ਲੋਕ ਸਭਾ ਚੋਣਾਂ-2019 - 'ਬੇਰੁਜ਼ਗਾਰੀ ਤੇ ਗੁਰਬਤ 'ਚ ਵਿਆਹ ਕਰਵਾਉਣ ਦਾ ਖ਼ਿਆਲ ਹੀ ਨਹੀਂ ਰਿਹਾ'
- ਖੁਸ਼ਹਾਲ ਲਾਲੀ
- ਬੀਬੀਸੀ ਪੱਤਰਕਾਰ
''ਮੇਰਾ ਪਰਿਵਾਰ '84 ਕਤਲੇਆਮ ਦਾ ਪੀੜਤ ਪਰਿਵਾਰ ਹੈ। ਅਸੀਂ ਆਪਣੇ ਜੱਦੀ ਪਿੰਡ ਬੜਵਾ ਆ ਗਏ। ਉਜਾੜੇ ਤੋਂ ਬਾਅਦ ਪਿਤਾ ਕੋਲ ਮਜ਼ਦੂਰੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਉੱਤੇ ਹੋਰ ਮਾਰ ਪਈ ਕਿ ਉਨ੍ਹਾਂ ਦਾ ਇੱਕ ਹੱਥ ਕੱਟਿਆ ਗਿਆ, ਤੇ ਗੁਜ਼ਾਰੇ ਦਾ ਬੋਝ ਮੇਰੇ ਉੱਤੇ ਆ ਗਿਆ''।
ਆਪਣੇ ਹਾਲਾਤ ਦੱਸਦੀ-ਦੱਸਦੀ ਸ਼ਲਿੰਦਰ ਕੌਰ ਭਾਵੁਕ ਹੋ ਗਈ। ਰੋਪੜ ਦੇ ਪਿੰਡ ਬੜਵਾ ਦੀ ਰਹਿਣ ਵਾਲੀ ਸ਼ਲਿੰਦਰ ਉਨ੍ਹਾਂ ਲੋਕਾਂ ਵਿੱਚੋਂ ਹੈ, ਜਿਨ੍ਹਾਂ ਦੀ ਕਹਾਣੀ ਰਾਹੀ ਬੀਬੀਸੀ ਨੇ ਪੰਜਾਬ ਦੇ ਨੌਜਵਾਨਾਂ ਦੇ ਹਾਲਾਤ, ਆਸਾਂ ਤੇ ਉਮੀਦਾਂ ਬਾਰੇ ਜਾਣਿਆ।
.......................................................................................................
ਕੀ ਹੈ ਬੀਬੀਸੀ ਰਿਵਰ ਸਟੋਰੀਜ਼
ਲੋਕ ਸਭਾ ਚੋਣਾਂ 2019 ਦਾ ਚੋਣ ਪ੍ਰਚਾਰ ਚੱਲ ਰਿਹਾ ਹੈ, ਕਈ ਤਰ੍ਹਾਂ ਦੇ ਮੁੱਦੇ ਸਿਆਸੀ ਚਰਚਾ ਦਾ ਕੇਂਦਰ ਬਣ ਰਹੇ ਹਨ। ਬੀਬੀਸੀ ਵੱਲੋਂ ਪੂਰੇ ਭਾਰਤ ਵਿਚ ਦਰਿਆਵਾਂ ਦੇ ਕੰਢਿਆਂ ਉੱਤੇ ਵਸੇ ਪਿੰਡਾਂ ਅਤੇ ਸ਼ਹਿਰਾਂ ਵਿਚ ਜਾ ਕੇ ਆਮ ਲੋਕਾਂ ਦੇ ਮਸਲਿਆਂ ਦੀ ਖੋਜ ਖ਼ਬਰ ਲਈ ਗਈ। ਇਸ ਵਿੱਚ ਵੱਖ ਵੱਖ ਵਰਗਾਂ ਦੇ ਆਮ ਲੋਕਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਮੁੱਦਿਆਂ ਅਤੇ ਆਸਾਂ ਬਾਰੇ ਦਸਤਾਵੇਜ਼ੀ ਫ਼ਿਲਮਾਂ ਤਿਆਰ ਕੀਤੀਆਂ ਗਈਆਂ ਹਨ। ਪੰਜਾਬ ਵਿਚ ਇਹ ਦਸਤਾਵੇਜ਼ੀ ਫ਼ਿਲਮ ਸਤਲੁਜ ਦੇ ਕੰਢੇ ਬਣਾਈ ਗਈ ਹੈ।
ਬੀਬੀਸੀ ਪੰਜਾਬੀ ਦੀ ਟੀਮ ਨੇ ਪੰਜਾਬ ਦੇ ਸਤਲੁਜ ਕੰਢੇ ਵਸੇ ਪਿੰਡਾਂ, ਕਸਬਿਆਂ ਵਿਚ ਜਾ ਕੇ ਨੌਜਵਾਨ ਮੁੰਡਿਆਂ ਤੇ ਕੁੜੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਮਸਲਿਆਂ ਅਤੇ ਉਮੀਦਾਂ ਬਾਰੇ ਜਾਣਿਆ। 'ਬੀਬੀਸੀ ਰਿਵਰ ਸਟੋਰੀਜ਼' ਵਿਸ਼ੇਸ਼ ਲੜੀ ਤਹਿਤ 'ਪੰਜਾਬ: ਸੁੱਕਦੇ ਪਾਣੀ ਤੇ ਰੁਲ਼ਦੀ ਜਵਾਨੀ' ਦੇ ਸਿਰਲੇਖ ਹੇਠ ਦਸਤਾਵੇਜ਼ੀ ਫਿਲਮ ਦੇ ਰੂਪ ਵਿਚ ਨੌਜਵਾਨਾਂ ਦੀਆਂ ਭਾਵਨਾਵਾਂ ਨੂੰ ਪੇਸ਼ ਕੀਤਾ।
.......................................................................................................
ਸ਼ਲਿੰਦਰ ਕੌਰ ਸਿਲਾਈ ਟੀਚਰ ਹੈ ਪਰ ਰੁਜ਼ਗਾਰ ਨਾ ਮਿਲਣ ਕਾਰਨ ਉਹ ਛੋਟੇ- ਮੋਟੇ ਕੰਮਾਂ ਰਾਹੀ ਗੁਜ਼ਾਰਾ ਕਰਦੀ ਹੈ।
ਸ਼ਲਿੰਦਰ ਕੌਰ ਕਹਿੰਦੀ ਹੈ, ''ਪੜ੍ਹ ਲਿਖ ਕੇ ਸੋਚਿਆ ਸੀ ਹੁਣ ਹਾਲਾਤ ਸੁਧਰ ਜਾਣਗੇ, ਪਰ ਨੌਕਰੀ ਮਿਲੀ 750 ਰੁਪਏ ਮਹੀਨੇ ਦੀ,ਜਦੋਂ ਉਸ ਤਨਖ਼ਾਹ ਵਧਾਉਣ ਲਈ ਸੰਘਰਸ਼ ਕੀਤਾ ਤਾਂ ਉਹ ਸਕੀਮ ਵੀ ਸਰਕਾਰ ਨੇ ਬੰਦ ਕਰ ਦਿੱਤੀ। ਮਿਹਨਤ ਮਜ਼ਦੂਰੀ ਨਾਲ ਦੋ ਭੈਣ-ਭਾਈ ਨੂੰ ਪੜ੍ਹਾਇਆ, ਪੋਸਟ ਗਰੈਜੂਏਟ ਹੋਣ ਦੇ ਬਾਵਜੂਦ ਉਹ ਵੀ ਬੇਰੁਜ਼ਗਾਰ ਹੀ ਰਹੇ।''
ਪਰਿਵਾਰ ਚਲਾਉਣ ਦੀਆਂ ਦੁਸ਼ਵਾਰੀਆਂ ਵਿਚ ਇਹ ਵੀ ਖ਼ਿਆਲ਼ ਨਹੀਂ ਰਿਹਾ ਕਿ ਵਿਆਹ ਵੀ ਕਰਵਾਉਣਾ ਸੀ
ਸ਼ਲਿੰਦਰ ਕੌਰ ਅੱਗੇ ਦੱਸਦੀ ਹੈ, ''ਪਰਿਵਾਰ ਚਲਾਉਣ ਦੀਆਂ ਦੁਸ਼ਵਾਰੀਆਂ ਵਿਚ ਇਹ ਵੀ ਖ਼ਿਆਲ਼ ਨਹੀਂ ਰਿਹਾ ਕਿ ਵਿਆਹ ਵੀ ਕਰਵਾਉਣਾ ਸੀ, ਹੁਣ 40 ਸਾਲ ਨੂੰ ਢੁੱਕ ਗਈ ਹਾਂ, ਸੋਚਦੀ ਹਾਂ ਜਦੋਂ ਹੱਥ-ਪੈਰ ਚੱਲਣ ਬੰਦ ਹੋ ਗਏ ਤਾਂ ਮੇਰਾ ਕੀ ਬਣੇਗਾ, ਕੌਣ ਸਾਂਭੇਗਾ, ਪਤਾ ਨਹੀਂ। ''
ਸ਼ਲਿੰਦਰ ਵਰਗੀ ਹੀ ਕਹਾਣੀ ਨੂਰਪੁਰ ਬੇਦੀ ਦੇ ਦਵਿੰਦਰ ਕੁਮਾਰ ਦੀ ਹੈ। ਦਵਿੰਦਰ ਈਟੀਟੀ ਅਤੇ ਐੱਮਏ ਬੀਐੱਡ ਹੈ, ਪਰ ਨੌਕਰੀ ਮਿਲੀ ਹੈ, 2500 ਰਪਏ ਦੀ।
'ਆਪਣੇ ਆਪ ਤੇ ਰੋਣਾਂ ਆਉਂਦਾ ਐ'
''ਦਵਿੰਦਰ ਬਹੁਤ ਹੀ ਗਰੀਬ ਪਰਿਵਾਰ ਦਾ ਮੁੰਡਾ ਹੈ, ਉਹ ਦੱਸਦਾ ਹੈ, '' ਵਣ ਤੋਂ ਜਾ ਕੇ ਲੱਕੜਾਂ ਵੱਢ ਕੇ ਲਿਆਉਣੀਆਂ ਅਤੇ ਵੇਚ ਕਿ ਸਕੂਲ ਅਤੇ ਕਾਲਜਾਂ ਦੀ ਫ਼ੀਸ ਤਾਰਨੀ। ਸੋਚਿਆ ਸੀ ਪੜ੍ਹ ਲਿਖ ਕੇ ਪਰਿਵਾਰ ਨੂੰ ਗੁਰਬਤ ਵਿੱਚੋਂ ਕੱਢਾਂਗੇ ਪਰ ਅਫ਼ਸੋਸ ਅਜਿਹਾ ਹੋ ਨਹੀਂ ਸਕਿਆ ।''
''ਮਨ ਬਹੁਤ ਦਖਦਾ ਹੈ, ਆਪਣੇ ਆਪ ਉੱਤੇ ਰੋਣਾਂ ਵੀ ਆਉਂਦਾ ਹੈ, ਪਰ ਕੀ ਕਰੀਏ, ਭੱਜ ਕੇ ਵੀ ਕਿੱਧਰੇ ਜਾ ਨਹੀਂ ਸਕਦਾ । ਦੋ ਭਰਾ ਦੂਜੇ ਸ਼ਹਿਰਾਂ ਵਿੱਚ ਪੱਲੇਦਾਰੀ ਕਰਦੇ ਹਨ। ਮੈਂ ਤਾਂ ਉਹ ਵੀ ਨਹੀਂ ਕਰ ਸਕਦਾ। ਮਾਂ- ਬਾਪ ਬਜ਼ੁਰਗ ਨੇ ਉਨ੍ਹਾਂ ਦੀ ਦਵਾ-ਦਾਰੂ ਬੜੀ ਔਖੀ ਚੱਲਦੀ ਹੈ।''
'' ਜਿਨ੍ਹਾਂ ਕੋਲ ਸ਼ਿਫ਼ਾਰਿਸ਼ਾਂ ਸਨ ਜਾਂ ਪੈਸੇ ਸਨ , ਉਨ੍ਹਾਂ ਨੂੰ ਤਾਂ ਨੌਕਰੀ ਮਿਲ ਗਈ ਪਰ ਸਾਡੇ ਵਰਗਿਆਂ ਦੀ ਸਾਰ ਕੌਣ ਲੈਂਦਾ ਹੈ।''
ਸੋਚਿਆ ਸੀ ਪੜ੍ਹ ਲਿਖ ਕੇ ਪਰਿਵਾਰ ਨੂੰ ਗੁਰਬਤ ਵਿੱਚੋਂ ਕੱਢਾਂਗੇ ਪਰ ਅਫ਼ਸੋਸ ਅਜਿਹਾ ਹੋ ਨਹੀਂ ਸਕਿਆ
ਪੰਜਾਬ ਸਰਕਾਰ ਦੇ ਦਾਅਵਿਆਂ ਦੀ ਸੱਚਾਈ
ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਹਰ ਰੋਜ਼ 700 ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਦਾਅਵਾ ਕਰਦੀ। ਸਰਕਾਰ ਦੇ ਦਾਅਵੇ ਮੁਤਾਬਕ ਪਿਛਲੇ ਦੋ ਸਾਲਾਂ ਵਿਚ 4 ਲੱਖ 13 ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ ਅਤੇ ਮਾਰਚ 2019 ਤੱਕ 5 ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ।
ਇਸ ਰਿਪੋਰਟ ਮੁਤਾਬਕ ਸੂਬੇ ਵਿਚ ,ਸਿਰਫ਼ 3.18 ਲੱਖ ਨੌਜਵਾਨਾਂ ਨੇ ਰੁਜ਼ਗਾਰ ਦਫ਼ਤਰਾਂ ਵਿਚ ਰਜਿਸਟਰ ਕੀਤਾ ਹੈ।
ਇਸ ਬਾਰੇ ਜਦੋਂ ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ੍ਹੀ। ਇੱਕ ਵਿਦਿਆਰਥਣ ਨੇ ਦੱਸਿਆ ਕਿ ਉਹ ਐੱਮਏ ਬੀਐੱਡ ਹੈ ਪਰ ਉਸ ਨੂੰ ਸਰਕਾਰੀ ਨੌਕਰੀ ਮਿਲਦੀ ਨਹੀਂ ਹੈ, ਅਤੇ ਸਰਕਾਰ ਜੌਬ ਮੇਲਿਆਂ ਵਿਚ 5-7 ਹਜ਼ਾਰ ਦੀ ਨੌਕਰੀ ਦੁਆ ਕੇ ਉਲਟਾ ਨਿੱਜੀ ਕਾਰੋਬਾਰੀਆਂ ਤੋਂ ਸੋਸ਼ਣ ਕਰਵਾ ਰਹੀ ਹੈ।
ਕੀ ਕਹਿੰਦੇ ਨੇ ਅੰਕੜੇ
ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਕੋਲ ਸੂਬੇ ਵਿਚ ਬੇਰੁਜ਼ਗਾਰੀ ਦੇ ਸਹੀ ਅੰਕੜੇ ਹੀ ਨਹੀਂ ਹਨ। ਪੰਜਾਬ ਦੇ ਲੇਬਰ ਵਿਭਾਗ ਦੇ ਅਧਿਕਾਰੀ ਦੱਸਦੇ ਹਨ ਕਿ ਉਨ੍ਹਾਂ ਸਿਰਫ਼ ਵੱਖ-ਵੱਖ ਅਦਾਰਿਆਂ ਵੱਲੋਂ ਪੀਐੱਫ਼ ਵਾਲੇ ਮੁਲਾਜ਼ਮਾਂ ਦੀ ਸੂਚੀ ਹੀ ਹੈ।
ਲੋਕ ਸਭਾ ਚੋਣਾਂ-2019: ਸਤਲੁਜ ਦਰਿਆ ਦੇ ਕੰਢੇ ਤੋਂ ਪੰਜਾਬ ਦੀ ਬਾਤ
ਸੈਂਟਰ ਫਾਰ ਰਿਸਰਚ ਐਂਡ ਇੰਡਸਟਰੀਅਲ ਡਿਵੈਂਲਪਮੈਂਟ ਵੱਲੋਂ 2011 ਦੀ ਜਨਗਣਨਾ ਮੁਤਾਬਕ ਕੀਤੇ ਗਏ ਅਧਿਐਨ ਵਿਚ ਨੌਜਵਾਨਾਂ ਦੀ ਅਸਲ ਹਾਲਤ ਨੂੰ ਬਿਆਨ ਕੀਤਾ ਗਿਆ ਹੈ।
2011 ਦੀ ਮਰਦਮ-ਸ਼ੁਮਾਰੀ ਮੁਤਾਬਕ ਪੰਜਾਬ ਦੀ ਕੁੱਲ ਅਬਾਦੀ 2ਕਰੋੜ 77 ਲੱਖ ਸੀ। ਪੰਜਾਬ ਸੈਂਟਰ ਫਾਰ ਰਿਸਰਚ ਇਨ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ (ਕਰਿਡ) ਮੁਤਾਬਕ ਸੂਬੇ ਵਿਚ ਵਰਕ ਫੋਰਸ 98 ਲੱਖ 97 ਹਜ਼ਾਰ ਹੈ, ਇਨ੍ਹਾਂ ਵਿੱਚੋਂ 22 ਲੱਖ 22 ਹਜ਼ਾਰ ਪੂਰੀ ਤਰ੍ਹਾਂ ਬੇਰੁਜ਼ਗਾਰ ਹਨ ਅਤੇ 15 ਲੱਖ 55 ਹਜ਼ਾਰ ਰੁਜ਼ਗਾਰ ਦੀ ਭਾਲ ਵਿਚ ਹਨ .... 14.46 ਲੱਖ ਅੰਸ਼ਿਕ ਵਰਕਰ ਹਨ ਜਿੰਨ੍ਹਾਂ ਨੂੰ ਸਾਲ ਵਿਚ 3-6 ਮਹੀਨੇ ਕੰਮ ਮਿਲਦਾ ਹੈ।
ਕਿਸਾਨਾਂ ਨੂੰ ਭਾਅ ਨਹੀਂ, ਧੀਆਂ-ਪੁੱਤਾਂ ਨੌਕਰੀਆਂ ਨਹੀਂ
ਬੀਬੀਸੀ ਨਾਲ ਗੱਲਬਾਤ ਦੌਰਾਨ ਨੌਜਵਾਨਾਂ ਦਾ ਕਹਿਣਾ ਸੀ ਕਿ ਨਾ ਉਨ੍ਹਾਂ ਨੂੰ ਡਿਗਰੀਆਂ ਮੁਤਾਬਕ ਰੁਜ਼ਗਾਰ ਮਿਲਦਾ ਹੈ ਅਤੇ ਨਾ ਹੀ ਬਰਾਬਰ ਦੀ ਸਿੱਖਿਆ ਦੇ ਹੱਕ। ਪੰਜਾਬ ਦਾ ਮੁੱਖ ਕਾਰੋਬਾਰ ਖੇਤੀ ਗਹਿਰੇ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਸਰਕਾਰੀ ਅੰਕੜੇ ਦੱਸਦੇ ਹਨ ਕਿ ਹਰ ਰੋਜ਼ ਤਿੰਨ ਕਿਸਾਨ ਆਤਮ ਹੱਤਿਆ ਕਰਦੇ ਹਨ ਅਤੇ 98 ਫੀਸਦ ਕਿਸਾਨ ਕਰਜ਼ ਦੀ ਮਾਰ ਹੇਠ ਹਨ।
ਨਾ ਕਿਸਾਨਾਂ ਨੂੰ ਜਿਣਸ ਦਾ ਮੁੱਲ ਨਹੀਂ ਮਿਲਦਾ ਅਤੇ ਨਾ ਹੀ ਉਨ੍ਹਾਂ ਦੇ ਧੀਆਂ ਪੁੱਤਾਂ ਨੂੰ ਡਿਗਰੀਆਂ ਕਰਕੇ ਨੌਕਰੀਆਂ
ਜਪਾਨ ਤੋਂ ਵਾਪਸ ਆ ਕੇ ਗੁੜ ਤੋਂ ਕੈਂਡੀ ਬਣਾਉਣ ਦਾ ਨਵਾਂ ਤਜਰਬਾ ਕਰਨ ਵਾਲੇ ਭੁਪੇਸ਼ ਸੈਣੀ ਕਹਿੰਦੇ ਹਨ ਕਿ ਨਾ ਕਿਸਾਨਾਂ ਨੂੰ ਜਿਣਸ ਦਾ ਮੁੱਲ ਨਹੀਂ ਮਿਲਦਾ ਅਤੇ ਨਾ ਹੀ ਉਨ੍ਹਾਂ ਦੇ ਧੀਆਂ ਪੁੱਤਾਂ ਨੂੰ ਡਿਗਰੀਆਂ ਕਰਕੇ ਨੌਕਰੀਆਂ। ਅਜਿਹੇ ਹਾਲਾਤ ਵਿਚ ਨੌਜਵਾਨ ਕਰਨ ਤਾਂ ਕੀ ਕਰਨ। ਉਹ ਵਿਦੇਸ਼ ਜਾ ਕੇ ਡਰਾਇਵਰੀ ਕਰਨ, ਮਜ਼ਦੂਰੀ ਕਰਨ ਲਈ ਤਿਆਰ ਹਨ ਅਤੇ ਪੰਜਾਬ ਛੱਡ ਕੇ ਜਾ ਰਹੇ ਹਨ।
ਕੀ ਹੈ ਰਾਹ
ਭੁਪੇਸ਼ ਸੈਣੀ ਮਲਟੀਨੈਸ਼ਨਲ ਕੰਪਨੀ ਵਿਚ ਮਾਰਕੀਟਿੰਗ ਕਰਦੇ ਸਨ । ਉਨ੍ਹਾਂ ਭਾਰਤ ਦੇ ਕਈ ਮਹਾਂਨਗਰਾਂ ਅਤੇ ਜਪਾਨ ਵਿਚ ਵੀ ਕੰਮ ਕੀਤਾ ਹੈ, ਪਰ ਭਾਰਤ ਵਿਚ ਖੇਤੀ ਉਤਪਾਦਨ ਵਿਚ ਕੰਮ ਕਰਨਾ ਚਾਹੁੰਦੇ ਸੀ ਅਤੇ ਉਹ ਪੰਜਾਬ ਵਾਪਸ ਆ ਗਿਆ। ਉਸ ਨੇ ਹੁਸ਼ਿਆਰਪੁਰ ਦੇ ਕਿਸਾਨ ਤਰਸੇਮ ਸਿੰਘ ਨਾਲ ਮਿਲ ਕੇ ਦੋ ਸਾਲ ਦੀ ਮਿਹਨਤ ਤੋਂ ਬਾਅਦ ਗੁੜ ਕੈਂਡੀ ਤਿਆਰ ਕੀਤੀ। ਜਿਸ ਨੂੰ ਹੁਣ ਵਿਦੇਸ਼ਾਂ ਵਿਚ ਵੀ ਭੇਜਿਆ ਜਾ ਰਿਹਾ ਹੈ।
ਨੌਜਵਾਨ ਨੌਕਰੀਆਂ ਦੀ ਭਾਲ ਛੱਡ ਕੇ ਕਾਰੋਬਾਰੀ ਬਣਨ ਅਤੇ ਖੇਤੀ ਆਧਾਰਿਤ ਪ੍ਰੋਡਕਟ ਤਿਆਰ ਕੀਤੇ ਜਾਣ ਤਾਂ ਦੋਵਾਂ ਦੀ ਦਸ਼ਾ ਸੁਧਰ ਸਕਦੀ ਹੈ
ਭੁਪੇਸ਼ ਸੈਣੀ ਮੁਤਾਬਕ ਗੁੜ ਤੋਂ ਕੈਂਡੀ ਬਣਾਉਣਾ ਦੁਨੀਆਂ ਦਾ ਪਹਿਲਾ ਸਫ਼ਲ ਤਜਰਬਾ ਹੈ। ਇਹ ਤਜਰਬਾ ਪੰਜਾਬ ਦੀ ਕਿਸਾਨੀ ਤੇ ਜਵਾਨੀ ਦੀ ਹਾਲਤ ਸੁਧਾਰਨ ਵਾਲਿਆਂ ਲਈ ਮਿਸਾਲ ਹੈ। ਨੌਜਵਾਨ ਨੌਕਰੀਆਂ ਦੀ ਭਾਲ ਛੱਡ ਕੇ ਕਾਰੋਬਾਰੀ ਬਣਨ ਅਤੇ ਖੇਤੀ ਆਧਾਰਿਤ ਪ੍ਰੋਡਕਟ ਤਿਆਰ ਕੀਤੇ ਜਾਣ ਤਾਂ ਦੋਵਾਂ ਦੀ ਦਸ਼ਾ ਸੁਧਰ ਸਕਦੀ ਹੈ। ''ਮੇਰਾ ਪਰਿਵਾਰ '84 ਕਤਲੇਆਮ ਦਾ ਪੀੜਤ ਪਰਿਵਾਰ ਹੈ। ਅਸੀਂ ਆਪਣੇ ਜੱਦੀ ਪਿੰਡ ਬੜਵਾ ਆ ਗਏ। ਉਜਾੜੇ ਤੋਂ ਬਾਅਦ ਪਿਤਾ ਕੋਲ ਮਜ਼ਦੂਰੀ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ। ਉੱਤੇ ਹੋਰ ਮਾਰ ਪਈ ਕਿ ਉਨ੍ਹਾਂ ਦਾ ਇੱਕ ਹੱਥ ਕੱਟਿਆ ਗਿਆ, ਤੇ ਗੁਜ਼ਾਰੇ ਦਾ ਬੋਝ ਮੇਰੇ ਉੱਤੇ ਆ ਗਿਆ''।
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: