ਲੋਕ ਸਭਾ ਚੋਣਾਂ 2019: ਕੀ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰੀ ਪੇਸ਼ ਕਰਨ ਯੋਗ ਹੋ ਗਏ

ਰਾਹੁਲ ਗਾਂਧੀ, ਕਾਂਗਰਸ Image copyright Getty Images

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਕੇਰਲ ਦੇ ਵਾਇਨਾਡ ਲੋਕ ਸਭਾ ਹਲਕੇ ਤੋਂ ਆਪਣੇ ਪਾਰਟੀ ਉਮੀਦਵਾਰ ਵਜੋਂ ਪਰਚਾ ਦਾਖ਼ਲ ਕੀਤਾ। ਇਸ ਮੌਕੇ ਉਨ੍ਹਾਂ ਭੈਣ ਤੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ ਹਾਜ਼ਰ ਸੀ।

2004 ਵਿਚ ਭਾਰਤੀ ਸਿਆਸਤ ਵਿਚ ਸਰਗਰਮ ਹੋਣ ਵਾਲੇ ਰਾਹੁਲ ਗਾਂਧੀ ਨੇ ਆਪਣਾ 'ਪੱਪੂ' ਵਾਲਾ ਅਕਸ ਤੋੜਿਆ ਹੈ ਅਤੇ ਪੀਐੱਮ ਦੇ ਅਹੁਦੇ ਦੇ ਦਾਅਵੇਦਾਰ ਬਣੇ ਹਨ।

ਪੇਸ਼ ਉਨ੍ਹਾਂ ਦੇ ਸਿਆਸੀ ਸਫ਼ਰ ਉੱਤੇ ਬੀਬੀਸੀ ਦੀ ਖਾਸ ਰਿਪੋਰਟ

ਜਦੋਂ ਇੰਦਰਾ ਗਾਂਧੀ ਕਾਂਗਰਸ ਦੀ ਪ੍ਰਧਾਨ ਬਣੇ ਸਨ ਤਾਂ ਉਹ ਸਿਰਫ਼ 42 ਸਾਲਾਂ ਦੇ ਸਨ। ਸੰਜੇ ਗਾਂਧੀ ਨੇ ਜਦੋਂ ਆਪਣੀਆਂ ਪਹਿਲੀਆਂ ਚੋਣਾਂ ਲੜੀਆਂ ਸਨ ਤਾਂ ਉਹ 30 ਸਾਲਾਂ ਦੇ ਸਨ।

ਰਾਜੀਵ ਗਾਂਧੀ ਜਦੋਂ ਸਿਆਸਤ ਵਿੱਚ ਆਏ ਸਨ ਤਾਂ ਉਨ੍ਹਾਂ ਨੇ ਹਾਲੇ ਆਪਣੀ ਜ਼ਿੰਦਗੀ ਦੀਆਂ ਸਿਰਫ਼ 36 ਬਹਾਰਾਂ ਦੇਖੀਆਂ ਸਨ।

ਰਾਹੁਲ ਗਾਂਧੀ ਪਹਿਲੀ ਵਾਰ 2004 ਵਿੱਚ ਸਿਆਸਤ ਵਿੱਚ ਆਏ ਸਨ। ਭਾਰਤੀ ਸਿਆਸਤ ਦੇ ਸਟੈਂਡਰਡਾਂ ਦੇ ਹਿਸਾਬ ਨਾਲ, 34 ਸਾਲ ਦੀ ਉਮਰ ਦੇ ਬਾਵਜੂਦ ਹਾਲੇ ਬੱਚੇ ਸਨ।

ਦਿਲਚਸਪ ਗੱਲ ਇਹ ਹੈ ਕਿ ਸਿਆਸਤ ਵਿੱਚ ਡੇਢ ਦਹਾਕੇ ਤੋਂ ਵਧੇਰੇ ਸਮਾਂ ਬਿਤਾਉਣ ਮਗਰੋਂ ਅਤੇ ਉਮਰ ਦਾ ਚੌਥਾ ਦਹਾਕਾ ਪਾਰ ਕਰਨ ਮਗਰੋਂ ਵੀ ਉਨ੍ਹਾਂ ਨੂੰ ਬੱਚਾ ਹੀ ਸਮਝਿਆ ਜਾਂਦਾ ਰਿਹਾ ਹੈ।

ਜਦੋਂ ਸਾਲ 2008 ਇੱਕ ਇੰਟਰਵਿਊ ਵਿੱਚ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਰਾਹੁਲ ਨੂੰ ਬੱਚਾ ਕਹਿ ਕੇ ਰੱਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰਾਹੁਲ ਨੇ ਚੰਗਾ ਜਵਾਬ ਵੀ ਦਿੱਤਾ ਅਤੇ ਕਿਹਾ, "ਜੇ ਮੈਂ ਉਨ੍ਹਾਂ ਦੀ ਨਜ਼ਰ 'ਚ 'ਬੱਚਾ' ਹਾਂ ਤਾਂ ਤੁਸੀਂ ਇਸ ਨੂੰ ਪਸੰਦ ਕਰੋ ਜਾਂ ਨਾ ਪਸੰਦ, ਭਾਰਤ ਦੀ 70 ਫੀਸਦੀ ਅਬਾਦੀ ਹਾਲੇ 'ਬੱਚੀ' ਹੈ।"

ਇਹ ਵੀ ਪੜ੍ਹੋ-

ਭਾਰਤੀ ਸਿਆਸਤ ਵਿੱਚ ਹਾਲੇ ਵੀ ਨੌਜਵਾਨ ਹੋਣ ਨੂੰ ਨਾਦਾਨੀ ਨਾਲ ਜੋੜ ਕੇ ਦੇਖਿਆ ਜਾਂਦਾ ਹੈ।

ਹਾਲਾਂਕਿ, ਸਿਆਸਤ ਤੇ ਤਿੱਖੀ ਨਜ਼ਰ ਰੱਖਣ ਵਾਲੇ ਪੰਡਤ ਮੰਨਣਗੇ ਕਿ ਰਾਹੁਲ ਗਾਂਧੀ ਉਸ ਲੇਬਲ ਤੋਂ ਹੁਣ ਬਾਹਰ ਨਿਕਲ ਆਏ ਹਨ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਖ਼ਰਲੇ ਦਾਅਵੇਦਾਰਾਂ ਵਿੱਚੋਂ ਹਨ।

ਦਾਦੀ ਇੰਦਰਾ ਗਾਂਧੀ ਦੇ ਲਾਡਲੇ

ਰਾਹੁਲ ਗਾਂਧੀ ਦਾ ਸਿਆਸੀ ਬਿਪਤਿਸਮਾ ਆਪਣੀ ਦਾਦੀ ਇੰਦਰਾ ਗਾਂਧੀ ਨੂੰ ਦੇਖਦਿਆਂ-ਦੇਖਦਿਆਂ ਹੋਇਆ।

19 ਜੂਨ, 1870 ਨੂੰ ਰਾਹੁਲ ਦੇ ਜਨਮ ਤੋਂ ਕੁਝ ਦਿਨਾਂ ਬਾਅਦ ਇੰਦਰਾ ਗਾਂਧੀ ਨੇ ਅਮਰੀਕਾ ਵਿੱਚ ਰਹਿ ਰਹੀ ਸਹੇਲੀ ਡੋਰਥੀ ਨਾਰਮਨ ਨੂੰ ਲਿਖਿਆ, "ਰਾਹੁਲ ਦੀਆਂ ਝੁਰੜੀਆਂ ਖ਼ਤਮ ਹੋ ਗਈਆਂ ਹਨ ਪਰ ਉਸ ਦੀ 'ਦੂਹਰੀ ਠੋਢੀ' ਹਾਲੇ ਕਾਇਮ ਹੈ।"

Image copyright INDIRA GANDHI MEMORIAL TRUST, ARCHIVE

ਇੰਦਰਾ ਗਾਂਧੀ ਦੀ ਜੀਵਨੀਕਾਰ ਕੈਥਰੀਨ ਫਰੈਂਕ ਲਿਖਦੇ ਹਨ, "ਬਚਪਨ ਤੋਂ ਹੀ ਪ੍ਰਿਅੰਕਾ ਅਤੇ ਰਾਹੁਲ ਅਕਸਰ ਸਵੇਰੇ ਉਨ੍ਹਾਂ ਦੇ ਘਰੇ ਹੋਣ ਵਾਲੇ ਦਰਸ਼ਨ ਦਰਬਾਰ ਵਿੱਚ ਉਨ੍ਹਾਂ ਦੇ ਨਾਲ ਹੁੰਦੇ ਸਨ।"

"ਇਸ ਦਰਬਾਰ ਵਿੱਚ ਉਹ (ਇੰਦਰਾ) ਆਮ ਲੋਕਾਂ ਨੂੰ ਮਿਲਦੇ ਸਨ। ਰਾਤ ਨੂੰ ਵੀ ਉਹ ਇਨ੍ਹਾਂ ਦੋਹਾਂ ਨੂੰ ਆਪਣੇ ਨਾਲ ਸੁਆ ਲੈਂਦੇ ਸਨ।"

ਦੂਨ ਸਕੂਲ, ਸਟੀਵੈਂਸ ਦਿੱਲੀ ਅਤੇ ਕੈਂਬਰਿਜ ਵਿੱਚ ਪੜ੍ਹਾਈ

ਰਾਹੁਲ ਗਾਂਧੀ ਨੇ ਪਹਿਲਾਂ ਦੂਨ ਸਕੂਲ ਵਿੱਚ ਅਤੇ ਫਿਰ ਦਿੱਲੀ ਦੇ ਮਸ਼ਹੂਰ ਸੈਂਟ ਸਟੀਫੰਸ ਕਾਲਜ ਵਿੱਚ ਪੜ੍ਹਾਈ ਕੀਤੀ।

ਇਸ ਤੋਂ ਬਾਅਦ ਉਨ੍ਹਾਂ ਨੇ ਅੱਗੇ ਦੀ ਪੜ੍ਹਾਈ ਲਈ ਹਾਰਵਰਡ ਯੂਨੀਵਰਸਿਟੀ ਵਿੱਚ ਅਰਥਸ਼ਾਸ਼ਤਰ ਦੇ ਵਿਦਿਆਰਥੀ ਵਜੋਂ ਦਾਖ਼ਲਾ ਲਿਆ।

ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਹਾਰਵਰਡ ਤੋਂ ਹਟ ਕੇ ਵਿੰਟਰ ਪਾਰਕ, ਫਲੋਰਿਡਾ ਦੇ ਇੱਕ ਕਾਲਜ ਵਿੱਚ ਦਾਖ਼ਲਾ ਲੈਣਾ ਪਿਆ।

ਉੱਥੋਂ ਉਨ੍ਹਾਂ ਨੇ, ਸਾਲ 1994 ਵਿੱਚ ਕੌਮਾਂਤਰੀ ਸੰਬੰਧਾਂ ਵਿੱਚ ਡਿਗਰੀ ਹਾਸਲ ਕੀਤੀ।

Image copyright Getty Images

ਇਸ ਤੋਂ ਬਾਅਦ ਉਹ ਕੈਂਬਰਿਜ ਯੂਨੀਵਰਸਿਟੀ ਦੇ ਮਸ਼ਹੂਰ ਟ੍ਰਿਨਿਟੀ ਕਾਲਜ ਚਲੇ ਗਏ।

ਉੱਥੋਂ ਉਨ੍ਹਾਂ ਨੇ 1995 ਵਿੱਚ ਡਿਵੈਲਪਮੈਂਟ ਸਟੱਡੀਜ਼ ਵਿੱਚ ਐੱਮਫਿਲ ਕੀਤੀ। ਇਸ ਤੋਂ ਬਾਅਦ ਉਹ ਲੰਡਨ ਵਿੱਚ ਦੁਨੀਆਂ ਦੀ ਬ੍ਰਾਂਡ ਸਟਰੈਟਿਜੀ ਦੀ ਵੱਡੀ ਕੰਪਨੀ “ਮੌਨਟੀਰ ਗਰੁੱਪ” ਵਿੱਚ ਨੌਕਰੀ ਕਰਨ ਚਲੇ ਗਏ।

ਉਨ੍ਹਾਂ ਨੇ ਆਪਣਾ ਨਾਮ ਬਦਲ ਕੇ ਇਸ ਕੰਪਨੀ ਵਿੱਚ ਤਿੰਨ ਸਾਲ ਨੌਕਰੀ ਕੀਤੀ। ਜਦੋਂ ਤੱਕ ਉਹ ਉੱਥੇ ਰਹੇ ਉਨ੍ਹਾਂ ਦੇ ਸਾਥੀਆਂ ਨੂੰ ਇਸਦੀ ਭਿਣਕ ਵੀ ਨਾ ਪੈ ਸਕੀ ਕਿ ਉਹ ਇੰਦਰਾ ਗਾਂਧੀ ਦੇ ਪੋਤੇ ਨਾਲ ਕੰਮ ਕਰ ਰਹੇ ਹਨ।

ਸਾਲ 2002 ਵਿੱਚ ਰਾਹੁਲ ਭਾਰਤ ਵਾਪਸ ਆ ਗਏ। ਉਨ੍ਹਾਂ ਨੇ ਕੁਝ ਲੋਕਾਂ ਨਾਲ ਮਿਲ ਕੇ ਮੁੰਬਈ ਵਿੱਚ ਇੱਕ ਕੰਪਨੀ ਸ਼ੁਰੂ ਕੀਤੀ "ਬੈਕਅਪਸ ਸਰਵਿਸਿਜ਼ ਲਿਮਿਟਡ"।

ਸਾਲ 2004 ਦੀਆਂ ਲੋਕ ਸਭਾ ਚੋਣਾਂ ਵਿੱਚ ਦਿੱਤੇ ਹਲਫਨਾਮੇ ਵਿੱਚ ਉਨ੍ਹਾਂ ਨੇ ਲਿਖਿਆ ਕਿ ਇਸ ਕੰਪਨੀ ਵਿੱਚ ਉਨ੍ਹਾਂ ਦੇ 83 ਫੀਸਦੀ ਹਿੱਸੇਦਾਰੀ ਹੈ।

ਮੁੱਕੇਬਾਜ਼ੀ, ਸ਼ੂਟਿੰਗ ਅਤੇ ਪੈਰਾਗਲਾਈਡਿੰਗ ਦੇ ਸ਼ੌਕੀਨ

2008 ਦੀਆਂ ਗਰਮੀਆਂ ਵਿੱਚ ਭਾਰਤ ਮੁੱਕੇਬਾਜ਼ੀ ਦੇ ਉਸ ਸਮੇਂ ਦੇ ਸਭ ਤੋਂ ਵੱਡੇ ਕੋਚ ਅਤੇ ਦਰੋਣਾਚਾਰੀਆ ਪੁਰਸਕਾਰ ਜੇਤੂ ਓਮ ਪ੍ਰਕਾਸ਼ ਭਰਦਵਾਜ ਕੋਲ ਭਾਰਤੀ ਖੇਡ ਅਥਾਰਟੀ ਵੱਲੋਂ ਇੱਕ ਫੋਨ ਆਇਆ।

ਇਹ ਵੀ ਪੜ੍ਹੋ-

Image copyright TWITTER.COM/BHARAD

ਉਨ੍ਹਾਂ ਨੂੰ ਦੱਸਿਆ ਗਿਆ ਕਿ 10 ਜਨਪਥ ਤੋਂ ਇੱਕ ਸਾਹਬ ਤੁਹਾਡੇ ਨਾਲ ਸੰਪਰਕ ਕਰਨਗੇ। ਕੁਝ ਦੇਰ ਬਾਅਦ ਪੀ ਮਾਧਵਨ ਨੇ ਭਰਦਵਾਜ ਨੂੰ ਫੋਨ ਕਰਕੇ ਕਿਹਾ ਕਿ ਰਾਹੁਲ ਗਾਂਧੀ ਤੁਹਾਡੇ ਕੋਲੋਂ ਮੁੱਕੇਬਾਜੀ ਸਿੱਖਣੀ ਚਾਹੁੰਦੇ ਹਨ। ਭਰਦਵਾਜ ਇਸ ਕੰਮ ਲਈ ਤੁਰੰਤ ਮੰਨ ਗਏ।

ਰਾਹੁਲ ਗਾਂਧੀ ਦੇ ਜੀਵਨੀਕਾਰ ਜਤਿਨ ਗਾਂਧੀ ਦੱਸਦੇ ਹਨ, "ਜਦੋਂ ਫੀਸ ਦੀ ਗੱਲ ਆਈ ਤਾਂ ਭਰਦਵਾਜ ਨੇ ਸਿਰਫ ਇਹ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਘਰੋਂ ਪਿਕ ਕਰਵਾ ਲਿਆ ਜਾਵੇ।ਸਿਖਲਾਈ ਤੋਂ ਬਾਅਦ ਉਨ੍ਹਾਂ ਦੇ ਘਰ ਛੱਡ ਦਿੱਤਾ ਜਾਵੇ।"

"ਭਰਦਵਾਜ ਨੇ 12 ਤੁਗਲਕ ਰੋਡ ਦੇ ਲਾਅਨ ਤੇ ਰਾਹੁਲ ਗਾਂਧੀ ਨੂੰ ਮੁੱਕੇਬਾਜੀ ਦੀ ਟ੍ਰੇਨਿੰਗ ਦਿੱਤੀ। ਇਹ ਸਿਲਸਿਲਾ ਕਈ ਹਫਤਿਆਂ ਤੱਕ ਚੱਲਿਆ, ਹਫ਼ਤੇ ਵਿੱਚ ਤਿੰਨ ਦਿਨ।"

ਇਸ ਦੌਰਾਨ ਕਈ ਵਾਰ ਸੋਨੀਆ ਗਾਂਧੀ, ਪ੍ਰਿਅੰਕਾ ਅਤੇ ਉਨ੍ਹਾਂ ਦੇ ਬੱਚੇ ਮਾਏਰਾ ਅਤੇ ਰੇਹਾਨ ਵੀ ਰਾਹੁਲ ਨੂੰ ਸਿਖਲਾਈ ਲੈਂਦੇ ਦੇਖਣ ਆਉਂਦੇ ਸਨ।

ਭਰਦਵਾਜ ਨੇ ਯਾਦ ਕਰਦਿਆਂ ਦੱਸਿਆ ਕਿ ਜਦੋਂ ਵੀ ਉਹ ਰਾਹੁਲ ਨੂੰ ਸਰ ਜਾਂ ਰਾਹੁਲ ਜੀ ਕਹਿੰਦੇ ਤਾਂ ਉਹ ਹਮੇਸ਼ਾ ਉਨ੍ਹਾਂ ਨੂੰ ਟੋਕ ਦਿੰਦੇ ਉਹ ਉਨ੍ਹਾਂ ਦੇ ਵਿਦਿਆਰਥੀ ਹਨ ਤੇ ਉਨ੍ਹਾਂ ਨੂੰ ਰਾਹੁਲ ਹੀ ਕਹਿਣ।

Image copyright Getty Images

ਭਰਦਵਾਜ ਦੱਸਦੇ ਹਨ,"ਇੱਕ ਵਾਰ ਮੈਨੂੰ ਪਿਆਸ ਲੱਗੀ ਅਤੇ ਮੈਂ ਪਾਣੀ ਪੀਣ ਦੀ ਇੱਛਾ ਪ੍ਰਗਟ ਕੀਤੀ। ਹਾਲਾਂਕਿ, ਉੱਥੇ ਕਈ ਨੌਕਰ ਸਨ ਪਰ ਰਾਹੁਲ ਖ਼ੁਦ ਦੌੜ ਕੇ ਮੇਰੇ ਲਈ ਪਾਣੀ ਲੈ ਕੇ ਆਏ। ਟ੍ਰੇਨਿੰਗ ਖ਼ਤਮ ਹੋਣ ਤੋਂ ਬਾਅਦ ਉਹ ਹਮੇਸ਼ਾ ਮੈਨੂੰ ਗੇਟ ਤੱਕ ਛੱਡਣ ਆਉਂਦੇ ਸਨ।"

ਮੁੱਕੇਬਾਜੀ ਹੀ ਨਹੀਂ ਰਾਹੁਲ ਨੇ ਤੈਰਾਕੀ, ਸਕੁਐਸ਼, ਪੈਰਾਗਲਾਈਡਿੰਗ ਅਤੇ ਨਿਸ਼ਾਨੇਬਾਜ਼ੀ ਵਿੱਚ ਵੀ ਮੁਹਾਰਤ ਹਾਸਲ ਕੀਤੀ।

ਹੁਣ ਵੀ ਉਹ ਭਾਵੇਂ ਕਿੰਨੇ ਮਰਜ਼ੀ ਰੁਝੇਵੇਂ ਵਿੱਚ ਹੋਣ, ਕਸਰਤ ਲਈ ਸਮਾਂ ਕੱਢ ਹੀ ਲੈਂਦੇ ਹਨ।

ਅਪ੍ਰੈਲ 2011 ਵਿੱਚ ਮੁੰਬਈ ਵਿੱਚ ਖੇਡੇ ਜਾ ਰਹੇ ਵਿਸ਼ਵ ਕੱਪ ਦੌਰਾਨ ਰਾਹੁਲ ਆਪਣੇ ਕੁਝ ਸਾਥੀਆਂ ਨਾਲ ਚੌਪਾਟੀ ਦੇ ਨਿਊ ਯਾਰਕ ਰੈਸਟੋਰੈਂਟ ਪਹੁੰਚੇ ਜਿੱਥੇ ਉਨ੍ਹਾਂ ਨੇ ਪੀਜ਼ਾ ਅਤੇ 'ਮੈਕਸੀਕਨ ਟੋਸਾਟਾਡਾ' ਮੰਗਵਾਇਆ।

ਰੈਸਟੋਰੈਂਟ ਦੇ ਮੈਨੇਜਰ ਨੇ ਪੈਸੇ ਲੈਣ ਤੋਂ ਮਨ੍ਹਾਂ ਕਰ ਦਿੱਤਾ ਪਰ ਰਾਹੁਲ ਨੇ ਧੱਕੇ ਨਾਲ 2223 ਦਾ ਬਿਲ ਦਿੱਤਾ।

ਹੁਣ ਵੀ ਰਾਹੁਲ ਦਿੱਲੀ ਦੀ ਮਸ਼ਹੂਰ ਖ਼ਾਨ ਮਾਰਕਿਟ ਵਿੱਚ ਕਦੇ-ਕਦੇ ਕਾਫ਼ੀ ਪੀਣ ਜਾਂਦੇ ਹਨ। ਆਂਧਰਾ ਭਵਨ ਵਿੱਚ ਵੀ ਉਨ੍ਹਾਂ ਨੇ ਕਈ ਵਾਰ ਦੱਖਣ ਭਾਰਤੀ ਥਾਲੀ ਦਾ ਅਨੰਦ ਲਿਆ ਹੈ।

Image copyright Getty Images
ਫੋਟੋ ਕੈਪਸ਼ਨ मुंबई में रेलवे प्लेटफॉर्म पर राहुल गांधी

ਮੁੰਬਈ ਦੀ ਲੋਕਲ ਟ੍ਰੇਨ ਵਿੱਚ ਸਫ਼ਰ

ਆਪਣੀ ਦੂਸਰੀ ਮੁੰਬਈ ਫੇਰੀ ਦੌਰਾਨ ਰਾਹੁਲ ਗਾਂਧੀ ਨੇ ਅਚਾਨਕ ਸੁਰੱਖਿਆ ਏਜੰਸੀਆਂ ਅਤੇ ਸਥਾਨਕ ਪ੍ਰਸ਼ਾਸ਼ਨ ਦੀਆਂ ਅੱਖਾਂ ਵਿੱਚ ਘੱਟਾ ਪਾਉਂਦਿਆਂ ਮੁੰਬਈ ਦੀ 'ਜੀਵਨ ਰੇਖਾ' ਕਹੀ ਜਾਣ ਵਾਲੀ ਲੋਕਲ ਟ੍ਰੇਨ ਵਿੱਚ ਸਫ਼ਰ ਕਰਨ ਦਾ ਫੈਸਲਾ ਕੀਤਾ।

ਉਨ੍ਹਾਂ ਨੇ ਬਾਕਾਇਦਾ ਪਲੇਟਫਾਰਮ ਤੇ ਰੇਲਗੱਡੀ ਦਾ ਇੰਤਜ਼ਾਰ ਕੀਤਾ।

ਰੇਲਵੇ ਲਾਈਨ ਦੇ ਨਾਲ ਅਤੇ ਸਾਹਮਣੇ ਦੇ ਪਲੇਟਫਾਰਮ 'ਤੇ ਖੜ੍ਹੇ ਲੋਕਾਂ ਵੱਲ ਹੱਥ ਹਿਲਾਇਆ।

ਟ੍ਰੇਨ ਦੇ ਅੰਦਰ ਵੀ ਉਨ੍ਹਾਂ ਨੇ ਇੱਕ ਦੂਸਰੇ ਯਾਤਰੀ ਨਾਲ ਆਪਣੀ ਸੀਟ ਸਾਂਝੀ ਕੀਤੀ। ਸਾਹਮਣੇ ਵਾਲੀ ਸੀਟ 'ਤੇ ਬੈਠੇ ਲੋਕਾਂ ਨਾਲ ਹੱਥ ਮਿਲਾਇਆ ਅਤੇ ਪੂਰੇ ਰੌਲੇ-ਰੱਪੇ ਵਿੱਚ ਇੱਕ ਫੋਨ ਕਾਲ ਵੀ ਸੁਣਿਆ।

ਜਦੋਂ ਉਹ ਟ੍ਰੇਨ ਤੋਂ ਉਤਰੇ ਤਾਂ ਉੱਥੇ ਮੌਜੂਦ ਮੀਡੀਆ ਨਾਲ ਇੱਕ ਬੋਲ ਵੀ ਨਹੀਂ ਬੋਲਿਆ। ਗੱਲ ਇੱਥੇ ਹੀ ਖ਼ਤਮ ਨਹੀਂ ਹੋਈ। ਉਹ ਇੱਕ ਏਟੀਐੱਮ 'ਤੇ ਰੁਕੇ ਅਤੇ ਕੁਝ ਪੈਸੇ ਕਢਵਾਏ।

ਇਹ ਵੀ ਪੜ੍ਹੋ-

Image copyright EPA

ਹਾਲੇ ਤੱਕ ਕੁੰਵਾਰੇ ਰਾਹੁਲ

48 ਸਾਲ ਦੇ ਹੋ ਕੇ ਵੀ ਰਾਹੁਲ ਨੇ ਹਾਲੇ ਤੱਕ ਵਿਆਹ ਨਹੀਂ ਕਰਵਾਇਆ। ਇਸ ਵਿਸ਼ੇ ਤੇ ਗੱਲ ਕਰਨ ਤੋਂ ਉਹ ਟਲਦੇ ਰਹਿੰਦੇ ਹਨ।

ਸਾਲ 2004 ਵਿੱਚ ਵ੍ਰਿੰਦਾ ਗੋਪੀਨਾਥ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਪਹਿਲੀ ਵਾਰ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਦੀ ਮਹਿਲਾ ਮਿੱਤਰ ਦਾ ਨਾਮ ਵੇਰੋਨਿਕਾ ਹੈ ਨਾ ਕਿ ਜਵਾਨਿਤਾ।

ਉਨ੍ਹਾਂ ਨੇ ਦੱਸਿਆ, "ਉਹ ਸਪੈਨਿਸ਼ ਹਨ ਨਾ ਕਿ ਵੈਨੇਜ਼ੂਏਲਾ ਦੇ। ਉਹ ਇਮਾਰਤਸਾਜ਼ ਹਨ ਨਾ ਕਿ ਕਿਸੇ ਰੈਸਟੋਰੈਂਟ ਵਿੱਚ ਵੇਟਰ। ਹਾਲਾਂਕਿ, ਜੇ ਉਹ ਵੇਟਰ ਵੀ ਹੁੰਦੇ ਤਾਂ ਮੈਨੂੰ ਕੋਈ ਫਰਕ ਨਾ ਪੈਂਦਾ। ਉਹ ਮੇਰੀ ਸਭ ਤੋਂ ਚੰਗੀ ਦੋਸਤ ਹੈ।"

ਉਸ ਤੋਂ ਬਾਅਦ ਉਨ੍ਹਾਂ ਦੀ ਗਰਲ ਫਰੈਂਡ ਬਾਰੇ ਅੰਦਾਜ਼ੇ ਲਾਏ ਜਾਂਦੇ ਰਹੇ ਹਨ ਪਰ ਕੋਈ ਗੱਲ ਖੁੱਲ੍ਹ ਕੇ ਸਾਹਮਣੇ ਨਹੀਂ ਆਈ ਹੈ।

ਪੱਪੂ ਦਾ ਸਟੀਕਰ ਚਿਪਿਕਿਆ ਹੋਇਆ ਹੈ

ਜਦੋਂ ਰਾਹੁਲ ਸਿਆਸਤ ਵਿੱਚ ਨਵੇਂ-ਨਵੇਂ ਆਏ ਤਾਂ ਉਹ ਖੁੱਲ੍ਹ ਕੇ ਨਹੀਂ ਬੋਲਦੇ ਸਨ। ਉਨ੍ਹਾਂ ਨੂੰ ਅਕਸਰ ਸੋਨੀਆ ਗਾਂਧੀ ਦੇ ਪਿੱਛੇ ਖੜ੍ਹੇ ਦੇਖਿਆ ਜਾ ਸਕਦਾ ਸੀ।

ਪ੍ਰਿਅੰਕਾ ਤਾਂ ਹੱਥ ਹਿਲਾ ਕੇ ਆਪਣੇ ਪ੍ਰਸ਼ੰਸ਼ਕਾਂ ਨੂੰ ਜਵਾਬ ਦੇ ਦਿੰਦੇ ਸਨ ਪਰ ਰਾਹੁਲ ਦਾ ਹੱਥ ਵੀ ਨਹੀਂ ਸੀ ਉਠਦਾ।

Image copyright Getty Images

ਉਨ੍ਹਾਂ ਦੀ ਚੁੱਪੀ ਕਾਰਨ ਹੀ ਉਨ੍ਹਾਂ ਅਫਵਾਹਾਂ ਨੂੰ ਵੀ ਬਲ ਮਿਲਿਆ ਕਿ ਉਨ੍ਹਾਂ ਵਿੱਚ ਕੋਈ ਸਪੀਚ ਡਿਫੈਕਟ ਹੈ, ਹਾਲਾਂਕਿ ਇਹ ਗੱਲ ਪੂਰੀ ਤਰ੍ਹਾਂ ਝੁਠ ਸੀ।

ਹੌਲੀ-ਹੌਲੀ ਉਨ੍ਹਾਂ ਦੇ ਦੱਖਣਪੰਥੀ ਵਿਰੋਧੀਆਂ ਨੇ ਉਨ੍ਹਾਂ ਦਾ ਨਾਮ ਪੱਪੂ ਰੱਖ ਦਿੱਤਾ। ਸ਼ੁਰੂ ਵਿੱਚ ਰਾਹੁਲ ਨੇ ਆਪਣੇ ਵੱਲੋਂ ਇਸ ਕੂੜ-ਪ੍ਰਚਾਰ ਨੂੰ ਤੋੜਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।

ਉਸ ਸਮੇਂ ਹੀ ਬਾਲੀਵੁੱਡ ਦੀ ਇੱਕ ਫਿਲਮ ਆਈ 'ਔਰ ਪੱਪੂ ਪਾਸ ਹੋ ਗਿਆ' ਜਿਸ ਦਾ ਗਾਣਾ 'ਪੱਪੂ ਕਾਂਟ ਡਾਂਸ...' ਬੜਾ ਮਸ਼ਹੂਰ ਹੋਇਆ।

ਉਸੇ ਸਾਲ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੇ ਮੌਕੇ ਚੋਣ ਕਮਿਸ਼ਨ ਨੇ ਇੱਕ ਮੁਹਿੰਮ ਚਲਾਈ ਸੀ, ਪੱਪੂ ਕਾਂਟ ਵੋਟ।

ਇਸ ਦਾ ਮਤਲਬ ਸੀ ਕਿ ਪੱਪੂ ਇੱਕ ਅਜਿਹਾ ਵਿਅਕਤੀ ਹੈ ਜੋ ਜ਼ਰੂਰੀ ਕੰਮ ਕਰਨ ਦੀ ਥਾਂ ਫਾਲਤੂ ਦੀਆਂ ਚੀਜ਼ਾਂ ਕਰਦਾ ਰਹਿੰਦਾ ਹੈ।

ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ ਭਾਜਪਾ ਤੋਂ ਇੱਕ ਤੋਂ ਬਾਅਦ ਇੱਕ ਸੂਬਾ ਹਾਰਦੀ ਗਈ ਚਲੀ ਜਾ ਰਹੀ ਸੀ। ਭਾਜਪਾ ਦੇ ਹਲਕਿਆਂ ਵਿੱਚ ਇੱਕ ਮਜ਼ਾਕ ਵੀ ਮਕਬੂਲ ਹੋ ਗਿਆ ਸੀ - ਸਾਡੇ ਤਿੰਨ ਪ੍ਰਚਾਰਕ ਹਨ, ਮੋਦੀ, ਅਮਿਤ ਸ਼ਾਹ ਅਤੇ ਰਾਹੁਲ ਗਾਂਧੀ।

ਰਾਹੁਲ ਦਾ ਸਿਆਸੀ ਅੱਲ੍ਹੜਪੁਣਾ

ਕਾਂਗਰਸ ਵਿੱਚ ਵੀ ਸ਼ੁਰੂਆਤੀ ਦਿਨਾਂ ਵਿੱਚ ਉਨ੍ਹਾਂ ਦੀ ਪਿੱਠ-ਪਿੱਛੇ ਮਜ਼ਾਕ ਕੀਤਾ ਜਾ ਰਿਹਾ ਸੀ ਕਿ ਤੁਸੀਂ ਜਿੰਨੇ ਝੋਲਾਛਾਪ ਹੋ ਜਾਂ ਤੁਹਾਡੇ ਵਾਲ ਕਿੰਨੇ ਬਿਖ਼ਰੇ ਹੋਏ ਹਨ, ਰਾਹੁਲ ਗਾਂਧੀ ਦੇ ਨਜ਼ਦੀਕ ਜਾਣ ਦੀ ਸੰਭਾਵਨਾ ਉਂਨੀ ਹੀ ਜ਼ਿਆਦਾ ਹੈ।

Image copyright Getty Images

ਉਸ ਜ਼ਮਾਨੇ ਵਿੱਚ ਯੁਵਾ ਕਾਂਗਰਸ ਵਰਕਰ ਅਕਸਰ ਆਪਣੀ ਰੌਲੈਕਸ ਘੜੀ ਲਾਹ ਕੇ ਆਪਣੀ ਮਹਿੰਗੀ ਕਾਰ ਨਜ਼ਦੀਕੀ ਪੰਜ ਤਾਰਾ ਹੋਟਲ ਵਿੱਚ ਖੜ੍ਹੀ ਕਰਕੇ ਆਟੋ ਰਾਹੀਂ ਰਾਹੁਲ ਗਾਂਧੀ ਨੂੰ ਮਿਲਣ ਜਾਂਦੇ ਸਨ।

19 ਮਾਰਚ 2007 ਵਿੱਚ ਉਨ੍ਹਾਂ ਨੇ ਦੇਵਬੰਦ ਵਿੱਚ ਐਲਾਨ ਕੀਤਾ ਕਿ ਜੇ 1992 ਵਿੱਚ ਨਹਿਰੂ ਪਰਿਵਾਰ ਸਰਕਾਰ ਵਿੱਚ ਹੁੰਦਾ ਤਾਂ ਬਾਬਰੀ ਮਸਜਿਦ ਕਦੇ ਢਾਹੀ ਨਹੀਂ ਜਾ ਸਕਦੀ ਸੀ।

ਉਸ ਸਮੇਂ ਨਰਸਿੰਮ੍ਹਾ ਰਾਓ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੀ।

ਰਾਹੁਲ ਨੇ ਅੱਗੇ ਲਿਖਿਆ, "ਮੇਰੇ ਪਿਤਾ ਨੇ ਮੇਰੀ ਮਾਂ ਨੂੰ ਕਿਹਾ ਸੀ ਕਿ ਜੇ ਕਦੇ ਬਾਬਰੀ ਮਸਜਿਦ ਨੂੰ ਢਾਹੁਣ ਦੀ ਗੱਲ ਆਵੇਗੀ ਤਾਂ ਮੈਂ ਉਸਦੇ ਸਾਹਮਣੇ ਖੜ੍ਹਾ ਹੋ ਜਾਵਾਂਗਾ। ਉਨ੍ਹਾਂ ਨੂੰ ਬਾਬਰੀ ਮਸਜਿਦ ਢਾਹੁਣ ਤੋਂ ਪਹਿਲਾਂ ਮੈਨੂੰ ਮਾਰਨਾ ਪਵੇਗਾ।"

ਉਸ ਸਮੇਂ ਦੇ ਵਿਸ਼ਲੇਸ਼ਕਾਂ ਦੀ ਨਿਗ੍ਹਾ ਵਿੱਚ ਰਾਹੁਲ ਗਾਂਧੀ ਦਾ ਇਹ ਬਿਆਨ ਸਿਆਸੀ ਅੱਲ੍ਹੜਪੁਣੇ ਦਾ ਨਮੂਨਾ ਸੀ।

Image copyright TWITTER@RAHULGANDHI

ਰਾਹੁਲ, ਪੱਪੂ ਦੇ ਅਕਸ ਚੋਂ ਬਾਹਰ ਆਏ

ਦੇਖਦੇ ਹੀ ਦੇਖਦੇ ਸਭ ਕੁਝ ਬਦਲਣ ਲੱਗਿਆ। ਇਸ ਦੀ ਪਹਿਲੀ ਗੱਲ ਉਸ ਸਮੇਂ ਮਿਲੀ ਜਦੋਂ ਉਨ੍ਹਾਂ ਨੈ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਜਾ ਕੇ ਭਾਰਤ ਦੀ ਸਿਆਸਤ ਬਾਰੇ ਖੁੱਲ੍ਹੀਆਂ ਗੱਲਾਂ ਕੀਤੀਆਂ।

ਇਸ ਤੋਂ ਬਾਅਦ ਉਨ੍ਹਾਂ ਵਿੱਚ ਜੋ ਸਵੈ-ਭਰੋਸਾ ਸੀ ਉਹ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਸੀ।

ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਵੇਂ ਉਨ੍ਹਾਂ ਦੀ ਪਾਰਟੀ ਜਿੱਤ ਨਹੀਂ ਸਕੀ ਪਰ ਉੱਥੇ ਭਾਜਪਾ ਦੀ ਸਰਕਾਰ ਵੀ ਨਹੀਂ ਬਣਨ ਦਿੱਤੀ।

ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਤਿੰਨਾਂ ਸੂਬਿਆਂ ਵਿੱਚ ਉਨ੍ਹਾਂ ਨੇ ਨਰਿੰਦਰ ਮੋਦੀ ਵੱਲੋਂ ਪੂਰੀ ਤਾਣ ਲਾਏ ਜਾਣ ਦੇ ਬਾਵਜੂਦ ਸੱਤਾ ਤੋਂ ਬਾਹਰ ਕੱਢਿਆ ਅਤੇ ਕਿਹਾ ਕਿ 2019 ਵਿੱਚ ਮੋਦੀ ਨੂੰ ਵਾਕ-ਓਵਰ ਨਹੀਂ ਮਿਲਣ ਵਾਲਾ।

Image copyright AFP

ਭਾਜਪਾ ਨੂੰ ਉਸੇ ਦੀ ਭਾਸ਼ਾ ਵਿੱਚ ਜਵਾਬ

ਪੰਜ ਸਾਲ ਪਹਿਲਾਂ ਰਾਹੁਲ ਦੀ ਅਗਵਾਈ ਵਿੱਚ ਕਾਂਗਰਸ ਨੇ ਆਪਣੇ ਇਤਿਹਾਸ ਦੀ ਸਭ ਤੋਂ ਮਾੜੀ ਹਾਰ ਦੇਖੀ ਅਤੇ ਸਿਰਫ 44 ਸੀਟਾਂ ਜਿੱਤ ਸਕੀ।

ਪਾਰਟੀ ਨੂੰ ਵਿਰੋਧੀ ਧਿਰ ਦਾ ਦਰਜਾ ਵੀ ਨਾ ਮਿਲਿਆ।

ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਰਾਹੁਲ ਨੇ ਆਪਣੇ-ਆਪ ਨੂੰ ਮੁੱਢੋਂ ਹੀ ਬਦਲ ਲਿਆ ਹੈ।

ਹੁਣ ਉਨ੍ਹਾਂ ਨੂੰ ਕੈਲਾਸ਼ ਮਾਨਸਰੋਵਰ ਜਾਣ ਤੋਂ ਲੈ ਕੇ ਆਪਣਾ ਜਨੇਊ ਦਿਖਾਉਣ ਤੱਕ ਕੋਈ ਪ੍ਰਹੇਜ਼ ਨਹੀਂ।

ਮਸ਼ਹੂਰ ਪੱਤਰਕਾਰ ਰਾਧਿਕਾ ਰਾਮਾਸੇਸ਼ਨ ਇੱਕ ਦਿਲਚਸਪ ਟਿੱਪਣੀ ਕਰਦੀ ਹੈ। 'ਪਹਿਲਾਂ ਸਾਨੂੰ ਦੱਸਿਆ ਜਾਂਦਾ ਸੀ ਕਿ ਕਾਂਗਰਸ + ਗਾਏ ਹੈ। ਹੁਣ ਭਾਜਪਾ -ਗਾਂ ਵਾਂਗ ਦਿਖਦੀ ਹੈ।'

ਤਿੰਨ ਸੂਬੇ ਕਾਂਗਰਸ ਦੀ ਝੋਲੀ ਪਾਏ

ਇਸ ਬਦਲਾਅ ਦਾ ਪਹਿਲਾ ਅਸਰ ਇਹ ਹੋਇਆ ਕਿ ਇੱਕ ਤੋਂ ਬਾਅਦ ਇੱਕ ਸੂਬਾ ਕਾਂਗਰਸ ਦੀ ਝੋਲੀ ਆਣ ਪਿਆ।

ਇਸ ਜਿੱਤ ਦੀ ਅਹਿਮੀਅਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ 2014 ਦੀਆਂ ਚੋਣਾਂ ਦੌਰਾਨ 65 ਵਿੱਚੋਂ 62 ਸੀਟਾਂ ਜਿੱਤੀਆਂ ਸਨ।

ਡੀਐਮਕੇ ਦੇ ਸਟਾਲਿਨ, ਆਰਜੇਡੀ ਦੇ ਤੇਜਸਵੀ ਉਨ੍ਹਾਂ ਦੀਆਂ ਸਿਫਤਾਂ ਕਰ ਰਹੇ ਹਨ। ਚੰਦਰਬਾਬੂ ਨਾਇਡੂ ਜੋ ਕਾਂਗਰਸ ਦੇ ਵੱਡੇ ਵਿਰੋਧੀ ਰਹੇ ਹਨ, ਰਾਹੁਲ ਨੇ ਉਨ੍ਹਾਂ ਨੂੰ ਵੀ ਆਪਣੇ ਨਾਲ ਰਲਾ ਲਿਆ ਹੈ।

ਮੋਦੀ 'ਤੇ ਤਿੱਖੇ ਹਮਲੇ

ਰਾਹੁਲ ਦੀ ਅਗਵਾਈ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਵਿੱਚ ਗਜ਼ਬ ਦਾ ਬਦਲਾਅ ਆਇਆ ਹੈ।

Image copyright GETTY IMAGES,TWITTER

ਇਸ ਬਦਲਾਅ ਨੇ ਉਨ੍ਹਾਂ ਨੂੰ ਦੇਸ ਦੇ ਸਿਖਰਲੇ ਅਹੁਦੇ ਦੇ ਗੰਭੀਰ ਦਾਅਵੇਦਾਰ ਬਣਾ ਦਿੱਤਾ ਹੈ।

ਉਹ ਹੁਣ ਮੋਦੀ ਨੂੰ ਵਿਸ਼ਵ ਰੰਗਮੰਚ ਦਿਹਾੜੇ ਦੀਆਂ ਵਧਾਈਆਂ ਦਿੰਦੇ ਹਨ ਅਤੇ ਬੇਖੌਫ਼ ਪ੍ਰੈੱਸ ਕਾਨਫਰੰਸ ਕਰਦੇ ਹਨ।

ਉਹ ਹੁਣ ਵਿਦੇਸ਼ ਛੁੱਟੀਆਂ 'ਤੇ ਨਹੀਂ ਜਾਂਦੇ ਸਗੋਂ ਲਗਾਤਾਰ ਦੇਸ ਦੀਆਂ ਸਮੱਸਿਆਵਾਂ ਬਾਰੇ ਬੋਲਦੇ ਰਹਿੰਦੇ ਹਨ।

ਰਫਾਲ, ਖੇਤੀ ਸੰਕਟ, ਆਦਿ ਬਾਰੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਘੇਰਿਆ।

ਲੋਕ ਸਭਾ ਵਿੱਚ ਬਹਿਸ ਦੌਰਾਨ ਕੈਮਰਿਆਂ ਦੇ ਸਾਹਮਣੇ ਪ੍ਰਧਾਨ ਮੰਤਰੀ ਨੂੰ ਜੱਫ਼ੀ ਪਾਈ ਤੇ ਦਿਖਾਇਆ ਕਿ ਉਹ ਆਪਣੇ ਵਿਰੋਧੀਆਂ ਨੂੰ ਦੁਸ਼ਮਣਾਂ ਵਾਂਗ ਨਹੀਂ ਦੇਖਦੇ।

ਹਾਲ ਹੀ ਵਿੱਚ ਜਿੱਤੇ ਤਿੰਨ ਸੂਬਿਆਂ ਵਿੱਚ ਵੀ ਉਨ੍ਹਾਂ ਨੇ ਤੁਰਪ ਦਾ ਇੱਕਾ ਕਿਸਾਨਾਂ ਦੀ ਕਰਜ਼ ਮਾਫੀ ਦਾ ਸੀ।

ਉਨ੍ਹਾਂ ਨੇ ਗ਼ਰੀਬਾਂ ਨੂੰ 72,000 ਰੁਪਏ ਦੇਣ ਦੀ ਗੱਲ ਕੀਤੀ ਹੈ ਪਰ ਇਹ ਨਹੀਂ ਦੱਸਿਆ ਕਿ ਪੈਸਾ ਕਿੱਥੋਂ ਆਵੇਗਾ।

Image copyright TWITTER/@RAHULGANDHI

ਅਸ਼ੋਕ ਗਹਿਲੋਤ ਅਤੇ ਕਮਲਨਾਥ ਨੂੰ ਸੂਬੇਦਾਰੀਆਂ

ਰਾਹੁਲ ਦੀ ਸਿਆਸੀ ਸੂਝਬੂਝ ਦਾ ਕਿਆਸ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਸਚਿਨ ਪਾਇਲਟ ਨੂੰ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਬਣਾਇਆ ਪਰ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਹੀ ਰੱਖਿਆ।

ਮੱਧ ਪ੍ਰਦੇਸ਼ ਵਿੱਚ ਵੀ ਉਨ੍ਹਾਂ ਨੇ ਪਿਛਲੀ ਪੀੜ੍ਹੀ ਦੇ ਕਮਲ ਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ।

ਕਰਨਾਟਕ ਵਿਧਾਨ ਸਭਾ ਦੇ ਨਤੀਜੇ ਆਉਂਦਿਆ ਹੀ ਉਨ੍ਹਾਂ ਨੇ ਜਨਤਾ ਦਲ (ਐੱਸ) ਨਾਲ ਗੱਠਜੋੜ ਕਰਕੇ ਭਾਜਪਾ ਨੂੰ ਸਰਕਾਰ ਬਣਾਉਣ ਤੋਂ ਰੋਕਿਆ।

ਜਦੋਂ ਰਾਜਪਾਲ ਨੇ ਭਾਜਪਾ ਦੀ ਸਰਕਾਰ ਬਣਵਾ ਦਿੱਤੀ ਤਾਂ ਰਾਹੁਲ ਨੇ ਅਭਿਸ਼ੇਕ ਮਨੂੰ ਸਿੰਘਵੀ ਨੂੰ ਚੰਡੀਗੜ੍ਹ ਤੋਂ ਬੁਲਾ ਕੇ ਸੁਪਰੀਮ ਕੋਰਟ ਵਿੱਚ ਅਪੀਲ ਕਰਵਾਈ, ਨਤੀਜੇ ਵਜੋਂ ਭਾਜਪਾ ਨੂੰ 48 ਘੰਟਿਆਂ ਵਿੱਚ ਹੀ ਅਸਤੀਫ਼ਾ ਦੇਣਾ ਪਿਆ।

Image copyright Getty Images

ਬਹੁਤ ਕਠਿਨ ਹੈ ਡਗਰ ਪਨਘਟ ਕੀ

ਰਾਹੁਲ ਹਾਲੇ ਤੱਕ ਮੰਤਰੀ ਜਾਂ ਮੁੱਖ ਮੰਤਰੀ ਨਹੀਂ ਬਣੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੇ ਹਲਕੇ ਵਿੱਚ ਅਜਿਹਾ ਕੋਈ ਵਿਕਾਸ ਕਾਰਜ ਨਹੀਂ ਕੀਤਾ ਜਿਸ ਨਾਲ ਉਨ੍ਹਾਂ ਦੀ ਤੀਜੀ ਟਰਮ ਨੂੰ ਕੋਈ ਵੱਖਰੀ ਪਹਿਚਾਣ ਮਿਲਦੀ। ਉਨ੍ਹਾਂ ਨੂੰ ਜੋ ਅਹੁਦਾ ਮਿਲਿਆ ਹੈ ਉਹ ਵਿਰਾਸਤੀ ਹੈ, ਨਾ ਕਿ ਮਿਹਨਤ ਨਾਲ ਹਾਸਲ ਕੀਤਾ ਹੈ।

ਭਾਵੇਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਵਜੋਂ ਆਪਣੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ ਪਰ ਸਾਰੇ ਜਾਣਦੇ ਹਨ ਕਿ ਉਨ੍ਹਾਂ ਦੀ ਹਾਲੇ ਪੂਰੀ ਪ੍ਰੀਖਿਆ ਨਹੀਂ ਹੋਈ ਹੈ।

ਇਹ ਵੀ ਪੜ੍ਹੋ:

'ਓਪਨ' ਰਸਾਲੇ ਦੇ ਸੰਪਾਦਕ ਐੱਸ ਪ੍ਰਸੰਨਰਾਜਨ ਨੇ ਇੱਕ ਦਿਲਚਸਪ ਟਿੱਪਣੀ ਕੀਤੀ, "ਰਾਹੁਲ ਦੀ ਸਭ ਤੋਂ ਵੱਡੀ ਮੁਸ਼ਕਿਲ ਹੈ ਮੋਦੀ ਦੇ ਜ਼ਮਾਨੇ ਵਿੱਚ ਗਾਂਧੀ ਹੋਣਾ। ਇਹ ਕਿਸੇ ਲਈ ਵੀ ਔਖਾ ਕੰਮ ਹੈ।"

ਰਾਹੁਲ ਗਾਂਧੀ ਜਾਣਦੇ ਹਨ ਕਿ ਭਾਵੇਂ ਮੋਦੀ ਨੇ ਪੰਜ ਸਾਲ ਹੀ ਸਰਕਾਰ ਚਲਾਈ ਹੈ ਪਰ ਚੋਣਾਂ ਵਿੱਚ ਉਨ੍ਹਾਂ ਨੂੰ ਹਰਾਉਣਾ ਟੇਢੀ ਖੀਰ ਹੋਵੇਗਾ।

ਇਸ ਦੇ ਬਾਵਜੂਦ, ਉਹ ਤਿੰਨ ਮਹੀਨੇ ਪਹਿਲਾਂ ਦਿਖਾ ਚੁੱਕੇ ਹਨ ਕਿ ਉਨ੍ਹਾਂ ਵਿੱਚ ਅਜਿਹੀ ਸਮਰੱਥਾ ਹੈ ਅਤੇ ਉਨ੍ਹਾਂ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)