ਡਰੱਗ ਇੰਸਪੈਕਟਰ ਦੇ ਕਤਲ ਦਾ ਮਾਮਲਾ: ਜਦੋਂ ਸਾਬਕਾ ਮੰਤਰੀ ਨੇ ਫੋਨ ਕੀਤਾ, ‘ਨੇਹਾ ਉਹੀ ਕੁੜੀ ਹੈ ਜਿਸ ਲਈ ਮੈਂ ਰੋਪੜ ਗਈ ਸੀ’

ਨੇਹਾ ਮੌਂਗਾ Image copyright NEHA MONGA/FACEBOOK

ਸਾਲ 2007-2008 ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਨੇ ਮਹਿਲਾ ਡਰੱਗਜ਼ ਇੰਸਪੈਕਟਰਾਂ ਦੀ ਭਰਤੀ ਕੀਤੀ ਸੀ, ਜਿਨ੍ਹਾਂ ਦਾ ਕੰਮ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਅਤੇ ਇਸ ਨੂੰ ਤਿਆਰ ਕਰਨ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕਰਨੀ ਸੀ।

ਇਨ੍ਹਾਂ ਵਿੱਚ 27 ਸਾਲਾ ਨੇਹਾ ਸ਼ੋਰੀ ਮੋਂਗਾ ਵੀ ਸ਼ਾਮਲ ਸੀ ਜਿਸ ਕੋਲ ਵੀ ਇਹੀ ਜ਼ਿੰਮੇਵਾਰੀ ਸੀ,ਇਸ ਦੇ ਲਈ ਉਸ ਨੂੰ ਰੋਪੜ ਵਿਖੇ ਤਾਇਨਾਤ ਕੀਤਾ ਗਿਆ ਸੀ।

ਨੇਹਾ ਨੇ ਇਸ ਅਹੁਦੇ ਉੱਤੇ ਕੰਮ ਕਰਦਿਆਂ ਕੁਝ ਹੀ ਹਫ਼ਤਿਆਂ ਵਿੱਚ ਆਪਣੇ ਇਲਾਕੇ 'ਚ ਨਸ਼ੀਲੀਆਂ ਦਵਾਈਆਂ ਦੀ ਵੱਡੇ ਪੱਧਰ ਉੱਤੇ ਬਰਾਮਦਗੀ ਕੀਤੀ। ਇਹ ਅਜਿਹੀਆਂ ਦਵਾਈਆਂ ਸਨ ਜਿਨ੍ਹਾਂ ਨਾਲ ਵਿਅਕਤੀਆਂ ਨੂੰ ਨਸ਼ੇ ਦੀ ਲੱਤ ਪੈਣ ਦਾ ਖ਼ਤਰਾ ਹੁੰਦਾ ਹੈ।

ਨੇਹਾ ਦੇ ਕੰਮ ਤੋਂ ਪ੍ਰਭਾਵਿਤ ਹੋ ਕੇ ਉਸ ਸਮੇਂ ਦੀ ਸੂਬੇ ਦੀ ਸਿਹਤ ਮੰਤਰੀ ਲਕਸ਼ਮੀ ਚਾਵਲਾ ਖੁਦ ਰੋਪੜ ਗਈ ਅਤੇ ਨੇਹਾ ਨੂੰ ਇਸ ਲਗਨ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਥਾਪੀ ਦਿੱਤੀ ਸੀ।

ਨੇਹਾ ਬਾਰੇ ਇਹ ਸਾਰੀ ਜਾਣਕਾਰੀ ਪੰਜਾਬ ਦੇ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਦਿੱਤੀ ਜੋ ਉਸ ਵੇਲੇ ਵੀ ਸਿਹਤ ਵਿਭਾਗ ਵਿੱਚ ਸਨ।

ਸਤੀਸ਼ ਚੰਦਰਾ ਨੇ ਦੱਸਿਆ ਕਿ ਪਿਛਲੇ ਸ਼ਨੀਵਾਰ ਲਕਸ਼ਮੀ ਕਾਂਤ ਚਾਵਲਾ ਨੇ ਅਖ਼ਬਾਰਾਂ ਦੀਆਂ ਖ਼ਬਰਾਂ ਪੜ੍ਹ ਕੇ ਉਨ੍ਹਾਂ ਨੂੰ ਫ਼ੋਨ ਕੀਤਾ ਅਤੇ ਪੁੱਛਿਆ ਕਿ ਨੇਹਾ ਉਹੀ ਅਫ਼ਸਰ ਹੈ ਜਿਸ ਨੂੰ ਉਸ ਨੇ ਕੁਝ ਸਾਲ ਪਹਿਲਾਂ ਸ਼ਾਬਾਸ਼ੀ ਦਿੱਤੀ ਸੀ।

ਇਹ ਵੀ ਪੜੋ:

ਨੇਹਾ ਦਾ ਕਤਲ ਪਿਛਲੇ ਸ਼ੁੱਕਰਵਾਰ ਨੂੰ ਉਸ ਸਮੇਂ ਗੋਲੀ ਮਾਰ ਕੇ ਕੇ ਕਰ ਦਿੱਤਾ ਗਿਆ ਸੀ ਜਿਸ ਸਮੇਂ ਉਹ ਆਪਣੇ ਖਰੜ ਸਥਿਤ ਦਫ਼ਤਰ ਵਿੱਚ ਡਿਊਟੀ ਉੱਤੇ ਸੀ।

ਫੋਟੋ ਕੈਪਸ਼ਨ ਨੇਹਾ ਦੇ ਕਤਲ ਤੋਂ ਬਾਅਦ ਪੰਜਾਬ ਦੇ ਡਰੱਗ ਅਫਸਰਾਂ ਵਿੱਚ ਸਹਿਮ ਦਾ ਮਾਹੌਲ ਹੈ

ਪੁਲਿਸ ਦੇ ਮੁਤਾਬਕ ਨੇਹਾ ਉੱਤੇ 49 ਸਾਲਾ ਬਲਵਿੰਦਰ ਸਿੰਘ ਨੇ ਗੋਲੀਆਂ ਚਲਾਈਆਂ ਸਨ ਜਿਸ ਤੋਂ ਬਾਅਦ ਉਸ ਨੇ ਖ਼ੁਦ ਨੂੰ ਵੀ ਗੋਲੀ ਲਈ ਜਿਸ ਵਿੱਚ ਉਸ ਦੀ ਮੌਤ ਹੋ ਗਈ।

ਜਿਸ ਸਮੇਂ ਨੇਹਾ ਦਾ ਕਤਲ ਕੀਤਾ ਗਿਆ ਉਸ ਵੇਲੇ ਉਸ ਦੀ ਪੰਜ ਸਾਲ ਦੀ ਭਤੀਜੀ ਵੀ ਉੱਥੇ ਮੌਜੂਦ ਸੀ ਜੋ ਇਸ ਹਮਲੇ ਵਿੱਚ ਵਾਲ-ਵਾਲ ਬਚੀ। ਨੇਹਾ ਦੀ ਆਪਣੀ ਵੀ ਦੋ ਸਾਲ ਦੀ ਕੁੜੀ ਹੈ।

ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਬਲਵਿੰਦਰ ਨੇ ਨੇਹਾ ਦਾ ਕਤਲ ਇਸ ਲਈ ਕੀਤਾ ਕਿਉਂਕਿ ਕਰੀਬ 10 ਸਾਲ ਪਹਿਲਾਂ ਪੰਜਾਬ ਦੇ ਡਰੱਗਜ਼ ਵਿਭਾਗ ਨੇ ਉਸ ਦਾ ਦਵਾਈਆਂ ਵੇਚਣ ਦਾ ਲਾਇਸੰਸ ਰੱਦ ਕਰ ਦਿੱਤਾ ਸੀ।

ਪੁਲਿਸ ਨੇ ਨੇਹਾ ਤੇ ਬਲਵਿੰਦਰ ਦੋਵਾਂ ਦੀ ਮੋਬਾਈਲ ਫੋਨ ਦੀ ਕਾਲ ਡਿਟੇਲ ਵੀ ਕਢਾਈ ਹੈ ਪਰ ਦੋਵਾਂ ਦੀ ਆਪਸ ਵਿੱਚ ਕੋਈ ਗੱਲਬਾਤ ਨਹੀਂ ਹੋਈ।

ਬਲਵਿੰਦਰ ਸਿੰਘ ਇਕ ਪ੍ਰਾਈਵੇਟ ਹਸਪਤਾਲ ਵਿੱਚ ਡਾਕਟਰ ਵਜੋਂ ਨੌਕਰੀ ਕਰਦਾ ਸੀ ਜਦਕਿ ਉਸ ਦਾ ਪਰਿਵਾਰ ਮੋਰਿੰਡਾ ਵਿੱਚ ਰਹਿੰਦਾ ਹੈ।

ਅਣਸੁਲਝੇ ਸਵਾਲ

ਪੁਲਿਸ ਦਾ ਦਾਅਵਾ ਹੈ ਕਿ ਬਲਵਿੰਦਰ ਸਿੰਘ ਨੇ ਪਹਿਲਾਂ ਡਰੱਗਜ਼ ਇੰਸਪੈਕਟਰ ਨੇਹਾ ਨੂੰ ਗੋਲੀਆਂ ਮਾਰੀਆਂ ਅਤੇ ਉਸ ਤੋਂ ਬਾਅਦ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।

ਪਰ ਨੇਹਾ ਦਾ ਪਰਿਵਾਰ ਪੁਲਿਸ ਦੇ ਇਸ ਦਾਅਵੇ ਉੱਤੇ ਸਵਾਲ ਚੁੱਕ ਰਿਹਾ ਹੈ।

ਭਾਰਤੀ ਫੌਜ ਦੇ ਸਾਬਕਾ ਕਪਤਾਨ ਅਤੇ ਨੇਹਾ ਦੇ ਪਿਤਾ ਕੈਪਟਨ ਕੇ ਕੇ ਸ਼ੋਰੀ ਸਵਾਲ ਚੁੱਕਦੇ ਹਨ ਕਿ ਇਹ ਕਿਵੇਂ ਸੰਭਵ ਹੈ ਕਿ ਇੱਕ ਵਿਅਕਤੀ ਆਪਣੀ ਛਾਤੀ ਵਿੱਚ ਗੋਲੀ ਮਾਰ ਕੇ ਫਿਰ ਆਪਣੇ ਬਾਂਹ ਤੇ ਮੋਢੇ ਨੂੰ ਚੁੱਕ ਕੇ ਸਿਰ ਤੱਕ ਲਿਜਾਵੇ ਅਤੇ ਸਿਰ ਉੱਤੇ ਨਿਸ਼ਾਨਾ ਲਗਾਏ।

ਫੋਟੋ ਕੈਪਸ਼ਨ ਨੇਹਾ ਦੇ ਪਿਤਾ ਨੇ ਸਵਾਲ ਚੁੱਕਿਆ ਹੈ ਕਿ ਗੋਲੀ ਲੱਗਣ ਤੋਂ ਬਾਅਦ ਕਾਤਲ ਨੇ ਆਪਣੇ ਸਿਰ 'ਚ ਕਿਵੇਂ ਮਾਰੀ ਗੋਲੀ

ਪਰ ਮੁਹਾਲੀ ਦੇ ਐੱਸ ਐੱਸ ਪੀ ਹਰਚਰਨ ਸਿੰਘ ਭੁੱਲਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਹੀ ਹੈ ਕਿ ਬਲਵਿੰਦਰ ਸਿੰਘ ਨੇ ਪਹਿਲਾਂ ਆਪਣੀ ਛਾਤੀ ਵਿੱਚ ਗੋਲੀ ਮਾਰੀ ਅਤੇ ਫਿਰ ਆਪਣੇ ਸਿਰ ਵਿਚ।

ਉਨਾਂ ਕਿਹਾ ਕਿ ਸਾਡੇ ਕੋਲ ਅਜਿਹੇ ਗਵਾਹ ਹਨ ਜਿਨ੍ਹਾਂ ਨੇ ਇਹ ਵੇਖਿਆ ਹੈ।

ਇਹ ਵੀ ਪੜੋ:

ਕੈਪਟਨ ਸ਼ੋਰੀ ਨੇ ਪੁਲਿਸ ਦੇ ਇਸ ਦਾਅਵੇ ਉੱਤੇ ਵੀ ਸਵਾਲ ਚੁੱਕੇ ਹਨ ਕਿ ਬਲਵਿੰਦਰ ਸਿੰਘ ਨੇ ਬਦਲਾ ਲੈਣ ਲਈ ਨੇਹਾ ਦਾ ਕਤਲ ਕੀਤਾ।

ਉਨ੍ਹਾਂ ਨੇ ਆਖਿਆ ਕਿ ਇਸ ਖ਼ਿਲਾਫ਼ ਕਾਰਵਾਈ ਦੀ ਘਟਨਾ ਤਾਂ ਦਸ ਸਾਲ ਪੁਰਾਣੀ ਹੈ ਅਤੇ ਉਹ ਨੇਹਾ ਦਾ ਕਤਲ ਕਿਸੀ ਹੋਰ ਥਾਂ ਵੀ ਕਰ ਸਕਦਾ ਸੀ ਉਸ ਦੇ ਸਰਕਾਰੀ ਦਫ਼ਤਰ ਵਿੱਚ ਨਹੀਂ।

ਉਨ੍ਹਾਂ ਆਖਿਆ ਕਿ ਮੇਰੀ ਧੀ ਕਈ ਥਾਵਾਂ ਉੱਤੇ ਕੰਮ ਕਰਦੀ ਰਹੀ ਹੈ ਅਤੇ ਕਈ ਵਾਰ ਉਹ ਵੱਖ-ਵੱਖ ਸ਼ਹਿਰਾਂ ਵਿੱਚ ਇਕੱਲੇ ਰਹਿੰਦੀ ਰਹੀ ਹੈ।

ਉਹ ਉਸ ਸਮੇਂ ਵੀ ਉਸ 'ਤੇ ਹਮਲਾ ਕਰ ਸਕਦਾ ਸੀ। ਉਸ ਨੇ ਇਸ ਦੇ ਲਈ ਇਹੀ ਸਮਾਂ ਕਿਉਂ ਚੁਣਿਆ ਤੇ ਉਸਦਾ ਦਫਤਰ ਹੀ ਕਿਉਂ, ਜਿੱਥੇ ਕਈ ਹੋਰ ਲੋਕ ਵੀ ਹੁੰਦੇ ਹਨ।

ਫੋਟੋ ਕੈਪਸ਼ਨ ਨੇਹਾ ਦੇ ਪਤੀ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ

ਦੂਜੇ ਪਾਸੇ ਪੰਜਾਬ ਸਰਕਾਰ ਨੇ ਇਸ ਮਾਮਲੇ ਦੀ ਪੂਰੀ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ ਪਰ ਨੇਹਾ ਦਾ ਪਰਿਵਾਰ ਸੀਬੀਆਈ ਜਾਂਚ ਦੀ ਮੰਗ ਕਰ ਰਿਹਾ ਹੈ।

ਨੇਹਾ ਦੇ ਪਤੀ ਵਰੁਨ ਮੋਂਗਾ ਬੈਂਕ ਅਧਿਕਾਰੀ ਹਨ। ਉਨ੍ਹਾਂ ਨੇ ਦੱਸਿਆ, “ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਅਤੇ ਉਹ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹਨ। ਉਨ੍ਹਾਂ ਆਖਿਆ ਕਿ ਅਸੀਂ ਕਿਸੇ ਉੱਤੇ ਸ਼ੱਕ ਨਹੀਂ ਕਰ ਰਹੇ ਪਰ ਪੁਲਿਸ ਦੀ ਜਾਂਚ ਸਵਾਲ ਚੁੱਕਣ ਯੋਗ ਹੈ।”

ਡਰੱਗਜ਼ ਅਫ਼ਸਰਾਂ ਵਿੱਚ ਸਹਿਮ

ਇਸ ਘਟਨਾ ਤੋਂ ਬਾਅਦ ਪੰਜਾਬ ਸਮੇਤ ਪੂਰੇ ਦੇਸ ਦੇ ਡਰੱਗਜ਼ ਅਫ਼ਸਰਾਂ ਵਿੱਚ ਸਹਿਮ ਦਾ ਮਾਹੌਲ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਡਰੱਗਜ਼ ਮਹਿਕਮੇ ਦੇ ਮੁਲਾਜ਼ਮਾਂ ਨੇ ਸੁਰੱਖਿਆ ਦੀ ਮੰਗ ਕੀਤੀ ਹੈ।

ਹਰਿਆਣਾ ਦੇ ਡਰੱਗਜ਼ ਕੰਟਰੋਲਰ ਐਨ ਕੇ ਅਹੂਜਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ, ''ਭਾਵੇਂ ਪੰਜਾਬ ਵਿੱਚ ਡਰੱਗਜ਼ ਮਹਿਕਮੇ ਦੇ ਮੁਲਾਜ਼ਮਾਂ ਨੂੰ ਜ਼ਿਆਦਾ ਖ਼ਤਰਾ ਹੈ ਪਰ ਇਸ ਘਟਨਾ ਤੋਂ ਬਾਅਦ ਸਾਨੂੰ ਵੀ ਆਪਣੀ ਸੁਰੱਖਿਆ ਦੀ ਚਿੰਤਾ ਹੈ।''

ਅਫ਼ੀਮ, ਕੋਕੀਨ ਅਤੇ ਹੈਰੋਇਨ ਵਰਗੇ ਮਹਿੰਗੇ ਨਸ਼ਿਆਂ ਬਾਰੇ ਉਨ੍ਹਾਂ ਦੱਸਿਆ ਕਿ ਇਹ ਨਸ਼ੇ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੇ।

ਆਲ ਇੰਡੀਆ ਡਰੱਗਜ਼ ਰੈਗੂਲੇਟਰ ਕੰਨਫਰਡੇਸ਼ਨ ਦੇ ਸਕੱਤਰ ਜਨਰਲ ਰਵੀ ਉਦੇ ਭਾਸਕਰ ਨੇ ਦੱਸਿਆ ਕਿ ਡਰੱਗਜ਼ ਅਧਿਕਾਰੀ ਪਹਿਲਾਂ ਹੀ ਭਾਰੀ ਖ਼ਤਰੇ ਅਧੀਨ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਬਹੁਤ ਹੀ ਸੌਖੇ ਤਰੀਕੇ ਨਾਲ ਪੈਸੇ ਕਮਾਉਣ ਦਾ ਸਾਧਨ ਹੈ।

ਫੋਟੋ ਕੈਪਸ਼ਨ ਆਲ ਇੰਡੀਆ ਡਰੱਗਜ਼ ਰੈਗੂਲੇਟਰ ਕੰਨਫਰਡੇਸ਼ਨ ਦੇ ਸਕੱਤਰ ਜਨਰਲ ਰਵੀ ਉਦੇ ਭਾਸਕਰ

ਇਸ ਕਰਕੇ ਪਿਛਲੇ ਕੁਝ ਸਾਲਾਂ ਤੋਂ ਅਪਰਾਧਿਕ ਪਿਛੋਕੜ ਵਾਲੇ ਵਿਅਕਤੀ ਇਸ ਕੰਮ ਵਿੱਚ ਪੈ ਗਏ ਹਨ ਇਸ ਲਈ ਡਰੱਗਜ਼ ਅਧਿਕਾਰੀਆਂ ਦੇ ਲਈ ਕੰਮ ਕਰਨ ਦਾ ਖ਼ਤਰਾ ਵੱਧ ਗਿਆ ਹੈ।

ਉਨ੍ਹਾਂ ਦੱਸਿਆ ਕਿ ਦੇਸ ਵਿਚ ਅੱਠ ਲੱਖ ਤੋਂ ਵੀ ਜ਼ਿਆਦਾ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਲਈ ਮਹਿਜ਼ ਤਿੰਨ ਹਜ਼ਾਰ ਡਰੱਗਜ਼ ਇੰਸਪੈਕਟਰ ਹਨ।

ਇਹ ਵੀ ਪੜੋ:

ਪੰਜਾਬ ਵਿੱਚ ਨਸ਼ੀਲੀਆਂ ਦਵਾਈਆਂ ਦੀ ਚੈਕਿੰਗ ਲਈ ਮਹਿਜ਼ ਪੰਜਾਹ ਡਰੱਗਜ਼ ਅਧਿਕਾਰੀ ਹੀ ਹਨ।

ਪੰਜਾਬ ਡਰੱਗਜ਼ ਐਸੋਸੀਏਸ਼ਨ ਦੇ ਸਕੱਤਰ ਜਨਰਲ ਜੈਜੈਕਾਰ ਸਿੰਘ ਨੇ ਦੱਸਿਆ ਕਿ ਪੰਜ ਸਾਲ ਪਹਿਲਾਂ ਪੰਜਾਬ ਵਿੱਚ ਨਸ਼ਾ ਦੁਕਾਨਾਂ ਉੱਤੇ ਆਮ ਤੌਰ ਉੱਤੇ ਮਿਲ ਜਾਂਦਾ ਸੀ ਪਰ ਉਨ੍ਹਾਂ ਦਾ ਵਿਭਾਗ ਹੁਣ ਇਸ ਨੂੰ ਰੋਕਣ ਵਿੱਚ ਕਾਫ਼ੀ ਹੱਦ ਤੱਕ ਕਾਮਯਾਬ ਹੋਇਆ ਹੈ।

ਇਸੇ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਲਖਨਪਾਲ ਨੇ ਦੱਸਿਆ ਕਿ ਵਿਭਾਗ ਵਿੱਚ ਨਾ ਤਾਂ ਸੁਰੱਖਿਆ ਹੈ ਅਤੇ ਨਹੀਂ ਹੀ ਛਾਪਾ ਮਾਰਨ ਲਈ ਗੱਡੀਆਂ। ਉਨ੍ਹਾਂ ਉਦਾਹਰਣ ਦਿੰਦਿਆਂ ਆਖਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਛਾਪੇ ਲਈ ਸਿਰਫ਼ ਇੱਕ ਹੀ ਗੱਡੀ ਹੈ।

ਜੁਆਇੰਟ ਕਮਿਸ਼ਨਰ ਪ੍ਰਦੀਪ ਮੱਟੂ ਨੇ ਦੱਸਿਆ ਕਿ ਡਰੱਗਜ਼ ਅਧਿਕਾਰੀ ਉੱਤੇ ਕਾਤਲਾਨਾ ਹਮਲੇ ਦੀ ਇਹ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਹਮਲੇ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਮੇਰੇ ਉੱਤੇ ਵੀ ਦੋ ਵਾਰ ਹਮਲੇ ਹੋ ਚੁੱਕੇ ਹਨ।

ਦਰਅਸਲ ਜਦੋਂ ਅਸੀਂ ਕਿਸੀ ਥਾਂ ਉੱਤੇ ਰੇਡ ਕਰਦੇ ਹਾਂ ਤਾਂ ਦੁਕਾਨਦਾਰ ਨੂੰ ਲਗਦਾ ਹੈ ਕਿ ਉਸ ਦੀ ਦੁਕਾਨ ਤਾਂ ਬੰਦ ਹੋਵੇਗੀ ਹੀ ਨਾਲ ਹੀ ਉਸ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਇਸ ਕਰਕੇ ਉਹ ਕੋਈ ਵੀ ਕਦਮ ਚੁੱਕ ਸਕਦਾ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)