ਸੰਗਰੂਰ ’ਚ ਭਗਵੰਤ ਮਾਨ ਦੂਜੀ ਵਾਰ? ਜੋ 50 ਸਾਲਾਂ ’ਚ ਨਹੀਂ ਹੋਇਆ, ਉਹ ਕਰਨ ਦੀ ਚੁਣੌਤੀ

ਭਗਵੰਤ ਮਾਨ Image copyright Getty Images

ਭਗਵੰਤ ਮਾਨ ਦਾ ਹਾਸ ਕਲਾਕਾਰ ਵਜੋਂ ਉਭਾਰ ਤੇਜ਼ ਮੰਨਿਆ ਜਾਂਦਾ ਹੈ ਅਤੇ ਸਿਆਸਤ 'ਚ ਵੀ ਉਨ੍ਹਾਂ ਨੇ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰ ਕੇ ਆਪਣਾ ਝੰਡਾ ਤਾਂ ਗੱਡ ਹੀ ਲਿਆ ਸੀ, ਪਰ ਇਸ ਵਾਰ ਇਤਿਹਾਸ ਬਦਲਣ ਦੀ ਚੁਣੌਤੀ ਵੀ ਹੈ।

2014 ਵਿੱਚ ਭਗਵੰਤ ਮਾਨ ਨੇ ਲੋਕ ਸਭਾ ਹਲਕਾ ਸੰਗਰੂਰ ਜਿੱਤਿਆ ਤੇ ਪੰਜਾਬ ਵਿੱਚ ਉਸ ਵਾਰੀ ਸਭ ਤੋਂ ਵੱਧ ਵੋਟਾਂ ਨਾਲ ਜਿੱਤਣ ਦਾ ਰਿਕਾਰਡ ਬਣਾਇਆ।

ਹੁਣ ਅਕਾਲੀ ਦਲ ਵੱਲੋਂ ਪਿਛਲੀ ਵਾਰ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਕਾਂਗਰਸ ਨੇ ਕੇਵਲ ਢਿੱਲੋਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਸੁਖਪਾਲ ਖਹਿਰਾ ਦੇ ਅਗਵਾਈ ਵਾਲੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਨੇ ਜੱਸੀ ਜਸਰਾਜ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਇਸ ਸੀਟ ਤੋਂ ਜਿੱਤ ਦੇ ਅੰਕੜੇ ਨੂੰ ਦੇਖੀਏ ਅਤੇ ਆਜ਼ਾਦੀ ਤੋਂ ਬਾਅਦ ਦੀਆਂ ਤਿੰਨ ਲੋਕ ਸਭਾ ਚੋਣਾਂ ਨੂੰ ਛੱਡ ਦੇਈਏ ਤਾਂ ਸੰਗਰੂਰ ਇੱਕ ਅਜਿਹਾ ਹਲਕਾ ਹੈ ਜਿਸ ਨੇ ਨਵੀਂ ਸਿਆਸੀ ਵਿਚਾਰਧਾਰਾ ਦੀ ਆਵਾਜ਼ ਨੂੰ ਲੋਕ ਸਭਾ ਤੱਕ ਪਹੁੰਚਾਇਆ ਹੈ।

ਇਹ ਵੀ ਪੜ੍ਹੋ:

Image copyright Getty Images

ਸੰਗਰੂਰ ਹਲਕੇ ’ਚ 1952 ਤੋਂ ਲੈ ਕੇ 2014 ਤੱਕ 16 ਲੋਕ ਸਭਾ ਚੋਣਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਕਾਂਗਰਸ 6 ਵਾਰ, 5 ਵਾਰ ਅਕਾਲੀ ਦਲ, ਦੋ ਵਾਰ ਅਕਾਲੀ ਦਲ-ਮਾਨ, ਇੱਕ-ਇੱਕ ਵਾਰ ਸੀਪੀਆਈ, ਏਡੀਐੱਸ ਅਤੇ ਆਮ ਆਦਮੀ ਪਾਰਟੀ ਜੇਤੂ ਰਹੀ ਹੈ।

ਭਾਵੇਂ ਉਹ ਕਾਂਗਰਸ ਦੀ ਚੜ੍ਹਤ ਦੇ ਦਿਨਾਂ 'ਚ ਅਕਾਲੀ ਦਲ ਦੀ ਜਿੱਤ ਹੋਵੇ, ਸੀਪੀਆਈ ਦੀ, ਜਾਂ ਫਿਰ ਪੰਥਕ ਸਿਆਸਤ ਵਿੱਚ ਗਰਮ-ਸੁਰ ਸਮਝੇ ਜਾਂਦੇ ਸਿਮਰਨਜੀਤ ਸਿੰਘ ਮਾਨ ਤੇ ਉਨ੍ਹਾਂ ਦੀ ਪਾਰਟੀ ਦੀਆਂ ਜਿੱਤਾਂ, ਭਗਵੰਤ ਮਾਨ ਦੀ ਜਿੱਤ ਨੂੰ ਇਸ ਲੜੀ ਵਿੱਚ ਸਮਝਿਆ ਜਾ ਸਕਦਾ ਹੈ।

ਇਸ ਹਲਕੇ ਦੀ ਖਾਸ ਗੱਲ ਇਹ ਹੈ ਕਿ ਭਾਵੇਂ ਜਿੱਤ ਤਾਂ ਇੱਕ ਹੀ ਉਮੀਦਵਾਰ ਦੀ ਹੋਣੀ ਹੁੰਦੀ ਹੈ, ਪਰ ਇੱਥੋਂ ਬਹੁਜਨ ਸਮਾਜ ਪਾਰਟੀ, ਸੀਪੀਐੱਮ ਅਤੇ ਲੋਕ ਭਲਾਈ ਪਾਰਟੀ ਵੀ ਸਮੇਂ-ਸਮੇਂ ਲੱਖ ਤੋਂ ਵੱਧ ਵੋਟਾਂ ਹਾਸਲ ਕਰਦੇ ਰਹੇ ਹਨ।

Image copyright Getty Images
ਫੋਟੋ ਕੈਪਸ਼ਨ ਅਕਾਲੀ ਦਲ ਵੱਲੋਂ ਸੂਬੇ ਦੇ ਸਾਬਕਾ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।

ਦੇਖਣਾ ਰੌਚਕ ਹੋਵੇਗਾ ਕਿ ਜਿਸ ਹਲਕੇ ਨੇ 1962 ਦੀਆਂ ਚੋਣਾਂ ਤੋਂ ਬਾਅਦ ਕਿਸੇ ਨੂੰ ਲਗਾਤਾਰ ਦੂਜੀ ਵਾਰ ਜਿੱਤ ਦਾ ਮੌਕਾ ਨਹੀਂ ਦਿੱਤਾ, ਉੱਥੋਂ ਮਾਨ ਦੂਜੀ ਵਾਰ ਜਿੱਤ ਕੇ ਸੰਸਦ ਵਿੱਚ ਪਹੁੰਚ ਸਕਣਗੇ ਜਾਂ ਨਹੀਂ।

ਮੌਜੂਦਾ ਹਾਲਾਤ

ਸੰਗਰੂਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਹਨ। ਇਨ੍ਹਾਂ ਵਿੱਚ ਸੰਗਰੂਰ, ਧੂਰੀ ਤੇ ਮਲੇਰਕੋਟਲਾ ਤੋਂ ਕਾਂਗਰਸ ਦੇ ਵਿਧਾਇਕ ਹਨ, ਲਹਿਰਾ ਗਾਗਾ 'ਚ ਅਕਾਲੀ ਦਲ ਦਾ ਵਿਧਾਇਕ ਹੈ। ਆਮ ਆਦਮੀ ਪਾਰਟੀ ਦੇ ਸੁਨਾਮ, ਦਿੜਬਾ, ਬਰਨਾਲਾ, ਮਹਿਲਕਲਾਂ ਅਤੇ ਭਦੌੜ ਤੋਂ ਵਿਧਾਇਕ ਹਨ।

ਇਹ ਵੀ ਪੜ੍ਹੋ

2014 ਵਿੱਚ ਆਮ ਆਦਮੀ ਪਾਰਟੀ ਨੇ ਜਿੰਨੀ ਵੱਡੀ ਗਿਣਤੀ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ, ਉਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਦੁਹਰਾਇਆ ਤੇ 9 ਵਿੱਚੋਂ ਪੰਜ ਸੀਟਾਂ ਜਿੱਤੀਆਂ।

ਚੋਣ ਮੁੱਦੇ

  • ਪੰਜਾਬ ਦਾ ਇੱਕ ਮੁੱਖ ਮੁੱਦਾ ਕਿਸਾਨੀ ਸੰਕਟ ਹੈ, ਸੰਗਰੂਰ ਦੇ ਵਿਧਾਨ ਸਭਾ ਹਲਕੇ ਲਹਿਰਾਗਾਗਾ, ਸੁਨਾਮ ਕਿਸਾਨ ਖੁਦਕੁਸ਼ੀਆਂ ਦਾ ਗੜ੍ਹ ਮੰਨੇ ਜਾਂਦੇ ਹਨ।
  • ਸੰਗਰੂਰ ਜ਼ਿਲ੍ਹਾ ਖੇਤੀ, ਟਰੇਡ ਅਤੇ ਵਿਦਿਆਰਥੀ ਸੰਗਠਨਾਂ ਦੀ ਵੀ ਸਰਗਰਮ ਭੂਮੀ ਹੈ, ਇਸ ਲਈ ਇੱਥੇ ਬੇਰੁਜ਼ਗਾਰੀ, ਨਸ਼ੇ, ਸਿੱਖਿਆ, ਸਿਹਤ ਸਹੂਲਤਾਂ ਦੀ ਘਾਟ ਤੇ ਮੁਲਾਜ਼ਮਾਂ ਦੀਆਂ ਮੰਗਾਂ ਵੀ ਚੋਣ ਮੁੱਦਾ ਬਣ ਸਕਦਾ ਹੈ।
  • ਆਮ ਆਦਮੀ ਪਾਰਟੀ ਦੇ ਆਮ ਲੋਕਾਂ ਨੂੰ ਨੁਮਾਇੰਦਗੀ ਦੇਣ ਦੇ ਦਾਅਵੇ ਤਹਿਤ ਮੌਜੂਦਾ ਭਗਵੰਤ ਮਾਨ ਨੇ ਪਿਛਲੀ ਵਾਰ ਕਾਂਗਰਸ ਅਤੇ ਅਕਾਲੀ ਦੇ ਵੱਡੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਸੀ ਤੇ ਇਸ ਵਾਰ ਵੀ ਉਹ ਇਸੇ ਨੂੰ ਮੁੱਦੇ ਵਜੋਂ ਉਭਾਰਨਗੇ।
  • ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਬਿਜਲੀ ਬਿੱਲਾਂ ਖ਼ਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ, ਇਸ ਮੁਹਿੰਮ ਦਾ ਕੇਂਦਰ ਬਿੰਦੂ ਵੀ ਸੰਗਰੂਰ ਹਲਕਾ ਬਣਿਆ ਹੋਇਆ ਹੈ।

ਸੰਗਰੂਰ ਹਲਕੇ ਦੇ 4 ਪਰਿਵਾਰ

ਕਾਂਗਰਸ ਦੇ ਭੱਠਲ ਤੇ ਸਿੰਗਲਾ ਅਤੇ ਅਕਾਲੀ ਦਲ ਦੇ ਢੀਂਡਸਾ ਤੇ ਬਰਨਾਲਾ ਪਰਿਵਾਰ ਸੰਗਰੂਰ ਹਲਕੇ ਦੀਆਂ ਅਹਿਮ ਸਿਆਸੀ ਧਿਰਾਂ ਰਹੀਆਂ ਹਨ।

ਭੱਠਲ ਪਰਿਵਾਰ ਆਜ਼ਾਦੀ ਘੁਲਾਟੀਏ ਹੀਰਾ ਸਿੰਘ ਭੱਠਲ ਦਾ ਪਰਿਵਾਰ ਹੈ। ਹੀਰਾ ਸਿੰਘ ਭੱਠਲ ਦੀ ਧੀ ਰਜਿੰਦਰ ਕੌਰ ਭੱਠਲ ਭਾਵੇਂ ਕਦੇਂ ਸੰਸਦ ਮੈਂਬਰ ਨਹੀਂ ਬਣੀ ਪਰ ਉਹ ਪੰਜਾਬ ਦੀ ਇੱਕ ਵਾਰ ਕੁਝ ਸਮੇਂ ਲਈ ਮੁੱਖ ਮੰਤਰੀ ਵੀ ਰਹਿ ਚੁੱਕੀ ਹੈ।

ਲਹਿਰ ਗਾਗਾ ਹਲਕੇ ਤੋਂ ਉਹ 2017 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਈ ਅਤੇ ਅੱਜ-ਕੱਲ੍ਹ ਪੰਜਾਬ ਯੋਜਨਾ ਕਮਿਸ਼ਨ ਦੀ ਡਿਪਟੀ ਚੇਅਰਮੈਨ ਹੈ।

Image copyright Punjab congress/twitter

ਇਸੇ ਤਰ੍ਹਾਂ ਪੰਜਾਬ ਦੇ ਸਾਬਕਾ ਮੰਤਰੀ ਸੰਤ ਰਾਮ ਸਿੰਗਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸਿਆਸੀ ਵਿਰਾਸਤ ਨੂੰ ਅੱਗੇ ਵਧਾਉਣ ਵਾਲੇ ਵਿਜੇ ਇੰਦਰ ਸਿੰਗਲਾ ਪੰਜਾਬ ਦੇ ਮੌਜੂਦਾ ਉਸਾਰੀ ਮੰਤਰੀ ਹਨ। ਉਹ 2009 ਵਿੱਚ ਸੁਖਦੇਵ ਸਿੰਘ ਢੀਂਡਸਾ ਨੂੰ ਹਰਾ ਕੇ ਲੋਕ ਸਭਾ ਮੈਂਬਰ ਬਣੇ ਸਨ ਪਰ 2014 ਦੀਆਂ ਚੋਣਾਂ ਵਿਚ ਤੀਜੇ ਨੰਬਰ ਉੱਤੇ ਆਏ ਸਨ।

ਅਕਾਲੀ ਦਲ ਦੇ ਬਰਨਾਲਾ ਨਾਲ ਸਬੰਧਤ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਕਾਫ਼ੀ ਪ੍ਰਭਾਵਸ਼ਾਲੀ ਰਿਹਾ ਹੈ। ਸੁਰਜੀਤ ਸਿੰਘ ਬਰਨਾਲਾ ਕੇਂਦਰੀ ਮੰਤਰੀ, ਪੰਜਾਬ ਦੇ ਮੁੱਖ ਮੰਤਰੀ ਅਤੇ ਤਮਿਲਨਾਡੂ ਦੇ ਲੰਬਾ ਸਮਾਂ ਰਾਜਪਾਲ ਰਹੇ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਦੇ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਨਾਲ ਰਿਸ਼ਤੇ ਬਹੁਤੇ ਚੰਗੇ ਨਾ ਰਹਿਣ ਕਾਰਨ ਇਸ ਪਰਿਵਾਰ ਦਾ ਹੁਣ ਵਿਧਾਇਕ ਵੀ ਨਹੀਂ ਹੈ। ਬਰਨਾਲਾ ਪਰਿਵਾਰ ਨੇ ਅਕਾਲੀ ਦਲ ਲੌਂਗੋਵਾਲ ਬਣਾਇਆ ਜੋ ਕੁਝ ਹੀ ਸਮੇਂ ਵਿੱਚ ਖਿਡ ਗਿਆ, ਸੁਰਜੀਤ ਬਰਾਨਾਲਾ ਦੇ ਪੁੱਤਰ ਗਗਨਜੀਤ ਬਰਨਾਲਾ ਕਾਂਗਰਸ ਨਾਲ ਗਏ ਪਰ 2017 'ਚ ਵਿਧਾਨ ਸਭਾ ਦੀ ਟਿਕਟ ਨਾ ਮਿਲਣ ਕਾਰਨ ਉਹ ਮੁੜ ਅਕਾਲੀ ਦਲ ਦੇ ਨੇੜੇ ਆ ਗਏ।

Image copyright Getty Images
ਫੋਟੋ ਕੈਪਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ (ਖੱਬੇ) ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋ ਅਸਤੀਫ਼ਾ ਦੇ ਦਿੱਤਾ ਹੈ

ਮੰਨਿਆ ਜਾਂਦਾ ਹੈ ਕਿ ਬਰਨਾਲਾ ਪਰਿਵਾਰ ਨੂੰ ਟੱਕਰ ਦੇਣ ਲ਼ਈ ਇੱਥੇ ਬਾਦਲ ਨੇ ਢੀਂਡਸਾ ਪਰਿਵਾਰ ਨੂੰ ਖੜ੍ਹਾ ਕੀਤਾ ਸੀ।

ਇਸ ਪਰਿਵਾਰ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਕੇਂਦਰੀ ਮੰਤਰੀ ਰਹੇ ਹਨ ਅਤੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਪਿਛਲੀ ਅਕਾਲੀ ਸਰਕਾਰ ਵਿੱਚ ਵਿੱਤ ਮੰਤਰੀ ਸਨ।

ਸੁਖਦੇਵ ਢੀਂਡਸਾ ਅਕਾਲੀ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ।

ਵੋਟਾਂ ਦਾ ਅੰਕੜਾ

ਕੁੱਲ ਵੋਟਾਂ : 14,24,743

ਪੁਰਸ਼ ਵੋਟਰ: 7,58,197

ਮਹਿਲਾ ਵੋਟਰ : 6,66,546

2014 ਲੋਕ ਸਭਾ ਚੋਣਾਂ ਦਾ ਅੰਕੜਾ

ਭਗਵੰਤ ਮਾਨ, ਆਮ ਆਦਮੀ ਪਾਰਟੀ: 5,33,237 (ਜਿੱਤ ਦਾ ਫਰਕ 2,11,721)

ਸੁਖਦੇਵ ਸਿੰਘ ਢੀਡਸਾ, ਸ਼੍ਰੋਮਣੀ ਅਕਾਲੀ ਦਲ: 3,21,516

ਵਿਜੇ ਇੰਦਰ ਸਿੰਗਲਾ, ਕਾਂਗਰਸ: 181,410

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)