ISRO ਦੀ ਸਥਾਪਨਾ 'ਚ ਨਹਿਰੂ ਦਾ ਯੋਗਦਾਨ ਸੀ ਜਾਂ ਨਹੀਂ, ਸੱਚ ਕੀ ਹੈ? - ਫ਼ੈਕਟ ਚੈੱਕ

ਜਵਾਹਰ ਲਾਲ ਨਹਿਰੂ Image copyright Getty Images

ਭਾਰਤ ਪੁਲਾੜ ਵਿੱਚ ਐਂਟੀ ਸੈਟੇਲਾਈਟ ਮਿਸਾਈਲ ਲਾਂਚ ਕਰਨ ਵਾਲੇ ਮੁਲਕਾਂ ਵਿੱਚ ਸ਼ਾਮਲ ਹੋ ਗਿਆ ਹੈ।

ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਅਜਿਹੀਆਂ ਪੋਸਟਾਂ ਦੇਖੀਆਂ ਜਾ ਸਕਦੀਆਂ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਸਪੇਸ ਏਜੰਸੀ ਇਸਰੋ (ISRO) ਦੀ ਸਥਾਪਨਾ ਵਿੱਚ ਦੇਸ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਕੋਈ ਯੋਗਦਾਨ ਨਹੀਂ ਸੀ।

ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਭਾਰਤ ਸਪੇਸ ਦੇ ਖੇਤਰ ਦੀ ਦੁਨੀਆਂ ਦੀ ਚੌਥੀ ਮਹਾਂਸ਼ਕਤੀ ਬਣ ਗਿਆ ਹੈ ਅਤੇ ਭਾਰਤੀ ਵਿਗਿਆਨੀਆਂ ਨੂੰ ਇੱਕ ਲਾਈਵ ਸੈਟੇਲਾਈਟ ਨੂੰ ਨਸ਼ਟ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ।

ਵਿਗਿਆਨੀਆਂ ਦੀ ਇਸ ਵੱਡੀ ਸਫਲਤਾ ਨੂੰ ਲੈ ਕੇ ਭਾਰਤ ਵਿੱਚ ਖੁਸ਼ੀ ਮਨਾਈ ਗਈ। ਸੱਜੇ ਪੱਖੀਆਂ ਨੇ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਇਸ ਉਪਲਬਧੀ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ।

ਵਿਰੋਧੀ ਧਿਰਾਂ ਦਾ ਸਮਰਥਨਨ ਕਰਨ ਵਾਲਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਚੋਣਾਂ ਤੋਂ ਪਹਿਲਾਂ ਵਿਗਿਆਨੀਆਂ ਦੀ ਇਸ ਉਪਲਬਧੀ ਦਾ ਸਿਹਰਾ ਖੋਹ ਕੇ ਉਸ ਨੂੰ ਵੋਟਾਂ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ:

ਫਿਲਹਾਲ, ਜਿਨ੍ਹਾਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਨਹਿਰੂ ਬਾਰੇ ਲਿਖਿਆ ਗਿਆ ਹੈ, ਉਨ੍ਹਾਂ ਮੁਤਾਬਕ ਨਹਿਰੂ ਦਾ ਦੇਹਾਂਤ 27 ਮਈ 1964 ਨੂੰ ਹੋਇਆ ਸੀ ਜਦਕਿ ਇਸਰੋ ਦੀ ਸਥਾਪਨਾ 15 ਅਗਸਤ 1969 ਨੂੰ ਹੋਈ ਸੀ।

ਬਹੁਤ ਸਾਰੇ ਲੋਕਾਂ ਨੇ ਇਹ ਸਵਾਲ ਚੁੱਕਿਆ ਹੈ ਕਿ ਜਦੋਂ ਇਸਰੋ ਦੀ ਸਥਾਪਨਾ ਤੋਂ ਪਹਿਲਾਂ ਹੀ ਨਹਿਰੂ ਦਾ ਦੇਹਾਂਤ ਹੋ ਗਿਆ ਸੀ, ਤਾਂ ਉਹ ਇਸ ਸੰਸਥਾ ਦੀ ਸਥਾਪਨਾ ਕਿਵੇਂ ਕਰ ਸਕਦੇ ਹਨ?

ਸਪੇਸ ਏਜੰਸੀ ਇਸਰੋ ਮੁਤਾਬਕ ਇਨ੍ਹਾਂ ਦੋ ਤਰੀਕਾਂ ਦੇ ਆਧਾਰ 'ਤੇ ਇਹ ਸਵਾਲ ਚੁੱਕਣਾ ਵਾਜਿਬ ਨਹੀਂ ਹੈ।

ਸੱਚ ਕੀ ਹੈ

ਅਧਿਕਾਰਤ ਰੂਪ ਤੋਂ ਇਸਰੋ ਦੀ ਸਥਾਪਨਾ ਪਰਮਾਣੂ ਊਰਜਾ ਵਿਭਾਗ ਦੇ ਤਹਿਤ 15 ਅਗਸਤ 1969 ਨੂੰ ਹੋਈ ਸੀ। ਯਾਨਿ ਜਵਾਹਰ ਲਾਲ ਨਹਿਰੂ ਦੇ ਦੇਹਾਂਤ ਤੋਂ ਪੰਜ ਸਾਲ ਬਾਅਦ।

ਪਰ ਇਸੇ ਵਿਭਾਗ ਦੇ ਅਧੀਨ NCOSPAR (ਇੰਡੀਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ) ਨਾਮ ਦੀ ਇੱਕ ਇਕਾਈ ਸਰਗਰਮ ਸੀ ਜਿਸ ਤੋਂ ਬਾਅਦ ਇਸ ਨੂੰ ਇਸਰੋ ਦਾ ਨਾਮ ਦਿੱਤਾ ਗਿਆ।

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਪ੍ਰਸਿੱਧ ਵਿਗਿਆਨੀ ਡਾਕਟਰ ਵਿਕਰਮ ਸਾਰਾਭਾਈ ਦੀ ਅਗਵਾਈ ਵਿੱਚ ਇੰਡੀਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ' ਦੀ ਸਥਾਪਨਾ ਕੀਤੀ ਸੀ।

ਨਹਿਰੂ ਨੇ ਇਹ ਫ਼ੈਸਲਾ ਆਪਣੇ ਦੇਹਾਂਤ ਤੋਂ ਦੋ ਸਾਲ ਪਹਿਲਾਂ ਕੀਤਾ ਸੀ।

ਇਹ ਵੀ ਪੜ੍ਹੋ:

Image copyright AFP/Getty

ਇਸਰੋ ਦੀ ਅਧਿਕਾਰਤ ਵੈੱਬਸਾਈਟ 'ਤੇ ਵੀ ਇਸ ਸਪੇਸ ਰਿਸਰਚ ਏਜੰਸੀ ਦੀ ਸਥਾਪਨਾ ਵਿੱਚ ਨਹਿਰੂ ਅਤੇ ਡਾਕਟਰ ਸਾਰਾਭਾਈ ਦੇ ਯੋਗਦਾਨ ਦਾ ਜ਼ਿਕਰ ਕੀਤਾ ਗਿਆ ਹੈ।

ਵੈੱਬਸਾਈਟ 'ਤੇ ਲਿਖਿਆ ਹੈ, "ਭਾਰਤ ਨੇ ਸਪੇਸ ਵਿੱਚ ਜਾਣ ਦਾ ਫ਼ੈਸਲਾ ਉਦੋਂ ਕੀਤਾ ਸੀ ਜਦੋਂ ਭਾਰਤ ਸਰਕਾਰ ਨੇ ਸਾਲ 1962 ਵਿੱਚ ਇੰਡੀਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ ਦੀ ਸਥਾਪਨਾ ਕੀਤੀ ਸੀ।''

ਜੇਕਰ ਇਸ ਸੰਸਥਾ ਦੇ ਗਠਨ ਦਾ ਸਿਹਰਾ ਜਵਾਹਰ ਲਾਲ ਨਹਿਰੂ ਤੋਂ ਲੈ ਵੀ ਲਿਆ ਜਾਵੇ ਤਾਂ ਇਹ ਇੰਦਰਾ ਗਾਂਧੀ ਦੀ ਝੋਲੀ ਵਿੱਚ ਜਾਂਦਾ ਹੈ ਕਿਉਂਕਿ ਅਗਸਤ 1969 ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਅਤੇ ਜਿਸ ਸਮੇਂ ਅਧਿਕਾਰਤ ਰੂਪ ਤੋਂ ਇਸਰੋ ਦੀ ਸ਼ੁਰੂਆਤ ਹੋਈ ਉਸ ਸਮੇਂ ਦੇਸ ਵਿੱਚ ਕਾਂਗਰਸ ਦੀ ਸਰਕਾਰ ਹੀ ਸੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)