#BBCPunjabiTownhall: ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਇਹ 2 ਗ਼ਲਤੀਆਂ ਸੁਧਾਰੇਗੀ -ਭਗਵੰਤ ਮਾਨ

ਭਗਵੰਤ ਮਾਨ

ਪੰਜਾਬ ਵਿੱਚ ਮੁੱਖ ਵਿਰੋਧੀ ਧਿਰ ਯਾਨਿ ਕਿ ਆਮ ਆਦਮੀ ਪਾਰਟੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪਣੀਆਂ ਉਹ ਗ਼ਲਤੀਆਂ ਸੁਧਾਰਨਾ ਚਾਹੁੰਦੀ ਹੈ ਜਿਹੜੀਆਂ ਉਨ੍ਹਾਂ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੀਤੀਆਂ।

ਬੀਬੀਸੀ ਨਿਊਜ਼ ਪੰਜਾਬੀ ਦੇ ਜਲੰਧਰ ਵਿਖੇ ਹੋਏ ਟਾਊਨਹਾਲ ਪ੍ਰੋਗਾਰਮ ਵਿੱਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਨ੍ਹਾਂ ਕੁਝ ਗੱਲਾਂ 'ਤੇ ਚਾਨਣਾ ਪਾਇਆ

ਭਗਵੰਤ ਮਾਨ ਤੋਂ ਇਹ ਪੁੱਛਣ 'ਤੇ ਕਿ 2017 ਵਿੱਚ ਉਨ੍ਹਾਂ ਨੇ ਕੀ ਗ਼ਲਤੀਆਂ ਕੀਤੀਆਂ ਸਨ ਤਾਂ ਉਨ੍ਹਾਂ ਨੇ ਕਿਹਾ, "ਪਹਿਲੀ ਗੱਲ ਇਹ ਕਿ ਜਿਹੜੀ ਮੀਡੀਆ ਵਿੱਚ ਗਲਤ ਧਾਰਨਾ ਬਣਾ ਦਿੱਤੀ ਜਾਂਦੀ ਹੈ, ਉਸ ਧਾਰਨਾ ਤੋਂ ਅਸੀਂ ਬਚਣਾ ਹੈ।"

"ਆਮ ਆਦਮੀ ਪਾਰਟੀ ਨੂੰ ਗਰਮ ਖਿਆਲੀਆਂ ਨਾਲ ਜੋੜਿਆ ਗਿਆ, ਇਹ ਕਿਹਾ ਗਿਆ ਕਿ ਪਾਰਟੀ ਦੇ ਲੀਡਰ ਅਜਿਹੇ ਲੋਕਾਂ ਦੇ ਘਰ ਠਹਿਰਦੇ ਹਨ।"

"ਜੇਕਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਆ ਗਈ ਤਾਂ ਪੰਜਾਬ ਵਿੱਚ ਅਮਨ ਸ਼ਾਂਤੀ ਭੰਗ ਹੋ ਜਾਵੇਗੀ। ਅਜਿਹੀ ਪਾਰਟੀ ਬਾਰੇ ਧਾਰਨਾ ਬਣਾਈ ਗਈ।"

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਕਿਹਾ, "ਦੂਜੀ ਗੱਲ ਟਿਕਟਾਂ ਦੀ ਵੰਡ 'ਚ ਹੋਈ ਗੜਬੜੀ। ਪਿਛਲੀ ਵਾਰ ਸਾਨੂੰ ਇਹ ਸ਼ਿਕਾਇਤਾਂ ਆਈਆਂ ਸਨ ਕਿ ਕੁਝ ਬਾਹਰੋਂ ਲੀਡਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ ਜਿਹੜੇ ਹਾਰਨ ਤੋਂ ਬਾਅਦ ਪਾਰਟੀ ਨੂੰ ਛੱਡ ਕੇ ਚਲੇ ਗਏ।"

ਭਗਵੰਤ ਮਾਨ ਦਾ ਕਹਿਣਾ ਸੀ ਕਿ ਕਈ ਵਾਰ ਲੋਕ ਛੋਟੀ ਲਾਈਨ ਦੇਖ ਕੇ ਆ ਜਾਂਦੇ ਕਿ ਸ਼ਾਇਦ ਇੱਥੇ ਵਾਰੀ ਛੇਤੀ ਆ ਜਾਵੇ।

ਉਨ੍ਹਾਂ ਕਿਹਾ ਕਿ ਇਸ ਵਾਰ ਕੋਸ਼ਿਸ਼ ਹੋਵੇਗੀ ਕਿ ਜਿਹੜੇ ਵਰਕਰ ਪਾਰਟੀ ਲਈ ਜੀ-ਜਾਨ ਲਾ ਕੇ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਹੀ ਅੱਗੇ ਲਿਆਂਦਾ ਜਾਵੇ।

ਪੰਜਾਬ 'ਚ ਹੋ ਰਿਹਾ ਬਰੇਨ ਡਰੇਨ

ਇਸ ਦੌਰਾਨ ਭਗਵੰਤ ਮਾਨ ਨੇ ਨੌਜਵਾਨਾਂ ਦੇ ਬਾਹਰ ਜਾਣ ਦਾ ਮੁੱਦਾ ਵੀ ਚੁੱਕਿਆ।

ਉਨ੍ਹਾਂ ਕਿਹਾ ਨੌਜਵਾਨਾਂ ਦਾ ਆਪਣੇ ਮੁਲਕ ਵਿੱਚ ਰਹਿਣ ਦਾ ਮਨ ਨਹੀਂ ਹੈ। ਪੰਜਾਬ ਦੇ ਕਿਸੇ ਵੀ ਸ਼ਹਿਰ ਵਿੱਚ ਚਲੇ ਜਾਓ ਆਈਲੈੱਟਸ ਕਰਵਾਉਣ ਵਾਲੇ ਜਾਂ ਵੀਜ਼ਾ ਲਗਵਾਉਣ ਵਾਲਿਆਂ ਦੇ ਬੋਰਡ ਵੱਧ ਨਜ਼ਰ ਆਉਂਦੇ ਹਨ। ਨੌਜਵਾਨਾਂ ਦੇ ਮਾਪੇ ਵੀ ਇਹੀ ਚਾਹੁੰਦੇ ਹਨ ਬੱਚਿਆਂ ਨੂੰ 10ਵੀਂ ਜਾਂ 12ਵੀਂ ਕਰਵਾ ਕੇ ਆਈਲੈੱਟਸ ਕਰਵਾ ਕੇ ਬਾਹਰ ਭੇਜ ਦਈਏ।

ਉਨ੍ਹਾਂ ਕਿਹਾ ਪੰਜਾਬ ਦੇ ਨੌਜਵਾਨ ਗੁਰੂਆਂ, ਸ਼ਹੀਦਾਂ ਦੀ ਧਰਤੀ ਨੂੰ ਛੱਡ ਕੇ ਜਾ ਰਹੇ ਹਨ। ਅਜਿਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਾਲੇ ਬਣਾਈਏ ਨਾ ਕਿ ਉਹ ਨੌਕਰੀਆਂ ਲੈਣ ਵਾਲਿਆਂ ਦੀ ਲਾਈਨ ਵਿੱਚ ਲੱਗਣ।

ਸੂਬੇ ਦੀ ਸੱਤਾਧਾਰੀ ਪਾਰਟੀ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਮੈਨੀਫੈਸਟੋ ਵਿੱਚ ਕਹਿ ਦਿੱਤਾ ਜਾਂਦਾ ਹੈ ਕਿ ਘਰ-ਘਰ ਨੌਕਰੀ ਦਿਆਂਗੇ ਪਰ ਮੈਂ ਕਹਿੰਦਾ ਹਾਂ ਕੈਪਟਨ ਸਾਹਿਬ ਘਰ-ਘਰ ਨਾ ਸਹੀ ਇੱਕ ਘਰ ਛੱਡ ਕੇ ਹੀ ਨੌਕਰੀ ਦੇ ਦਿਓ।

ਪੰਜਾਬੀ ਬਾਹਰਲੇ ਮੁਲਕ ਜਾਣ ਨੂੰ ਮਜਬੂਰ

ਭਗਵੰਤ ਮਾਨ ਨੇ ਕਿਹਾ ਕਿ ਇਰਾਕ ਵਿੱਚ 2014 'ਚ ਜਦੋਂ ਲੜਾਈ ਲੱਗੀ ਸੀ ਤਾਂ ਉਹ ਪੰਜਾਬ ਦੇ 3-4 ਹਜ਼ਾਰ ਮੁੰਡਿਆਂ ਨੂੰ ਵਿਦੇਸ਼ ਮੰਤਰਾਲੇ ਦੇ ਸਹਿਯੋਗ ਨਾਲ ਬਚਾ ਕੇ ਲਿਆਏ ਸਨ।

ਉਨ੍ਹਾਂ ਕਿਹਾ ਕਿ 1000 ਪੰਜਾਬੀ ਮੁੰਡੇ ਅਜੇ ਵੀ ਉੱਥੇ ਫਸੇ ਹੋਏ ਹਨ। ਇਰਾਕ ਵਰਗੇ ਦੇਸਾਂ ਵਿੱਚ ਜਾ ਕੇ ਪੰਜਾਬ ਦੇ ਨੌਜਵਾਨ ਕੰਮ ਕਰਨ ਨੂੰ ਮਜਬੂਰ ਹਨ।

ਇਹ ਵੀ ਪੜ੍ਹੋ:

"ਮੇਰੇ ਕੋਲ ਰੋਜ਼ਾਨਾ ਨੌਜਵਾਨਾਂ ਦੇ ਕਈ ਵੀਡੀਓਜ਼ ਆਉਂਦੇ ਹਨ ਕਿ ਅਸੀਂ ਇੱਥੇ ਫਸੇ ਹੋਏ ਹਾਂ ਸਾਨੂੰ ਬਚਾ ਲਓ। ਪਰ ਜੇਕਰ ਨੌਜਵਾਨਾਂ ਨੂੰ ਇੱਥੇ ਹੀ ਨੌਕਰੀ ਮਿਲ ਜਾਵੇ ਤਾਂ ਕਿਉਂ ਉਹ ਬਾਹਰਲੇ ਮੁਲਕਾਂ ਵਿੱਚ ਧੱਕੇ ਖਾਣ।"

ਨੌਜਵਾਨਾਂ ਦੇ ਦਿਮਾਗ ਵਿੱਚ ਸਿਰਫ਼ ਇਹ ਹੈ ਕਿ ਇਸ ਮੁਲਕ ਵਿੱਚੋਂ ਨਿਕਲ ਜਾਓ।

ਭਗਵੰਤ ਮਾਨ ਨੇ ਕਿਹਾ ਕਿ ਸਾਡੇ ਯੋਧੇ ਅੰਗਰੇਜ਼ਾਂ ਨੂੰ ਇਸ ਮੁਲਕ ਵਿੱਚੋਂ ਕੱਢਣ ਲਈ ਸ਼ਹੀਦ ਹੋ ਗਏ ਪਰ ਹੁਣ ਨੌਜਵਾਨ ਲੱਖਾਂ ਖਰਚ ਕੇ ਅੰਗਰੇਜ਼ਾਂ ਦੇ ਮੁਲਕ ਵਿੱਚ ਜਾ ਰਹੇ ਹਨ।

4 ਹਫਤੇ 'ਚ ਨਸ਼ਾ ਖਤਮ ਨਹੀਂ ਹੋਇਆ

ਪ੍ਰੋਗਰਾਮ ਦੌਰਾਨ ਉਨ੍ਹਾਂ ਨਸ਼ੇ ਦੇ ਮੁੱਦੇ 'ਤੇ ਵੀ ਗੱਲਬਾਤ ਕੀਤੀ।

ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਹਾ ਸੀ ਕਿ 4 ਹਫ਼ਤਿਆਂ ਵਿੱਚ ਨਸ਼ਾ ਖ਼ਤਮ ਕਰ ਦਿਆਂਗੇ ਪਰ ਸਵਾ ਦੋ ਸਾਲ ਹੋ ਗਏ ਅਜੇ ਤੱਕ ਖ਼ਤਮ ਨਹੀਂ ਹੋਇਆ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਮਸ਼ਹੂਰੀ ਤਾਂ ਕੀਤੀ ਜਾਂਦੀ ਹੈ ਕਿ ਕਿ ਅਸੀਂ ਤਸਕਰਾਂ ਨੂੰ ਫੜ ਰਹੇ ਹਾਂ ਪਰ ਅਸਲ ਵਿੱਚ ਤਸਕਰਾਂ ਨੂੰ ਨਹੀਂ ਨਸ਼ੇ ਦੇ ਪੀੜਤਾਂ ਨੂੰ ਫੜਿਆ ਜਾ ਰਿਹਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਲੋਕ ਸਾਨੂੰ ਕਹਿੰਦੇ ਹਨ ਕਿ ਨਸ਼ਾ ਵੇਚਣ ਵਾਲਿਆਂ ਨੂੰ ਅਸੀਂ ਪੁਲਿਸ ਦੇ ਹਵਾਲੇ ਕਰਕੇ ਆਏ ਹਾਂ ਪਰ ਉਹ ਬਾਅਦ ਵਿੱਚ ਘਰ ਪਹੁੰਚਦੇ ਹਨ ਮੁਲਜ਼ਮਾ ਨੂੰ ਪੁਲਿਸ ਵੱਲੋਂ ਪਹਿਲਾਂ ਹੀ ਰਿਹਾਅ ਕਰ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਜਿੰਨਾ ਚਿਰ ਪੁਲਿਸ ਨੂੰ ਸਿਆਸਤ ਤੋਂ ਡੀ-ਲਿੰਕ ਨਹੀਂ ਕੀਤਾ ਜਾਵੇਗਾ ਓਨੀ ਦੇਰ ਪੁਲਿਸ ਵੀ ਕੰਮ ਨਹੀਂ ਕਰ ਸਕਦੀ। ਪੁਲਿਸ ਉੱਤੇ ਮੁਲਜ਼ਮਾ ਨੂੰ ਛੱਡਣ ਦਾ ਦਬਾਅ ਬਣਾਇਆ ਜਾਂਦਾ ਹੈ।

ਇਸ ਨੂੰ ਖਤ਼ਮ ਕਰਨ ਲਈ ਸਮਾਜਿਕ ਤੌਰ 'ਤੇ ਮੁਹਿੰਮ ਚਲਾਉਣ ਦੀ ਲੋੜ ਪਏਗੀ।

ਲੋੜ ਪਈ ਤਾਂ ਪਾਰਟੀ ਵੀ ਖ਼ਤਮ ਕਰ ਦਿਆਂਗੇ

ਪ੍ਰੋਗਰਾਮ ਦੌਰਾਨ ਇੱਕ ਵਿਦਿਆਰਥੀ ਵੱਲੋਂ ਕੇਜਰੀਵਾਲ ਦੀਆਂ ਕਾਂਗਰਸ ਨਾਲ ਗਠਜੋੜ ਦੀਆਂ ਗੱਲਾਂ ਬਾਰੇ ਸਵਾਲ ਕੀਤਾ ਗਿਆ ਜਿਸਦੇ ਜਵਾਬ ਵਿੱਚ ਭਗਵੰਤ ਮਾਨ ਨੇ ਕਿਹਾ, ''ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਦੇਸ ਲਈ ਖ਼ਤਰਨਾਕ ਹੈ, ਸਾਡੇ ਲਈ ਦੇਸ ਪਹਿਲਾਂ ਹੈ ਪਾਰਟੀ ਬਾਅਦ ਵਿੱਚ।''

ਉਨ੍ਹਾਂ ਕਿਹਾ ਜੇਕਰ ਆਮ ਆਦਮੀ ਪਾਰਟੀ ਨੂੰ ਖ਼ਤਮ ਕਰਨ ਨਾਲ ਦੇਸ ਬਚਦਾ ਤਾਂ ਉਹ ਵੀ ਕਰ ਦਿਆਂਗੇ।

ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਪਾਰਟੀ ਦੇ ਅਨੁਸ਼ਾਸਨ ਨੂੰ ਭੰਗ ਕਰਨ ਵਾਲਿਆਂ ਨੂੰ ਪਾਰਟੀ ਵਿੱਚੋਂ ਬਾਹਰ ਕੱਢਿਆ ਗਿਆ।

"ਜੇਕਰ ਪਾਰਟੀ ਨੂੰ ਸੁਖਪਾਲ ਖਹਿਰਾ ਨਾਲ ਦਿੱਕਤ ਹੁੰਦੀ ਤਾਂ ਸਾਡੇ ਕੋਲ ਇੱਕੋ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਸੀ, ਅਸੀਂ ਉਹ ਸੁਖਪਾਲ ਖਹਿਰਾ ਨੂੰ ਨਾ ਦਿੰਦੇ। ਉਨ੍ਹਾਂ ਨੇ ਪਾਰਟੀ ਦੇ ਅੰਦਰੂਨੀ ਕਾਡਰ ਨੂੰ ਤੋੜਨਾ ਸ਼ੁਰੂ ਕੀਤਾ। ਇਸ ਲਈ ਉਨ੍ਹਾਂ ਦੀ ਜ਼ਿੰਮੇਵਾਰੀ ਬਦਲੀ ਗਈ ਸੀ।"

ਮਾਨ ਨੇ ਕਿਹਾ ਨੀਤੀ ਨਹੀਂ ਬਦਲਣੀ ਚਾਹੀਦੀ, ਨੇਤਾ ਜਿੰਨੇ ਮਰਜੀ ਬਦਲਦੇ ਰਹਿਣਗੇ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)