ਨਰਿੰਦਰ ਮੋਦੀ ਦਾ ਜਨਮਦਿਨ: ਨਰਿੰਦਰ ਮੋਦੀ ਨੂੰ ਆਸਐੱਸਐੱਸ ’ਚ ਲਿਆਉਣ ਵਾਲੇ ‘ਵਕੀਲ ਸਾਹਬ’ ਕੌਣ ਸਨ ਤੇ ਮੁੱਖ ਮੰਤਰੀ ਬਣਨ ਵਾਸਤੇ ਕਿਸ ਨੇ ਮਨਾਇਆ ਸੀ

  • ਰੇਹਾਨ ਫਜ਼ਲ
  • ਬੀਬੀਸੀ ਪੱਤਰਕਾਰ
ਨਰਿੰਦਰ ਮੋਦੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

17 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਦਾ 71 ਵਾਂ ਜਨਮ ਦਿਨ ਹੈ

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 71ਵਾਂ ਜਨਮ ਦਿਨ ਹੈ, ਜਿਸ ਲਈ ਭਾਰਤੀ ਜਨਤਾ ਪਾਰਟੀ ਪੂਰੇ ਦੇਸ਼ ਵਿੱਚ ਤਿੰਨ ਹਫਤਿਆਂ ਤੱਕ ਵੱਖ-ਵੱਖ ਪ੍ਰੋਗਰਾਮਾਂ ਉਲੀਕੇ ਹਨ।

ਇਹ ਪ੍ਰੋਗਰਾਮ ਅੱਜ ਯਾਨਿ 17 ਸਤੰਬਰ ਤੋਂ ਲੈ ਕੇ 7 ਅਕਤੂਬਰ ਤੱਕ ਚੱਲਣਗੇ।

ਆਓ, ਬੀਬੀਸੀ ਪੱਤਰਕਾਰ ਰੇਹਾਨ ਫਜ਼ਲ ਦੀ ਰਿਪੋਰਟ ਜਾਣਦੇ ਹਾਂ ਸਿਆਸਤ ਵਿੱਚ ਦਖ਼ਲ ਹੋਣ ਤੋਂ ਲੈ ਕੇ ਮੁੜ ਪ੍ਰਧਾਨ ਮੰਤਰੀ ਬਣਨ ਤੱਕ ਦਾ ਸਫ਼ਰ

ਗੱਲ 2014 ਦੀਆਂ ਸੰਸਦੀ ਚੋਣਾਂ ਤੋਂ ਪਹਿਲਾਂ ਦੀ ਹੈ। ਇੱਕ ਚੋਣ ਸਭਾ ਵਿੱਚ ਮੁਲਾਇਮ ਸਿੰਘ ਯਾਦਵ ਨੇ ਨਰਿੰਦਰ ਮੋਦੀ 'ਤੇ ਵਿਅੰਗ ਕੱਸਦੇ ਹੋਏ ਕਿਹਾ ਸੀ, "ਮੋਦੀ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਉਹ ਉੱਤਰ ਪ੍ਰਦੇਸ਼ ਨੂੰ ਗੁਜਰਾਤ ਬਣਾ ਦੇਵੇ।"

ਦੂਜੇ ਦਿਨ ਇੱਕ ਦੂਜੀ ਚੋਣ ਸਭਾ ਵਿੱਚ ਨਰਿੰਦਰ ਮੋਦੀ ਨੇ ਇਸ ਦਾ ਉਸੇ ਟੋਨ ਵਿੱਚ ਜਵਾਬ ਦਿੰਦੇ ਕਿਹਾ ਸੀ, "ਨੇਤਾ ਜੀ ਕਹਿ ਰਹੇ ਹਨ ਕਿ ਮੋਦੀ ਵਿੱਚ ਦਮ ਨਹੀਂ ਹੈ ਕਿ ਉਹ ਉੱਤਰ ਪ੍ਰਦੇਸ਼ ਨੂੰ ਗੁਜਰਾਤ ਬਣਾ ਦੇਣ। ਕੀ ਤੁਹਾਨੂੰ ਪਤਾ ਹੈ ਕਿ ਦੂਜਾ ਗੁਜਰਾਤ ਬਣਾਉਣ ਲਈ ਸਭ ਤੋਂ ਅਹਿਮ ਚੀਜ਼ ਕਿਹੜੀ ਹੈ? ਇਸ ਨੂੰ ਬਣਾਉਣ ਲਈ 56 ਇੰਚ ਦੀ ਛਾਤੀ ਦੀ ਲੋੜ ਹੈ।"

ਇਹ ਵੀ ਪੜ੍ਹੋ:

ਇਸ ਇੱਕ ਜੁਮਲੇ ਨੇ ਉਨ੍ਹਾਂ ਚੋਣਾਂ ਵਿੱਚ ਮੋਦੀ ਨੂੰ ਇਕ 'ਮਾਚੋ ਮੈਨ' ਵਾਂਗ ਸਥਾਪਿਤ ਕਰ ਦਿੱਤਾ। ਇਸ ਦੁਆਰਾ ਉਹਨਾਂ ਨੇ ਹਿੰਦੂ ਮਰਦਾਨੇ ਤੋਂ ਪ੍ਰਭਾਵਿਤ ਹੋਣ ਵਾਲੇ ਵੋਟਰਾਂ ਨੂੰ ਵੀ ਆਪਣੇ ਵੱਲ ਖਿੱਚਿਆ ਲਿਆ ਸੀ।

ਇਹ ਵੱਖਰੀ ਗੱਲ ਹੈ ਕਿ ਜਦੋਂ ਉਨ੍ਹਾਂ ਦੇ ਜੀਵਨੀਕਾਰ ਨਿਲੰਜਨ ਮੁਖੋਪਾਦਿਆ ਨੇ ਅਹਿਮਦਾਬਾਦ ਵਿੱਚ ਉਨ੍ਹਾਂ ਦੇ ਦਰਜੀ ਵਿਪਿਨ ਚੌਹਾਨ ਤੋਂ ਉਨ੍ਹਾਂ ਦੀ 'ਜ਼ੈਡ ਬਲੂ' ਨਾਮ ਦੀ ਦੁਕਾਨ 'ਤੇ ਉਨ੍ਹਾਂ ਦੀ ਛਾਤੀ ਦਾ ਅਸਲੀ ਨਾਪ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਚੁੱਪ ਹੋ ਗਏ ਅਤੇ ਸਿਰਫ਼ ਇੰਨਾ ਹੀ ਕਿਹਾ ਕਿ ਉਹ 56 ਇੰਚ ਤਾਂ ਨਹੀਂ ਹੈ।

ਬਾਅਦ ਵਿੱਚ ਜਦੋਂ ਭੀਮ ਰਾਓ ਅੰਬੇਡਕਰ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਨਰਿੰਦਰ ਮੋਦੀ ਦੀ ਅਚਕਨ ਸਿਊਂਣ ਦੀ ਜ਼ਿੰਮੇਵਾਰੀ ਦਿੱਤੀ ਗਈ ਤਾਂ ਉਨ੍ਹਾਂ ਦੇ ਦਰਜੀ ਨੂੰ ਨਰਿੰਦਰ ਮੋਦੀ ਦੀ ਛਾਤੀ ਦਾ ਨਾਪ 50 ਇੰਚ ਦੱਸਿਆ ਗਿਆ ਸੀ।

ਆਪਣੀ ਪੜ੍ਹਾਈ ਦੇ ਦਿਨਾਂ ਵਿੱਚ ਮੋਦੀ ਇੱਕ ਔਸਤਨ ਵਿਦਿਆਰਥੀ ਸਨ।

ਨਰਿੰਦਰ ਮੋਦੀ ਦੀ ਸਰਕਾਰ ਨੇ ਕਿੰਨੇ ਵਾਅਦੇ ਪੂਰੇ ਕੀਤੇ?

ਨਿਲੰਜਨ ਮੁਖੋਪਾਦਿਆ ਨੇ ਬੀਐਨ ਹਾਈ ਸਕੂਲ ਦੇ ਉਨ੍ਹਾਂ ਦਿਨਾਂ ਦੇ ਅਧਿਆਪਕ ਪ੍ਰਹਿਲਾਦ ਭਾਈ ਪਟੇਲ ਨਾਲ ਗੱਲ ਕਰਕੇ ਆਪਣੀ ਕਿਤਾਬ "ਨਰਿੰਦਰ ਮੋਦੀ: ਦਿ ਮੈਨ, ਦਿ ਟਾਈਮਜ਼" ਵਿੱਚ ਲਿਖਿਆ ਹੈ ਕਿ ਨਰਿੰਦਰ ਮੋਦੀ ਉਨ੍ਹਾਂ ਦਿਨਾਂ ਵਿਚ ਬਹੁਤ ਬਹਿਸ ਕਰਦੇ ਸੀ।

"ਇੱਕ ਵਾਰੀ ਮੈਂ ਉਨ੍ਹਾਂ ਨੂੰ ਆਪਣਾ 'ਹੋਮ ਵਰਕ' ਕਲਾਸ ਦੇ ਮਾਨੀਟਰ ਨੂੰ ਦਿਖਾਉਣ ਲਈ ਕਿਹਾ ਸੀ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮੋਦੀ ਦੇ ਵੱਡੇ ਤੋਂ ਵੱਡੇ ਵਿਰੋਧੀਆਂ ਦਾ ਮੰਨਣਾ ਸੀ ਕਿ ਉਨ੍ਹਾਂ ਵਿੱਚ ਵਿਸ਼ਵਾਸ ਦੀ ਕੋਈ ਕਮੀ ਨਹੀਂ ਹੈ

"ਮੋਦੀ ਨੇ ਇਹ ਕਹਿੰਦੇ ਹੋਏ ਸਾਫ਼ ਇਨਕਾਰ ਕਰ ਦਿੱਤਾ ਕਿ ਜਾਂ ਤਾਂ ਮੈਂ ਆਪਣਾ ਕੰਮ ਅਧਿਆਪਕ ਨੂੰ ਦਿਖਾਵਾਂਗਾ ਜਾਂ ਕਿਸੇ ਨੂੰ ਵੀ ਨਹੀਂ।"

ਜਦੋਂ ਮੋਦੀ ਨੇ 'ਮਗਰਮੱਛਾਂ ਨਾਲ ਭਰੀ ਝੀਲ ਪਾਰ ਕੀਤੀ'

ਇੱਥੋਂ ਤੱਕ ਕਿ ਮੋਦੀ ਦੇ ਵੱਡੇ ਤੋਂ ਵੱਡੇ ਵਿਰੋਧੀਆਂ ਦਾ ਮੰਨਣਾ ਸੀ ਕਿ ਉਨ੍ਹਾਂ ਵਿੱਚ ਵਿਸ਼ਵਾਸ ਦੀ ਕੋਈ ਕਮੀ ਨਹੀਂ ਹੈ ।

ਮੋਦੀ ਦੇ ਇੱਕ ਹੋਰ ਜੀਵਨੀਕਾਰ ਐਂਡੀ ਮਰੀਨੋ ਨੇ ਆਪਣੀ ਪੁਸਤਕ 'ਨਰਿੰਦਰ ਮੋਦੀ - ਏ ਪੋਲੀਟੀਕਲ ਬਾਇਓਗ੍ਰਾਫੀ' ਵਿੱਚ ਲਿਖਿਆ ਹੈ, "ਮੋਦੀ ਦੇ ਬਚਪਨ ਦੇ ਦਿਨਾਂ ਵਿੱਚ ਸ਼ਰਮਿਸ਼ਠਾ ਝੀਲ ਦੇ ਕੋਲ ਇੱਕ ਮੰਦਿਰ ਹੁੰਦਾ ਸੀ। ਬਹੁਤ ਸਾਰੇ ਪਵਿੱਤਰ ਮੌਕਿਆਂ 'ਤੇ ਉਸ ਉੱਪਰ ਲੱਗੇ ਝੰਡੇ ਨੂੰ ਬਦਲਿਆ ਜਾਂਦਾ ਸੀ। ਇੱਕ ਵਾਰ ਭਾਰੀ ਮੀਂਹ ਪੈਣ ਤੋਂ ਬਾਅਦ ਉਸ ਝੰਡੇ ਨੂੰ ਬਦਲਣਾ ਜ਼ਰੂਰੀ ਹੋ ਗਿਆ।"

"ਨਰਿੰਦਰ ਮੋਦੀ ਨੇ ਫੈਸਲਾ ਕੀਤਾ ਕਿ ਉਹ ਝੀਲ ਦੇ ਪਾਰ ਤੈਰ ਕੇ ਜਾਣਗੇ ਅਤੇ ਉਸ ਝੰਡੇ ਨੂੰ ਬਦਲ ਦੇਣਗੇ। ਉਸ ਸਮੇਂ ਝੀਲ ਵਿੱਚ ਬਹੁਤ ਸਾਰੇ ਮਗਰਮੱਛ ਰਹਿ ਰਹੇ ਸਨ।"

"ਝੀਲ ਦੇ ਕੰਢੇ ਖੜ੍ਹੇ ਲੋਕ ਮਗਰਮੱਛਾਂ ਨੂੰ ਡਰਾਉਣ ਲਈ ਢੋਲ ਵਜਾਉਣ ਲੱਗੇ ਅਤੇ ਨਰਿੰਦਰ ਮੋਦੀ ਇਕੱਲੇ ਹੀ ਤੈਰ ਕੇ ਝੀਲ ਨੂੰ ਪਾਰ ਕਰਕੇ ਝੰਡਾ ਬਦਲ ਆਏ ਅਤੇ ਜਦੋਂ ਉਹ ਵਾਪਸ ਆਏ ਤਾਂ ਲੋਕਾਂ ਨੇ ਉਨ੍ਹਾਂ ਨੂੰ ਮੋਢਿਆਂ 'ਤੇ ਚੁੱਕ ਲਿਆ ਸੀ।"

ਹਾਲਾਂਕਿ ਇੱਕ ਅਜਿਹਾ ਤਬਕਾ ਵੀ ਹੈ ਜੋ ਇਸ ਘਟਨਾ ਨੂੰ ਸੱਚ ਨਹੀਂ ਮੰਨਦਾ ਅਤੇ ਦਾਅਵਾ ਕਰਦਾ ਹੈ ਕਿ ਅਜਿਹਾ ਕਦੇ ਨਹੀਂ ਹੋਇਆ ਹੈ।

ਚਾਹ ਦੀ ਦੁਕਾਨ

ਨਰਿੰਦਰ ਮੋਦੀ ਸ਼ੁਰੂ ਤੋਂ ਹੀ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦੇ ਸੀ। ਸਕੂਲ ਬੰਦ ਹੁੰਦੇ ਹੀ ਦੌੜ ਕੇ ਵਡਨਗਰ ਸਟੇਸ਼ਨ 'ਤੇ ਆਪਣੇ ਪਿਤਾ ਦੀ ਚਾਹ ਦੀ ਦੁਕਾਨ 'ਤੇ ਪਹੁੰਚ ਜਾਂਦੇ ਸੀ।

ਨਰਿੰਦਰ ਮੋਦੀ ਨੇ ਹਮੇਸ਼ਾ ਇਹ ਗੱਲ ਲੋਕਾਂ ਨੂੰ ਮਾਣ ਨਾਲ ਦੱਸੀ ਹੈ।

ਤਸਵੀਰ ਸਰੋਤ, Getty Images

ਇੱਕ ਵਾਰ ਅਸਾਮ ਦੇ ਚਾਹ ਮਜ਼ਦੂਰਾਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਮੈਂ ਲੋਕਾਂ ਨੂੰ ਤੁਹਾਡੇ ਅਸਾਮ ਦੀ ਚਾਹ ਪਿਆ-ਪਿਆ ਕੇ ਹੀ ਇਸ ਥਾਂ 'ਤੇ ਪਹੁੰਚਿਆ ਹਾਂ।"

ਜਿਨ੍ਹਾਂ ਨੇ ਮੋਦੀ ਦੀ ਜੀਵਨੀ ਲਿਖੀ ਹੈ ਉਨ੍ਹਾਂ ਵਿੱਚੋ ਕੁਝ ਅਜਿਹੇ ਵੀ ਸਨ ਜੋ ਆਰਐਸਐਸ ਦੀ ਵਿਚਾਰਧਾਰਾ ਨਾਲ ਸਹਿਮਤੀ ਰੱਖਦੇ ਸਨ। ਇਨ੍ਹਾਂ ਲੋਕਾਂ ਨੇ ਨਰਿੰਦਰ ਮੋਦੀ ਦੇ ਉਹਨਾਂ ਦਿਨਾਂ ਬਾਰੇ ਵਿਸਥਾਰ ਨਾਲ ਲਿਖਿਆ ਹੈ ਜਦੋਂ ਉਹ ਵਡਨਗਰ ਅਤੇ ਅਹਿਮਦਾਬਾਦ ਵਿੱਚ ਚਾਹ ਵੇਚਦੇ ਸੀ।

ਕਈ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਨਰਿੰਦਰ ਮੋਦੀ ਵਡਨਗਰ ਰੇਲਵੇ ਸਟੇਸ਼ਨ 'ਤੇ ਚਾਹ ਵੇਚਣ ਤੋਂ ਬਾਅਦ ਆਪਣੇ ਮਾਮੇ ਨਾਲ ਕੰਮ ਕਰਦੇ ਸਨ ਫਿਰ ਉਹ ਅਹਿਮਦਾਬਾਦ ਵਿੱਚ ਗੀਤਾ ਮੰਦਿਰ ਬੱਸ ਅੱਡੇ ਦੇ ਨੇੜੇ ਕੰਟੀਨ ਚਲਾਉਂਦੇ ਸੀ।

ਰਾਜਨੀਤੀ ਵਿਗਿਆਨ ਵਿੱਚ ਪੱਤਰ-ਵਿਹਾਰ ਦੁਆਰਾ ਡਿਗਰੀ

ਨਰਿੰਦਰ ਮੋਦੀ ਦੀ ਦਿਲੀ ਇੱਛਾ ਇਹ ਸੀ ਕਿ ਪ੍ਰਾਇਮਰੀ ਸਕੂਲ ਤੋਂ ਬਾਅਦ ਉਹ ਸੈਨਿਕ ਸਕੂਲ ਜਾਮਨਗਰ ਵਿੱਚ ਦਾਖ਼ਲਾ ਲੈਣ ਪਰ ਉਨ੍ਹਾਂ ਦੇ ਪਰਿਵਾਰ ਦੀ ਵਿੱਤੀ ਹਾਲਤ ਅਜਿਹੀ ਨਹੀਂ ਸੀ ਕਿ ਉਹ ਉੱਥੇ ਦਾਖ਼ਲਾ ਲੈ ਸਕਣ।

ਦੂਜਾ ਉਨ੍ਹਾਂ ਦੇ ਪਿਤਾ ਨਹੀਂ ਚਾਹੁੰਦੇ ਸੀ ਕਿ ਉਹ ਵਡਨਗਰ ਤੋਂ ਬਾਹਰ ਪੜ੍ਹਾਈ ਲਈ ਜਾਣ। ਉਨ੍ਹਾਂ ਨੇ ਇਕ ਸਥਾਨਕ ਡਿਗਰੀ ਕਾਲਜ ਵਿੱਚ ਵੀ ਦਾਖਲਾ ਲਿਆ ਪਰ ਘੱਟ ਹਾਜ਼ਰੀ ਕਾਰਨ ਕਾਲਜ ਛੱਡਣਾ ਪਿਆ।

ਬਾਅਦ ਵਿੱਚ ਪੱਤਰ-ਵਿਹਾਰ ਰਾਹੀਂ ਪਹਿਲਾਂ ਉਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਤੋਂ ਬੀ.ਏ. ਪਾਸ ਕੀਤੀ ਅਤੇ ਫਿਰ ਗੁਜਰਾਤ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਵਿੱਚ ਐਮ.ਏ. ਕੀਤੀ।

ਇਹ ਵੀ ਪੜ੍ਹੋ:

ਜਾਣਕਾਰੀ ਦੇ ਅਧਿਕਾਰ ਹੇਠ ਜਦੋਂ ਕੁਝ ਲੋਕ ਮੋਦੀ ਦੀ ਐਮ.ਏ. ਡਿਗਰੀ ਦੇ ਵੇਰਵੇ ਜਾਣਨਾ ਚਾਹੁੰਦੇ ਸਨ ਤਾਂ ਗੁਜਰਾਤ ਯੂਨੀਵਰਸਿਟੀ ਨੇ ਕਿਹਾ ਕਿ ਉਨ੍ਹਾਂ ਨੇ 1983 ਵਿੱਚ ਪਹਿਲੇ ਦਰਜੇ ਵਿੱਚ ਐਮ.ਏ. ਪਾਸ ਕੀਤੀ ਸੀ।

ਬਾਅਦ ਵਿੱਚ ਗੁਜਰਾਤ ਯੂਨੀਵਰਸਿਟੀ ਦੇ ਇੱਕ ਪ੍ਰੋਫ਼ੈੱਸਰ ਜਯੰਤੀਭਾਈ ਪਟੇਲ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ਮੋਦੀ ਦੀ ਡਿਗਰੀ ਵਿੱਚ ਜਿਨ੍ਹਾਂ ਵਿਸ਼ਿਆਂ ਦਾ ਜ਼ਿਕਰ ਕੀਤਾ ਗਿਆ ਹੈ, ਇਹ ਕਦੇ ਵੀ ਸਿਆਸੀ ਵਿਗਿਆਨ ਦੇ ਐਮ.ਏ. ਦੇ ਕੋਰਸ ਵਿੱਚ ਰੱਖੇ ਹੀ ਨਹੀਂ ਗਏ ।

ਗੁਜਰਾਤ ਯੂਨੀਵਰਸਿਟੀ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਨ ਕੀਤਾ ।

ਜਸੋਦਾਬੇਨ ਨਾਲ ਵਿਆਹ

ਜਦੋਂ ਮੋਦੀ 13 ਸਾਲ ਦੇ ਸਨ ਉਨ੍ਹਾਂ ਦੇ ਪਰਿਵਾਰ ਨੇ 11 ਸਾਲ ਦੀ ਜਸੋਦਾਬੇਨ ਨਾਲ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ ਗਿਆ ਸੀ। ਕੁਝ ਦਿਨ ਉਨ੍ਹਾਂ ਨਾਲ ਰਹਿਣ ਤੋਂ ਬਾਅਦ ਮੋਦੀ ਨੇ ਆਪਣਾ ਘਰ ਛੱਡ ਦਿੱਤਾ।

ਇਸ ਬਾਰੇ ਪਹਿਲੀ ਵਾਰ ਦੁਨੀਆਂ ਨੂੰ ਉਦੋਂ ਪਤਾ ਲੱਗਾ ਜਦੋਂ 2014 ਦੀਆਂ ਲੋਕ ਸਭਾ ਚੋਣਾਂ ਦੇ ਹਲਫ਼ਨਾਮੇ ਵਿੱਚ ਇਸ ਦਾ ਜ਼ਿਕਰ ਕੀਤਾ ਗਿਆ। ਹਾਲਾਂਕਿ ਗੁਜਰਾਤ ਦੇ ਸਿਆਸੀ ਹਲਕਿਆਂ ਵਿੱਚ ਦਬੀ-ਜ਼ੁਬਾਨ ਵਿੱਚ ਇਸ ਦੀ ਚਰਚਾ ਹੁੰਦੀ ਸੀ ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮੋਦੀ ਦਾ ਵਿਆਹ ਜਸ਼ੋਦਾ ਭੇਨ ਨਾਲ ਹੋਇਆ ਸੀ

ਦਿਲਚਸਪ ਗੱਲ ਇਹ ਹੈ ਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਦੋਂ ਜਸੋਦਾਬੇਨ ਨੂੰ ਪ੍ਰੋਟੋਕੋਲ ਦੇ ਮੁਤਾਬਕ ਸਰਕਾਰੀ ਸੁਰੱਖਿਆ ਦਿੱਤੀ ਗਈ ਸੀ ਤਾਂ ਉਹਨਾਂ ਨੇ ਖੁਦ ਨੂੰ ਇੱਕ ਅਜੀਬ ਸਥਿਤੀ ਵਿੱਚ ਮਹਿਸੂਸ ਕੀਤਾ ਸੀ ।

ਫਸਟ ਪੋਸਟ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਹਨਾਂ ਨੇ ਦੱਸਿਆ ਕਿ ਜਦੋਂ ਉਹ ਕਿਸੇ ਜਨਤਕ ਵਾਹਨ ਰਾਹੀਂ ਯਾਤਰਾ ਕਰਦੀ ਹੈ ਤਾਂ ਸੁਰੱਖਿਆ ਕਰਮਚਾਰੀ ਇੱਕ ਪੁਲਿਸ ਗੱਡੀ ਵਿੱਚ ਉਹਨਾਂ ਦੀ ਬੱਸ ਦੇ ਪਿੱਛੇ ਚੱਲਦੇ ਹਨ।

'ਵਕੀਲ ਸਾਹਿਬ' ਅਤੇ ਮੋਦੀ

ਜੇਕਰ ਕਿਸੇ ਨੂੰ ਮੋਦੀ ਨੂੰ ਆਰਐਸਐਸ ਵਿੱਚ ਲਿਆਉਣ ਦਾ ਸਿਹਰਾ ਦਿੱਤਾ ਜਾ ਸਕਦਾ ਹੈ ਤਾਂ ਉਹ ਹਨ ਲਕਸ਼ਮਣਰਾਵ ਇਨਾਮਦਾਰ ਉਰਫ 'ਵਕੀਲ ਸਾਹਿਬ'।

ਉਸ ਸਮੇਂ ਵਕੀਲ ਸਾਹਿਬ ਗੁਜਰਾਤ ਵਿੱਚ ਆਰਐਸਐਸ ਦੇ ਸੂਬਾ ਪ੍ਰਚਾਰਕ ਸਨ।

ਐਮਵੀ ਕਾਮਥ ਅਤੇ ਕਾਲਿੰਦੀ ਰੰਡੇਰੀ ਨੇ ਆਪਣੀ ਕਿਤਾਬ 'ਨਰਿੰਦਰ ਮੋਦੀ: ਆਰਕੀਟੈਕਟ ਆਫ਼ ਅ ਮਾਡਰਨ ਅਸਟੇਟ' ਵਿੱਚ ਲਿਖਿਆ ਹੈ, "ਇੱਕ ਵਾਰ ਮੋਦੀ ਦੇ ਮਾਪਿਆਂ ਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਾ ਸੀ ਕਿ ਉਹ ਦੀਵਾਲੀ 'ਤੇ ਘਰ ਨਹੀਂ ਆਏ। ਉਸ ਦਿਨ ਵਕੀਲ ਸਾਹਿਬ ਉਨ੍ਹਾਂ ਨੂੰ ਆਰਐਸਐਸ ਦੀ ਮੈਂਬਰਸ਼ਿਪ ਦਿਵਾ ਰਹੇ ਸੀ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜੇਕਰ ਕਿਸੇ ਨੂੰ ਮੋਦੀ ਨੂੰ ਆਰਐਸਐਸ ਵਿੱਚ ਲਿਆਉਣ ਦਾ ਸਿਹਰਾ ਦਿੱਤਾ ਜਾ ਸਕਦਾ ਹੈ ਤਾਂ ਉਹ ਹਨ ਲਕਸ਼ਮਣਰਾਵ ਇਨਾਮਦਾਰ ਉਰਫ 'ਵਕੀਲ ਸਾਹਿਬ

1984 ਵਿੱਚ ਵਕੀਲ ਸਾਹਿਬ ਦੀ ਮੌਤ ਹੋ ਗਈ ਪਰ ਮੋਦੀ ਉਨ੍ਹਾਂ ਨੂੰ ਕਦੇ ਭੁੱਲ ਨਹੀਂ ਸਕੇ। ਬਾਅਦ ਵਿੱਚ ਮੋਦੀ ਨੇ ਇੱਕ ਹੋਰ ਆਰਐਸਐਸ ਵਰਕਰ ਰਾਜਭਾਈ ਨੇਨੇ ਦੇ ਨਾਲ ਮਿਲ ਕੇ ਵਕੀਲ ਸਾਹਿਬ 'ਤੇ ਇੱਕ ਕਿਤਾਬ ਲਿਖੀ 'ਸੇਤੂਬੰਧ'।

ਦੂਜਿਆਂ ਨੂੰ ਮੋਦੀ ਦਾ ਜੋ ਗੁਣ ਸਭ ਤੋਂ ਵੱਧ ਖਿੱਚਦਾ ਹੈ ਉਹ ਹੈ ਉਨ੍ਹਾਂ ਦਾ ਅਨੁਸ਼ਾਸਨ।

ਸੀਨੀਅਰ ਪੱਤਰਕਾਰ ਜੀ ਸੰਪਥ ਦੱਸਦੇ ਹਨ, "ਮੋਦੀ ਦੇ ਸਭ ਤੋਂ ਵੱਡੇ ਭਰਾ ਸੋਮਾਭਾਈ ਨੇ ਇਹ ਕਿਹਾ ਹੈ ਕਿ ਮੋਦੀ ਬਚਪਨ ਤੋਂ ਹੀ ਰਾਸ਼ਟਰੀ ਸੇਵਕ ਸੰਘ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ ਕਿਉਂਕਿ ਉਹ ਇਸ ਤੱਥ ਤੋਂ ਬਹੁਤ ਪ੍ਰਭਾਵਿਤ ਹੋਏ ਸੀ ਕਿ ਸ਼ਾਖਾ ਵਿੱਚ ਸਿਰਫ਼ ਇੱਕ ਵਿਅਕਤੀ ਹੀ ਹੁਕਮ ਦਿੰਦਾ ਹੈ ਅਤੇ ਹਰ ਕੋਈ ਇਸ ਦੀ ਪਾਲਣਾ ਕਰਦਾ ਹੈ।"

ਇੱਕ ਜ਼ਮਾਨੇ ਵਿੱਚ ਮੋਦੀ ਦੇ ਨੇੜੇ ਰਹੇ ਅਤੇ ਫਿਰ ਵਿਰੋਧੀ ਬਣੇ ਸ਼ੰਕਰ ਸਿੰਘ ਵਾਘੇਲਾ ਨੇ ਦੱਸਿਆ ਹੈ, "ਮੋਦੀ ਦੀ ਸ਼ੁਰੂ ਤੋਂ ਚੀਜ਼ਾਂ ਨੂੰ ਕੁਝ ਵੱਖਰੇ ਤਰੀਕੇ ਨਾਲ ਕਰਨ ਦੀ ਆਦਤ ਰਹੀ ਹੈ। ਜਦੋਂ ਅਸੀਂ ਲੰਬੇ ਕਮੀਜ਼ ਪਾਉਂਦੇ ਸੀ ਤਾਂ ਉਹ ਛੋਟੀ ਸ਼ਰਟ ਪਾਉਂਦੇ ਸੀ। ਜਦੋਂ ਅਸੀਂ ਲੋਕ ਖਾਕੀ ਸ਼ਾਰਟਸ ਪਾਉਂਦੇ ਸੀ ਮੋਦੀ ਚਿੱਟੇ ਰੰਗ ਨੂੰ ਤਰਜੀਹ ਦਿੰਦੇ ਸੀ।"

ਵਾਜਪਾਈ ਦਾ ਉਹ ਮੋਬਾਈਲ ਕਾਲ

1 ਅਕਤੂਬਰ 2001 ਨੂੰ ਮੋਦੀ ਹਵਾਈ ਦੁਰਘਟਨਾ ਵਿੱਚ ਮਰਨ ਵਾਲੇ ਆਪਣੇ ਇੱਕ ਪੱਤਰਕਾਰ ਮਿੱਤਰ ਦੇ ਅੰਤਿਮ ਸਸਕਾਰ ਵਿੱਚ ਹਿੱਸਾ ਲੈ ਰਹੇ ਸਨ, ਉਸ ਸਮੇਂ ਉਨ੍ਹਾਂ ਦੇ ਮੋਬਾਇਲ ਫੋਨ ਦੀ ਘੰਟੀ ਵੱਜੀ ।

ਦੂਜੇ ਪਾਸੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਸਨ। ਉਨ੍ਹਾਂ ਨੇ ਪੁੱਛਿਆ, "ਤੁਸੀਂ ਕਿੱਥੇ ਹੋ?"

ਇਹ ਫੈਸਲਾ ਕੀਤਾ ਗਿਆ ਸੀ ਕਿ ਮੋਦੀ ਸ਼ਾਮ ਨੂੰ ਵਾਜਪਾਈ ਨੂੰ ਮਿਲਣ ਜਾਣਗੇ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅਟਲ ਬਿਹਾਰੀ ਵਾਜਪਈ ਨੇ ਮੋਦੀ ਨੂੰ ਗੁਜਰਾਤ ਵਿੱਚ ਸਕੱਤਰ ਵਜੋਂ ਭੇਜਿਆ

ਸ਼ਾਮ ਨੂੰ ਜਦੋਂ ਮੋਦੀ 7 ਰੇਸ ਕੋਰਸ ਰੋਡ 'ਤੇ ਪਹੁੰਚੇ ਤਾਂ ਵਾਜਪਾਈ ਨੇ ਉਨ੍ਹਾਂ ਨਾਲ ਮਜ਼ਾਕ ਕੀਤਾ, "ਤੁਸੀਂ ਕੁਝ ਜ਼ਿਆਦਾ ਹੀ ਤੰਦਰੁਸਤ ਨਜ਼ਰ ਆ ਰਹੇ ਹੋ, ਦਿੱਲੀ ਵਿੱਚ ਤੁਹਾਡਾ ਕੁਝ ਜ਼ਿਆਦਾ ਹੀ ਰਹਿਣਾ ਹੋ ਗਿਆ ਹੈ। ਪੰਜਾਬੀ ਖਾਣਾ ਖਾਂਦੇ-ਖਾਂਦੇ ਤੁਹਾਡਾ ਭਾਰ ਕੁਝ ਜ਼ਿਆਦਾ ਹੀ ਵੱਧਦਾ ਜਾ ਰਿਹਾ ਹੈ। ਤੁਸੀਂ ਗੁਜਰਾਤ ਜਾਓ ਅਤੇ ਉੱਥੇ ਕੰਮ ਕਰੋ।"

ਐਂਡੀ ਮੈਰੀਨੋ ਲਿੱਖਦੇ ਹਨ, "ਮੋਦੀ ਨੇ ਸੋਚਿਆ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਗੁਜਰਾਤ ਵਿੱਚ ਪਾਰਟੀ ਦੇ ਇੱਕ ਸਕੱਤਰ ਵਜੋਂ 'ਤੇ ਕੁਝ ਕੰਮ ਕਰਨਾ ਹੈ।"

"ਮੋਦੀ ਨੇ ਬੜੀ ਮਾਸੂਮੀਅਤ ਨਾਲ ਪੁੱਛਿਆ, ਇਸ ਦਾ ਮਤਲਬ ਹੈ ਕਿ ਜੋ ਸੂਬੇ ਹੁਣ ਮੈਂ ਦੇਖ ਰਿਹਾ ਹਾਂ, ਉਹ ਹੁਣ ਮੈਂ ਨਹੀਂ ਦੇਖਾਂਗਾ?"

"ਜਦੋਂ ਵਾਜਪਾਈ ਨੇ ਉਨ੍ਹਾਂ ਨੂੰ ਦੱਸਿਆ ਕਿ ਕੇਸ਼ੂਭਾਈ ਪਟੇਲ ਤੋਂ ਬਾਅਦ ਮੋਦੀ ਗੁਜਰਾਤ ਦੇ ਅਗਲੇ ਮੁੱਖ ਮੰਤਰੀ ਹੋਣਗੇ ਤਾਂ ਮੋਦੀ ਨੇ ਇਸ ਅਹੁਦੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।"

"ਉਸ ਨੇ ਕਿਹਾ ਕਿ ਉਹ ਗੁਜਰਾਤ ਵਿਚ ਪਾਰਟੀ ਨੂੰ ਠੀਕ ਕਰਨ ਲਈ ਮਹੀਨੇ ਵਿੱਚ 10 ਦਿਨ ਦੇ ਸਕਦੇ ਹਨ ਪਰ ਮੁੱਖ ਮੰਤਰੀ ਨਹੀਂ ਬਨਣਗੇ। ਵਾਜਪਾਈ ਉਹਨਾਂ ਨੂੰ ਮਨਾਉਂਦੇ ਰਹੇ ਪਰ ਮੋਦੀ ਨਹੀਂ ਮੰਨੇ। ਬਾਅਦ ਵਿੱਚ ਅਡਵਾਨੀ ਨੂੰ ਉਨ੍ਹਾਂ ਨੂੰ ਫੋਨ ਕਰਕੇ ਕਹਿਣਾ ਪਿਆ, "ਸਭ ਨੇ ਤੁਹਾਡੇ ਨਾਮ 'ਤੇ ਮੋਹਰ ਲਗਾ ਦਿੱਤੀ ਹੈ। ਜਾਓ ਅਤੇ ਸਹੁੰ ਚੁੱਕੋ।"

ਨਰਿੰਦਰ ਮੋਦੀ ਨੇ ਵਾਜਪਾਈ ਦੇ ਸੱਦੇ ਦੇ ਛੇਵੇਂ ਦਿਨ 7 ਅਕਤੂਬਰ, 2001 ਨੂੰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

ਗੁਜਰਾਤ ਦੰਗਿਆਂ ਨੇ ਸਭ ਤੋਂ ਵੱਧ ਕੀਤਾ ਬਦਨਾਮ

ਚਾਰ ਮਹੀਨਿਆਂ ਬਾਅਦ ਮੋਦੀ ਦੀ ਲੀਡਰਸ਼ਿਪ ਦੀ ਪਹਿਲੀ ਪ੍ਰੀਖਿਆ ਉਦੋਂ ਹੋਈ ਜਦੋਂ ਗੋਧਰਾ ਵਿੱਚ ਅਯੁੱਧਿਆ ਤੋਂ ਵਾਪਸ ਆ ਰਹੇ ਕਾਰ ਸੇਵਕਾਂ ਦੇ ਡੱਬੇ ਨੂੰ ਅੱਗ ਲਗਾ ਦਿੱਤੀ ਗਈ ਜਿਸ ਵਿੱਚ 58 ਲੋਕ ਮਾਰੇ ਗਏ ਸਨ।

ਦੂਜੇ ਦਿਨ ਵਿਸ਼ਵ ਹਿੰਦੂ ਪਰੀਸ਼ਦ ਨੇ ਪੂਰੇ ਸੂਬੇ ਵਿੱਚ ਬੰਦ ਦਾ ਐਲਾਨ ਕਰ ਦਿੱਤਾ। ਹਿੰਦੂ-ਮੁਸਲਿਮ ਦੰਗੇ ਹੋਏ ਅਤੇ ਇਸ ਵਿੱਚ 2000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।

ਤਸਵੀਰ ਸਰੋਤ, Getty Images

ਮੋਦੀ 'ਤੇ ਹਾਲਾਤ ਨੂੰ ਕਾਬੂ ਕਰਨ ਲਈ ਫੌਰੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲੱਗੇ।

ਪ੍ਰੈੱਸ ਕਾਨਫਰੰਸ ਵਿੱਚ ਮੋਦੀ ਨੇ ਇੱਕ ਬਹੁਤ ਹੀ ਵਿਵਾਦਤ ਬਿਆਨ ਦਿੱਤਾ, "ਹਰੇਕ ਕਿਰਿਆ 'ਤੇ ਇੱਕ ਬਰਾਬਰ ਅਤੇ ਵਿਰੋਧੀ ਪ੍ਰਤੀਕ੍ਰਿਆ ਹੁੰਦੀ ਹੈ।"

ਇੱਕ ਦਿਨ ਬਾਅਦ ਇੱਕ ਟੈਲੀਵਿਜ਼ਨ ਚੈਨਲ ਨੂੰ ਦੂਜੇ ਇੰਟਰਵਿਊ ਵਿੱਚ ਉਨ੍ਹਾਂ ਦੁਹਰਾਇਆ, "ਕਿਰਿਆ ਅਤੇ ਪ੍ਰਤੀਕ੍ਰਿਆ ਦੀ 'ਚੇਨ' ਚੱਲ ਰਹੀ ਹੈ। ਅਸੀਂ ਚਾਹੁੰਦੇ ਹਾਂ ਕਿ ਨਾ ਕਿਰਿਆ ਹੋਵੇ ਅਤੇ ਨਾ ਹੀ ਪ੍ਰਤੀਕ੍ਰਿਆ। "

ਵਾਜਪਾਈ ਦੀ ਰਾਇ

ਕੁਝ ਦਿਨਾਂ ਬਾਅਦ ਉਨ੍ਹਾਂ ਨੇ ਦੰਗਾ ਸਬੰਧਿਤ ਕੈਂਪਾਂ ਵਿੱਚ ਰਹਿ ਰਹੇ ਮੁਸਲਮਾਨਾਂ 'ਤੇ ਇੱਕ ਹੋਰ ਸੰਵੇਦਨਸ਼ੀਲ ਟਿੱਪਣੀ ਕੀਤੀ। ਉਨ੍ਹਾਂ ਨੇ ਕਿਹਾ, "ਅਸੀਂ ਪੰਜ, ਸਾਡੇ ਪੱਚੀ।"

ਬਾਅਦ ਵਿੱਚ ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਸਪੱਸ਼ਟ ਕੀਤਾ ਕਿ ਉਹ ਸਹਾਇਤਾ ਕੈਂਪਾਂ ਵਿੱਚ ਰਹਿ ਰਹੇ ਲੋਕਾਂ ਦੀ ਨਹੀਂ ਬਲਕਿ ਦੇਸ ਦੀ ਆਬਾਦੀ ਦੀ ਸਮੱਸਿਆ ਦਾ ਜ਼ਿਕਰ ਕਰ ਰਹੇ ਸੀ।

ਕਈ ਸਾਲਾਂ ਬਾਅਦ ਜਦੋਂ ਇੱਕ ਪੱਤਰਕਾਰ ਨੇ ਅਟਲ ਬਿਹਾਰੀ ਵਾਜਪਾਈ ਦੇ ਪ੍ਰਿੰਸੀਪਲ ਸਕੱਤਰ ਰਹੇ ਬ੍ਰਜੇਸ਼ ਮਿਸ਼ਰਾ ਨੂੰ ਪੁੱਛਿਆ, ਕਿ ਵਾਜਪਾਈ ਨੇ ਮੋਦੀ ਨੂੰ ਗੁਜਰਾਤ ਦੰਗਿਆਂ ਲਈ ਖਾਰਜ ਕਿਉਂ ਨਹੀਂ ਕੀਤਾ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇੱਕ ਵਾਰ ਜਦੋਂ ਮੌਲਾਨਾ ਸਈਦ ਇਮਾਮ ਨੇ ਮੋਦੀ ਨੂੰ ਪਾਉਣ ਲਈ ਜਾਲੀਦਾਰ ਟੋਪੀ ਦਿੱਤੀ ਤਾਂ ਉਹਨਾਂ ਨੇ ਇਹ ਕਹਿ ਕੇ ਟੋਪੀ ਪਾਉਣ ਤੋਂ ਇਨਕਾਰ ਕਰ ਦਿੱਤਾ ਕਿ ਟੋਪੀ ਪਾ ਕੇ ਕੋਈ ਵੀ' ਧਰਮ ਨਿਰਪੱਖ' ਨਹੀਂ ਬਣਦਾ

ਉਨ੍ਹਾਂ ਦਾ ਜਵਾਬ ਸੀ, "ਵਾਜਪਾਈ ਚਾਹੁੰਦੇ ਸਨ ਕਿ ਮੋਦੀ ਅਸਤੀਫ਼ਾ ਦੇ ਦੇਣ ਪਰ ਉਹ ਸਰਕਾਰ ਦੇ ਮੁਖੀ ਸਨ, ਨਾ ਕਿ ਪਾਰਟੀ ਦੇ। ਪਾਰਟੀ ਨਹੀਂ ਚਾਹੁੰਦੀ ਸੀ ਕਿ ਮੋਦੀ ਜਾਵੇ। ਵਾਜਪਾਈ ਨੂੰ ਪਾਰਟੀ ਅੱਗੇ ਝੁਕਣਾ ਪਿਆ। ਭਾਜਪਾ ਕਾਂਗਰਸ ਦੀ ਤਰ੍ਹਾਂ ਨਹੀਂ ਸੀ ਅਤੇ ਨਾ ਅੱਜ ਹੈ। "

ਟੋਪੀ ਪਹਿਨਣ ਤੋਂ ਇਨਕਾਰ

ਇੱਕ ਵਾਰ ਜਦੋਂ ਮੌਲਾਨਾ ਸਈਦ ਇਮਾਮ ਨੇ ਉਨ੍ਹਾਂ ਨੂੰ ਪਾਉਣ ਲਈ ਜਾਲੀਦਾਰ ਟੋਪੀ ਦਿੱਤੀ ਤਾਂ ਉਹਨਾਂ ਨੇ ਇਹ ਕਹਿ ਕੇ ਟੋਪੀ ਪਾਉਣ ਤੋਂ ਇਨਕਾਰ ਕਰ ਦਿੱਤਾ ਕਿ ਟੋਪੀ ਪਾ ਕੇ ਕੋਈ ਵੀ' ਧਰਮ ਨਿਰਪੱਖ' ਨਹੀਂ ਬਣਦਾ!

ਇਹ ਇੱਕ ਵੱਖਰੀ ਗੱਲ ਹੈ ਕਿ 2014 ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਪੱਗ ਸਣੇ ਬਹੁਤ ਸਾਰੀਆਂ ਟੋਪੀਆਂ ਪਾਈਆਂ।

'ਮੀਆਂ ਮੁਸ਼ੱਰਫ' ਅਤੇ 'ਸ਼ਹਿਜ਼ਾਦੇ'

ਗੁਜਰਾਤ ਦੇ ਮੁੱਖ ਮੰਤਰੀ ਦੇ ਦਿਨਾਂ ਵਿੱਚ ਉਨ੍ਹਾਂ ਦੇ ਚੋਣ ਭਾਸ਼ਣਾਂ ਦੌਰਾਨ ਜਿਨ੍ਹਾਂ 'ਤੇ ਹਮਲਾ ਕਰਨਾ ਹੁੰਦਾ ਸੀ, ਉਹਨਾਂ ਦੇ ਨਾਮ ਅੱਗੇ ਅਕਸਰ ਮੁਸਲਮਾਨ ਵਿਸ਼ੇਸ਼ਣ ਜਿਵੇਂ 'ਮੀਆਂ ਮੁਸ਼ੱਰਫ' ਅਤੇ 'ਮੀਆਂ ਅਹਿਮਦ ਪਟੇਲ' ਲਗਾਉਂਦੇ ਸੀ।

ਸਾਲ 2014 ਦੀਆਂ ਚੋਣਾਂ ਦੌਰਾਨ ਜਦੋਂ ਉਨ੍ਹਾਂ ਨੇ ਰਾਹੁਲ ਗਾਂਧੀ ਦਾ ਮਜ਼ਾਕ ਉਡਾਇਆ ਤਾਂ ਉਨ੍ਹਾਂ ਨੇ ਉਰਦੂ ਸ਼ਬਦ "ਸ਼ਹਿਜ਼ਾਦੇ" ਦਾ ਸਹਾਰਾ ਲਿਆ ਜਦਕਿ ਉਹ ਬਹੁਤ ਆਸਾਨੀ ਨਾਲ "ਰਾਜ ਕੁਮਾਰ" ਸ਼ਬਦ ਵਰਤ ਸਕਦੇ ਸੀ।

ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਪਾਰਟੀ ਬਣ ਗਈ ਜਿਸ ਨੇ ਇੱਕ ਵੀ ਚੁਣੇ ਗਏ ਮੁਸਲਿਮ ਐਮਪੀ ਬਿਨਾਂ ਕੇਂਦਰ ਵਿੱਚ ਸਰਕਾਰ ਬਣਾਈ ।

ਬਾਅਦ ਵਿੱਚ ਮੋਦੀ ਕੈਬਨਿਟ ਵਿੱਚ ਲਏ ਗਏ ਤਿੰਨ ਮੁਸਲਮਾਨ ਮੰਤਰੀਆਂ ਵਿੱਚੋਂ ਕੋਈ ਵੀ ਲੋਕ ਸਭਾ ਦਾ ਮੈਂਬਰ ਨਹੀਂ ਸੀ।

ਗੁਜਰਾਤ ਮਾਡਲ

ਨਰਿੰਦਰ ਮੋਦੀ ਨੇ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਗੁਜਰਾਤ ਦੇ ਆਰਥਿਕ ਵਿਕਾਸ ਦਾ ਦਿਖਾਵਾ ਕਰਕੇ ਗੁਜਰਾਤ ਦੇ ਦੰਗਿਆਂ ਦੌਰਾਨ ਖਰਾਬ ਹੋਈ ਇਮੇਜ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ।

ਇਸ ਨੂੰ 'ਗੁਜਰਾਤ ਮਾਡਲ' ਦਾ ਨਾ ਦਿੱਤਾ ਗਿਆ ਜਿਸ ਵਿੱਚ ਨਿੱਜੀ ਖੇਤਰ, ਜਨਤਕ ਖੇਤਰ ਦੀਆਂ ਕੰਪਨੀਆਂ ਦੇ ਵਧੀਆ ਪ੍ਰਬੰਧਨ ਅਤੇ 10 ਫੀਸਦ ਦੀ ਪ੍ਰਭਾਵਾਸ਼ਾਲੀ ਵਿਕਾਸ ਦਰ ਹਾਸਿਲ ਕੀਤੀ ਗਈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਨਰਿੰਦਰ ਮੋਦੀ ਨੇ ਆਪਣੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਗੁਜਰਾਤ ਦੇ ਆਰਥਿਕ ਵਿਕਾਸ ਦਾ ਦਿਖਾਵਾ ਕਰਕੇ ਗੁਜਰਾਤ ਦੇ ਦੰਗਿਆਂ ਦੌਰਾਨ ਖਰਾਬ ਹੋਈ ਇਮੇਜ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ

2008 ਵਿੱਚ ਜਦੋਂ ਪੱਛਮੀ ਬੰਗਾਲ ਵਿੱਚ ਸਿੰਗੂਰ ਵਿਖੇ ਟਾਟਾ ਮੋਟਰਜ਼ ਦਾ ਪਲਾਂਟ ਲਗਾਉਣ ਵਿਰੁੱਧ ਲਹਿਰ ਚੱਲੀ ਤਾਂ ਮੋਦੀ ਨੇ ਤੁਰੰਤ ਅੱਗੇ ਵੱਧ ਕੇ ਕੰਪਨੀ ਨੂੰ ਨਾ ਸਿਰਫ਼ ਗੁਜਰਾਤ ਵਿੱਚ ਪਲਾਂਟ ਲਗਾਉਣ ਲਈ ਸੱਦਾ ਦਿੱਤਾ ਸਗੋਂ ਉਨ੍ਹਾਂ ਨੂੰ ਜ਼ਮੀਨ, ਟੈਕਸ ਛੋਟ ਅਤੇ ਹੋਰ ਸਹੂਲਤਾਂ ਵੀ ਉਪਲਬਧ ਕਰਵਾਈਆਂ।

ਰਤਨ ਟਾਟਾ ਇਸ ਨਾਲ ਇੰਨੇ ਖੁਸ਼ ਹੋਏ ਕਿ ਉਨ੍ਹਾਂ ਨੇ ਮੋਦੀ ਦੀ ਤਾਰੀਫ ਦੇ ਪੁਲ ਬੰਨ੍ਹ ਦਿੱਤੇ ਪਰ ਇਸ ਗੁਜਰਾਤ ਮਾਡਲ ਦੀ ਬਹੁਤ ਸਾਰੇ ਹਲਕਿਆਂ ਵਿੱਚ ਅਲੋਚਨਾ ਵੀ ਕੀਤੀ ਗਈ ਸੀ।

ਇਹ ਵੀ ਪੜ੍ਹੋ:

ਮਸ਼ਹੂਰ ਪੱਤਰਕਾਰ ਰੂਤਮ ਵੋਰਾ ਨੇ ਹਿੰਦੂ ਵਿੱਚ ਛਪੇ ਇਕ ਲੇਖ ਵਿਚ ਇਹ ਦੱਸਿਆ ਕਿ 'ਵਾਈਬ੍ਰੇਂਟ ਗੁਜਰਾਤ' ਦੇ 8 ਐਡੀਸ਼ਨਾਂ ਵਿੱਚ 84 ਲੱਖ ਕਰੋੜ ਦੇ ਨਿਵੇਸ਼ ਸਮਝੌਤੇ 'ਤੇ ਹਸਤਾਖਰ ਹੋਏ ਪਰ ਇਨ੍ਹਾਂ ਵਿਚੋਂ ਜ਼ਿਆਦਾ ਨੂੰ ਪੂਰਾ ਨਹੀਂ ਕੀਤਾ ਗਿਆ ।

"ਪ੍ਰਤੀ ਵਿਅਕਤੀ ਆਮਦਨ ਦੇ ਮਾਪਦੰਡਾਂ 'ਤੇ ਗੁਜਰਾਤ ਦਾ ਭਾਰਤ ਵਿੱਚ ਪੰਜਵਾਂ ਸਥਾਨ ਜ਼ਰੂਰ ਸੀ ਪਰ ਨਰਿੰਦਰ ਮੋਦੀ ਦੇ ਉਭਾਰ ਤੋਂ ਪਹਿਲਾਂ ਵੀ ਗੁਜਰਾਤ ਦੀ ਗਿਣਤੀ ਭਾਰਤ ਦੇ ਚੁਣੇ ਹੋਏ ਵਿਕਸਤ ਰਾਜਾਂ ਵਿਚ ਹੁੰਦੀ ਸੀ।"

ਮੋਦੀ ਨੇ 'ਬ੍ਰਾਂਡ ਮੋਦੀ' ਆਪ ਤਿਆਰ ਕੀਤਾ

ਸਵਾਲ ਇਹ ਉੱਠਦਾ ਹੈ, ਜਿਸ ਨਰਿੰਦਰ ਮੋਦੀ ਦੇ ਖਿਲਾਫ਼ ਭਾਰਤ ਹੀ ਨਹੀਂ ਵਿਸ਼ਵ ਪੱਧਰ 'ਤੇ ਇੰਨਾ ਪ੍ਰਚਾਰ ਹੋਇਆ ਸੀ, ਉਨ੍ਹਾਂ ਨੂੰ ਅਮਰੀਕਾ ਨੇ ਵੀਜ਼ਾ ਨਹੀਂ ਦਿੱਤਾ ਅਤੇ ਸੰਸਦ ਦੀ ਕੋਈ ਬਹਿਸ ਨਰਿੰਦਰ ਮੋਦੀ ਅਤੇ ਗੁਜਰਾਤ ਦੇ ਦੰਗਿਆਂ ਬਿਨ੍ਹਾਂ ਪੂਰੀ ਨਹੀਂ ਹੋਈ। ਇਸਦੇ ਬਾਵਜੂਦ ਵੱਡੇ ਪੱਧਰ 'ਤੇ ਇੰਨਾ ਜਨ ਸਹਿਯੋਗ ਕਿਵੇਂ ਮਿਲ ਗਿਆ?

ਮੋਦੀ ਦੇ ਇਕ ਹੋਰ ਜੀਵਨੀਕਾਰ ਅਤੇ ਕਿਤਾਬ 'ਸੇਨਟਰਸਟੇਜ - ਇੰਨਸਾਇਡ ਮੋਦੀ ਮਾਡਲ ਆਫ਼ ਗਵਰਨੈਸ' ਦੇ ਲੇਖਕ ਉਦੇ ਮਾਹੂਰਕਰ ਦੱਸਦੇ ਹਨ, "ਮੋਦੀ ਨੂੰ ਬ੍ਰਾਂਡ ਮੋਦੀ ਬਣਾਉਣ ਲਈ ਆਪ ਨਰਿੰਦਰ ਦਾਮੋਦਰ ਮੋਦੀ ਨੇ ਸਖ਼ਤ ਮਿਹਨਤ ਕੀਤੀ ਹੈ।"

"ਗੱਲ-ਗੱਲ ਵਿੱਚ ਉਂਗਲੀਆਂ ਨਾਲ 'ਵੀ' ਦਾ ਨਿਸ਼ਾਨਾ ਬਣਾ ਦੇਣਾ, ਆਤਮਵਿਸ਼ਵਾਸ਼ ਜਾਂ ਕਿਹਾ ਜਾਵੇ ਆਕੜ ਨਾਲ ਭਰੀ ਚਾਲ, ਉਨ੍ਹਾਂ ਦੇ 'ਟ੍ਰੇਡਮਾਰਕ' ਅੱਧੇ ਆਸਤੀਨ ਦੇ ਕੁੜਤੇ ਅਤੇ ਤੰਗ ਚੁੜੀਦਾਰ ਪਜਾਮੇ -ਉਨ੍ਹਾਂ ਦੀ ਹਰ ਅਦਾ ਸੋਚ ਸਮਝ ਕੇ ਬਣਾਈ ਗਈ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮੋਦੀ ਨੇ ਬ੍ਰਾਂਡ ਮੋਦੀ ਆਪ ਤਿਆਰ ਕੀਤਾ ਸੀ

"ਮੋਦੀ ਦੀ ਜੋ ਤਸਵੀਰ ਦੁਨੀਆਂ ਅੱਗੇ ਪੇਸ਼ ਕੀਤੀ ਜਾਂਦੀ ਹੈ ਉਹ ਇੱਕ ਆਧੁਨਿਕ ਵਿਅਕਤੀ ਦੀ ਹੈ ਜੋ ਲੈਪਟਾਪ ਵਰਤਦਾ ਹੈ, ਉਸ ਦੇ ਹੱਥ ਇੱਕ ਵਿੱਤੀ ਅਖਬਾਰ ਹੈ ਅਤੇ ਡੀਐਲਐਸਆਰ ਕੈਮਰਾ ਹੈ।"

"ਉਹ ਕਦੇ ਓਬਾਮਾ ਦੀ ਜੀਵਨੀ ਪੜ੍ਹ ਰਹੇ ਹਨ ਅਤੇ ਕਦੇ ਟਰੈਕ ਸੂਟ ਵਿੱਚ ਨਜ਼ਰ ਆਉਂਦੇ ਹਨ ਤਾਂ ਕਦੇ ਉਨ੍ਹਾਂ ਦੇ ਸਿਰ 'ਤੇ ਕਾਊ ਬੁਆਏ ਕੈਪ' ਲੱਗੀ ਹੁੰਦੀ ਹੈ।"

ਮੋਦੀ ਦੀ ਜੀਵਨ ਸ਼ੈਲੀ

ਮੋਦੀ ਇੱਕ ਟਿਪਿਕਲ 'ਸਮਾਜਵਾਦੀ' ਰਾਜਨੇਤਾ ਨਹੀਂ ਹੈ ਜੋ ਮੁੜਿਆ ਹੋਇਆ ਖੱਦਰ ਪਾਉਂਦਾ ਹੈ ਅਤੇ ਨਾ ਹੀ ਉਹ ਖਾਕੀ ਪੈਂਟ ਪਾਈ ਅਤੇ ਹੱਥ ਵਿਚ ਲਾਠੀ ਫੜੇ ਹੋਏ ਆਰਐਸਐਸ ਪ੍ਰਚਾਰਕ ਹੈ।

ਉਹ ਬਲਗਾਰੀ ਦਾ ਮਹਿੰਗਾ ਰੀਮਲੇਸ ਚਸ਼ਮਾ ਪਾਉਂਦੇ ਹਨ। ਉਨ੍ਹਾਂ ਦੀ ਜੇਬ ਵਿੱਚ ਅਕਸਰ 'ਮੋਂ-ਬਲੈਨ' ਪੈੱਨ ਹੁੰਦਾ ਹੈ ਅਤੇ ਉਹ ਹੱਥ ਵਿੱਚ ਹਮੇਸ਼ਾ ਚਮੜੇ ਦੀ ਪੱਟੀ ਵਾਲੀ ਲਗ਼ਜ਼ਰੀ ' ਮੋਵਾਡੋ' ਘੜੀ ਬੰਨ੍ਹਦੇ ਹਨ।

ਉਹ ਕਦੇ ਵੀ ਠੰਢਾ ਪਾਣੀ ਨਹੀਂ ਪੀਂਦੇ , ਤਾਂ ਜੋ ਉਨ੍ਹਾਂ ਦੀ ਆਵਾਜ਼ 'ਤੇ ਪ੍ਰਭਾਵ ਨਾ ਹੋਵੇ। ਉਹ ਹਮੇਸ਼ਾਂ ਜੇਬ ਵਿਚ ਇੱਕ ਕੰਘਾ ਰੱਖਦੇ ਹਨ। ਉੜੇ ਹੋਏ ਬੇਤਰਤੀਬ ਵਾਲਾਂ ਨਾਲ ਅੱਜ ਤੱਕ ਉਨ੍ਹਾਂ ਦੀ ਇੱਕ ਵੀ ਤਸਵੀਰ ਨਹੀਂ ਖਿੱਚੀ ਗਈ।

ਉਹ ਹਰ ਰੋਜ਼ ਤੜਕੇ ਸਾਢੇ ਚਾਰ ਵਜੇ ਉੱਠਦੇ ਹਨ। ਯੋਗਾ ਕਰਦੇ ਹਨ ਅਤੇ ਆਪਣੇ ਆਈ-ਪੈਡ 'ਤੇ ਅਖਬਾਰ ਪੜ੍ਹਦੇ ਹਨ। ਉਨ੍ਹਾਂ ਨੇ ਪਿਛਲੇ ਦੋ ਦਹਾਕਿਆਂ 'ਚ ਕੋਈ ਵੀ ਛੁੱਟੀ ਨਹੀਂ ਲਈ ਹੈ ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਮਸ਼ਹੂਰ ਪੱਤਰਕਾਰ ਵਿਨੋਦ ਨੇ ਜੋਸ ਕਾਰਵਾਂ ਜਰਨਲ ਵਿੱਚ ਆਪਣੇ ਲੇਖ 'ਦਿ ਐਕਸਪਲੋਰਰ ਅਣਕਾਊਂਡ: ਦਿ ਰਾਈਜ਼ ਆਫ ਨਰੇਂਦਰ ਮੋਦੀ' ਵਿਚ ਲਿਖਿਆ ਹੈ ,"ਮੋਦੀ ਨੂੰ ਡਰਾਮਾ ਕਰਨ ਵਿੱਚ ਪੂਰੀ ਮੁਹਾਰਤ ਹਾਸਿਲ ਹੈ।"

"ਉਹ ਬੜਬੋਲਾ ਹੈ, ਸਥਿਰ ਅਤੇ ਆਤਮ ਵਿਸ਼ਵਾਸ ਨਾਲ ਭਰਿਆ ਹੈ। ਉਹ ਉਸ ਕਿਸਮ ਦੇ ਆਗੂ ਹਨ ਜੋ ਆਪਣੇ ਵਿਰੋਧੀਆਂ ਨੂੰ ਯਕੀਨ ਦਿਵਾ ਸਕਦੇ ਹਨ ਕਿ ਉਨ੍ਹਾਂ ਦੇ ਹੁੰਦੇ ਹੋਏ ਹਰ ਚੀਜ਼ ਕਾਬੂ ਵਿਚ ਹੋਵੇਗੀ।"

"ਉਹ ਬਿਨ੍ਹਾਂ ਕਾਗਜ਼ ਦਾ ਸਹਾਰਾ ਲਏ ਲੋਕਾਂ ਦੀਆਂ ਅੱਖਾਂ ਵਿੱਚ ਦੇਖ ਕੇ ਬੋਲਦੇ ਹਨ। ਉਨ੍ਹਾਂ ਦਾ ਭਾਸ਼ਨ ਸ਼ੁਰੂ ਹੁੰਦੇ ਹੀ ਲੋਕਾਂ ਵਿੱਚ ਚੁੱਪੀ ਛਾਅ ਜਾਂਦੀ ਹੈ। ਲੋਕ ਆਪਣੇ ਮੋਬਾਈਲਾਂ ਨਾਲ ਛੇੜਛਾੜ ਕਰਨਾ ਬੰਦ ਕਰ ਦਿੰਦੇ ਹਨ ਅਤੇ ਕਈ ਲੋਕਾਂ ਦੇ ਮੂੰਹ ਖੁੱਲ੍ਹੇ ਦੇ ਖੁੱਲ੍ਹੇ ਰਹਿ ਜਾਂਦੇ ਹਨ।"

ਰਿਸ਼ਤੇਦਾਰ ਨਹੀਂ ਤਾਂ ਭ੍ਰਿਸ਼ਟਚਾਰ ਨਹੀਂ

ਮਸ਼ਹੂਰ ਸਮਾਜ ਸ਼ਾਸਤਰੀ ਪ੍ਰੋਫੈਸਰ ਆਸ਼ੀਸ਼ ਨੰਦੀ ਨੇ ਨਰਿੰਦਰ ਮੋਦੀ ਦੀ ਸਖਸ਼ੀਅਤ ਲਈ 'ਪਯੋਰਿਟੈਨਿਕਲ ਰਿਜਿਡਿਟੀ' ਸ਼ਬਦ ਦੀ ਵਰਤੋਂ ਕੀਤੀ ਹੈ।

ਇਸਨੂੰ ਵਿਸਥਾਰ ਨਾਲ ਸਮਝਾਉਂਦੇ ਹੋਏ ਉਹ ਲਿਖਦੇ ਹਨ, "ਉਹ ਕੋਈ ਸਿਨੇਮਾ ਨਹੀਂ ਦੇਖਦੇ, ਨਾ ਸ਼ਰਾਬ ਪੀਂਦੇ ਹਨ ਤੇ ਨਾ ਹੀ ਸਿਗਰੇਟ ਪੀਂਦੇ ਹਨ। ਉਹ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰਦੇ ਹਨ। ਜ਼ਰੂਰਤ ਪੈਣ 'ਤੇ ਸਾਧਾਰਣ ਖਿਚੜੀ ਖਾਂਦੇ ਹਨ, ਉਹ ਵੀ ਇਕੱਲੇ ਹੀ ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਮੋਦੀ ਜਨਤਕ ਤੌਰ 'ਤੇ ਸਾਰੇ ਪਾਸੇ ਇਸਤਰੀ ਤਾਕਤ ਦੀ ਤਾਰੀਫ਼ ਕਰਦੇ ਦਿਖਾਈ ਦਿੰਦੇ ਹਨ

" ਖ਼ਾਸ ਮੌਕਿਆਂ 'ਤੇ ਉਹ ਵਰਤ ਰੱਖਦੇ ਹਨ, ਖਾਸਤੌਰ 'ਤੇ ਨਵਰਾਤਰਿਆਂ ਦੇ ਮੌਕੇ 'ਤੇ ਜਦੋਂ ਉਹ ਸਿਰਫ ਨਿੰਬੂ ਪਾਣੀ ਜਾਂ ਦਿਨ 'ਚ ਸਿਰਫ ਇੱਕ ਕੱਪ ਚਾਹ ਦਾ ਪੀਂਦੇ ਹਨ ।"

ਨੰਦੀ ਅੱਗੇ ਲਿਖਦੇ ਹਨ , "ਮੋਦੀ ਇਕੱਲੇ ਹੀ ਰਹਿੰਦੇ ਹਨ ਅਤੇ ਆਪਣੀ ਮਾਤਾ ਅਤੇ ਚਾਰ ਭੈਣ-ਭਰਾਵਾਂ ਨਾਲ ਬਹੁਤ ਘੱਟ ਸੰਪਰਕ ਰੱਖਦੇ ਹਨ। ਇੱਕ ਅੱਧੇ ਮੌਕੇ 'ਤੇ ਉਨ੍ਹਾਂ ਨੂੰ ਆਪਣੀ ਮਾਂ ਤੋਂ ਅਸ਼ੀਰਵਾਦ ਲੈਂਦੇ ਜਾਂ ਆਪਣੇ ਸਰਕਾਰੀ ਨਿਵਾਸ 'ਚ ਵੀਲ੍ਹ ਚੇਅਰ 'ਤੇ ਘੁੰਮਾਉਂਦੇ ਦੇਖਿਆ ਗਿਆ ਹੈ। ਉਹ ਆਪਣੀ ਜ਼ਿੰਦਗੀ ਦੇ ਇਸ ਪੱਖ ਨੂੰ ਸੱਚਾਈ ਵਜੋਂ ਦਿਖਾਉਂਦੇ ਹਨ । "

ਇੱਕ ਵਾਰ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ, "ਮੇਰੇ ਕੋਈ ਪਰਿਵਾਰ ਰਿਸ਼ਤੇ ਨਹੀਂ ਹਨ, ਮੈਂ ਇਕੱਲਾ ਹੀ ਹਾਂ। ਮੈਂ ਕਿਸ ਲਈ ਬੇਇਮਾਨੀ ਕਰਾਂਗਾ? ਮੇਰਾ ਦਿਮਾਗ ਅਤੇ ਸਰੀਰ ਪੂਰੀ ਤਰ੍ਹਾਂ ਕੌਮ ਨੂੰ ਸਮਰਪਿਤ ਹੈ।"

ਹਸੀਨਾ ਵਾਜੇਦ ਦੀ ਪ੍ਰਸ਼ੰਸਾ

ਮੋਦੀ ਉਦਾਂ ਤਾਂ ਜਨਤਕ ਤੌਰ 'ਤੇ ਸਾਰੇ ਪਾਸੇ ਇਸਤਰੀ ਤਾਕਤ ਦੀ ਤਾਰੀਫ਼ ਕਰਦੇ ਦਿਖਾਈ ਦਿੰਦੇ ਹਨ, ਪਰ ਇਕ ਵਾਰ ਉਨ੍ਹਾਂ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜੇਦ ਦੀ ਤਾਰੀਫ਼ ਕਰਦੇ ਹੋਏ ਕਿਹਾ ਸੀ ਕਿ ਔਰਤ ਹੋਣ ਦੇ ਬਾਵਜੂਦ ਉਨ੍ਹਾਂ ਨੇ ਬਹੁਤ ਹਿੰਮਤ ਨਾਲ ਅੱਤਵਾਦ ਦਾ ਮੁਕਾਬਲਾ ਕੀਤਾ ਹੈ।

ਸੋਸ਼ਲ ਮੀਡੀਆ 'ਤੇ 'ਹੈਸ਼ਟੈਗ' 'ਡਿਸਪਾਇਟ ਬੀਨਗ ਵੂਮੈਨ' ਦਾ 'ਟ੍ਰੈਡ' ਸ਼ੁਰੂ ਹੋ ਗਿਆ, ਪਰ ਮੋਦੀ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਸੀ।

'ਵਾਸ਼ਿੰਗਟਨ ਪੋਸਟ' ਨੇ ਜ਼ਰੂਰ ਇੱਕ ਖ਼ਬਰ ਲਗਾਈ, 'ਇੰਡੀਆਜ਼ ਮੋਦੀ ਡੇਲਿਵਰਡ ਦਿ ਵਰਲਡਜ਼ ਵਰਸਟ ਕਾਪਲੀਮੈਂਟ।'

ਰੁਜ਼ਗਾਰ ਪੈਦਾ ਨਹੀਂ ਕਰ ਸਕੇ ਮੋਦੀ

ਨਰਿੰਦਰ ਮੋਦੀ ਨੇ 2014 ਦੀਆਂ ਚੋਣਾਂ ਦੋ ਮੁੱਦਿਆਂ 'ਤੇ ਜਿੱਤੀਆਂ ਸੀ ।

ਉਨ੍ਹਾਂ ਦੀ ਵਿਰੋਧੀ ਪਾਰਟੀ ਦੀ ਭਰੋਸੇਯੋਗਤਾ ਦੇ ਚੀਥੜੇ ਉਡ ਗਏ ਸੀ ਅਤੇ ਉਨ੍ਹਾਂ ਨੇ ਦੇਸ਼ ਦੇ ਨੌਜਵਾਨ ਦੇ ਸਾਹਮਣੇ ਇੱਕ ਵੱਡਾ ਵਾਅਦਾ ਕੀਤਾ ਸੀ - ਇੱਕ ਸਾਲ ਵਿੱਚ 1 ਲੱਖ ਰੋਜ਼ਗਾਰ ਦੇਣ ਦਾ।

ਮੋਦੀ ਦੇ ਸਭ ਤੋਂ ਵੱਡੇ ਸਮਰਥਕ ਵੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਉਹ ਉਸ ਵਾਅਦੇ ਦੇ ਦੂਰ ਦੂਰ ਤੱਕ ਵੀ ਪਹੁੰਚਣ ਦੇ ਯੋਗ ਨਹੀਂ ਹੋਏ ।

ਇਕ ਸੌ ਅਤੇ ਤੀਹ ਕਰੌੜ ਦੀ ਆਬਾਦੀ ਵਾਲੇ ਦੇਸ਼ ਵਿਚ ਜਿੱਥੇ ਸਿੱਖਿਆ ਦਾ ਪੱਧਰ ਵਧ ਰਿਹਾ ਹੈ, ਹਰ ਮਹੀਨੇ ਘੱਟੋ-ਘੱਟ 5 ਲੱਖ ਨਵੀਆਂ ਨੌਕਰੀਆਂ ਦੀ ਲੋੜ ਹੈ। ਇਸ ਟੀਚੇ 'ਤੇ ਨਾ ਪਹੁੰਚ ਸਕਣਾ ਮੋਦੀ ਸਰਕਾਰ ਦੀ ਸਭ ਤੋਂ ਵੱਡੀ ਅਸਫਲਤਾ ਕਿਹਾ ਜਾ ਸਕਦਾ ਹੈ।

ਵੀਡੀਓ ਕੈਪਸ਼ਨ,

ਪਾਕਿਸਤਾਨ ਦੇ ਬਾਲਾਕੋਟ 'ਚ ਭਾਰਤੀ ਆਪਰੇਸ਼ਨ ਤੋਂ ਬਾਅਦ 'ਚਸ਼ਮਦੀਦਾਂ' ਨੇ ਕੀ ਦੱਸਿਆ?

ਬਾਲਾਕੋਟ ਨੇ ਮੋਦੀ ਨੂੰ ਦਿੱਤੀ ਸੰਜੀਵਨੀ

ਸਿਰਫ਼ ਇਹੋ ਨਹੀਂ, ਦੇਸ਼ ਦਾ ਕਿਸਾਨ ਵੀ ਮੋਦੀ ਸਰਕਾਰ ਤੋਂ ਖੁਸ਼ ਨਹੀਂ ਹੈ ।

ਬਹੁਤ ਜਿਆਦਾ ਦਿਨ ਨਹੀਂ ਹੋਏ ਜਦੋਂ ਹਜ਼ਾਰਾਂ ਕਿਸਾਨਾਂ ਨੇ ਆਪਣਾ ਵਿਰੋਧ ਜਤਾਉਂਦੇ ਹੋਏ ਦੇਸ਼ ਦੀ ਰਾਜਧਾਨੀ ਵੱਲ ਮਾਰਚ ਕੀਤਾ ਸੀ।

ਪਿਛਲੇ ਦਿਨਾਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਮੋਦੀ ਦੁਆਦਾ ਪੂਰੇ ਜੋਰ ਸ਼ੋਰ ਨਾਲ ਪ੍ਰਚਾਰ ਕਰਨ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਨੂੰ ਤਿੰਨ ਰਾਜਾਂ ਵਿਚ ਸੱਤਾ ਤੋਂ ਹੱਥ ਧੋਣੇ ਪਏ ਸਨ ਅਤੇ ਪਹਿਲੀ ਵਾਰ ਇਹ ਸ਼ੱਕ ਉਠਣ ਲੱਗਿਆ ਸੀ ਕਿ ਮੋਦੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪਣੀ ਪਾਰਟੀ ਦੀ ਕਿਸ਼ਤੀ ਪਾਰ ਲਗਾ ਸਕਣਗੇ ਜਾਂ ਨਹੀਂ ।

ਪਰ ਕਸ਼ਮੀਰ ਵਿੱਚ ਇਕ ਕੱਟੜਵਾਦੀ ਹਮਲੇ ਅਤੇ ਇੱਕ ਹਫ਼ਤੇ ਲਈ ਪਾਕਿਸਤਾਨ ਨਾਲ ਚੱਲੇ ਸੰਘਰਸ਼ ਨੇ ਮੋਦੀ ਦੇ ਸਮਰਥਨ ਵਿਚ ਆਉਣ ਵਾਲੀ ਰੁਕਾਵਟ ਨੂੰ ਰੋਕ ਦਿੱਤਾ।

ਮੋਦੀ ਦੀ ਜੰਗ ਵਿੱਚ ਵਾਪਸੀ

ਭਾਰਤੀ ਵੋਟਰਾਂ ਨੂੰ ਇਸ ਗੱਲ ਨਾਲ ਮਤਲਬ ਨਹੀਂ ਕਿ ਪਾਕਿਸਤਾਨ ਵਿੱਚ ਅੱਤਵਾਦੀ ਠਿਕਾਣਿਆਂ 'ਤੇ ਹਵਾਈ ਸੈਨਾ ਹਮਲੇ ਦੌਰਾਨ ਆਪਣੇ ਟੀਚੇ ਤੋਂ ਪਿਛੇ ਰਹਿ ਗਈ ਹੋਵੇ ਜਾਂ ਪਾਕਿਸਤਾਨ ਨੇ ਭਾਰਤ ਦਾ ਇਕ ਲੜਾਕੂ ਜਹਾਜ਼ ਨਸ਼ਟ ਕਰ ਦਿੱਤਾ ਹੋਵੇ।

ਉਨ੍ਹਾਂ ਲਈ ਇਹ ਜ਼ਰੂਰੀ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਮੋਦੀ ਨੇ ਤੁਰੰਤ ਜਵਾਬ ਦਿੱਤਾ ।

ਜਦੋਂ ਵੀ ਮੋਦੀ ਨੇ ਕਿਹਾ ਕਿ 'ਜੇ ਉਹ ਸੱਤ ਸਮੁੰਦਰਾਂ ਦੇ ਅੰਦਰ ਵੀ ਚਲੇ ਜਾਣਗੇ, ਤਾਂ ਮੈਂ ਉਨ੍ਹਾਂ ਨੂੰ ਲੱਭ ਲਿਆਵਾਂਗਾ। ਹਿਸਾਬ ਬਰਾਬਰ ਕਰਨਾ ਮੇਰੀ ਦੀ ਫਿਤਰਤ ਰਹੀ ਹੈ,' - ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)