ਟੀਐੱਨ ਸੇਸ਼ਨ: 'ਜੋ ਨਾਸ਼ਤੇ ਵਿੱਚ ਸਿਆਸਤਦਾਨਾਂ ਨੂੰ ਖਾਂਦੇ ਸਨ!'

ਟੀਐਨ ਸੇਸ਼ਨ Image copyright K. Govindan Kutty

ਦਸੰਬਰ 1990 ਦੀ ਇੱਕ ਠੰਢੀ ਰਾਤ ਕਰੀਬ ਇੱਕ ਵਜੇ ਕੇਂਦਰੀ ਵਪਾਰ ਮੰਤਰੀ ਸੁਬਰਾਮਣੀਅਮ ਸਵਾਮੀ ਦੀ ਚਿੱਟੀ ਅੰਬੈਸਡਰ ਕਾਰ ਨਵੀਂ ਦਿੱਲੀ ਦੇ ਪੰਡਾਰਾ ਰੋਡ ਦੇ ਇੱਕ ਸਰਕਾਰੀ ਘਰ ਦੀ ਡਿਓੜੀ ਵਿੱਚ ਰੁਕੀ।

ਇਹ ਘਰ ਉਸ ਵੇਲੇ ਯੋਜਨਾ ਕਮਿਸ਼ਨ ਦੇ ਮੈਂਬਰ ਟੀਐਨ ਸੇਸ਼ਨ ਦਾ ਸੀ। ਸਵਾਮੀ ਬਿਨਾਂ ਝਿਜਕ ਦੇ ਸੇਸ਼ਨ ਦੇ ਘਰ ਵੜ ਗਏ।

ਕਾਰਨ ਇਹ ਸੀ ਕਿ ਸੱਠ ਦੇ ਦਹਾਕੇ ਵਿੱਚ ਸਵਾਮੀ ਸੇਸ਼ਨ ਨੂੰ ਹਾਰਵਰਡ ਯੂਨੀਵਰਸਿਟੀ ਵਿੱਚ ਪੜ੍ਹਾ ਚੁੱਕੇ ਸਨ।

ਹਾਲਾਂਕਿ ਉਹ ਸੇਸ਼ਨ ਤੋਂ ਉਮਰ ਵਿੱਚ ਛੋਟੇ ਸਨ। ਉਸ ਜ਼ਮਾਨੇ ਵਿੱਚ ਸੁਬਰਾਮਣੀਅਮ ਸਵਾਮੀ ਨੂੰ ਹਾਰਵਰਡ ਵਿੱਚ ਜਦੋਂ ਵੀ ਦੱਖਣੀ ਭਾਰਤੀ ਖਾਣੇ ਦੀ ਤਲਬ ਲਗਦੀ, ਉਹ ਸੇਸ਼ਨ ਦੇ ਫਲੈਟ ਵਿੱਚ ਪਹੁੰਚ ਜਾਂਦੇ ਸਨ ਅਤੇ ਸੇਸ਼ਨ ਉਨ੍ਹਾਂ ਦਾ ਸਵਾਗਤ ਦਹੀਂ-ਚਾਵਲ ਅਤੇ ਰਸਮ ਦੇ ਨਾਲ ਕਰਦੇ ਸਨ।

ਪਰ ਉਸ ਦਿਨ ਸਵਾਮੀ ਸੇਸ਼ਨ ਦੇ ਕੋਲ ਦੇਰ ਰਾਤ ਨੂੰ ਨਾ ਤਾਂ ਦਹੀ ਚਾਵਲ ਖਾਣ ਆਏ ਸਨ ਅਤੇ ਨਾ ਹੀ 'ਵਟਲਕੋਲੰਬੂ'।

ਇਹ ਵੀ ਪੜ੍ਹੋ:

ਉਹ ਪ੍ਰਧਾਨ ਮੰਤਰੀ ਚੰਦਰਸ਼ੇਖਰ ਦੇ ਦੂਤ ਦੇ ਤੌਰ 'ਤੇ ਉੱਥੇ ਪਹੁੰਚੇ ਸਨ ਅਤੇ ਆਉਂਦੇ ਹੀ ਉਨ੍ਹਾਂ ਨੇ ਉਨ੍ਹਾਂ ਦਾ ਸੰਦੇਸ਼ ਦਿੱਤਾ ਸੀ, "ਕੀ ਤੁਸੀਂ ਭਾਰਤ ਦੇ ਅਗਲੇ ਮੁੱਖ ਚੋਣ ਕਮਿਸ਼ਨਰ ਬਣਨਾ ਪਸੰਦ ਕਰੋਗੇ?"

ਰਾਜੀਵ ਗਾਂਧੀ ਤੋਂ ਸਲਾਹ

ਸੇਸ਼ਨ ਇਸ ਪ੍ਰਸਤਾਵ ਤੋਂ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਹੋਏ ਸਨ ਕਿਉਂਕਿ ਇੱਕ ਦਿਨ ਪਹਿਲਾਂ ਹੀ ਕੈਬਨਿਟ ਸਕੱਤਰ ਵਿਨੋਦ ਪਾਂਡੇ ਨੇ ਵੀ ਉਨ੍ਹਾਂ ਸਾਹਮਣੇ ਇਹ ਪ੍ਰਸਤਾਵ ਰੱਖਿਆ ਸੀ।

ਉਦੋਂ ਸੇਸ਼ਨ ਨੇ ਵਿਨੋਦ ਨੂੰ ਟਾਲਦੇ ਹੋਏ ਕਿਹਾ ਸੀ, "ਵਿਨੋਦ ਤੁਸੀਂ ਪਾਗਲ ਤਾਂ ਨਹੀਂ ਹੋ ਗਏ? ਕੌਣ ਜਾਣਾ ਚਾਹੇਗਾ ਚੋਣ ਸਦਨ ਵਿੱਚ?"

ਪਰ ਜਦੋਂ ਸਵਾਮੀ ਦੋ ਘੰਟੇ ਤੱਕ ਉਨ੍ਹਾਂ ਨੂੰ ਇਹ ਅਹੁਦਾ ਸਵੀਕਾਰ ਕਰਵਾਉਣ ਲਈ ਮਨਾਉਂਦੇ ਰਹੇ ਤਾਂ ਸੇਸ਼ਨ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਕੁਝ ਲੋਕਾਂ ਨਾਲ ਵਿਚਾਰ ਚਰਚਾ ਕਰਨ ਤੋਂ ਬਾਅਦ ਆਪਣੀ ਮਨਜ਼ੂਰੀ ਦੇਣਗੇ।

ਟੀਐਨ ਸੇਸ਼ਨ ਦੀ ਜੀਵਨੀ 'ਸੇਸ਼ਨ- ਐਨ ਇੰਟੀਮੇਟ ਸਟੋਰੀ' ਲਿਖਣ ਵਾਲੇ ਸੀਨੀਅਰ ਪੱਤਰਕਾਰ ਕੇ ਗੋਵਿੰਦਨ ਕੁੱਟੀ ਦੱਸਦੇ ਹਨ, "ਸਵਾਮੀ ਦੇ ਜਾਣ ਤੋਂ ਬਾਅਦ ਸੇਸ਼ਨ ਨੇ ਰਾਜੀਵ ਗਾਂਧੀ ਨੂੰ ਫ਼ੋਨ ਕਰਕੇ ਕਿਹਾ ਕਿ ਉਹ ਤੁਰੰਤ ਉਨ੍ਹਾਂ ਨੂੰ ਮਿਲਣ ਆਉਣਾ ਚਾਹੁੰਦੇ ਹਨ।”

“ਜਦੋਂ ਉਹ ਉਨ੍ਹਾਂ ਕੋਲ ਪਹੁੰਚੇ ਤਾਂ ਰਾਜੀਵ ਗਾਂਧੀ ਆਪਣੇ ਡਰਾਇੰਗ ਰੂਮ ਵਿੱਚ ਥੋੜ੍ਹੀ ਉਤਸੁਕਤਾ ਨਾਲ ਉਨ੍ਹਾਂ ਦੀ ਉਡੀਕ ਕਰ ਰਹੇ ਸਨ।"

"ਸੇਸ਼ਨ ਨੇ ਉਨ੍ਹਾਂ ਤੋਂ ਸਿਰਫ਼ ਪੰਜ ਮਿੰਟ ਦਾ ਸਮਾਂ ਮੰਗਿਆ ਸੀ, ਪਰ ਬਹੁਤ ਛੇਤੀ ਹੀ ਇਹ ਸਮਾਂ ਲੰਘ ਗਿਆ। ਰਾਜੀਵ ਨੇ ਜ਼ੋਰ ਨਾਲ ਆਵਾਜ਼ ਲਗਾਈ, 'ਫ਼ੈਟ ਮੈਨ ਇਜ਼ ਹੇਅਰ।' ਕੀ ਤੁਸੀਂ ਸਾਡੇ ਲਈ ਕੁਝ 'ਚਾਕਲੇਟਾਂ' ਭੇਜ ਸਕਦੇ ਹੋ? 'ਚਾਕਲੇਟਸ' ਸੇਸ਼ਨ ਅਤੇ ਰਾਜੀਵ ਗਾਂਧੀ ਦੋਵਾਂ ਦੀ ਕਮਜ਼ੋਰੀ ਸੀ।"

"ਥੋੜ੍ਹੀ ਦੇਰ ਬਾਅਦ ਰਾਜੀਵ ਗਾਂਧੀ ਨੇ ਸੇਸ਼ਨ ਨੂੰ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਮਨਜ਼ੂਰ ਕਰਵਾਉਣ ਲਈ ਆਪਣੀ ਸਹਿਮਤੀ ਦੇ ਦਿੱਤੀ। ਪਰ ਉਹ ਇਸ ਨਾਲ ਬਹੁਤ ਖੁਸ਼ ਨਹੀਂ ਸਨ।”

“ਜਦੋਂ ਉਹ ਸੇਸ਼ਨ ਨੂੰ ਦਰਵਾਜ਼ੇ ਤੱਕ ਛੱਡਣ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਛੱਡਦੇ ਹੋਏ ਕਿਹਾ ਕਿ ਉਹ ਦਾੜ੍ਹੀ ਵਾਲਾ ਸ਼ਖ਼ਸ ਉਸ ਦਿਨ ਨੂੰ ਕੋਸੇਗਾ, ਜਿਸ ਦਿਨ ਉਸ ਨੇ ਤੈਨੂੰ ਮੁੱਖ ਚੋਣ ਕਮਿਸ਼ਨਰ ਬਣਾਉਣ ਦਾ ਫ਼ੈਸਲਾ ਕੀਤਾ ਸੀ।"

ਦਾੜ੍ਹੀ ਵਾਲੇ ਸ਼ਖ਼ਸ ਤੋਂ ਰਾਜੀਵ ਗਾਂਧੀ ਦਾ ਮਤਲਬ ਪ੍ਰਧਾਨ ਮੰਤਰੀ ਚੰਦਰਸ਼ੇਖਰ ਸਨ।

ਰਾਜੀਵ ਗਾਂਧੀ ਦੇ ਮੂੰਹ ਵਿੱਚੋਂ ਬਿਸਕੁਟ ਖਿੱਚਿਆ

ਟੀਐਨ ਸੇਸ਼ਨ ਦੇ ਰਾਜੀਵ ਗਾਂਧੀ ਦੇ ਕਰੀਬ ਆਉਣ ਦੀ ਵੀ ਇੱਕ ਦਿਲਚਸਪ ਕਹਾਣੀ ਹੈ।

Image copyright K. Govindan Kutty
ਫੋਟੋ ਕੈਪਸ਼ਨ ਸੀਨੀਅਰ ਪੱਤਰਕਾਰ ਕੇ ਗੋਵਿੰਦਨ ਕੁੱਟੀ ਨੇ ਟੀਐਨ ਸੇਸ਼ਨ ਦੀ ਜੀਵਨੀ 'ਸੇਸ਼ਨ- ਇਨ ਇੰਟੀਮੇਟ ਸਟੋਰੀ' ਲਿਖੀ ਹੈ

ਉਹ ਪਹਿਲਾ ਜੰਗਲਾਤ ਅਤੇ ਫਿਰ ਟੂਰੀਜ਼ਮ ਮੰਤਰਾਲੇ ਵਿੱਚ ਸਕੱਤਰ ਸਨ। ਉੱਥੇ ਉਨ੍ਹਾਂ ਨੇ ਐਨਾ ਚੰਗਾ ਕੰਮ ਕੀਤਾ ਕਿ ਰਾਜੀਵ ਗਾਂਧੀ ਨੇ ਉਨ੍ਹਾਂ ਨੂੰ ਅੰਦਰੂਨੀ ਸੁਰੱਖਿਆ ਮੰਤਰਾਲੇ ਵਿੱਚ ਸੁਰੱਖਿਆ ਸਕੱਤਰ ਬਣਾ ਦਿੱਤਾ।

ਕੇ ਗੋਵਿੰਦਨ ਕੱਟੀ ਦੱਸਦੇ ਹਨ, "ਸੁਰੱਖਿਆ ਸਕੱਤਰ ਦੇ ਰੂਪ ਵਿੱਚ ਸੇਸ਼ਨ ਸਕੱਤਰ ਤੋਂ ਕਿਤੇ ਵੱਡਾ ਕੰਮ ਕਰਨ ਲੱਗੇ। ਉਹ ਖ਼ੁਦ ਸੁਰੱਖਿਆ ਮਾਹਰ ਬਣ ਗਏ। ਇੱਕ ਵਾਰ ਉਨ੍ਹਾਂ ਨੇ ਰਾਜੀਵ ਗਾਂਧੀ ਦੇ ਮੂੰਹੋ ਇਹ ਕਹਿੰਦੇ ਹੋਏ ਬਿਸਕੁਟ ਖਿੱਚ ਲਿਆ ਕਿ ਪ੍ਰਧਾਨ ਮੰਤਰੀ ਨੂੰ ਉਹ ਚੀਜ਼ ਨਹੀਂ ਖਾਣੀ ਚਾਹੀਦੀ, ਜਿਸ ਨੂੰ ਪਹਿਲਾਂ ਚੈੱਕ ਨਾ ਕੀਤਾ ਗਿਆ ਹੋਵੇ।"

ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੋਈ ਭੁੱਲ ਬਰਦਾਸ਼ਤ ਨਹੀਂ

ਗੋਵਿੰਦਨ ਕੁੱਟੀ ਅੱਗੇ ਕਹਿੰਦੇ ਹਨ, "ਇੱਕ ਵਾਰ 15 ਅਗਸਤ ਨੂੰ ਰਾਜੀਵ ਗਾਂਧੀ ਬਹੁਤ ਸਾਰੇ ਲੋਕਾਂ ਨਾਲ ਵਿਜੇ ਚੌਕ ਤੋਂ ਇੰਡੀਆ ਗੇਟ ਤੱਕ ਦੌੜਨ ਵਾਲੇ ਸਨ। ਉਨ੍ਹਾਂ ਨੇ ਟਰੈਕ ਸੂਟ ਪਹਿਨਿਆ ਹੋਇਆ ਸੀ। ਥੋੜ੍ਹੀ ਦੂਰ 'ਤੇ ਟੀਐੱਨ ਸੇਸ਼ਨ ਬੰਦ ਗਲੇ ਵਾਲੇ ਸੂਟ ਅਤੇ ਪਜਾਮੇ ਵਿੱਚ ਸਾਰਾ ਇੰਤਜ਼ਾਮ ਦੇਖ ਰਹੇ ਸਨ।"

"ਰਾਜੀਵ ਨੇ ਉਨ੍ਹਾਂ ਨੂੰ ਦੇਖ ਕੇ ਮਜ਼ਾਕ ਕੀਤਾ, 'ਤੁਸੀਂ ਕੀ ਉੱਥੇ ਸੂਟ-ਬੂਟ ਪਾਏ ਖੜ੍ਹੇ ਹੋ? ਆਓ ਤੁਸੀਂ ਵੀ ਸਾਡੇ ਨਾਲ ਦੌੜੋ। ਤੁਹਾਡਾ ਮੋਟਾਪਾ ਥੋੜ੍ਹਾ ਘੱਟ ਜਾਵੇਗਾ।”

“ਸੇਸ਼ਨ ਨੇ ਜਵਾਬ ਦਿੱਤਾ, ਕੁਝ ਲੋਕਾਂ ਨੂੰ ਸਿੱਧਾ ਖੜ੍ਹਾ ਹੋਣਾ ਪੈਂਦਾ ਹੈ, ਤਾਂ ਜੋ ਦੇਸ ਦਾ ਪ੍ਰਧਾਨ ਮੰਤਰੀ ਦੌੜ ਸਕੇ।''

"ਥੋੜ੍ਹੀ ਦੇਰ ਬਾਅਦ ਉਹ ਹੋਇਆ ਜਿਸ ਦੀ ਰਾਜੀਵ ਗਾਂਧੀ ਨੂੰ ਬਿਲਕੁਲ ਉਮੀਦ ਨਹੀਂ ਸੀ। ਅਜੇ ਉਹ ਕੁਝ ਹੀ ਮਿੰਟ ਦੌੜੇ ਹੋਣਗੇ ਕਿ ਸੁਰੱਖਿਆ ਕਰਮੀ ਉਨ੍ਹਾਂ ਦੇ ਚਾਰੇ ਪਾਸੇ ਘੇਰਾ ਬਣਾਉਂਦੇ ਹੋਏ ਉਨ੍ਹਾਂ ਨੂੰ ਇੱਕ ਅਜਿਹੀ ਥਾਂ ਲੈ ਆਏ, ਜਿੱਥੇ ਇੱਕ ਕਾਰ ਖੜ੍ਹੀ ਹੋਈ ਸੀ ਅਤੇ ਉਸਦਾ ਇੰਜਨ ਪਹਿਲਾਂ ਤੋਂ ਹੀ ਚਾਲੂ ਸੀ।"

Image copyright Devi/Fox Photos/Getty Images
ਫੋਟੋ ਕੈਪਸ਼ਨ ਸੱਠ ਦੇ ਦਹਾਕੇ ਵਿੱਚ ਸ਼ੇਖ ਅਬਦੁੱਲਾਹ ਨੂੰ ਤਮਿਲਨਾਡੂ ਵਿੱਚ ਨਜ਼ਰਬੰਦ ਰੱਖਿਆ ਗਿਆ ਸੀ ਉਦੋਂ ਸੈਸ਼ਨ ਮਦੁਰੇ ਦੇ ਕਲੈਕਟਰ ਸਨ

"ਉਨ੍ਹਾਂ ਨੇ ਰਾਜੀਵ ਨੂੰ ਕਾਰ ਵਿੱਚ ਬਿਠਾਇਆ ਅਤੇ ਇੱਕ ਮਿੰਟ ਵਿੱਚ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਦਿੱਤਾ। ਅਜਿਹਾ ਕਰਦੇ ਹੋਏ ਸੁਰੱਖਿਆ ਕਰਮੀ ਰਾਜੀਵ ਨਾਲ ਨਜ਼ਰਾਂ ਨਹੀਂ ਮਿਲਾ ਪਾ ਰਹੇ ਸਨ।”

“ਪਰ ਉਨ੍ਹਾਂ ਨੂੰ ਪਤਾ ਸੀ ਕਿ ਉਨ੍ਹਾਂ ਨੇ ਕੀ ਕਰਨਾ ਹੈ। ਸੇਸ਼ਨ ਦਾ ਉਨ੍ਹਾਂ ਨੂੰ ਹੁਕਮ ਸੀ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਾਲ ਕੋਈ ਖਿਲਵਾੜ ਨਹੀਂ ਕੀਤਾ ਜਾਣਾ ਚਾਹੀਦਾ।"

ਸ਼ੇਖ ਅਬਦੁੱਲਾਹ ਦੀਆਂ ਚਿੱਠੀਆਂ ਪੜ੍ਹਦੇ ਸਨ ਸੇਸ਼ਨ

ਸੇਸ਼ਨ ਦੀ ਇਸ ਨਿਡਰਤਾ ਅਤੇ ਸਪੱਸ਼ਟਵਾਦਤਾ ਦਾ ਸੁਆਦ ਕਸ਼ਮੀਰ ਦੇ ਵੱਡੇ ਨੇਤਾ ਸ਼ੇਖ ਅਬਦੁੱਲਾਹ ਨੂੰ ਵੀ ਚਖਣਾ ਪਿਆ ਸੀ।

ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਨਹਿਰੂ ਨੇ ਸੱਠ ਦੇ ਦਹਾਕੇ ਵਿੱਚ ਤਾਮਿਲਨਾਡੂ ਦੀ ਮਸ਼ਹੂਰ ਕੋਡਈ ਝੀਲ ਦੇ ਕਿਨਾਰੇ ਇੱਕ ਹੋਟਲ 'ਲਾਫਿੰਗ ਵਾਟਰਸ' ਵਿੱਚ ਸ਼ੇਖ ਨੂੰ ਨਜ਼ਰਬੰਦ ਕਰਵਾ ਦਿੱਤਾ ਸੀ।

ਸੇਸ਼ਨ ਉਸ ਸਮੇਂ ਮੁਦੈਰ ਜ਼ਿਲ੍ਹੇ ਦੇ ਕਲੈਕਟਰ ਸਨ। ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਉਹ ਸ਼ੇਖ ਵੱਲੋਂ ਭੇਜੀ ਗਈ ਹਰ ਚਿੱਠੀ ਨੂੰ ਪੜ੍ਹਨ। ਸ਼ੇਖ ਅਬਦੁੱਲਾਹ ਨੂੰ ਇਹ ਗੱਲ ਪਸੰਦ ਨਹੀਂ ਸੀ।

ਇੱਕ ਦਿਨ ਸ਼ੇਖ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇੱਕ ਜ਼ਰੂਰੀ ਚਿੱਠੀ ਲਿਖਣ ਵਾਲੇ ਹਨ।

ਇਹ ਵੀ ਪੜ੍ਹੋ:

ਕੇ ਗੋਵਿੰਦਨ ਕੁੱਟੀ ਦੱਸਦੇ ਹਨ, "ਅਗਲੇ ਦਿਨ ਜਦੋਂ ਸੇਸ਼ਨ ਸ਼ੇਖ ਨੂੰ ਮਿਲਣ ਗਏ ਤਾਂ ਉਹ ਚਿੱਠੀ ਤਿਆਰ ਸੀ। ਲਿਫ਼ਾਫ਼ੇ 'ਤੇ ਪਤਾ ਲਿਖਿਆ ਸੀ, 'ਡਾਕਟਰ ਐਸ ਰਾਧਾਕ੍ਰਿਸ਼ਨਨ, ਪ੍ਰੈਸੀਡੈਂਟ ਆਫ਼ ਇੰਡੀਆ'। ਸੇਸ਼ਨ 'ਤੇ ਇਸਦਾ ਕੋਈ ਅਸਰ ਨਹੀਂ ਹੋਇਆ। ਸ਼ੇਖ ਨੇ ਸੇਸ਼ਨ ਵੱਲ ਦੇਖ ਕੇ ਕਿਹਾ,'ਕੀ ਤੁਸੀਂ ਅਜੇ ਵੀ ਇਸ ਨੂੰ ਖੋਲ੍ਹਣਾ ਚਾਹੁੰਦੇ ਹੋ?''

"ਸੇਸ਼ਨ ਨੇ ਜਵਾਬ ਦਿੱਤਾ, 'ਇਸ ਨੂੰ ਮੈਂ ਤੁਹਾਡੇ ਸਾਹਮਣੇ ਹੀ ਖੋਲਾਂਗਾ। ਪਤੇ ਦਾ ਮੇਰੇ ਲਈ ਕੋਈ ਮਤਲਬ ਨਹੀਂ ਹੈ।' ਇੱਕ ਦਿਨ ਸ਼ੇਖ ਨੇ ਐਲਾਨ ਕੀਤਾ ਕਿ ਉਹ ਉਨ੍ਹਾਂ ਦੇ ਨਾਲ ਕੀਤੇ ਜਾ ਰਹੇ ਖਰਾਬ ਵਿਹਾਰ ਦੇ ਵਿਰੋਧ ਵਿੱਚ ਮਰਨ ਵਰਤ 'ਤੇ ਬੈਠਣਗੇ।''

Image copyright K. Govindan Kutty
ਫੋਟੋ ਕੈਪਸ਼ਨ ਸੇਸ਼ਨ ਦੇ ਨਾਲ ਕੇ ਗੋਵਿੰਦਨ ਕੱਟੀ

"ਸੇਸ਼ਨ ਨੇ ਕਿਹਾ, 'ਸਰ ਇਹ ਮੇਰਾ ਫਰਜ਼ ਹੈ ਕਿ ਮੈਂ ਤੁਹਾਡੀ ਹਰ ਲੋੜ ਦਾ ਧਿਆਨ ਰੱਖਾਂ। ਮੈਂ ਇਹ ਯਕੀਨੀ ਬਣਾਵਾਂਗਾ ਕਿ ਕੋਈ ਤੁਹਾਡੇ ਸਾਹਮਣੇ ਪਾਣੀ ਦਾ ਇੱਕ ਗਿਲਾਸ ਵੀ ਲੈ ਕੇ ਨਾ ਆਵੇ।''

80 ਕਿਲੋਮੀਟਰ ਤੱਕ ਖ਼ੁਦ ਚਲਾਈ ਬੱਸ

ਇੱਕ ਸਮਾਂ ਸੇਸ਼ਨ ਚੇਨੱਈ ਵਿੱਚ ਟਰਾਂਸਪੋਰਟ ਕਮਿਸ਼ਨਰ ਹੁੰਦੇ ਸਨ।

ਇੱਕ ਵਾਰ ਉਨ੍ਹਾਂ ਸਾਹਮਣੇ ਸਵਾਲ ਚੁੱਕਿਆ ਗਿਆ ਕਿ ਜੇ ਤੁਸੀਂ ਡਰਾਈਵਿੰਗ ਅਤੇ ਬੱਸ ਦੇ ਇੰਜਨ ਦੀ ਜਾਣਕਾਰੀ ਨਹੀਂ ਰੱਖਦੇ ਤਾਂ ਡਰਾਇਵਰਾਂ ਦੀਆਂ ਦਿੱਕਤਾਂ ਨੂੰ ਕਿਵੇਂ ਹੱਲ ਕਰੋਗੇ?

ਸੇਸ਼ਨ ਨੇ ਇਸ ਨੂੰ ਚੁਣੌਤੀ ਦੇ ਤੌਰ 'ਤੇ ਲਿਆ ਅਤੇ ਕੁਝ ਹੀ ਦਿਨਾਂ ਵਿੱਚ ਉਹ ਨਾ ਸਿਰਫ਼ ਬੱਸ ਡਰਾਇਵਰੀ ਕਰਨ ਲੱਗੇ ਸਗੋਂ ਬੱਸ ਦੇ ਇੰਜਨ ਨੂੰ ਖੋਲ੍ਹ ਕੇ ਉਸ ਨੂੰ ਮੁੜ ਫਿੱਟ ਕਰਨਾ ਵੀ ਉਨ੍ਹਾਂ ਨੇ ਸਿੱਖ ਲਿਆ।

Image copyright Dilip Banerjee/The India Today Group/Getty Images
ਫੋਟੋ ਕੈਪਸ਼ਨ ਟੀਐਨ ਸੇਸ਼ਨ ਦੀ ਮੁੱਖ ਚੋਣ ਕਮਿਸ਼ਨ ਦੇ ਅਹੁਦੇ 'ਤੇ ਨਿਯੁਕਤੀ ਚੰਦਰਸ਼ੇਖਰ ਦੀ ਸਰਕਾਰ ਨੇ ਹੀ ਕੀਤੀ ਸੀ

ਇੱਕ ਵਾਰ ਉਹ ਯਾਤਰੀਆਂ ਨਾਲ ਭਰੀ ਬੱਸ ਨੂੰ ਖ਼ੁਦ ਚਲਾ ਕੇ 80 ਕਿੱਲੋਮੀਟਰ ਤੱਕ ਲੈ ਗਏ।

ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦਫ਼ਤਰ ਤੋਂ ਬਾਹਰ ਭੇਜੀਆਂ

ਮੁੱਖ ਚੋਣ ਕਮਿਸ਼ਨਰ ਬਣਨ ਦੇ ਪਹਿਲੇ ਹੀ ਦਿਨ ਉਨ੍ਹਾਂ ਨੇ ਆਪਣੇ ਤੋਂ ਪਹਿਲਾਂ ਰਹੇ ਮੁੱਖ ਚੋਣ ਕਮਿਸ਼ਨਰ ਪੇਰੀ ਸ਼ਾਸਤਰੀ ਦੇ ਕਮਰੇ ਤੋਂ ਸਾਰੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਅਤੇ ਕੈਲੰਡਰ ਹਟਵਾ ਦਿੱਤੇ।

ਇਹ ਉਦੋਂ ਸੀ ਜਦੋਂ ਸੇਸ਼ਨ ਖ਼ੁਦ ਬਹੁਤ ਧਾਰਮਿਕ ਸ਼ਖ਼ਸ ਸਨ।

ਉਨ੍ਹਾਂ ਦੇ ਆਜ਼ਾਦ ਰਵੱਈਏ ਦਾ ਸਭ ਤੋਂ ਪਹਿਲਾ ਨਮੂਨਾ ਉਦੋਂ ਮਿਲਿਆ ਜਦੋਂ ਉਨ੍ਹਾਂ ਨੇ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਤਤਕਾਲੀ ਸਰਕਾਰ ਤੋਂ ਬਿਨਾਂ ਪੁੱਛੇ ਲੋਕ ਸਭਾ ਚੋਣਾਂ ਮੁਲਤਵੀ ਕਰ ਦਿੱਤੀਆਂ ਸਨ।

ਚੋਣ ਕਮਿਸ਼ਨ ਸਰਕਾਰ ਦਾ ਹਿੱਸਾ ਨਹੀਂ

ਇੱਕ ਵਾਰ ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ, "ਚੋਣ ਕਮਿਸ਼ਨ ਦੀ ਸੁਤੰਤਰਤਾ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਇੱਕ ਅਧਿਕਾਰੀ ਨੇ ਸਰਕਾਰ ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਉਨ੍ਹਾਂ ਨੂੰ 30 ਰੁਪਏ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਜੋ ਉਹ ਇੱਕ ਕਿਤਾਬ ਖ਼ਰੀਦ ਸਕਣ। ਉਨ੍ਹਾਂ ਦਿਨਾਂ ਵਿੱਚ ਚੋਣ ਕਮਿਸ਼ਨ ਨਾਲ ਸਰਕਾਰ ਦੇ 'ਚਮਚਿਆਂ' ਵਾਂਗ ਵਿਹਾਰ ਕੀਤਾ ਜਾਂਦਾ ਸੀ।''

"ਮੈਨੂੰ ਯਾਦ ਹੈ ਕਿ ਜਦੋਂ ਮੈਂ ਕੈਬਨਿਟ ਸਕੱਤਰ ਸੀ ਤਾਂ ਪ੍ਰਧਾਨ ਮੰਤਰੀ ਨੇ ਮੈਨੂੰ ਬੁਲਾ ਕੇ ਕਿਹਾ ਸੀ ਕਿ ਮੈਂ ਚੋਣ ਕਮਿਸ਼ਨ ਨੂੰ ਦੱਸ ਦਵਾਂ ਕਿ ਮੈਂ ਇਸ ਦਿਨ ਚੋਣਾਂ ਕਰਵਾਉਣਾ ਚਾਹੁੰਦਾ ਹਾਂ।”

“ਮੈਂ ਉਨ੍ਹਾਂ ਨੂੰ ਕਿਹਾ ਅਸੀਂ ਅਜਿਹਾ ਨਹੀਂ ਕਰ ਸਕਦੇ। ਅਸੀਂ ਚੋਣ ਕਮਿਸ਼ਨ ਨੂੰ ਸਿਰਫ਼ ਇਹ ਦੱਸ ਸਕਦੇ ਹਾਂ ਕਿ ਸਰਕਾਰ ਚੋਣਾਂ ਲਈ ਤਿਆਰ ਹੈ।''

"ਮੈਨੂੰ ਯਾਦ ਹੈ ਕਿ ਮੇਰੇ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ, ਕਾਨੂੰਨ ਮੰਤਰੀ ਦੇ ਦਫ਼ਤਰ ਦੇ ਬਾਹਰ ਬੈਠ ਕੇ ਉਡੀਕ ਕਰਦੇ ਸਨ ਕਿ ਉਸ ਨੂੰ ਕਦੋਂ ਅੰਦਰ ਬੁਲਾਇਆ ਜਾਵੇ।”

“ਮੈਂ ਤੈਅ ਕੀਤਾ ਕਿ ਮੈਂ ਕਦੇ ਅਜਿਹਾ ਨਹੀਂ ਕਰਾਂਗਾ। ਸਾਡੇ ਦਫਤਰ ਵਿੱਚ ਪਹਿਲਾਂ ਸਾਰੇ ਲਿਫਾਫਿਆਂ 'ਤੇ ਲਿਖ ਕੇ ਆਉਂਦਾ ਸੀ, ਚੋਣ ਕਮਿਸ਼ਨ, ਭਾਰਤ ਸਰਕਾਰ। ਮੈਂ ਉਨ੍ਹਾਂ ਨੂੰ ਸਾਫ਼ ਕਰ ਦਿੱਤਾ ਕਿ ਮੈਂ ਭਾਰਤ ਸਰਕਾਰ ਦਾ ਹਿੱਸਾ ਨਹੀਂ ਹਾਂ।''

ਵੱਡੇ ਅਫਸਰਾਂ ਨਾਲ ਸਿੱਧਾ ਟਕਰਾਅ

ਸਾਲ 1992 ਦੇ ਸ਼ੁਰੂ ਤੋਂ ਹੀ ਸੇਸ਼ਨ ਨੇ ਸਰਕਾਰੀ ਅਫ਼ਸਰਾਂ ਨੂੰ ਉਨ੍ਹਾਂ ਦੀਆਂ ਗ਼ਲਤੀਆਂ ਲਈ ਹੜਕਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਵਿੱਚ ਕੇਂਦਰ ਦੇ ਸਕੱਤਰ ਅਤੇ ਸੂਬਿਆਂ ਦੇ ਮੁੱਖ ਸਕੱਤਰ ਵੀ ਸ਼ਾਮਲ ਸਨ।

Image copyright K. Govindan Kutty
ਫੋਟੋ ਕੈਪਸ਼ਨ ਸੇਸ਼ਨ ਦੀ ਪਤਨੀ ਜੈਲਕਸ਼ਮੀ ਦਾ ਦੇਹਾਂਤ ਪਿਛਲੇ ਸਾਲ 13 ਮਾਰਚ ਨੂੰ ਹੋਇਆ ਸੀ

ਇੱਕ ਵਾਰ ਸ਼ਹਿਰੀ ਵਿਕਾਸ ਮੰਤਰਾਲੇ ਨੇ ਸੰਯੁਕਤ ਸਕੱਤਰ ਧਰਮਰਾਜਨ ਨੂੰ ਤ੍ਰਿਪੁਰਾ ਵਿੱਚ ਹੋ ਰਹੀਆਂ ਚੋਣਾਂ ਦਾ ਸੁਪਰਵਾਈਜ਼ਰ ਬਣਾਇਆ ਗਿਆ।

ਪਰ ਉਹ ਅਗਰਤਲਾ ਜਾਣ ਦੀ ਬਜਾਏ ਇੱਕ ਸਰਕਾਰੀ ਕੰਮ 'ਤੇ ਥਾਇਲੈਂਡ ਚਲੇ ਗਏ।

ਸੇਸ਼ਨ ਨੇ ਤੁਰੰਤ ਹੁਕਮ ਦਿੱਤਾ, "ਧਰਮਰਾਜਨ ਵਰਗੇ ਅਫਸਰਾਂ ਨੂੰ ਇਹ ਗ਼ਲਤਫਹਿਮੀ ਹੈ ਕਿ ਚੋਣ ਕਮਿਸ਼ਨ ਦੇ ਅਧੀਨ ਉਨ੍ਹਾਂ ਦਾ ਕੰਮ ਇੱਕ ਤਰ੍ਹਾਂ ਦਾ ਸਵੈ-ਇਛੁੱਕ ਕੰਮ ਹੈ, ਜਿਸ ਨੂੰ ਕਰਨ ਜਾਂ ਨਾ ਕਰਨ।”

“ਜੇਕਰ ਉਹ ਸੋਚਦੇ ਹਨ ਕਿ ਵਿਦੇਸ਼ ਜਾਣਾ ਜਾਂ ਉਨ੍ਹਾਂ ਦੇ ਵਿਭਾਗ ਦਾ ਕੰਮ, ਚੋਣ ਕਮਿਸ਼ਨ ਦੇ ਕੰਮ ਤੋਂ ਵੱਧ ਮਹੱਤਵਪੂਰਨ ਹੈ, ਤਾਂ ਉਨ੍ਹਾਂ ਦੀ ਇਹ ਗ਼ਲਤਫਹਿਮੀ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ।''

"ਉਂਝ ਤਾਂ ਉਨ੍ਹਾਂ ਨੂੰ ਇਸਦੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਪਰ ਚੋਣ ਕਮਿਸ਼ਨ ਨੇ ਇਸ ਬਦਲ ਦੀ ਵਰਤੋਂ ਨਾ ਕਰਦੇ ਹੋਏ ਸਿਰਫ਼ ਉਨ੍ਹਾਂ ਖ਼ਿਲਾਫ਼ ਆਪਣੀ ਗੁਪਤ ਰਿਪੋਰਟ ਵਿੱਚ ਨੋਟ ਲਿਖਿਆ।"

ਜਦੋਂ ਸਾਰੀਆਂ ਚੋਣਾਂ ਨੂੰ ਕੀਤਾ ਮੁਲਤਵੀ

ਸੇਸ਼ਨ ਦੇ ਇਸ ਹੁਕਮ ਨਾਲ ਸੱਤਾ ਦੇ ਗਲਿਆਰਿਆਂ ਵਿੱਚ ਹੜਕੰਪ ਮਚ ਗਿਆ। ਪਰ ਅਜੇ ਤਾਂ ਬਹੁਤ ਕੁਝ ਆਉਣਾ ਬਾਕੀ ਸੀ।

Image copyright Sharad Saxena/The India Today Group/Getty Images
ਫੋਟੋ ਕੈਪਸ਼ਨ ਰਾਜੀਵ ਗਾਂਧੀ ਅਤੇ ਟੀਐਨ ਸੇਸ਼ਨ ਵਿਚਾਲੇ ਚੰਗੇ ਸਬੰਧ ਸਨ

2 ਅਗਸਤ, 1993 ਨੂੰ ਰੱਖੜੀ ਵਾਲੇ ਦਿਨ ਟੀਐਨ ਸੇਸ਼ਨ ਨੇ ਇੱਕ 17 ਪੇਜ ਦਾ ਹੁਕਮ ਜਾਰੀ ਕੀਤਾ ਕਿ ਜਦੋਂ ਤੱਕ ਸਰਕਾਰ ਚੋਣ ਕਮਿਸ਼ਨ ਦੀਆਂ ਸ਼ਕਤੀਆਂ ਨੂੰ ਮਾਨਤਾ ਨਹੀਂ ਦਿੰਦੀ ਉਦੋਂ ਤੱਕ ਦੇਸ ਵਿੱਚ ਕੋਈ ਚੋਣ ਨਹੀਂ ਹੋਵੇਗੀ।

ਸੇਸ਼ਨ ਨੇ ਆਪਣੇ ਸੰਦੇਸ਼ ਵਿੱਚ ਲਿਖਿਆ, "ਜਦੋਂ ਤੱਕ ਮੌਜੂਦਾ ਮੇਲ-ਜੋਲ ਦੂਰ ਨਹੀਂ ਹੁੰਦਾ ਜਿਹੜਾ ਕਿ ਸਿਰਫ਼ ਭਾਰਤ ਸਰਕਾਰ ਵੱਲੋਂ ਬਣਾਇਆ ਗਿਆ ਹੈ, ਚੋਣ ਕਮਿਸ਼ਨ ਆਪਣੇ ਆਪ ਨੂੰ ਆਪਣੇ ਸੰਵਿਧਾਨਿਕ ਫਰਜ਼ ਨਿਭਾਉਣ ਵਿੱਚ ਅਸਮਰੱਥ ਮੰਨਦਾ ਹੈ।”

“ਉਸ ਨੇ ਤੈਅ ਕੀਤਾ ਹੈ ਕਿ ਉਸਦੇ ਅਧੀਨ ਹੋਣ ਵਾਲੀਆਂ ਹਰ ਚੋਣਾਂ, ਜਿਸ ਵਿੱਚ ਹਰ ਦੋ ਸਾਲ ਵਿੱਚ ਹੋਣ ਵਾਲੀ ਰਾਜ ਸਭਾ ਚੋਣਾਂ ਅਤੇ ਵਿਧਾਨ ਸਭਾ ਦੀਆਂ ਉਪ-ਚੋਣਾਂ ਵੀ ਸ਼ਾਮਿਲ ਹਨ, ਜਿਨ੍ਹਾਂ ਦੇ ਕਰਵਾਉਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ, ਅਗਲੇ ਹੁਕਮਾਂ ਤੱਕ ਮੁਲਤਵੀ ਰਹਿਣਗੀਆਂ।"

ਚਾਰੇ ਪਾਸੇ ਆਲੋਚਨਾ

ਇਸ ਹੁਕਮ 'ਤੇ ਪ੍ਰਤੀਕੂਲ ਪ੍ਰਤੀਕਿਰਿਆ ਆਉਣਾ ਸੁਭਾਵਿਕ ਸੀ।

ਸੇਸ਼ਨ ਨੇ ਪੱਛਮ ਬੰਗਾਲ ਦੀ ਰਾਜ ਸਭਾ ਸੀਟ 'ਤੇ ਚੋਣਾਂ ਨਹੀਂ ਹੋਣ ਦਿੱਤੀਆਂ ਜਿਸਦੇ ਕਾਰਨ ਕੇਂਦਰੀ ਮੰਤਰੀ ਪ੍ਰਣਬ ਮੁਖਰਜੀ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।

ਪੱਛਮ ਬੰਗਾਲ ਦੇ ਮੁੱਖ ਮੰਤਰੀ ਜਯੋਤੀ ਬਸੂ ਐਨੇ ਨਾਰਾਜ਼ ਹੋਏ ਕਿ ਉਨ੍ਹਾਂ ਨੇ ਉਨ੍ਹਾਂ ਨੂੰ 'ਪਾਗਲ ਕੁੱਤਾ' ਕਹਿ ਦਿੱਤਾ।

ਵਿਸ਼ਵਨਾਥ ਪ੍ਰਤਾਪ ਸਿੰਘ ਨੇ ਕਿਹਾ, "ਅਸੀਂ ਪਹਿਲਾਂ ਕਾਰਖਾਨਿਆਂ ਵਿੱਚ 'ਲਾਕ-ਆਊਟ' ਬਾਰੇ ਸੁਣਿਆ ਸੀ, ਪਰ ਸੇਸ਼ਨ ਨੇ ਤਾਂ ਪ੍ਰਜਾਤੰਤਰ ਨੂੰ ਹੀ 'ਲਾਕ-ਆਊਟ' ਕਰ ਦਿੱਤਾ ਹੈ।''

ਸਰਕਾਰ ਨੇ ਕੀਤੀ ਦੋ ਚੋਣ ਕਮਿਸ਼ਨਰਾਂ ਦੀ ਨਿਯੁਕਤੀ

ਸਰਕਾਰ ਨੇ ਇਸਦਾ ਹੱਲ ਕੱਢਣ ਲਈ ਚੋਣ ਕਮਿਸ਼ਨ ਵਿੱਚ ਦੋ ਹੋਰ ਚੋਣ ਕਮਿਸ਼ਨਰਾਂ ਜੀਵੀਜੀ ਕ੍ਰਿਸ਼ਨਾਮੁਰਤੀ ਅਤੇ ਐੱਮਐੱਸ ਗਿੱਲ ਦੀ ਨਿਯੁਕਤੀ ਕਰ ਦਿੱਤੀ।

ਸੇਸ਼ਨ ਉਸ ਦਿਨ ਦਿੱਲੀ ਤੋਂ ਬਾਹਰ ਪੁਣੇ ਗਏ ਹੋਏ ਸਨ।

Image copyright Das Saibal/The India Today Group/Getty Images
ਫੋਟੋ ਕੈਪਸ਼ਨ ਜਯੋਤੀ ਬਸੂ ਨੇ ਸੇਸ਼ਨ ਨੂੰ 'ਪਾਲਗ ਕੁੱਤਾ' ਤੱਕ ਕਹਿ ਦਿੱਤਾ ਸੀ

ਬਾਅਦ ਵਿੱਚ ਮੁੱਖ ਚੋਣ ਕਮਿਸ਼ਨਰ ਬਣੇ ਐੱਮਐੱਸ ਗਿੱਲ ਯਾਦ ਕਰਦੇ ਹਨ, "ਉਨ੍ਹਾਂ ਦਿਨਾਂ ਵਿੱਚ ਮੈਂ ਖੇਤੀ ਸਕੱਤਰ ਸੀ। ਜਦੋਂ ਮੈਂ ਉੱਥੇ ਪਹੁੰਚਿਆ ਤਾਂ ਨਰਸਿਮਹਾ ਰਾਓ ਦੇ ਪ੍ਰਧਾਨ ਸਕੱਤਰ ਅਮਰਕਾਂਤ ਵਰਮਾ ਦਾ ਫ਼ੋਨ ਆਇਆ। ਉਹ ਆਈਏਐੱਸ ਵਿੱਚ ਮੇਰੇ ਤੋਂ ਸੀਨੀਅਰ ਸਨ ਅਤੇ ਮੇਰੇ ਦੋਸਤ ਵੀ ਸਨ। ਉਨ੍ਹਾਂ ਨੇ ਮੈਨੂੰ ਤੁਰੰਤ ਦਿੱਲੀ ਆਉਣ ਲਈ ਕਿਹਾ।"

"ਜਦੋਂ ਮੈਂ ਆਪਣੀ ਮੁਸ਼ਕਿਲ ਦੱਸੀ ਤਾਂ ਉਨ੍ਹਾਂ ਨੇ ਮੈਨੂੰ ਲਿਆਉਣ ਲਈ ਇੱਕ ਜਹਾਜ਼ ਭੇਜ ਦਿੱਤਾ। ਮੈਂ ਚਾਰ ਵਜੇ ਦਿੱਲੀ ਪਹੁੰਚਿਆ ਅਤੇ ਸਿੱਧਾ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੂੰ ਮਿਲਣ ਚਲਾ ਗਿਆ, ਜਿੱਥੇ ਮੇਰੀ ਉਨ੍ਹਾਂ ਨਾਲ ਕਾਫ਼ੀ ਵਿਸਥਾਰ ਵਿੱਚ ਗੱਲਬਾਤ ਹੋਈ।”

“ਜਦੋਂ ਮੈਂ ਚੋਣ ਕਮਿਸ਼ਨ ਵਿੱਚ ਆਪਣਾ ਅਹੁਦਾ ਸਾਂਭਣ ਪਹੁੰਚਿਆ, ਉਦੋਂ ਤੱਕ ਕ੍ਰਿਸ਼ਨਾਮੁਰਤੀ ਆਪਣਾ ਚਾਰਜ ਲੈ ਚੁੱਕੇ ਸਨ, ਕਿਉਂਕਿ ਉਹ ਨੌਕਰੀ ਲੈਣ ਲਈ ਉਤਾਵਲੇ ਸਨ।''

ਕ੍ਰਿਸ਼ਨਾਮੁਰਤੀ ਤੋਂ ਸ਼ੋਅ-ਡਾਊਨ

ਕ੍ਰਿਸ਼ਨਾਮੁਰਤੀ ਨੇ ਅਹੁਦਾ ਸੰਭਾਲਦੇ ਹੀ ਰਾਸ਼ਟਰਪਤੀ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਨੂੰ ਕਮਿਸ਼ਨ ਵਿੱਚ ਬੈਠਣ ਦੀ ਥਾਂ ਨਹੀਂ ਦਿੱਤੀ ਜਾ ਰਹੀ।

ਸੇਸ਼ਨ ਦੇ ਵਾਪਿਸ ਆਉਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਮੁਲਾਕਾਤ ਵੀ ਕਾਫ਼ੀ ਕੜਵਾਹਟ ਭਰੀ ਰਹੀ।

ਸੇਸ਼ਨ ਦੇ ਜੀਵਨੀਕਾਰ ਗੋਵਿੰਦਨ ਕੁੱਟੀ ਦੱਸਦੇ ਹਨ, "ਕ੍ਰਿਸ਼ਨਾਮੁਰਤੀ ਨੇ ਸੇਸ਼ਨ ਕੋਲ ਪਈ ਕੁਰਸੀ 'ਤੇ ਇਹ ਕਹਿੰਦੇ ਹੋਏ ਬੈਠਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਕੁਰਸੀਆਂ ਤੁਹਾਡੇ ਚਪੜਾਸੀਆਂ ਲਈ ਹਨ। ਉਨ੍ਹਾਂ ਨੇ ਸੇਸ਼ਨ ਨੂੰ ਕਿਹਾ ਕਿ ਜੇਕਰ ਤੁਸੀਂ ਮੇਰੇ ਨਾਲ ਗੱਲ ਕਰਨੀ ਤਾਂ ਮੇਰੇ ਕੋਲ ਆ ਕੇ ਬੈਠੋ।"

Image copyright T.C. Malhotra/Getty Images
ਫੋਟੋ ਕੈਪਸ਼ਨ ਐੱਮਐੱਸ ਗਿੱਲ ਨਾਲ ਹੱਥ ਮਿਲਾਂਦੇ ਸੁਬਰਾਮਣੀਅਮ ਸਵਾਮੀ, ਤਸਵੀਰ ਮਈ 1999 ਦੀ ਹੈ

"ਉਦੋਂ ਗਿੱਲ ਕਮਰੇ ਵਿੱਚ ਵੜੇ। ਉਨ੍ਹਾਂ ਦੀ ਸਮਝ ਵਿੱਚ ਨਹੀਂ ਆਇਆ ਕਿ ਉਹ ਮੁਰਤੀ ਦੇ ਕੋਲ ਬੈਠਣ ਜਾਂ ਸੇਸ਼ਨ ਦੇ ਸਾਹਮਣੇ ਵਾਲੀ ਕੁਰਸੀ 'ਤੇ। ਪੂਰੀ ਬੈਠਕ ਦੌਰਾਨ ਕ੍ਰਿਸ਼ਨਮੁਰਤੀ ਸੇਸ਼ਨ 'ਤੇ ਤੰਜ ਕੱਸਦੇ ਰਹੇ, ਜਿਸਦੀ ਉਸ ਸਮੇਂ ਦੀ ਹਰ ਸਰਕਾਰ ਨੇ ਚਾਹ ਰੱਖੀ ਸੀ।"

"ਇਸ ਭੜਕਾਵੇ ਦੇ ਬਾਵਜੂਦ ਸੇਸ਼ਨ ਜਾਣਬੁਝ ਕੇ ਚੁੱਪ ਰਹੇ। ਇਸ ਤੋਂ ਪਹਿਲਾਂ ਕਈ ਲੋਕਾਂ ਨੇ ਸੇਸ਼ਨ ਨੂੰ ਅਸਿੱਧੇ ਤੌਰ 'ਤੇ ਸੁਣਾਇਆ ਸੀ ਪਰ ਕਿਸੇ ਨੇ ਇਸ ਤਰ੍ਹਾਂ ਉਨ੍ਹਾਂ ਦੇ ਮੂੰਹ 'ਤੇ ਬੇਇੱਜ਼ਤੀ ਨਹੀਂ ਕੀਤੀ ਸੀ।"

ਉਪ-ਚੋਣ ਕਮਿਸ਼ਨਰ ਨੂੰ ਦਿੱਤਾ ਦਰਜਾ

ਟੀਐਨ ਸੇਸ਼ਨ ਨੇ ਵੀ ਇਨ੍ਹਾਂ ਚੋਣ ਕਮਿਸ਼ਨਰਾਂ ਨਾਲ ਸਹਿਯੋਗ ਨਹੀਂ ਕੀਤਾ।

ਹੱਦ ਉਦੋਂ ਹੋ ਗਈ ਜਦੋਂ ਉਹ ਅਮਰੀਕਾ ਗਏ ਤਾਂ ਉਨ੍ਹਾਂ ਨੇ ਇਨ੍ਹਾਂ ਦੋਵਾਂ ਦੀ ਬਜਾਏ ਉਪ-ਚੋਣ ਕਮਿਸ਼ਨਰ ਡੀਐੱਸ ਬੱਗਾ ਨੂੰ ਆਪਣਾ ਚਾਰਜ ਦਿੱਤਾ।

ਐੱਮਐੱਸ ਗਿੱਲ ਦੱਸਦੇ ਹਨ, "ਮੈਂ ਤਾਂ ਸੇਸ਼ਨ ਨਾਲ ਗੱਲ ਕਰ ਲੈਂਦਾ ਸੀ। ਮੇਰੀ ਉਹ ਇੱਜ਼ਤ ਕਰਦਾ ਸੀ। ਮੈਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਵਿਹਾਰ ਕਰਦਾ ਸੀ ਜਿਵੇਂ ਮੁੱਖ ਚੋਣ ਕਮਿਸ਼ਨਰ ਨਾਲ ਕੀਤਾ ਜਾਣਾ ਚਾਹੀਦਾ ਹੈ। ਪਰ ਅਮਰੀਕਾ ਜਾਣ ਤੋਂ ਪਹਿਲਾਂ ਬੱਗਾ ਨੂੰ ਚਾਰਜ ਦੇਣ ਨੂੰ ਕਿਸੇ ਤਰ੍ਹਾਂ ਨਾਲ ਸਹੀ ਨਹੀਂ ਠਹਿਰਾਇਆ ਜਾ ਸਕਦਾ।"

Image copyright Sonu Mehta/Hindustan Times via Getty Images
ਫੋਟੋ ਕੈਪਸ਼ਨ ਜੀਵੀਜੀ ਕ੍ਰਿਸ਼ਨਮੁਰਤੀ, ਭੀਸ਼ਮ ਨਾਰਾਇਣ ਸਿੰਘ ਅਤੇ ਪ੍ਰਤਿਭਾ ਪਾਟਿਲ, ਤਸਵੀਰ ਜੁਲਾਈ 2008 ਦੀ ਹੈ

"ਸਾਨੂੰ ਦੋਵਾਂ ਨੇ ਰਾਸ਼ਟਰਪਤੀ ਨੇ ਨਿਯੁਕਤ ਕੀਤਾ ਸੀ। ਸਾਨੂੰ ਤਨਖ਼ਾਹ ਮਿਲ ਰਹੀ ਸੀ, ਤਾਂ ਵੀ ਉਸ ਨੇ ਇੱਕ ਆਈਏਐੱਸ ਅਫ਼ਸਰ ਨੂੰ ਕਮਿਸ਼ਨ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ। ਜਦੋਂ ਮਾਮਲਾ ਸੁਪਰੀਮ ਕੋਰਟ ਦੇ ਸਾਹਮਣੇ ਆਇਆ ਤਾਂ ਉਸ ਨੇ ਹੁਕਮ ਦਿੱਤਾ ਕਿ ਸੇਸ਼ਨ ਦੀ ਗ਼ੈਰ-ਮੌਜੂਦਗੀ ਵਿੱਚ ਮੈਂ ਕਮਿਸ਼ਨ ਨੂੰ ਚਲਾਵਾਂਗਾ।''

ਇਨ੍ਹਾਂ ਦੋਵਾਂ ਚੋਣ ਕਮਿਸ਼ਨਰਾਂ ਦੇ ਰਹਿੰਦੇ ਹੋਏ ਸੇਸ਼ਨ ਨੇ ਆਪਣਾ ਛੇ ਸਾਲ ਦਾ ਕਾਰਜਕਾਲ ਪੂਰਾ ਕੀਤਾ।

ਇਹ ਵੀ ਪੜ੍ਹੋ:

ਉਨ੍ਹਾਂ ਬਾਰੇ ਕਿਹਾ ਜਾਂਦਾ ਸੀ ਕਿ ਭਾਰਤੀ ਸਿਆਸਤਦਾਨ ਸਿਰਫ਼ ਦੋ ਚੀਜ਼ਾਂ ਤੋਂ ਡਰਦੇ ਹਨ, ਪਹਿਲਾ ਭਗਵਾਨ ਅਤੇ ਦੂਜਾ ਸੇਸ਼ਨ।

ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਇੱਕ ਬਹੁਚਰਚਿਤ ਜੁਮਲਾ ਬੋਲਿਆ ਸੀ, "ਆਈ ਈਟ ਪਾਲੀਟੀਸ਼ੀਅਨਜ਼ ਫਾਰ ਬ੍ਰੇਕਫਾਸਟ।'' ਯਾਨਿ ਮੈਂ ਨਾਸ਼ਤੇ ਵਿੱਚ ਸਿਆਸਤਦਾਨਾਂ ਨੂੰ ਖਾਂਦਾ ਹਾਂ

ਪਰ ਸੇਸ਼ਨ ਦਾ ਦੂਜਾ ਪੱਖ ਵੀ ਸੀ। ਉਹ ਕਰਨਾਟਕ ਸੰਗੀਤ ਦੇ ਸ਼ੌਕੀਨ ਸਨ। ਉਨ੍ਹਾਂ ਨੂੰ ਇਲੈਕਟ੍ਰੋਨਿਕ ਗੈਜੇਟਸ ਇਕੱਠੇ ਕਰਨ ਦਾ ਬੜਾ ਸ਼ੌਕ ਸੀ।

ਹਰ ਵੱਡੇ ਸ਼ਖ਼ਸ ਨਾਲ ਪੰਗਾ

ਸੇਸ਼ਨ ਨੇ ਆਪਣੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਤੋਂ ਲੈ ਕੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਗੁਲਸ਼ੇਰ ਅਹਿਮਦ ਅਤੇ ਬਿਹਾਰ ਦੇ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਕਿਸੇ ਨੂੰ ਨਹੀਂ ਬਖਸ਼ਿਆ।

Image copyright K. Govindan Kutty
ਫੋਟੋ ਕੈਪਸ਼ਨ ਸੇਸ਼ਨ ਅਤੇ ਉਨ੍ਹਾਂ ਦੀ ਪਤਨੀ ਜੈਲਕਸ਼ਮੀ , ਇਹ ਤਸਵੀਰ ਉਨ੍ਹਾਂ ਦੇ ਵਿਆਹ ਵਾਲੇ ਦਿਨ ਲਈ ਗਈ ਸੀ

ਉਨ੍ਹਾਂ ਨੇ ਬਿਹਾਰ ਵਿੱਚ ਪਹਿਲੀ ਵਾਰ ਚਾਰ ਗੇੜਾਂ ਵਿੱਚ ਚੋਣਾਂ ਕਰਵਾਈਆਂ ਅਤੇ ਚਾਰੋਂ ਵਾਰ ਚੋਣਾਂ ਦੀਆਂ ਤਰੀਕਾਂ ਬਦਲੀਆਂ ਗਈਆਂ। ਇਹ ਬਿਹਾਰ ਦੇ ਇਤਿਹਾਸ ਦੀਆਂ ਸਭ ਤੋਂ ਲੰਬੀਆਂ ਚੋਣਾਂ ਸਨ।

ਐੱਮਐੱਮ ਗਿੱਲ ਯਾਦ ਕਰਦੇ ਹਨ, "ਸੇਸ਼ਨ ਦਾ ਸਭ ਤੋਂ ਵੱਡਾ ਯੋਗਦਾਨ ਸੀ ਕਿ ਉਹ ਚੋਣ ਕਮਿਸ਼ਨ ਨੂੰ 'ਸੈਂਟਰ-ਸਟੇਜ' ਵਿੱਚ ਲਿਆਏ। ਇਸ ਤੋਂ ਪਹਿਲਾਂ ਤਾਂ ਮੁੱਖ ਚੋਣ ਕਮਿਸ਼ਨ ਦਾ ਅਹੁਦਾ ਗੁਮਨਾਮੀ ਵਿੱਚ ਲੁਕਿਆ ਹੋਇਆ ਸੀ ਅਤੇ ਹਰ ਕੋਈ ਉਸ ਨੂੰ 'ਟੇਕਨ ਫਾਰ ਗ੍ਰਾਂਟੇਡ' ਸਮਝ ਕੇ ਚਲਾ ਜਾਂਦਾ ਸੀ।"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)