ਭਾਜਪਾ ਦੇ ਮੋਦੀ-ਸ਼ਾਹ ਨੇ ਦਿੱਤੀ 'ਹਿੰਦੂ ਅੱਤਵਾਦ' ਨਾਲ ਹੋਈ ਬਦਨਾਮੀ ਦੀ ਦੁਹਾਈ, ਕਿਹਾ - 'ਹਿੰਦੂ ਅੱਤਵਾਦ' ਕਹਿਣ ਵਾਲੇ ਚੋਣ ਮੈਦਾਨ ਤੋਂ ਭੱਜ ਰਹੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ Image copyright Getty Images

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ 'ਤੇ ਹਮਲਾ ਬੋਲਦਿਆਂ ਕਿਹਾ, "ਸ਼ਾਂਤੀ ਦੀ ਹਾਮੀ ਭਰਨ ਵਾਲੇ ਭਾਈਚਾਰੇ ਨੂੰ ਅੱਤਵਾਦ ਨਾਲ ਜੋੜਨ ਵਾਲੇ ਮੈਦਾਨ ਛੱਡ ਕੇ ਭੱਜ ਰਹੇ ਹਨ।"

ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਹਾਰਾਸ਼ਟਰ ਦੇ ਵਾਰਦਾ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਹਿੰਦੂ ਜਾਗ ਚੁੱਕੇ ਹਨ ਅਤੇ ਵਿਰੋਧੀ ਧਿਰ ਨੂੰ ਸਬਕ ਸਿਖਾਉਣਗੇ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਤੋਂ ਇਲਾਵਾ ਕੇਰਲ ਦੀ ਵਾਇਨਾਡ ਸੀਟ ਤੋਂ ਵੀ ਚੋਣ ਮੈਦਾਨ ਵਿੱਚ ਉੱਤਰਨਗੇ।

ਮੋਦੀ ਨੇ ਕਿਹਾ ਕਿ ਕਾਂਗਰਸ ਉਨ੍ਹਾਂ ਹਲਕਿਆਂ 'ਚ ਆਪਣੇ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਨ ਤੋਂ ਡਰਦੀ ਹੈ ਜਿੱਥੇ ਵੱਧ ਗਿਣਤੀ (ਹਿੰਦੂ) ਜ਼ਿਆਦਾ ਹਨ।

ਮੋਦੀ ਨੇ ਕਿਹਾ, "ਕਾਂਗਰਸ ਨੇ ਹਿੰਦੂ ਅੱਤਵਾਦ ਦਾ ਸ਼ਬਦ ਵਰਤ ਕੇ ਦੇਸ ਦੇ ਕਰੋੜਾਂ ਹਿੰਦੂ ਲੋਕਾਂ 'ਤੇ ਦਾਗ਼ ਲਗਾਉਣ ਦੀ ਕੋਸ਼ਿਸ਼ ਕੀਤੀ ਹੈ।"

"ਤੁਸੀਂ ਮੈਨੂੰ ਦੱਸੋ, ਜਦੋਂ 'ਹਿੰਦੂ ਅੱਤਵਾਦ' ਸ਼ਬਦ ਸੁਣਿਆ ਤਾਂ ਤੁਹਾਨੂੰ ਡੂੰਘੀ ਸੱਟ ਨਹੀਂ ਵੱਜੀ? ਇਤਿਹਾਸ ਵਿੱਚ ਅਜਿਹਾ ਇੱਕ ਵੀ ਹਾਦਸਾ ਵਾਪਰਿਆ ਹੈ ਜਿੱਥੇ ਹਿੰਦੂਆਂ ਨੇ ਅੱਤਵਾਦ ਫੈਲਾਇਆ ਹੋਵੇ।"

ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਚੋਣ ਜ਼ਾਬਤਾ ਇਹ ਸਾਫ਼ ਕਰਦਾ ਹੈ ਕਿ ਅਜਿਹੀ ਕੋਈ ਬਿਆਨ ਨਹੀਂ ਦੇ ਸਕਦੇ ਜਿਸ ਨਾਲ ਕੋਈ ਭਾਈਚਾਰਾ, ਧਰਮ, ਗਰੁੱਪ ਜਾਂ ਫਿਰ ਵੱਖ-ਵੱਖ ਜਾਤਾਂ ਪ੍ਰਭਾਵਿਤ ਹੋਣ। ਇਸ ਦੇ ਨਾਲ ਹੀ ਸਿਆਸੀ ਪਾਰਟੀਆਂ ਭਾਈਚਾਰੇ ਜਾਂ ਜਾਤ ਦੇ ਆਧਾਰ 'ਤੇ ਲੋਕਾਂ ਨੂੰ ਵੋਟ ਲਈ ਅਪੀਲ ਨਹੀਂ ਕਰ ਸਕਦੇ ਹਨ।

ਰਾਹੁਲ ਗਾਂਧੀ ਦਾ ਨਾਂ ਲਿਤੇ ਬਿਨਾਂ ਮੋਦੀ ਨੇ ਕਿਹਾ, "ਕੁਝ ਨੇਤਾ ਚੋਣ ਲੜਣ ਤੋਂ ਬਚ ਰਹੇ ਹਨ, ਜਿਨ੍ਹਾਂ ਨੂੰ (ਕਾਂਗਰਸ ਨੇ) ਅੱਤਵਾਦੀ ਕਿਹਾ ਹੈ ਉਹ ਜਾਗ ਗਏ ਹਨ।"

ਅਮਿਤ ਸ਼ਾਹ ਦਾ ਵੀ ਕਾਂਗਰਸ 'ਤੇ ਨਿਸ਼ਾਨਾ

ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਵੀ ਕਾਂਗਰਸ ਦੇ ਵਾਰ ਕੀਤਾ ਅਤੇ ਕਿਹਾ ਕਿ ਰਾਹੁਲ ਦੀ ਪਾਰਟੀ ਹਿੰਦੂਆਂ ਨੂੰ ਅੱਤਵਾਦ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ।

ਇਹ ਵੀ ਪੜ੍ਹੋ-

Image copyright Amit Dave/REUTERS

ਉਨ੍ਹਾਂ ਕਿਹਾ ਕਿ ਉਹ ਹਿੰਦੂਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਅਮਿਤ ਸ਼ਾਹ ਪੱਛਿਮ ਬੰਗਾਲ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ।

ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀਮਾਨੰਦ ਅਤੇ ਹਜ਼ਾਰਾਂ ਹੋਰ ਸਮਝੌਤਾ ਟਰੇਨ ਧਮਾਕੇ ਦੇ ਕੇਸ ਵਿੱਚ ਬਰੀ ਹੋ ਗਏ ਹਨ।

ਉਨ੍ਹਾਂ ਨੇ ਕਿਹਾ, "ਮਾਮਲਿਆਂ 'ਚ ਅਸਲੀ ਦੋਸ਼ੀਆਂ ਨੂੰ ਨਾ ਫੜ੍ਹ ਕੇ ਕਾਂਗਰਸ ਸਰਕਾਰ ਨੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ। ਇਨ੍ਹਾਂ ਲੋਕਾਂ ਨੂੰ ਦੇਸ ਦੀ ਸੁਰੱਖਿਆ ਦੀ ਕੋਈ ਪਰਵਾਹ ਨਹੀਂ।"

ਭਾਰਤੀ ਫੌਜ ਨੂੰ ਕਿਹਾ 'ਮੋਦੀ ਦੀ ਫੌਜ'

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਕਿਹਾ, "ਕਾਂਗਰਸ ਦੇ ਲੋਕ ਅੱਤਵਾਦੀਆਂ ਨੂੰ ਬਿਰਿਆਨੀ ਖੁਆਉਂਦੇ ਸੀ ਅਤੇ ਮੋਦੀ ਦੀ ਸੈਨਾ ਅੱਤਵਾਦੀਆਂ ਨੂੰ ਗੋਲੀ ਅਤੇ ਗੋਲਾ ਦਿੰਦੀ ਹੈ।"

ਉੱਤਰ ਪ੍ਰਦੇਸ਼ ਵਿੱਚ ਚੋਣ ਰੈਲੀ ਸੰਬੋਧਿਤ ਕਰਦਿਆਂ ਉਨ੍ਹਾਂ ਕਿਹਾ, "ਦੋਵਾਂ ਵਿਚਾਲੇ ਇਹ ਫਰਕ ਹੈ। ਕਾਂਗਰਸ ਦੇ ਲੋਕ ਮਸੂਦ ਅਜ਼ਹਰ ਲਈ 'ਜੀ' ਸ਼ਬਦ ਵਰਤ ਕੇ ਅੱਤਵਾਦ ਨੂੰ ਉਤਸ਼ਾਹਿਤ ਕਰਦੇ ਹਨ।"

ਉਨ੍ਹਾਂ ਨੇ ਕਿਹਾ, "ਮੋਦੀ ਦੀ ਅਗਵਾਈ ਵਿੱਚ ਅੱਤਵਾਦੀ ਕੈਂਪਾਂ ਦਾ ਖ਼ਾਤਮਾ ਕੀਤਾ ਗਿਆ, ਜਿਸ ਕਾਰਨ ਪਾਕਿਸਤਾਨ ਤੇ ਅੱਤਵਾਦ ਦਾ ਲੱਕ ਟੁੱਟ ਗਿਆ।"

ਯੋਗੀ ਨੇ ਕਿਹਾ, "ਮੋਦੀ ਦੇ ਹੁੰਦਿਆਂ ਭਾਜਪਾ ਵਿੱਚ ਕੁਝ ਵੀ ਅਸੰਭਵ ਨਹੀਂ ਹੈ ਅਤੇ ਕਾਂਗਰਸ ਲਈ ਕੁਝ ਵੀ ਸੰਭਵ ਨਹੀਂ ਹੈ।"

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)