#BBCPunjabiTownhall - ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇਸ ਲਈ ਖ਼ਤਰਨਾਕ : ਭਗਵੰਤ ਮਾਨ

ਆਮ ਆਦਮੀ ਪਾਰਟੀ

ਜਲੰਧਰ ਦੇ ਦੁਆਬਾ ਕਾਲਜ ਵਿਚ ਵੀਰਵਾਰ ਨੂੰ ਬੀਬੀਸੀ ਪੰਜਾਬੀ ਵਲੋਂ 'ਲੋਕ ਅਤੇ ਚੋਣਾਂ' ਮੁੱਦੇ ਉੱਤੇ ਕਰਵਾਈ ਚਰਚਾ ਦੌਰਾਨ ਜਿੱਥੇ ਪੰਜਾਬ ਦੀਆਂ ਮੁੱਖ ਸਿਆਸੀ ਧਿਰਾਂ ਦੇ ਆਗੂਆਂ ਨੇ ਆਪਣੇ ਚੋਣ ਏਜੰਡੇ ਸਾਂਝੇ ਕੀਤਾ, ਉੱਥੇ ਪੰਜਾਬ ਭਰ ਤੋਂ ਆਏ ਸਮਾਜਿਕ ਕਾਰਕੁਨਾਂ ਨੇ ਬੇਬਾਕੀ ਨਾਲ ਮੁਲਕ ਦੇ ਸਿਸਟਮ ਬਾਰੇ ਆਪਣੀ ਰਾਏ ਰੱਖੀ।

ਕਾਂਗਰਸ ਵੱਲੋਂ ਵਿਧਾਇਕ ਪਰਗਟ ਸਿੰਘ, ਭਾਜਪਾ ਤੋਂ ਮਨੋਰੰਜਨ ਕਾਲੀਆ, ਅਕਾਲੀ ਦਲ ਤੋਂ ਪਵਨ ਕੁਮਾਰ ਟੀਨੂ ਅਤੇ ਆਮ ਆਦਮੀ ਪਾਰਟੀ ਤੋਂ ਜੈ ਸਿੰਘ ਰੋੜੀ ਪਹੁੰਚੇ ਹਨ।

ਜਦਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਨੌਜਵਾਨਾਂ ਦੇ ਰੂਬਰੂ ਹੋ ਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ।

ਭਗਵੰਤ ਦਾ ਕੈਪਟਨ ਤੇ ਬਾਦਲ ਉੱਤੇ ਵਿਅੰਗ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘਰ ਘਰ ਨੌਕਰੀ ਦਾ ਵਾਅਦਾ ਯਾਦ ਕਰਵਾਉਂਦਿਆਂ ਕਿਹਾ ਘਰ ਘਰ ਨਾ ਸਹੀ ਇੱਕ ਇੱਕ ਘਰ ਛੱਡ ਕੇ ਹੀ ਦੇ ਦਿਓ।

ਪ੍ਰਕਾਸ਼ ਸਿੰਘ ਬਾਦਲ ਵੱਲੋਂ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੇ ਬਿਆਨ ਬਾਰੇ ਮਾਨ ਨੇ ਕਿਹਾ ਇਸ ਲਈ ਸਾਰਥਕ ਕਦਮਾਂ ਦੀ ਲੋੜ ਹੈ , ਬਿਆਨਾਂ ਨਾਲ ਕੁਝ ਨਹੀਂ ਹੋਣਾ।

ਭਗਵੰਤ ਮਾਨ ਨੇ ਕਿਹਾ, ਜੇਕਰ ਸੰਗਰੂਰ ਦੇ ਲੋਕਾਂ ਨੂੰ ਉਨ੍ਹਾਂ ਤੋਂ ਚੰਗਾ ਸੰਸਦ ਮੈਂਬਰ ਮਿਲਦਾ ਹੈ ਤਾਂ ਉਹ ਤਾਂ ਮੁੜ ਕੁਲ਼ਫ਼ੀ ਗਰਮ ਕਰ ਲੈਣਗੇ। ਭਗਵੰਤ ਮੁਤਾਬਕ ਉਨ੍ਹਾਂ ਨੂੰ ਹਰ ਮਹੀਨੇ ਖਰਚੇ ਲਈ ਦੋਸਤਾਂ ਤੋਂ ਉਧਾਰ ਮੰਗਣਾ ਪੈਂਦਾ ਹੈ।

ਆਮ ਆਦਮੀ ਪਾਰਟੀ ਕੀ ਗਲ਼ਤੀਆਂ ਸੁਧਾਰੇਗੀ

ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਨੇ ਕਿਹਾ ਕਿ ਪਾਰਟੀ ਪਹਿਲਾਂ ਵਾਂਗ ਗਲਤੀਆਂ ਕਰਨ ਤੋਂ ਬਚੇਗੀ ਅਤੇ ਉਹ ਲੋਕਾਂ ਦੇ ਆਗੂ ਬਣਨ ਦੀ ਬਜਾਇ ਸੇਵਕ ਬਣ ਕੇ ਕੰਮ ਕਰਨਗੇ।

ਭਗਵੰਤ ਮਾਨ ਨੇ ਕਿਹਾ, 'ਪਾਰਟੀ ਇੱਕ ਤਾਂ ਜੋ ਮੀਡੀਆ 'ਚ ਵਿਰੋਧੀ ਸਿਆਸੀ ਪਾਰਟੀਆਂ ਨੇ ਧਾਰਨਾ ਬੇਹੱਦ ਗ਼ਲਤ ਬਣਾ ਦਿੱਤੀ ਹੈ, ਉਸ ਤੋਂ ਅਤੇ ਦੂਜਾ ਟਿਕਟਾਂ ਦੀ ਵੰਡ ਲਈ ਕੋਸ਼ਿਸ਼ ਕੀਤੀ ਜਾਵੇ ਕਿ ਸਮਰਪਿਤ ਉਮੀਦਵਾਰਾਂ ਨੂੰ ਹੀ ਟਿਕਟ ਦਿੱਤੀ ਜਾਵੇ।

ਨਵੀਂ ਪਾਰਟੀ ਹੋਣ ਕਾਰਨ ਮੀਡੀਆ ਵਿਚ ਧਾਰਨਾ ਬਣਾ ਦਿੱਤੀ ਕਿ ਖਾਲਿਸਤਾਨੀ ਸਮਰਥਕ ਹਨ ਅਤੇ ਕੁਝ ਦੂਜੀਆਂ ਪਾਰਟੀਆਂ ਦੇ ਪਾਰਟੀ ਵਿਚ ਆਏ ਆਗੂਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਨਵੇਂ ਇਨਕਲਾਬ ਨੂੰ ਛੇਤੀ ਆਪਣਾਉਂਦੇ ਹਨ । ਪੰਜਾਬ ਦੀ ਜਨਤਾ ਨੇ ਸਾਨੂੰ ਚੌਕੀਦਾਰ ਥਾਪਿਆ ਹੈ ਸਰਕਾਰ ਦੇ ਕੰਮਾਂ 'ਤੇ ਨਜ਼ਰ ਰੱਖਣ ਲਈ , ਸਾਡਾ ਕੰਮ ਹੈ ਕਿ ਸਰਕਾਰ ਦੇ ਕੰਮਾਂ ਜਾਂ ਲੋਕਾਂ ਦੀ ਮੁਸ਼ਕਲਾਂ ਵਿਚਾਲੇ ਕੰਮ ਕਰਨਾ ।

ਭਗਵੰਤ ਮਾਨ ਕਹਿੰਦੇ ਹਨ, "ਮੈਂ ਰਾਜਨੀਤੀ ਨੂੰ ਧੰਦਾ ਬਣਾਉਣ ਨਹੀਂ ਆਇਆ ਜਾਂ ਪੈਸੇ ਕਮਾਉਣ ਨਹੀਂ ਆਇਆ।"

ਦਲ ਨਹੀਂ ਦੇਸ ਅਹਿਮ ਹੈ

ਕੇਜਰੀਵਾਲ ਦੀਆਂ ਕਾਂਗਰਸ ਨਾਲ ਗਠਜੋੜ ਦੀਆਂ ਅਪੀਲਾਂ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ, ''ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇਸ਼ ਲਈ ਖ਼ਤਰਨਾਕ ਹੈ, ਸਾਡੇ ਲਈ ਦੇਸ਼ ਪਹਿਲਾਂ ਹੈ ਪਾਰਟੀ ਬਾਅਦ ਵਿਚ। ਜੇਕਰ ਸਾਨੂੰ ਲੱਗਿਆ ਕਿ ਦੇਸ ਹਿੱਤ ਲਈ ਪਾਰਟੀ ਨੂੰ ਖ਼ਤਮ ਕਰਨਾ ਪਵੇਗਾ ਤਾਂ ਅਸੀਂ ਉਹ ਵੀਂ ਕਰ ਸਕਦੇ ਹਾਂ''।

ਫੋਟੋ ਕੈਪਸ਼ਨ ਲੋਕਾਂ ਅਤੇ ਚੋਣਾਂ ਪ੍ਰੋਗਰਾਮ ਤਹਿਤ ਲੋਕਾਂ ਦੇ ਮੁੱਦਿਆਂ ਬਾਰੇ ਗੱਲਬਾਤ ਹੋ ਰਹੀ ਹੈ

ਚੋਣਾਂ ਮੇਲਾ ਨਹੀਂ ਹੁੰਦੀਆਂ - ਪਵਨ ਟੀਨੂੰ

“ਚੋਣਾਂ ਕੋਈ ਮੇਲਾ ਨਹੀਂ ਹੁੰਦਾ ਕਿਉਂਕਿ ਮੇਲਾ ਤਾਂ ਟਾਈਮ ਪਾਸ ਹੁੰਦਾ ਹੈ ਪਰ ਚੋਣਾਂ ਵਿੱਚ ਵੋਟ ਪਾਉਣਾ ਇੱਕ ਸੰਜੀਦਾ ਮੁੱਦਾ ਹੈ।”

ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਆਦਮਪੁਰ ਤੋਂ ਵਿਧਾਇਕ ਪਵਨ ਕੁਮਾਰ ਟੀਨੂ ਦਾ।

ਪਵਨ ਕੁਮਾਰ ਟੀਨੂ ਨੇ ਕਿਹਾ, "ਕਾਂਗਰਸ ਵੱਲੋਂ ਘਰ -ਘਰ ਨੌਕਰੀਆਂ ਦੇਣ ਦਾ ਵਾਅਦਾ ਸਹੀ ਨਹੀਂ ਹੈ। ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ 1.25 ਲੱਖ ਨੌਕਰੀਆਂ ਦਿੱਤੀਆਂ ਗਈਆਂ ਸਨ।"

ਪਰਗਟ ਸਿੰਘ ਨੇ ਇਸ ਪ੍ਰੋਗਰਾਮ ਵਿੱਚ ਕਿਹਾ, “ਮੈਂ ਇੱਕ ਸਰਵੇ ਕਰਵਾਇਆ ਹੈ ਜਿਸ ਵਿੱਚ ਪਤਾ ਲਗਿਆ ਹੈ ਕਿ ਪੰਜਾਬ ਵਿੱਚ ਹਰ ਸਾਲ 25,000 ਇੰਜੀਨੀਅਰ ਬਣਦੇ ਹਨ ਪਰ ਉਨ੍ਹਾਂ ਵਿੱਚੋਂ ਕੇਵਲ 500 ਇੰਜੀਨੀਅਰਾਂ ਨੂੰ ਨੌਕਰੀ ਮਿਲਦੀ ਹੈ।”

ਉਨ੍ਹਾਂ ਅੱਗੇ ਕਿਹਾ, "ਅਸੀਂ 7.5 ਲੱਖ ਨੌਕਰੀਆਂ ਦਿੱਤੀਆਂ ਹਨ।"

ਭਾਜਪਾ ਆਗੂ ਮਨੋਰੰਜਨ ਕਾਲੀਆ ਨੇ ਕਿਹਾ, “ਕਾਂਗਰਸ ਨੇ ਲੋਕਾਂ ਨੂੰ ਘਰ - ਘਰ ਨੌਕਰੀ ਦੇ ਸੁਪਨੇ ਦਿਖਾ ਦਿੱਤੇ ਪਰ ਇਨ੍ਹਾਂ ਨੌਕਰੀਆਂ ਬਾਰੇ ਕੋਈ ਤਫਸੀਲ ਨਹੀਂ ਦੱਸੀ।”

ਆਮ ਆਦਮੀ ਪਾਰਟੀ ਦੇ ਆਗੂ ਜੈ ਸਿੰਘ ਰੋੜੀ ਨੇ ਕਿਹਾ ਕਿ ਪੰਜਾਬ ਵਿੱਚ ਲੋਕਹਿਤ ਨਹੀਂ ਮਾਫੀਆ ਰਾਜ ਕਰ ਰਿਹਾ ਹੈ। ਪੜ੍ਹੇ-ਲਿਖੇ ਨੌਜਵਾਨ ਬੇਰੁਜ਼ਗਾਰ ਹਨ।

ਜੈ ਸਿੰਘ ਰੋੜੀ ਨੇ ਜਦੋਂ ਕਿਹਾ ਕਿ ਸ਼ਰਾਬ ਵਾਸਤੇ ਕਾਰਪੋਰੇਸ਼ਨ ਬਣਨਾ ਚਾਹੀਦਾ ਹੈ ਤਾਂ ਮਨੋਰੰਜਨ ਕਾਲੀਆ ਨੇ ਉਨ੍ਹਾਂ ਤੋਂ ਸਵਾਲ ਕੀਤਾ, ਕੀ ਸਰਕਾਰ ਸ਼ਰਾਬ ਕਿਉਂ ਵੇਚੇ।

ਇਸ ਸਵਾਲ ਦੇ ਜਵਾਬ ਵਿੱਚ ਰੋੜੀ ਨੇ ਕਿਹਾ, “ਕੀ ਤੁਸੀਂ ਪੰਜਾਬ ਰੋਡਵੇਜ਼ ਦਾ ਨਿੱਜੀਕਰਨ ਕਰੋਗੇ?”

ਕੁਝ ਦੇਰ ਵਿੱਚ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨਗੇ।

'ਪਾਰਟੀਆਂ ਝੂਠੇ ਲਾਰੇ ਨਾ ਲਾਉਣ'

ਪਵਨ ਕੁਮਾਰ ਟੀਨੂੰ ਨੇ ਕਿਹਾ, "ਬੱਚਿਆਂ ਦਾ ਸਿਰਫ਼ ਸਰਟੀਫਿਕੇਟ ਜਾਂ ਡਿਗਰੀ ਨਾਲ ਕੁਝ ਨਹੀਂ ਹੋਣਾ। ਉਨ੍ਹਾਂ ਨੂੰ ਕੁਝ ਸਮਝ ਵੀ ਹੋਣੀ ਚਾਹੀਦੀ ਹੈ। ਸਿੱਖਿਆ ਵਿੱਚ ਬਦਲਾਅ ਦੀ ਲੋੜ ਹੈ। ਜਿਸ ਨਾਲ ਬੱਚਾ ਬੇਰੁਜ਼ਗਾਰ ਹੋਵੇ ਹੀ ਨਾ। ਉਸ ਕੋਲ ਕੋਈ ਸਕਿਲ ਹੋਣੀ ਚਾਹੀਦੀ ਹੈ।"

ਸਿੱਖਿਆ ਦਾ ਮਤਲਬ ਸਿਰਫ਼ ਸਰਕਾਰੀ ਨੌਕਰੀ ਵਾਸਤੇ ਪੱਲਾ ਨਾ ਅੱਡਣਾ ਪਏ।

ਸਰਕਾਰ ਬਣ ਗਈ ਪਰ ਨੌਕਰੀ ਨਹੀਂ ਦੇ ਸਕੀ, ਸਮਾਰਟਫੋਨ ਦਾ ਵਾਅਦਾ ਕੀਤਾ ਪਰ ਨਹੀਂ ਦਿੱਤੇ।

ਸਨਅਤ ਨੂੰ ਪੰਜਾਬ ਵਿੱਚ ਲਿਆਉਣ ਦੀ ਲੋੜ ਹੈ। ਕੀ ਅਸੀਂ ਪੰਜਾਬ ਵਿੱਚ ਸਨਅਤ ਨਹੀਂ ਲਿਆ ਸਕਦੇ ਜਿੱਥੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਹੋਵੇ।

ਪਹਿਲਾਂ ਕਾਰੋਬਾਰ ਸ਼ੁਰੂ ਕਰਨ ਬਾਰੇ ਸਕਿੱਲ ਦਿਉ ਫਿਰ ਵੱਡੇ ਲੋਨ ਬੱਚਿਆਂ ਨੂੰ ਦਿਉ।

ਪਰਗਟ ਸਿੰਘ ਨੇ ਕਿਹਾ ਦੇਸ ਚੰਦ ਪੂੰਜੀਪਤੀਆਂ ਦੀ ਕਠਪੁਤਲੀ ਬਣ ਗਿਆ ਹੈ।

"ਮੈਂ ਸਿਰਫ਼ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ, ਆਪਣੀ ਪਾਰਟੀ ਉੱਤੇ ਵੀ ਸਵਾਲ ਚੁੱਕ ਰਿਹਾ ਹਾਂ।"

"ਪਾਰਟੀਆਂ ਉੱਤੇ ਲੋਕਾਂ ਦਾ ਵਿਸ਼ਵਾਸ ਇੰਨਾ ਘੱਟਦਾ ਜਾ ਰਿਹਾ ਹੈ ਕਿ ਕਈ ਵਾਰੀ ਪਾਰਟੀਆਂ ਡਰਦੀਆਂ ਹਨ ਕਿ ਕਿਤੇ ਨੋਟਾ ਦੀ ਵਰਤੋਂ ਹੀ ਵਧੇਰੇ ਨਾ ਹੋ ਜਾਵੇ।"

ਸਾਡੀ ਮਾਨਸਿਕਤਾ ਸਰਕਾਰੀ ਨੌਕਰੀ ਦੀ ਹੈ

ਮਨੋਰੰਜਨ ਕਾਲੀਆ ਨੇ ਕਿਹਾ ਅੱਜ ਵੀ ਸਾਡੀ ਮਾਨਸਿਕਤਾ ਸਰਕਾਰੀ ਨੌਕਰੀ ਦੀ ਹੈ। ਨੌਕਰੀਆਂ ਜੀਡੀਪੀ ਵਧੇ, ਇਨਫਲੇਸ਼ਨ ਘਟੇ ਤਾਂ ਨੌਕਰੀਆਂ ਵੱਧਦੀਆਂ ਹਨ।

ਉਨ੍ਹਾਂ ਕਿਹਾ ਕਿ ਸਰਕਾਰੀ ਨੌਕਰੀਆਂ ਹਰ ਇੱਕ ਨੂੰ ਨਹੀਂ ਮਿਲ ਸਕਦੀਆਂ।

"ਵਿਕਾਸ ਦਰ ਵਧਣਾ ਚਾਹੀਦਾ ਹੈ। ਮੌਜੂਦਾ ਭਾਰਤ ਸਰਕਾਰ ਨੇ ਵਧਾਇਆ ਹੈ। ਇਨਫਲੇਸ਼ਨ ਕੰਟਰੋਲ ਕੀਤੀ ਹੈ।"

"ਹਰੇਕ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਸਕਿੱਲ ਉੱਤੇ ਜ਼ੋਰ ਦੇਣ ਦੀ ਲੋੜ ਹੈ। ਸਮੇਂ ਦੇ ਅਨੁਸਾਰ ਸਿੱਖਿਆ ਦੇਣੀ ਚਾਹੀਦੀ ਹੈ।"

ਕੁੜੀਆਂ ਦੀ ਸੁਰੱਖਿਆ ਬਾਰੇ

ਪਰਗਟ ਸਿੰਘ ਨੇ ਕਿਹਾ, "ਪੰਚਾਇਤਾਂ ਤੇ ਨਗਰ ਨਿਗਮ ਵਿੱਚ ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਕੀਤਾ ਪਰ ਹਾਲੇ ਸਮਾਜ ਨੂੰ ਹੋਰ ਸੁਹਿਰਦ ਕਰਨ ਦੀ ਲੋੜ ਹੈ।"

ਮਨੋਰੰਜਨ ਕਾਲੀਆ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਹਿਲੀ ਵਾਰੀ ਮਹਿਲਾ ਕਾਂਸਟੇਬਲ ਭਰਤੀ ਕੀਤੇ, ਮਹਿਲਾ ਥਾਣੇ ਬਣੇ।

ਉੱਥੇ ਹੀ ਜੈ ਸਿੰਘ ਰੋੜੀ ਦਾ ਕਹਿਣਾ ਸੀ ਕਿ ਐਨਆਰਆਈ ਵਿੰਗ ਵਿੱਚ ਰੋਜ਼ਾਨਾ ਕੁੜੀਆਂ ਸ਼ਿਕਾਇਤਾਂ ਲੈ ਕੇ ਆਉਂਦੀਆਂ ਹਨ। ਆਉਣ ਵਾਲੀ ਵਿਧਾਨ ਸਭ ਵਿੱਚ ਇਸ ਮੁੱਧੇ ਉੱਤੇ ਵੀ ਗੱਲਬਾਤ ਕਰਾਂਗੇ।

ਪਵਨ ਕੁਮਾਰ ਟੀਨੂ ਨੇ ਕਿਹਾ, ਸਾਨੂੰ ਚਾਹੀਦਾ ਹੈ ਕਿ ਆਪਣੇ ਮੁੰਡਿਆਂ ਨੂੰ ਸਮਝਾਈਏ" ਸਾਨੂੰ 8ਵੀਂ ਤੋਂ 10ਵੀ ਕਲਾਸ ਵਿੱਚ ਕਾਨੂੰਨ ਬਾਰੇ ਵੀ ਸਿਖਾਉਣਾ ਚਾਹੀਦਾ ਹੈ।"

ਕਿਸਾਨਾਂ ਲਈ ਪਾਰਟੀਆਂ ਕੀ ਕਰ ਰਹੀਆਂ ਹਨ?

ਕਾਂਗਰਸ ਦੇ ਪਵਨ ਕੁਮਾਰ ਟੀਨੂ ਨੇ ਕਿਹਾ ਕਿ ਖੇਤੀਬਾੜੀ ਦੀ ਮੁਸ਼ਕਿਲ ਸਿਰਫ਼ ਪੰਜਾਬ ਦੀ ਨਹੀਂ। ਸਰਕਾਰ ਨੇ ਕਿਸਾਨਾਂ ਦੀ 6.5 ਹਜ਼ਾਰ ਕਰੋੜ ਦੀ ਮਦਦ ਕੀਤੀ । ਹਰਿਆਣਾ, ਦਿੱਲੀ, ਮੱਧ ਪ੍ਰਦੇਸ਼ ਨਹੀਂ ਕਰ ਸਕਿਆ।

ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਹੋਰ ਫਸਲਾਂ ਵੱਲ ਮੋੜਿਆ। ਨਵੀਆਂ ਸ਼ੂਗਰ ਮਿਲਾਂ ਖੋਲ੍ਹੀਆਂ।

ਭਾਜਪਾ ਨੇਤਾ ਮਨਰੰਜਨ ਕਾਲੀਆ ਦਾ ਕਹਿਣਾ ਹੈ ਕਿ ਕਰੋਪ ਡਾਈਵਰਸੀਫਿਕੇਸ਼ਨ ਨਹੀਂ ਹੋ ਪਾਉਂਦਾ ਕਿਉਂਕਿ ਐਮਐਸਪੀ ਪੈਡੀ ਦੀ ਹੁੰਦੀ ਹੈ, ਕਿਸਾਨ ਖ਼ਤਰਾ ਨਹੀਂ ਲੈਣਾ ਚਾਹੁੰਦਾ।

ਜੈ ਸਿੰਘ ਰੋੜੀ ਨੇ ਇਹ ਦੱਸਿਆ ਕਿ ਦਿੱਲੀ ਵਿੱਚ 'ਆਪ' ਨੇ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿੱਤੀ ਹੈ ਅਤੇ ਜੇ ਪੰਜਾਬ ਵਿੱਚ ਸਰਕਾਰ ਆਈ ਤਾਂ ਇੱਤੇ ਵੀ ਕਰਨਗੇ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)