀ ਦੰਡਾਵਲੀ ਦੀਆਂ ਫਿਰੌਤੀ (384), ਧੋਖਾਧੜੀ(420), ਅਤੇ ਝੂਠੀ ਪਛਾਣ (419) ਵਾਲੀਆਂ ਧਾਰਾਵਾਂ ਅਧੀਨ ਮੁਕੱਦਮੇ ਦਰਜ਼ ਕੀਤੇ ਜਾਂਦੇ ਹਨ।

ਜ਼ਿਆਦਾਤਰ ਸ਼ਿਕਾਰ ਕਿਉਂਕਿ ਅਮਰੀਕੀ ਹੁੰਦੇ ਹਨ ਇਸ ਲਈ ਪੁਲਿਸ ਨੂੰ ਸ਼ਿਕਾਇਤ ਹਾਸਲ ਕਰਨਾ ਔਖਾ ਹੋ ਜਾਂਦਾ ਹੈ। ਠੱਗੀ ਗਈ ਕੁਲ ਰਕਮ ਨਿਰਧਾਰਿਤ ਕਰਨਾ ਵੀ ਔਖਾ ਹੁੰਦਾ ਹੈ। ਇਸ ਕਾਰਨ ਮੁਲਜ਼ਮਾਂ ਨੂੰ ਸੌਖਿਆਂ ਹੀ ਜ਼ਮਾਨਤ ਮਿਲ ਜਾਂਦੀ ਹੈ।

ਅਹਿਮਦਾਬਾਦ ਪੁਲਿਸ ਹਾਲ ਹੀ ਵਿੱਚ ਭਾਰਤ ਵਿਚਲੀ ਅਮਰੀਕੀ ਅੰਬੈਲੀ ਰਾਹੀਂ ਐੱਫਬੀਆਈ ਨੂੰ ਸੰਭਾਵਿਤ ਸ਼ਿਕਾਰਾਂ ਦੀ ਇੱਕ ਸੂਚੀ ਮੁਹਈਆ ਕਰਵਾਈ ਹੈ। ਪੁਲਿਸ ਨੂੰ ਉਮੀਦ ਹੈ ਕਿ ਇਸ ਨਾਲ ਇਨ੍ਹਾਂ ਕਾਲ ਸੈਂਟਰਾਂ ਦੇ ਕੰਮ ਕਰਨ ਦੇ ਢੰਗਾਂ ਬਾਰੇ ਹੋਰ ਜਾਣਕਾਰੀ ਮਿਲ ਸਕੇਗੀ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)