ਕੀ ਉਰਮਿਲਾ ਮਾਤੋਂਡਕਰ ਦੇ ਪਤੀ ਪਾਕਿਸਤਾਨ ਤੋਂ ਹਨ - ਫੈਕਟ ਚੈੱਕ

  • ਫੈਕਟ ਚੈੱਕ ਟੀਮ
  • ਬੀਬੀਸੀ ਨਿਊਜ਼
ਉਰਮਿਲਾ ਮਾਤੋਂੜਕਰ ਅਤੇ ਉਨ੍ਹਾਂ ਦੇ ਪਤੀ
ਤਸਵੀਰ ਕੈਪਸ਼ਨ,

ਉਰਮਿਲਾ ਮਾਤੋਂਡਕਰ ਕਾਂਗਰਸ ਉਮੀਦਵਾਰ ਵਜੋਂ ਉੱਤਰੀ ਮੁੰਬਈ ਲੋਕ ਸਭਾ ਸੀਟ ਤੋਂ ਚੋਣ ਲੜਨ ਰਹੇ ਹਨ

ਸੋਸ਼ਲ ਮੀਡੀਆ 'ਤੇ ਇਸ ਅਫ਼ਵਾਹ ਨੂੰ ਤੇਜ਼ੀ ਨਾਲ ਫੈਲਾਇਆ ਜਾ ਰਿਹਾ ਹੈ ਕਿ ਬਾਲੀਵੁਡ ਅਦਾਕਾਰਾ ਉਰਮਿਲਾ ਮਾਤੋਂਡਕਰ ਦੇ ਪਤੀ ਪਾਕਿਸਤਾਨੀ ਮੂਲ ਦੇ ਵਪਾਰੀ ਹਨ।

ਸ਼ੁੱਕਰਵਾਰ ਨੂੰ ਕਾਂਗਰਸ ਪਾਰਟੀ ਤੋਂ ਲੋਕ ਸਭਾ ਦਾ ਟਿਕਟ ਮਿਲਣੀ ਤੈਅ ਹੋਣ ਤੋਂ ਬਾਅਦ ਉਰਮਿਲਾ ਦੇ ਖ਼ਿਲਾਫ਼ ਇਸ ਅਫ਼ਵਾਹ ਨੂੰ ਹਿੰਦੂਤਵੀ ਰੁਝਾਨ ਵਾਲੇ ਫੇਸਬੁਕ ਅਤੇ ਵਟਸਐਪ ਗਰੁੱਪਾਂ 'ਚ ਤੇਜ਼ੀ ਨਾਲ ਫੈਲਾਇਆ ਗਿਆ।

ਇਨ੍ਹਾਂ ਗਰੁੱਪਾਂ 'ਚ ਉਰਮਿਲਾ ਅਤੇ ਉਨ੍ਹਾਂ ਦੇ ਪਤੀ ਦੀ ਤਸਵੀਰ ਦੇ ਨਾਲ ਇਹ ਸੰਦੇਸ਼ ਸ਼ੇਅਰ ਕੀਤਾ ਜਾ ਰਿਹਾ ਹੈ ਕਿ 'ਘੱਟ ਲੋਕ ਹੀ ਜਾਣਦੇ ਹਨ ਕਿ ਉਰਮਿਲਾ ਨੇ ਇੱਕ ਪਾਕਿਸਤਾਨੀ ਨਾਲ ਨਿਕਾਹ ਕੀਤਾ ਹੈ।'

ਵਧੇਰੇ ਗਰੁੱਪਾਂ 'ਚ ਉਰਮਿਲਾ ਦੇ ਖ਼ਿਲਾਫ਼ ਬਿਲਕੁਲ ਇਕੋ ਜਿਹਾ ਸੰਦੇਸ਼ ਲਿਖਿਆ ਗਿਆ ਹੈ, ਜਿਸ ਨੂੰ ਦੇਖ ਕੇ ਲਗਦਾ ਹੈ ਕਿ ਲੋਕਾਂ ਨੇ ਇਹ ਸੰਦੇਸ਼ ਕਿਤੇ ਤੋਂ ਕਾਪੀ ਕੀਤਾ ਹੈ।

ਤਸਵੀਰ ਕੈਪਸ਼ਨ,

ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਉਰਮਿਲਾ ਬਾਰੇ ਅਫ਼ਵਾਹਾਂ ਬੇਬੁਨਿਆਦ ਹਨ

ਇਹ ਜਾਣਕਾਰੀਆਂ ਜਨਤਕ ਤੌਰ 'ਤੇ ਉਪਲਬਧ ਹਨ ਕਿ ਅਦਾਕਾਰਾ ਉਰਮਿਲਾ ਮਾਤੋਂਡਕਰ ਦੇ ਪਤੀ ਮੋਹਸਿਨ ਅਖ਼ਤਰ ਮੀਰ ਭਾਰਤ ਸ਼ਾਸਿਤ ਕਸ਼ਮੀਰ ਨਾਲ ਸਬੰਧਤ ਹਨ, ਨਾ ਕਿ ਪਾਕਿਸਤਾਨ ਨਾਲ।

ਇਹ ਵੀ ਪੜ੍ਹੋ-

ਉਰਮਿਲਾ ਨਾਲੋਂ 9 ਸਾਲ ਛੋਟੇ ਮੋਹਸਿਨ ਇੱਕ ਵਪਾਰ ਕਰਨ ਵਾਲੇ ਕਸ਼ਮੀਰੀ ਘਰਾਣੇ ਨਾਲ ਤਾਲੁੱਅਕ ਰਖਦੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਮੋਹਸਿਨ ਦੇ ਪਰਿਵਾਰ ਦਾ ਕਸ਼ੀਦਕਾਰੀ ਦਾ ਕੰਮ ਹੈ ਪਰ ਉਹ 21 ਸਾਲ ਦੀ ਉਮਰ ਵਿੱਚ ਮੁੰਬਈ ਆ ਗਏ ਸਨ ਅਤੇ ਮਾਡਲਿੰਗ ਇੰਡਸਟਰੀ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਸਾਲ 2007 'ਚ 'ਮਿਸਟਰ ਇੰਡੀਆ ਮੁਕਾਬਲੇ' ਵਿੱਚ ਵੀ ਮੋਹਸਿਨ ਨੇ ਹਿੱਸਾ ਲਿਆ ਸੀ।

ਤਸਵੀਰ ਕੈਪਸ਼ਨ,

ਉਰਮਿਲਾ ਅਤੇ ਮੋਹਸਿਨ ਨੇ 2016 ਵਿੱਚ ਵਿਆਹ ਕਰਵਾਇਆ ਸੀ

ਇਸ ਤੋਂ ਇਲਾਵਾ ਸਾਲ 2009 'ਚ ਆਈ ਬਾਲੀਵੁਡ ਫਿਲਮ 'ਲਕ ਬਾਈ ਚਾਂਸ' 'ਚ ਵੀ ਮੋਹਸਿਨ ਅਖ਼ਤਰ ਮੀਰ ਦਾ ਇੱਕ ਛੋਟਾ ਜਿਹਾ ਰੋਲ ਸੀ।

ਦੱਸਿਆ ਜਾਂਦਾ ਹੈ ਕਿ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੀ ਭਤੀਜੀ ਦੇ ਵਿਆਹ 'ਤੇ ਉਰਮਿਲਾ ਅਤੇ ਮੋਹਸਿਨ ਦੀ ਪਹਿਲੀ ਮੁਲਾਕਾਤ ਹੋਈ ਸੀ

3 ਮਾਰਚ 2016 ਨੂੰ ਉਰਮਿਲਾ ਅਤੇ ਮੋਹਸਿਨ ਨੇ ਬਿਲਕੁਲ ਸਾਦੇ ਅੰਦਾਜ਼ 'ਚ ਕੁਝ ਖ਼ਾਸ ਲੋਕਾਂ ਦੀ ਮੌਜੂਦਗੀ 'ਚ ਵਿਆਹ ਕੀਤਾ ਸੀ।

ਉਰਮਿਲਾ ਦੇ ਪਤੀ ਮੋਹਸਿਨ ਅਖ਼ਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਵਿਆਹ ਤੋਂ ਬਾਅਦ ਉਰਮਿਲਾ ਮਾਤੋਂਡਕਰ ਨੇ ਨਾ ਧਰਮ ਬਦਲਿਆ ਹੈ ਅਤੇ ਨਾ ਹੀ ਆਪਣਾ ਨਾਮ।

ਉਰਮਿਲਾ ਦੇ ਬਾਰੇ ਇਹ ਵੀ ਅਫ਼ਵਾਹ ਫੈਲ ਚੁੱਕੀ ਹੈ ਕਿ ਉਹ ਆਰਐਸਐਸ ਮੁਖੀ ਮੋਹਨ ਭਾਗਵਤ ਦੀ ਭਤੀਜੀ ਹੈ। ਉਨ੍ਹਾਂ ਨੇ ਇਸ ਗੱਲ ਦਾ ਖੰਡਨ ਕੀਤਾ।

ਕਾਂਗਰਸ 'ਚ ਸ਼ਮੂਲੀਅਤ

ਕਾਂਗਰਸ ਪਾਰਟੀ ਨੇ ਉਰਮਿਲਾ ਮਾਤੋਂਡਕਰ ਦੇ ਉੱਤਰੀ ਮੁੰਬਈ ਲੋਕ ਸਭਾ ਸੀਟ ਤੋਂ ਚੋਣ ਲੜਨ ਦਾ ਅਧਿਕਾਰਤ ਐਲਾਨ ਕੀਤਾ ਹੈ।

ਦੋ ਦਿਨ ਪਹਿਲਾਂ ਹੀ ਉਰਮਿਲਾ ਮਾਤੋਂਡਕਰ ਕਾਂਗਰਸ 'ਚ ਸ਼ਾਮਿਲ ਹੋਈ ਸੀ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਪਾਰਟੀ ਦੀ ਮੈਂਬਰਸ਼ਿਪ ਲਈ ਸੀ।

ਇਹ ਵੀ ਪੜ੍ਹੋ-

ਕਾਂਗਰਸ ਪਾਰਟੀ ਨਾਲ ਜੁੜਨ ਦੇ ਉਰਮਿਲਾ ਦੇ ਫ਼ੈਸਲੇ ਤੋਂ ਬਾਅਦ ਵੀ ਕੁਝ ਲੋਕਾਂ ਨੇ ਉਨ੍ਹਾਂ ਦੇ ਕੰਮ ਅਤੇ ਉਨ੍ਹਾਂ ਦੇ ਚਰਿੱਤਰ 'ਤੇ ਸਵਾਲ ਚੁੱਕੇ ਸਨ। ਉਨ੍ਹਾਂ ਬਾਰੇ ਅਫਵਾਹਾਂ ਫੈਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।

ਪਾਕਿਸਤਾਨ ਕੂਨੈਕਸ਼ਨ

ਮੇਰਠ ਦੀ ਚੋਣ ਰੈਲੀ ਤੋਂ ਜਦੋਂ ਪੀਐਮ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਪਣੀ ਚੋਣ ਮੁੰਹਿਮ ਦੀ ਸ਼ੁਰੂਆਤ ਕੀਤੀ ਤਾਂ ਉਨ੍ਹਾਂ ਨੇ ਕਈ ਅਜਿਹੇ ਬਿਆਨ ਦਿੱਤੇ ਜਿਨ੍ਹਾਂ ਦੇ ਆਧਾਰ 'ਤੇ 'ਕਾਂਗਰਸ ਅਤੇ ਪਾਕਿਸਤਾਨ ਵਿਚਾਲੇ ਕੂਨੈਕਸ਼ਨ' ਬਾਰੇ ਸੋਚਣ ਲੱਗੇ।

ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਪੁਲਾਵਾਮਾ ਹਮਲੇ ਅਤੇ ਬਾਲਾਕੋਟ ਏਅਰ ਸਟ੍ਰਾਇਕ ਤੋਂ ਬਾਅਦ ਤੋਂ ਹੀ ਕਾਂਗਰਸ ਨੂੰ 'ਦੇਸ ਵਿਰੋਧੀ' ਅਤੇ 'ਪਾਕਿਸਤਾਨ ਦੇ ਹਮਾਇਤੀ' ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਭਾਜਪਾ ਆਗੂਆਂ ਦਾ ਮੰਨਣਾ ਹੈ ਕਿ ਕਾਂਗਰਸ ਪਾਰਟੀ ਦੇ ਆਗੂਆਂ ਦਾ ਵਿਰੋਧੀ ਦਲ ਵਜੋਂ ਫੌਜੀ ਕਾਰਵਾਈ 'ਤੇ ਮੋਦੀ ਸਰਕਾਰ ਕੋਲੋਂ ਸਬੂਤ ਮੰਗਣਾ ਦੇਸ ਦੇ ਖ਼ਿਲਾਫ਼ ਹੈ।

ਫੈਕਟ ਚੈੱਕ ਦੀਆਂ ਹੋਰ ਖ਼ਬਰਾਂ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)