ਤਰਨਤਾਰਨ ਗੁਰਦੁਆਰੇ ਦੀ ਦਰਸ਼ਨੀ ਡਿਓੜੀ ਦਾ ਵਿਵਾਦ : ਕਾਰ ਸੇਵਾ ਵਾਲਿਆਂ ਨੇ ਮੰਗੀ ਮੁਆਫੀ

ਦਰਸ਼ਨੀ ਡਿਓੜੀ ਢਾਹੇ ਜਾਣ ਦੇ ਰੋਸ ਵਜੋਂ ਸਿੱਖ ਸੰਗਤਾਂ ਗੁਰਦੁਆਰੇ ਦੇ ਮੁੱਖ ਦਰਵਾਜੇ ਦੇ ਸਾਹਮਣੇ ਬੈਠੇ ਹਨ Image copyright Ravinder singh robin/bbc
ਫੋਟੋ ਕੈਪਸ਼ਨ ਦਰਸ਼ਨੀ ਡਿਓੜੀ ਢਾਹੇ ਜਾਣ ਦੇ ਰੋਸ ਵਜੋਂ ਸਿੱਖ ਸੰਗਤਾਂ ਗੁਰਦੁਆਰੇ ਦੇ ਮੁੱਖ ਦਰਵਾਜੇ ਦੇ ਸਾਹਮਣੇ ਬੈਠੇ ਹਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਦਰਬਾਰ ਸਾਹਿਬ ਤਰਨਤਾਰਨ ਦੀ ਪੁਰਾਤਨ ਦਰਸ਼ਨੀ ਦਿਓਰੀ ਢਾਹੇ ਜਾਣ ਦਾ ਸਖ਼ਤ ਨੋਟਿਸ ਲਿਆ ਗਿਆ ਹੈ।

ਐੱਸਜੀਪੀਸੀ ਵੱਲੋਂ ਗੁਰਦੁਆਰੇ ਦੇ ਮੈਨੇਜਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ।

ਦਰਬਾਰ ਸਾਹਿਬ ਤਰਨਤਾਰਨ ਦੀ ਪੁਰਾਤਨ ਦਰਸ਼ਨੀ ਡਿਓੜੀ ਨੂੰ ਕਥਿਤ ਤੌਰ 'ਤੇ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਵੱਲੋਂ ਢਾਹਿਆ ਗਿਆ ਹੈ।

ਇਸ ਘਟਨਾ ਦੇ ਰੋਸ ਵਜੋਂ ਸ਼ਨੀਵਾਰ ਸ਼ਾਮ ਤੋਂ ਹੀ ਸੰਗਤਾਂ ਵੱਲੋਂ ਮੁੱਖ ਦਰਵਾਜੇ ਦੇ ਬਾਹਰ ਰੋਸ ਮੁਜ਼ਾਹਰਾ ਅਤੇ ਕੀਰਤਨ ਕੀਤਾ ਜਾ ਰਿਹਾ ਹੈ ਜੋ ਪੂਰੇ ਦਿਨ ਐਤਵਾਰ ਨੂੰ ਚਲਦਾ ਰਿਹਾ।

ਡੇਰਾ ਕਾਰ ਸੇਵਾ ਨੇ ਮੰਗੀ ਮੁਆਫੀ

ਸੋਮਵਾਰ ਸ਼ਾਮ ਨੂੰ ਇੱਕ ਬਿਆਨ ਜਾਰੀ ਕਰਦਿਆਂ ਡੇਰਾ ਕਾਰ ਸੇਵਾ ਦੇ ਆਗੂਆਂ ਨੇ ਮੁਆਫੀ ਮੰਗੀ।

ਬਿਆਨ ਵਿੱਚ ਲਿਖਿਆ ਸੀ, "ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਓੜੀ ਦੀ ਕਾਰ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 12-07-2018 ਮਤਾ ਨੰ. 550 ਦੇ ਮੁਤਾਬਕ ਅਰੰਭ ਕਰਨ ਬਾਰੇ ਡੇਰਾ ਕਾਰ ਸੇਵਾ ਜੀਵਨ ਸਿੰਘ ਬਾਬਾ ਜਗਤਾਰ ਸਿੰਘ ਦੇ ਜੱਥੇ ਦਾਰਾਂ ਵੱਲੋਂ ਅਰੰਭ ਕੀਤੀ ਗਈ ਸੀ।"

"ਸੰਗਤਾਂ ਨੇ ਉਸ ਬਾਰੇ ਰੋਸ ਕੀਤਾ ਹੈ। ਅਸੀਂ ਡੇਰਾ ਕਾਰ ਸੇਵਾ ਦੀ ਸੰਗਤ ਅਤੇ ਜੱਥੇਦਾਰ ਸਾਰੀਆਂ ਸੰਗਤਾਂ ਤੋਂ ਮੁਆਫੀ ਮੰਗਦੇ ਹਾਂ।"

ਸ਼ੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੁਆਫੀ ਦੇ ਬਾਰੇ ਪਤਾ ਲੱਗਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ 'ਚ ਜੋ ਤਿੰਨ ਮੈਂਬਰੀ ਕਮੇਟੀ ਬਣੀ ਹੈ, ਉਹ ਹੀ ਇਸ 'ਤੇ ਫੈਸਲਾ ਲਵੇਗੀ।

‘ਸਾਡੇ ਕੋਲ ਦਰਸ਼ਨੀ ਡਿਓੜੀ ਢਾਹੁਣ ਦੀ ਸੀ ਮਨਜ਼ੂਰੀ’

ਕਾਰ ਸੇਵਾ ਜੱਥੇ ਦੇ ਉਪ ਮੁਖੀ ਬਾਬਾ ਮਹਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ ਸੀ, “ਦਰਸ਼ਨੀ ਡਿਓੜੀ ਢਾਹੁਣ ਵਾਸਤੇ ਸਾਡੇ ਕੋਲ ਮਨਜ਼ੂਰੀ ਸੀ। ਅਸੀਂ ਬਿਨਾਂ ਮਨਜ਼ੂਰੀ ਦੇ ਕੰਮ ਨਹੀਂ ਕਰਦੇ ਹਾਂ।”

“ਜੇ ਐੱਸਜੀਪੀਸੀ ਵੱਲੋਂ ਕੋਈ ਮਤਾ ਪਾਸ ਹੁੰਦਾ ਤਾਂ ਸਾਨੂੰ ਜ਼ਰੂਰ ਪਤਾ ਹੁੰਦਾ।”

ਬਾਬਾ ਮਹਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਪੁਰਾਤਨ ਢਾਂਚੇ ਵਿੱਚ ਮੌਜੂਦ ਪੇਂਟਿੰਗਜ਼ ਅਤੇ ਹੋਰ ਹਿੱਸਿਆਂ ਦੀ ਫੋਟੋ ਖਿੱਚ ਲਈਆਂ ਸਨ ਅਤੇ ਨਵੀਂ ਇਮਾਰਤ ਵਿੱਚ ਪੁਰਾਣੇ ਡਿਜ਼ਾਈਨ ਅਤੇ ਪੇਂਟਿੰਗਜ਼ ਹੀ ਬਣਾਉਣੀਆਂ ਸਨ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਬਾਰੇ ਕਿਹਾ, “ਸ਼ਨੀਵਾਰ ਰਾਤ ਨੂੰ ਦਰਸ਼ਨੀ ਡਿਓੜੀ ਢਾਹੁਣ ਦੀ ਕਾਰਵਾਈ ਦੀ ਅਸੀਂ ਨਿੰਦਾ ਕਰਦੇ ਹਾਂ। ਅਸੀਂ ਕਾਰਸੇਵਾ ਵਾਲੇ ਜਗਤਾਰ ਸਿੰਘ ਤੋਂ ਇਸ ਸਥਾਨ ਦੀ ਸੇਵਾ ਨੂੰ ਵਾਪਸ ਲੈ ਲਿਆ ਹੈ। ਅਸੀਂ ਇਸ ਘਟਨਾ ਦੇ ਦੋਸ਼ੀਆਂ ਖਿਲਾਫ ਕਾਨੂੰਨੀ ਅਤੇ ਹੋਰ ਬਣਦੀ ਕਾਰਵਾਈ ਕਰਾਂਗੇ।”

“ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਇਸ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਨੂੰ ਰੋਕ ਦਿੱਤਾ ਸੀ। ਜਗਤਾਰ ਸਿੰਘ ਵੱਲੋਂ ਇਸ ਮਤੇ ਦੀ ਉਲੰਘਣਾ ਕੀਤੀ ਗਈ ਹੈ।”

Image copyright Ravinder singh robin/bbc
ਫੋਟੋ ਕੈਪਸ਼ਨ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਤਰਨਤਾਰਨ ਪਹੁੰਚ ਕੇ ਘਟਨਾ ਦਾ ਜਾਇਜ਼ ਲਿਆ

“ਕਮੇਟੀ ਵਾਅਦਾ ਕਰਦੀ ਹੈ ਕਿ ਸਿੱਖ ਰਹਿਤ ਮਰਿਆਦਾ ਦੇ ਨਾਲ ਡਿਓੜੀ ਦੀ ਮੁੜ ਉਸਾਰੀ ਕਰਵਾਈ ਜਾਵੇਗੀ।”

ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਡਾ. ਰੂਪ ਸਿੰਘ ਨੇ ਕਿਹਾ, “ਇਹ ਕਾਰਵਾਈ ਸਾਜ਼ਿਸ਼ ਵਜੋਂ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਵਾਲੀ ਲੱਗ ਰਹੀ ਹੈ। ਇਸ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਸਮਾਜਕ, ਧਾਰਮਿਕ ਅਤੇ ਰਾਜਨੀਤਿਕ ਤੌਰ 'ਤੇ ਵਿਵਾਦਾਂ ਦਾ ਸਾਹਮਣਾ ਕਰਨਾ ਪਵੇਗਾ।”

ਕਿਵੇਂ ਹੋ ਸਕਦੀ ਹੈ ਸੰਭਾਲ?

ਜਗਤਾਰ ਸਿੰਘ ਦੇ ਜੱਥੇ ਵੱਲੋਂ ਬੀਤੀ ਰਾਤ ਨਾ ਕੇਵਲ ਕਥਿਤ ਤੌਰ 'ਤੇ ਦਰਸ਼ਨੀ ਡਿਓੜੀ ਢਾਹੀ ਗਈ ਬਲਕਿ ਇਮਾਰਤ ਦੀ ਪਹਿਲੀ ਮੰਜ਼ਿਲ ਵੀ ਢਾਹ ਦਿੱਤੀ ਗਈ।

ਸਥਾਨਕ ਵਾਸੀ ਅਤੇ ਖਾਲਸਾ ਦੀਵਾਨ ਦੇ ਮੈਂਬਰ ਮਨਜੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਜਦੋਂ ਉਨ੍ਹਾਂ ਨੂੰ ਪਤਾ ਲਗਿਆ ਕਿ ਇਹ ਕਾਰਵਾਈ ਹੋਣ ਵਾਲੀ ਹੈ ਤਾਂ ਉਨ੍ਹਾਂ ਨੇ ਇਹ ਮੁੱਦਾ ਕਮੇਟੀ ਪ੍ਰਧਾਨ ਗੋਬਿੰਦ ਸਿਘ ਲੌਂਗੋਵਾਲ ਕੋਲ ਚੁੱਕਿਆ ਸੀ।

ਮਨਜੀਤ ਸਿੰਘ ਨੇ ਕਿਹਾ, "ਪੁਰਾਤਨ ਪ੍ਰਥਾਵਾਂ ਦੇ ਨਾਲ ਡਿਓੜੀ ਦੀ ਸਾਂਭ-ਸੰਭਾਲ ਲਈ ਵਿਗਿਆਨਕ ਤਰੀਕਿਆਂ ਨੂੰ ਸ਼ਾਮਿਲ ਕੀਤੇ ਜਾਣ ਦੀ ਵੀ ਲੋੜ ਹੈ।"

ਸਾਂਭ-ਸੰਭਾਲ ਮਾਹਿਰ ਗੁਰਮੀਤ ਰਾਏ ਦਾ ਕਹਿਣਾ ਹੈ ਕਿ ਇਹ ਦਰਸ਼ਨੀ ਡਿਓੜੀ ਕਰੀਬ 80 ਸਾਲ ਪੁਰਾਣੀ ਹੈ ਪਰ ਸਿੱਖ ਇਤਿਹਾਸ ਵਿੱਚ ਇਸਦੀਆਂ ਡੂੰਘੀਆਂ ਜੜ੍ਹਾਂ ਹਨ।

ਜਦੋਂ ਦੀ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਹੈ ਤਾਂ ਸਾਰੇ ਇਤਿਹਾਸਕ ਗੁਰਦੁਆਰਿਆਂ ਦੀ ਸਾਂਭ-ਸੰਭਾਲ ਅਤੇ ਮੁਰੰਮਤ ਦਾ ਕੰਮ ਇਸ ਕੋਲ ਹੈ।

ਉਨ੍ਹਾਂ ਨੇ ਕਿਹਾ, "ਇਹ ਦਰਸ਼ਨੀ ਡਿਓੜੀ ਵੀ ਇਤਿਹਾਸ ਦੀ ਅਗਵਾਈ ਕਰਦੀ ਹੈ ਅਤੇ ਇਸ ਦੀ ਹਰੇਕ ਪਰਤ ਦਾ ਆਪਣਾ ਮਹੱਤਵ ਹੈ ਜੋ ਇਸ ਨੂੰ ਬਚਾਉਣ ਲਈ ਹੁੰਗਾਰਾ ਭਰਦਾ ਹੈ।"

ਇਹ ਵੀ ਪੜ੍ਹੋ-

ਰਾਏ ਮੁਤਾਬਕ, "ਸਾਂਭ-ਸੰਭਾਲ ਕੇਵਲ ਕਲਤਾਮਕ ਹੀ ਨਹੀਂ ਬਲਕਿ ਵਿਗਿਆਨਕ ਵਿਧੀ ਵੀ ਹੈ ਕਿਉਂਕਿ ਇੱਕ ਸਾਂਭ-ਸੰਭਾਲ ਕਾਰਕੁਨ ਨੂੰ ਇਮਾਰਤ ਵਿੱਚ ਲੱਗੇ ਉਸ ਵੇਲੇ ਦੀ ਸਮੱਗਰੀ ਨੂੰ ਵੀ ਸਮਝਣਾ ਪੈਂਦਾ ਹੈ।"

ਸਥਾਨਕ ਵਾਸੀ ਰਜਿੰਦਰ ਸਿੰਘ ਦਾ ਮੰਨਣਾ ਹੈ ਕਿ ਇਮਾਰਤ ਦੀ ਸਾਂਭ-ਸੰਭਾਲ ਅਤੇ ਸਿੱਖ ਭਵਨ ਕਲਾ ਨਿਰਮਾਣ ਦੀ ਯਾਦਾਂ ਨੂੰ ਸਾਂਭਣਾ ਚਾਹੀਦਾ ਸੀ ਕਿਉਂਕਿ ਨਵੀਂ ਪੀੜ੍ਹੀ ਆਪਣੇ ਪਿਛੋਕੜ ਨੂੰ ਜਾਣਨਾ ਚਾਹੁੰਦੀ ਹੈ।

ਉਨ੍ਹਾਂ ਦਾ ਕਹਿਣਾ ਹੈ, "ਨਵੀਂ ਪੀੜ੍ਹੀ ਆਪਣੀ ਅਮੀਰ ਵਿਰਾਸਤ ਨੂੰ ਦੇਖਣਾ ਚਾਹੁੰਦੀ ਹੈ। ਅਸੀਂ ਡਿਓੜੀ ਨੂੰ ਨਹੀਂ ਢਾਹੁਣ ਦੇਵਾਂਗੇ ਚਾਹੇ ਸਾਨੂੰ ਇਸ ਲਈ ਰੋਸ-ਮੁਜ਼ਾਹਰੇ ਕਰਨੇ ਪੈਣ।"

ਮਨਜੀਤ ਸਿੰਘ ਤਰਨਤਾਰਨ ਨੇ ਦਰਸ਼ਨੀ ਡਿਓੜੀ ਦੇ ਮਹੱਤਵ ਦੀ ਜਾਣਕਾਰੀ ਦਿੰਦਿਆ ਕਿਹਾ, "15-20 ਸਾਲ ਪਹਿਲਾਂ ਡਿਓੜੀ ਨੇੜੇ ਨਿਸ਼ਾਨ ਸਾਹਿਬ ਸੀ, ਜਿਸ 'ਤੇ ਤਤਕਾਲੀ ਸਮੇਂ ਦੇ ਮੁਸਲਮਾਨ ਨਾਇਬ ਤਹਿਸੀਲਦਾਰ ਦਾ ਨਾਮ ਲਿਖਿਆ ਸੀ ਜਿਨ੍ਹਾਂ ਨੇ ਇਸ ਡਿਓੜੀ ਦਾ ਕਾਰਸੇਵਾ ਕਰਵਾਈ ਸੀ।"

ਉਨ੍ਹਾਂ ਨੇ ਕਿਹਾ ਕਿ ਡਿਓੜੀ 200 ਸਾਲ ਤੋਂ ਵੱਧ ਪੁਰਾਣੀ ਹੈ ਅਤੇ ਇਸ ਨੂੰ ਢਾਹਿਆ ਨਹੀਂ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ