'ਨਸ਼ਿਆਂ ਖ਼ਿਲਾਫ਼ ਕੈਪਟਨ ਅਮਰਿੰਦਰ ਦੀ ਪ੍ਰਚਾਰ ਮੁਹਿੰਮ ਲਈ ਕਾਲਾ ਦਿਨ' - ਸੋਸ਼ਲ ਮੀਡੀਆ

ਔਰਤ Image copyright Getty Images
ਫੋਟੋ ਕੈਪਸ਼ਨ ਮਹਿਲਾ ਡਰੱਗ ਇੰਸਪੈਕਟਰ ਦਾ ਗੋਲੀ ਮਾਰ ਕੇ ਕਤਲ

ਬੀਤੇ ਦਿਨੀਂ ਪੰਜਾਬ ਦੇ ਖਰੜ ਵਿੱਚ ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੌਰੀ ਨਾਮ ਦਾ ਗੋਲੀ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ।

ਘਟਨਾ ਤੋਂ ਬਾਅਦ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਵਿੱਚ ਕਾਫ਼ੀ ਰੋਸ ਦੇਖਣ ਨੂੰ ਮਿਲ ਰਿਹਾ ਹੈ।

ਕੀ ਹੈ ਮਾਮਲਾ?

ਪੁਲਿਸ ਸੂਤਰਾਂ ਮੁਤਾਬਕ ਮੁਲਜ਼ਮ ਨੇ ਸ਼ੁੱਕਰਵਾਰ ਨੂੰ ਡਰੱਗ ਐਂਡ ਫੂਡ ਕੰਟਰੋਲ ਲੈਬੋਰਟਰੀ ਵਿਚ ਜ਼ਬਰੀ ਦਾਖ਼ਲ ਹੋ ਕੇ ਮਹਿਲਾ ਅਧਿਕਾਰੀ ਨੇਹਾ ਸ਼ੌਰੀ ਨੂੰ ਗੋਲੀ ਮਾਰ ਦਿੱਤੀ ਸੀ।

ਜਿਸ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੌਕੇ ਉੱਤੇ ਹਾਜ਼ਰ ਲੋਕਾਂ ਨੇ ਉਨ੍ਹਾਂ ਨੂੰ ਦਬੋਚ ਲਿਆ। ਇਸ ਦੌਰਾਨ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਅਤੇ ਉਸ ਦੀ ਵੀ ਮੌਤ ਹੋ ਗਈ।

ਸਰਕਾਰ ਨੇ ਚੁੱਕਿਆ ਕੀ ਕਦਮ?

ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ 'ਤੇ ਟਵੀਟ ਕਰਦਿਆਂ ਕਿਹਾ, "ਐਫ਼ਡੀਏ ਦੀ ਬਹਾਦਰ ਅਫ਼ਸਰ ਨੇਹਾ ਸ਼ੌਰੀ ਦੇ ਕਤਲ ਨੇ ਸਾਡੇ ਸਾਰਿਆਂ ਨੂੰ ਵੱਡਾ ਸਦਮਾ ਦਿੱਤਾ ਹੈ। ਮੈਂ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਹਨ ਕਿ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਇਸ ਮਾਮਲੇ ਦੀ ਗਹਿਰਾਈ ਤੱਕ ਪਹੁੰਚ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾ ਸਕੇ।"

ਕੌਣ ਹੈ ਮੁਲਜ਼ਮ?

ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਲਗਿਆ ਹੈ ਕਿ 56 ਸਾਲਾ ਮੁਲਜ਼ਮ ਬਲਵਿੰਦਰ ਸਿੰਘ ਦੀ ਮੋਰਿੰਡਾ ਇਲਾਕੇ ਵਿਚ ਕੈਮਿਸਟ ਦੀ ਦੁਕਾਨ ਸੀ।

ਇਸ ਦਾ ਲਾਈਸੰਸ ਲੇਡੀ ਡਰੱਗ ਇੰਸਪੈਕਟਰ ਨੇਹਾ ਨੇ ਕੁਝ ਦਿਨ ਪਹਿਲਾਂ ਰੱਦ ਕਰ ਦਿੱਤਾ ਸੀ ਅਤੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।

ਇਹ ਵੀ ਪੜ੍ਹੋ-

ਲੋਕਾਂ ਦਾ ਕੀ ਹੈ ਕਹਿਣਾ?

ਲੋਕ ਜਿੱਥੇ ਨੇਹਾ ਦੀ ਮੌਤ ਤੇ ਦੁੱਖ ਪ੍ਰਗਟ ਕਰ ਰਹੇ ਹਨ ਉੱਥੇ ਹੀ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਕਾਰਗੁਜ਼ਾਰੀ 'ਤੇ ਵੀ ਸਵਾਲ ਚੁੱਕ ਰਹੇ ਹਨ।

ਟਵਿੱਟਰ ਯੂਜ਼ਰ ਅਦਵਾਇਤਾ ਕਾਲਾ ਲਿਖਦੀ ਹੈ, "ਪੰਜਾਬ ਵਿਚ ਡਰੱਗਜ਼ ਦੀ ਸਮੱਸਿਆ ਨਾਲ ਲੜ ਰਹੀ ਇੱਕ ਨੌਜਵਾਨ ਬਹਾਦਰ ਔਰਤ ਨੂੰ ਗੋਲੀ ਮਾਰ ਦਿੱਤੀ ਗਈ। ਇਹ ਕੈਪਟਨ ਅਮਰਿੰਦਰ ਸਿੰਘ ਦੀ ਨਸ਼ਿਆਂ ਖਿਲਾਫ਼ ਪ੍ਰਚਾਰ ਮੁਹਿੰਮ ਲਈ ਕਾਲਾ ਦਿਨ ਹੈ ਅਤੇ ਨਸ਼ਿਆਂ ਖਿਲਾਫ਼ ਲੜਣ ਵਾਲੇ ਲੋਕਾਂ ਦੀ ਸੁਰੱਖਿਆ ਕਰਨ ਵਾਲਾ ਵਾਅਦਾ ਵੀ ਅਸਫ਼ਲ ਹੋ ਗਿਆ ਹੈ।"

ਟਵਿੱਟਰ ਹੈਂਡਲਰ ਉਜਾਲਾ ਅਰੋੜਾ ਲਿਖਦੀ ਹੈ, "ਕਿੱਥੇ ਕਮੀ ਰਹਿ ਰਹੀ ਹੈ ਪੰਜਾਬ ਪੁਲਿਸ?"

ਪੱਤਰਕਾਰ ਸਾਗਾਰਿਕਾ ਘੋਸ ਨੇ ਵੀ ਟਵਿੱਟਰ 'ਤੇ ਆਪਣੇ ਵਿਚਾਰ ਲਿਖਦਿਆਂ ਕਿਹਾ, " ਇਹ ਘਟਨਾ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਆਪਣੇ ਹਿੱਤਾਂ ਨੂੰ ਦੇਖਦੇ ਹੋਏ ਲੋਕ ਮਾਰ ਸਕਦੇ ਹਨ ਤਾਂ ਜੋ ਉਨ੍ਹਾਂ ਦਾ ਵਿਨਾਸ਼ਕਾਰੀ ਏਜੰਡਾ ਬਚਿਆ ਰਹੇ।"

ਗੌਰਵ ਪ੍ਰਧਾਨ ਨਾਮ ਦੇ ਟਵਿੱਟਰ ਯੂਜ਼ਰ ਦਾ ਕਹਿਣਾ ਹੈ, "ਇਸ ਮਾਮਲੇ 'ਤੇ ਮੀਡੀਆ ਦੀ ਚੁੱਪੀ ਦਰਸਾਉਂਦੀ ਹੈ ਕਿ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਨੂੰ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਗਰੀਬੀ ਵਾਂਗ ਹੀ ਹੱਲ ਕਰ ਲਿਆ ਗਿਆ ਹੈ।"

ਕੇਜੇਐੱਸ ਨਾਮ ਦੇ ਟਵਿੱਟਰ ਹੈਂਡਲ 'ਤੇ ਲਿਖਿਆ ਹੈ, "ਭਾਰਤ ਵਿੱਚ ਇਮਾਨਦਾਰ ਅਧਿਕਾਰੀਆਂ ਦੀ ਇਸ ਤਰ੍ਹਾਂ ਦੀ ਤਕਦੀਰ ਦੇਖਣਾ ਬਹੁਤ ਮੰਦਭਾਗਾ ਹੈ। ਇਹ ਘਟਨਾ ਦਰਸਾਉਂਦੀ ਹੈ ਕਿ ਪੰਜਾਬ ਵਿਚ ਡਰੱਗ ਮਾਫ਼ੀਆ ਨੂੰ ਲਾਅ ਇਨਫੋਰਸਮੈਂਟ ਏਜੰਸੀਜ਼ ਦਾ ਬਿਲਕੁਲ ਵੀ ਖੌਫ਼ ਨਹੀਂ ਹੈ।"

ਇਹ ਵੀ ਪੜ੍ਹੋ-

ਟਵਿੱਟਰ ਯੂਜ਼ਰ ਸੱਤਿਆ ਵਤਸ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕਰਦੇ ਹਨ, "ਕੀ ਤੁਸੀਂ ਅਧਿਕਾਰੀਆਂ ਲਈ ਇਸ ਤੋਂ ਵੱਧ ਕੁਝ ਨਹੀਂ ਕਰ ਸਕਦੇ?"

ਇੱਕ ਹੋਰ ਟਵੀਟ ਵਿਚ ਉਨ੍ਹਾਂ ਇਹ ਵੀ ਲਿਖਿਆ ਕਿ ਇਹ ਘਟਨਾ ਦੇਸ ਲਈ ਬਹੁਤ ਵੱਡਾ ਨੁਕਸਾਨ ਹੈ ਅਤੇ ਪੰਜਾਬ ਦੇ ਅਧਿਕਾਰੀਆਂ ਨੂੰ ਸੁਰੱਖਿਆ ਦੀ ਘਾਟ ਦੀ ਸਥਿਤੀ ਬਿਆਨ ਕਰਦੀ ਹੈ।

ਅਨਸ਼ੁਲ ਸਕਸੈਨਾ ਨਾਮ ਦੇ ਟਵਿੱਟਰ ਹੈਂਡਲਰ ਦਾ ਕਹਿਣਾ ਹੈ, "ਕਾਂਗਰਸ ਨੇ ਕਿਹਾ ਸੀ ਕਿ ਉਹ ਪੰਜਾਬ 'ਚੋਂ ਡਰੱਗਜ਼ ਦੀ ਸਮੱਸਿਆ ਨੂੰ ਖ਼ਤਮ ਕਰ ਦੇਵੇਗੀ।ਪਰ ਹੁਣ ਕੋਈ ਵੀ ਬਹਿਸ ਨਹੀਂ ਹੋ ਰਹੀ ਹੈ।"

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)