ਲੋਕ ਸਭਾ ਚੋਣਾਂ 2019: ਤੁਹਾਡੇ ਵਟਸਐਪ ’ਤੇ ਆਇਆ ਮੈਸੇਜ ਸਹੀ ਹੈ ਜਾਂ ਗਲਤ, ਇੰਝ ਜਾਣੋ

ਵੱਟਸਐਪ Image copyright Getty Images

ਦੇਸ ਵਿੱਚ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਜੇਕਰ ਇਸ ਦੌਰਾਨ ਤੁਹਾਨੂੰ ਕੋਈ ਵੀ ਸੰਦੇਸ਼ ਵਟਸਐਪ ਜ਼ਰੀਏ ਆਉਂਦਾ ਹੈ ਤਾਂ ਤੁਸੀਂ ਇਸਦੀ ਪੁਸ਼ਟੀ ਕਰਵਾ ਸਕਦੇ ਹੋ ਕਿ ਇਹ ਸਹੀ ਹੈ ਜਾਂ ਗ਼ਲਤ।

ਪੀਟੀਆਈ ਦੀ ਖ਼ਬਰ ਮੁਤਾਬਕ ਫਰਜ਼ੀ ਖ਼ਬਰਾਂ ਨਾਲ ਨਿਪਟਣ ਲਈ ਵਟਸਐੱਪ ਨੇ 'ਚੈੱਕਪੁਆਇੰਟ ਟਿਪਲਾਈਨ' ਲਾਂਚ ਕੀਤੀ ਹੈ। ਇਸਦੇ ਰਾਹੀਂ ਲੋਕ ਉਨ੍ਹਾਂ ਨੂੰ ਮਿਲਣ ਵਾਲੇ ਸੰਦੇਸ਼ਾਂ ਦੀ ਜਾਂਚ ਕਰ ਸਕਦੇ ਹਨ।

ਫੇਸਬੁੱਕ ਦੀ ਇਸ ਕੰਪਨੀ ਨੇ ਆਪਣੇ ਬਿਆਨ ਵਿੱਚ ਕਿਹਾ, '' ਇਸ ਸੇਵਾ ਨੂੰ ਭਾਰਤ ਵਿੱਚ ਇੱਕ ਮੀਡੀਆ ਕੌਸ਼ਲ ਸਟਾਰਟਅਪ 'ਪ੍ਰੋਟੋ' ਨੇ ਲਾਂਚ ਕੀਤਾ ਹੈ। ਇਹ ਟਿਪਲਾਈਨ ਗ਼ਲਤ ਜਾਣਕਾਰੀਆਂ ਅਤੇ ਅਫਵਾਹਾਂ ਦਾ ਡਾਟਾਬੇਸ ਤਿਆਰ ਕਰਨ ਵਿੱਚ ਮਦਦ ਕਰੇਗੀ।''

''ਇਸ ਨਾਲ ਚੋਣਾਂ ਦੌਰਾਨ 'ਚੈੱਕਪੁਆਇੰਟ' ਲਈ ਇਨ੍ਹਾਂ ਜਾਣਕਾਰੀਆਂ ਦਾ ਅਧਿਐਨ ਕੀਤਾ ਜਾ ਸਕੇਗਾ। ਚੈੱਕਪੁਆਇੰਟ ਇੱਕ ਰਿਸਰਚ ਪ੍ਰਾਜੈਕਟ ਦੇ ਤੌਰ 'ਤੇ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਵਟਸਐਪ ਵੱਲੋਂ ਤਕਨੀਕੀ ਸਹਿਯੋਗ ਦਿੱਤਾ ਜਾ ਰਿਹਾ ਹੈ।''

ਟਿਪਲਾਈਨ ਕਿਵੇਂ ਕਰਦੀ ਹੈ ਕੰਮ?

ਕੰਪਨੀ ਨੇ ਕਿਹਾ ਕਿ ਦੇਸ ਵਿੱਚ ਲੋਕ ਉਨ੍ਹਾਂ ਨੂੰ ਮਿਲਣ ਵਾਲੀ ਗ਼ਲਤ ਜਾਣਕਾਰੀਆਂ ਜਾਂ ਅਫਵਾਹਾਂ ਨੂੰ ਵਟਸਐਪ ਦੇ (+91-9643-000-888) ਨੰਬਰ 'ਤੇ ਚੈੱਕਪੁਆਇੰਟ ਟਿਪਲਾਈਨ ਨੂੰ ਭੇਜ ਸਕਦੇ ਹਨ।

ਇੱਕ ਵਾਰ ਜਦੋਂ ਕੋਈ ਯੂਜ਼ਰ ਟਿਪਲਾਈਨ ਨੂੰ ਇਹ ਸੂਚਨਾ ਭੇਜ ਦੇਵੇਗਾ ਤਾਂ ਪ੍ਰੋਟੋ ਆਪਣੇ ਪ੍ਰਮਾਣ ਕੇਂਦਰ 'ਤੇ ਜਾਣਕਾਰੀ ਦੇ ਸਹੀ ਜਾਂ ਗਲਤ ਹੋਣ ਦੀ ਪੁਸ਼ਟੀ ਕਰਕੇ ਉਪਭੋਗਤਾ ਨੂੰ ਸੂਚਿਤ ਕਰ ਦੇਵੇਗਾ।

ਇਹ ਵੀ ਪੜ੍ਹੋ:

ਇਸ ਪੁਸ਼ਟੀ ਨਾਲ ਯੂਜ਼ਰ ਨੂੰ ਪਤਾ ਲੱਗ ਜਾਵੇਗਾ ਕਿ ਉਸ ਨੂੰ ਮਿਲਿਆ ਸੰਦੇਸ਼ ਸਹੀ, ਗਲਤ, ਗੁਮਰਾਹਕੁੰਨ, ਵਿਵਾਦਤ ਜਾਂ ਆਊਟ ਆਫ਼ ਸਕੋਪ ਹੈ। ਇਸ ਤੋਂ ਇਲਾਵਾ ਯੂਜ਼ਰ ਨੂੰ ਉਹ ਵੀ ਜਾਣਕਾਰੀ ਦਿੱਤੀ ਜਾਵੇਗੀ ਜਿਹੜੀ ਉਨ੍ਹਾਂ ਕੋਲ ਉਪਲਬਧ ਹੋਵੇਗੀ।

Image copyright Reuters

ਪ੍ਰੋਟੋ ਦਾ ਪ੍ਰਮਾਣ ਕੇਂਦਰ ਤਸਵੀਰ, ਵੀਡੀਓ ਅਤੇ ਲਿਖਿਤ ਸੰਦੇਸ਼ ਦੀ ਪੁਸ਼ਟੀ ਕਰਨ ਵਿੱਚ ਸਮਰੱਥ ਹੈ। ਇਹ ਅੰਗਰੇਜ਼ੀ ਦੇ ਨਾਲ ਹਿੰਦੀ, ਤੇਲਗੂ, ਬੰਗਲਾ ਅਤੇ ਮਲਿਆਲਮ ਭਾਸ਼ਾ ਵਿੱਚ ਵੀ ਸੰਦੇਸ਼ਾਂ ਦੀ ਪੁਸ਼ਟੀ ਕਰ ਸਕਦਾ ਹੈ।

ਪ੍ਰੋਟੋ ਦੇ ਸੰਸਥਾਪਕ ਰਿਤਵਵਿਜ ਪਾਰਿਖ ਅਤੇ ਨਸਰ ਉਲ ਹਾਦੀ ਨੇ ਕਿਹਾ,''ਇਸ ਪ੍ਰਾਜੈਕਟ ਦਾ ਉਦੇਸ਼ ਵੱਟਸਐਪ ਵਿੱਚ ਮੂਲ ਰੂਪ ਤੋਂ ਗ਼ਲਤ ਜਾਣਕਾਰੀ ਦਾ ਅਧਿਐਨ ਕਰਨਾ ਹੈ। ਜਿਵੇਂ-ਜਿਵੇਂ ਡਾਟਾ ਮਿਲਦਾ ਜਾਵੇਗਾ ਅਸੀਂ ਅਤਿਸੰਵੇਦਨਸ਼ੀਲ ਜਾਂ ਪ੍ਰਭਾਵਿਤ ਹੋਣ ਵਾਲੇ ਮੁੱਦਿਆਂ, ਥਾਵਾਂ , ਭਾਸ਼ਾਵਾਂ ਅਤੇ ਖੇਤਰ ਦੀ ਪਛਾਣ ਕਰਨ ਦੇ ਸਮਰੱਥ ਹੋਵਾਂਗੇ।''

ਇਹ ਵੀ ਪੜ੍ਹੋ:

ਫੇਸਬੁੱਕ ਨੇ ਕਾਂਗਰਸ ਨਾਲ ਜੁੜੇ 687 ਪੇਜ ਹਟਾਏ

ਇਸ ਤੋਂ ਪਹਿਲਾਂ ਫੇਸਬੁੱਕ ਨੇ ਵੀ ਕਾਂਗਰਸ ਨਾਲ ਜੁੜੇ ਪੇਜ ਹਟਾਏ ਹਨ। ਫੇਸਬੁੱਕ ਨੇ ਕਿਹਾ ਹੈ ਕਿ ਉਸ ਨੇ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਜੁੜੇ 687 ਪੇਜਾਂ ਨੂੰ ਹਟਾਇਆ ਗਿਆ ਹੈ।

ਦੇਸ ਵਿੱਚ ਲੋਕ ਸਭਾ ਚੋਣਾਂ ਤੋਂ ਕੁਝ ਹੀ ਦਿਨ ਪਹਿਲਾਂ ਫੇਸਬੁੱਕ ਨੇ ਇਹ ਕਦਮ ਚੁੱਕਿਆ ਹੈ।

ਫੇਸਬੁੱਕ ਦਾ ਕਹਿਣਾ ਹੈ ਕਿ ਇਨ੍ਹਾਂ ਪੇਜਾਂ 'ਤੇ 'ਚਲਾਈਆਂ ਜਾ ਰਹੀਆਂ ਗਤੀਵਿਧੀਆਂ ਅਪ੍ਰਮਾਣਿਕ' ਮਿਲੀਆਂ ਹਨ।

Image copyright Getty Images

ਦੇਸ ਵਿੱਚ ਫੇਸਬੁੱਕ ਵੱਲੋਂ ਕਿਸੇ ਮੁੱਖ ਸਿਆਸੀ ਪਾਰਟੀ ਨਾਲ ਜੁੜੇ ਪੇਜਾਂ 'ਤੇ ਅਜਿਹੀ ਕਾਰਵਾਈ ਪਹਿਲਾਂ ਸ਼ਾਇਦ ਹੀ ਕੀਤੀ ਗਈ ਹੋਵੇ।

ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਦੇਸ ਵਿੱਚ 30 ਕਰੋੜ ਯੂਜ਼ਰਜ਼ ਵਾਲੀ ਕੰਪਨੀ ਫੇਸਬੁੱਕ ਨੇ ਸੋਮਵਾਰ ਨੂੰ ਦੱਸਿਆ ਹੈ ਕਿ ਉਨ੍ਹਾਂ ਦੀ ਜਾਂਚ ਵਿੱਚ ਦੇਖਿਆ ਗਿਆ ਕਿ ਕਈ ਫ਼ੇਕ ਅਕਾਊਂਟ ਵਾਲੇ ਯੂਜ਼ਰਜ਼ ਇਨ੍ਹਾਂ ਗਰੁੱਪਾਂ ਦਾ ਹਿੱਸਾ ਸਨ।

ਇਹ ਵੀ ਪੜ੍ਹੋ:

ਇਨ੍ਹਾਂ ਅਕਾਊਂਟਸ ਨੇ ਕਈ ਹੋਰਾਂ ਗਰੁੱਪਾਂ ਨੂੰ ਵੀ ਖ਼ੁਦ ਨਾਲ ਜੋੜਿਆ ਹੋਇਆ ਸੀ ਤਾਂ ਜੋ ਇਸ ਗਰੁੱਪ ਦੀ ਸਮੱਗਰੀ ਦਾ ਪ੍ਰਸਾਰ ਕੀਤਾ ਜਾ ਸਕੇ।

ਫੇਸਬੁੱਕ ਨੇ ਦੱਸਿਆ ਕਿ ਇਸ ਪੇਜ 'ਤੇ ਕਈ ਲੋਕਲ ਖ਼ਬਰਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਆਲੋਚਨਾਵਾਂ ਨਾਲ ਭਰੇ ਪੋਸਟ ਸ਼ੇਅਰ ਕੀਤੇ ਜਾ ਰਹੇ ਸਨ।

ਫੇਸਬੁੱਕ ਨੇ ਆਪਣੇ ਜਾਰੀ ਬਿਆਨ ਵਿੱਚ ਵੀ ਦੱਸਿਆ ਹੈ ਕਿ ਉਸ ਅਹਿਮਦਾਬਾਦ ਦੀ ਆਈਟੀ ਕੰਪਨੀ ਸਿਲਵਰ ਟਚ ਨਾਲ ਜੁੜੇ 15 ਫੇਸਬੁੱਕ ਪੇਜ ਵੀ ਹਟਾ ਦਿੱਤੇ ਹਨ। ਸਮਾਚਾਰ ਏਜੰਸੀ ਰਾਇਟਰਸ ਮੁਤਾਬਕ ਇਹ ਕੰਪਨੀ ਪ੍ਰਧਾਨ ਮੰਤਰੀ ਮੋਦੀ ਦੇ ਨਮੋ ਐਪ ਨਾਲ ਸਬੰਧ ਰੱਖਦੀ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)