ਜਲ੍ਹਿਆਂਵਾਲਾ ਕਾਂਡ: ਖ਼ੂਨੀ ਸਾਕੇ ਨੂੰ ਅੰਜਾਮ ਦੇਣ ਵਾਲਾ ਡਾਇਰ ਕੌਣ ਸੀ ਅਤੇ ਬਾਅਦ 'ਚ ਉਸ ਦਾ ਕੀ ਬਣਿਆ

  • ਖੁਸ਼ਹਾਲ ਲਾਲੀ
  • ਬੀਬੀਸੀ ਪੱਤਰਕਾਰ
ਜਨਰਲ ਡਾਇਰ ਦਾ ਜਨਮ ਭਾਰਤ ਵਿੱਚ ਹੋਇਆ ਸੀ ਅਤੇ ਮੁੱਢਲਾ ਜੀਵਨ ਵੀ ਭਾਰਤ ਵਿੱਚ ਬੀਤਿਆ ਸੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਜਨਰਲ ਡਾਇਰ ਦਾ ਜਨਮ ਭਾਰਤ ਵਿੱਚ ਹੋਇਆ ਸੀ ਅਤੇ ਮੁੱਢਲਾ ਜੀਵਨ ਵੀ ਭਾਰਤ ਵਿੱਚ ਬੀਤਿਆ ਸੀ

ਜਲ੍ਹਿਆਂਵਾਲਾ ਬਾਗ ਖ਼ੂਨੀ ਕਾਂਡ ਨੂੰ ਅੰਜ਼ਾਮ ਦੇਣ ਵਾਲੇ ਬਰਤਾਨਵੀਂ ਫੌਜੀ ਅਫ਼ਸਰ ਜਨਰਲ ਡਾਇਰ ਦਾ ਪੂਰਾ ਨਾਂ ਰੈਡੀਨਾਲਡ ਐਡਵਰਡ ਹੈਰੀ ਡਾਇਰ ਸੀ।

ਜਲ੍ਹਿਆਂਵਾਲਾ ਕਾਂਡ ਤੋਂ ਬਾਅਦ ਭਾਰਤ ਅਤੇ ਬ੍ਰਿਟੇਨ ਵਿੱਚ ਉਸ ਦੀ ਤਿੱਖੀ ਆਲੋਚਨਾ ਹੋਈ ਅਤੇ ਬਹੁਗਿਣਤੀ ਭਾਰਤੀਆਂ ਵਿੱਚ ਇਸ ਕਾਂਡ ਨੇ ਬਰਤਾਨਵੀਂ ਹਕੂਮਤ ਖ਼ਿਲਾਫ਼ ਰੋਹ ਜਗਾ ਦਿੱਤਾ।

ਹੰਟਰ ਕਮਿਸ਼ਨ ਅੱਗੇ ਜਵਾਬ ਤਲਬੀ

'ਪੰਜਾਬ ਵਿੱਚ ਸੁਤੰਤਰਤਾ ਸੰਗਰਾਮ ਦੀਆਂ ਪ੍ਰਮੁੱਖ ਧਾਰਾਵਾਂ' ਵਿੱਚ ਇਤਿਹਾਸਕਾਰ ਵੀਐੱਨ ਦੱਤਾ ਨੇ ਲੇਖ ਵਿੱਚ ਲਿਖਿਆ, "ਜਲ੍ਹਿਆਂਵਾਲਾ ਬਾਗ ਦੇ ਖ਼ੂਨੀ ਸਾਕੇ ਤੋਂ ਬਾਅਦ ਬਰਤਾਨਵੀਂ ਹਕੂਮਤ ਨੇ ਇਸ ਸਾਕੇ ਦੀ ਜਾਂਚ ਕਰਨ ਲਈ ਹੰਟਰ ਕਮਿਸ਼ਨ ਦਾ ਗਠਨ ਕੀਤਾ ਸੀ।"

"ਇਸ ਕਮਿਸ਼ਨ ਦੇ ਮਾਮਲੇ ਦੀ ਸੁਣਵਾਈ ਵਿਲੀਅਮ ਹੰਟਰ(ਲਾਰਡ ਹੰਟਰ) ਦੀ ਅਗਵਾਈ ਹੇਠ ਕੀਤੀ ਗਈ ਸੀ। ਵਿਲੀਅਮ ਹੰਟਰ ਸਕੌਟਿਸ਼ ਮੂਲ ਦਾ ਕਾਨੂੰਨਦਾਨ ਅਤੇ ਜੱਜ ਸੀ।"

ਵੀਐੱਨ ਦੱਤਾ ਮੁਤਾਬਕ ਇਸ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਜਲ੍ਹਿਆਂਵਾਲਾ ਬਾਗ ਖ਼ੂਨੀ ਕਾਂਡ ਦੀ ਨਿਖੇਧੀ ਕਰਦਿਆਂ ਲਿਖਿਆ, ''ਉਸ ਨੇ ਜਦੋਂ ਤੱਕ ਮਨ ਕੀਤਾ ਫਾਇਰਿੰਗ ਕੀਤੀ, ਜਿਸ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਜਨਰਲ ਡਾਇਰ ਨੇ ਇੱਕ ਬੱਜਰ ਗੁਨਾਹ ਕੀਤਾ ਹੈ।''

ਇਹ ਵੀ ਪੜ੍ਹੋ:

ਦੱਤਾ ਅੱਗੇ ਲਿਖਦੇ ਹਨ, "ਡਾਇਰ ਦਾ ਮੰਨਣਾ ਸੀ ਕਿ ਉਸ ਨੇ ਬਗਾਵਤ ਨੂੰ ਦਬਾਇਆ ਹੈ, ਇਹੀ ਵਿਚਾਰ ਤਤਕਾਲੀ ਗਵਰਨਰ ਸਰ ਮਾਈਕਲ ਓ-ਡਵਾਇਰ ਦੇ ਵੀ ਸਨ, ਜਿਸ ਨੇ ਇਹ ਫਾਇਰਿੰਗ ਦੇ ਹੁਕਮ ਦਿੱਤੇ ਸਨ।"

ਹੰਟਰ ਕਮਿਸ਼ਨ ਨੇ ਲਿਖਿਆ, ''ਉੱਥੇ ਕੋਈ ਬਗਾਵਤ ਨਹੀਂ ਹੋ ਰਹੀ ਸੀ, ਜਿਸ ਨੂੰ ਖ਼ਤਮ ਕਰਨ ਦੀ ਲੋੜ ਸੀ।''

ਫੌਜ ਤੋਂ ਜ਼ਬਰੀ ਸੇਵਾਮੁਕਤੀ

ਵੀਐੱਨ ਦੱਤਾ ਲਿਖਦੇ ਹਨ, "ਡਾਇਰ ਤੋਂ ਫੌਜ ਨੇ ਵੀ ਜਵਾਬ ਤਲਬੀ ਕੀਤੀ, ਉਸ ਨੂੰ ਲੈਫ਼ਟੀਨੈਂਟ-ਜਨਰਲ ਸਰ ਹੈਵਲੋਕ ਹੁਡਸਨ ਅੱਗੇ ਪੇਸ਼ ਹੋ ਕੇ ਸਫ਼ਾਈ ਦੇਣੀ ਪਈ ਸੀ।"

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ,

ਬਰਤਾਨੀਆ ਵਿੱਚ ਇੱਕ ਤਬਕਾ ਜਨਰਲ ਡਾਇਰ ਦੀ ਹਮਾਇਤ ਵਿੱਚ ਖੜ੍ਹਾ ਹੋਇਆ ਸੀ

"ਇਸ ਤੋਂ ਬਾਅਦ ਉਸ ਨੂੰ ਭਾਰਤ ਵਿੱਚ ਫੌਜ ਦੇ ਕਮਾਂਡਰ-ਇਨ-ਚੀਫ਼ ਸਰ ਚਾਰਲਸ ਮੋਨਰੋ ਅੱਗੇ ਪੇਸ਼ ਹੋਣਾ ਪਿਆ ਸੀ। ਫੌਜ ਦੀ ਜਿਸ ਕਮੇਟੀ ਅੱਗੇ ਡਾਇਰ ਪੇਸ਼ ਹੋਏ ਉਸ ਨੂੰ ਸੈਨਿਕ ਕੌਂਸਲ ਕਿਹਾ ਜਾਂਦਾ ਸੀ।

ਸੈਨਿਕ ਕੌਂਸਲ ਨੇ ਡਾਇਰ ਨੂੰ ਨੌਕਰੀ ਤੋਂ ਜਬਰੀ ਸੇਵਾਮੁਕਤੀ ਕਰ ਦਿੱਤੀ ਅਤੇ ਉਸ ਨੂੰ ਦੁਬਾਰਾ ਨੌਕਰੀ ਨਾ ਦੇਣ ਦਾ ਫ਼ੈਸਲਾ ਲਿਆ ਸੀ।"

ਅਕਾਲ ਤਖ਼ਤ ਤੋਂ ਸਿਰੌਪਾਓ

ਡਾਇਰ ਨੇ ਇਸ ਮਾੜੇ ਹਾਲਾਤ ਵਿੱਚ ਸਿੱਖਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ ਸੀ।

ਖੁਸ਼ਵੰਤ ਸਿੰਘ ਨੇ ਆਪਣੀ ਕਿਤਾਬ 'ਜਲ੍ਹਿਆਂਵਾਲਾ ਕਤਲੇਆਮ' ਵਿੱਚ ਲਿਖਿਆ, "ਖੂਨੀ ਸਾਕੇ ਤੋਂ ਬਾਅਦ ਗੋਲਡਨ ਟੈਂਪਲ ਤੋਂ ਡਾਇਰ ਅਤੇ ਉਸ ਦੇ ਫੌਜੀਆਂ ਨੂੰ ਆਨਰੇਰੀ ਸਿੱਖ ਐਲਾਨਿਆ ਗਿਆ।"

"ਗੁਰਦੁਆਰਾ ਪ੍ਰਬੰਧ ਉੱਤੇ ਪ੍ਰਭਾਵ ਰੱਖਣ ਵਾਲੇ ਕੁਝ ਸਿੱਖ ਆਗੂਆਂ ਨੇ ਡਾਇਰ ਨੂੰ ਅਕਾਲ ਤਖ਼ਤ ਦੇ ਮੈਨੇਜਰ ਤੋਂ ਸਿਰੌਪਾਓ ਦੇ ਕੇ ਸਨਮਾਨਿਤ ਕਰਵਾਇਆ ਸੀ। ਭਾਵੇਂ ਕਿ ਸਿੱਖਾਂ ਨੇ ਇਸ ਨੂੰ ਸਮੁੱਚੀ ਸਿੱਖ ਕੌਮ ਦੀ ਬੇਇੱਜ਼ਤੀ ਕਰਾਰ ਦਿੱਤਾ ਸੀ।"

ਖੁਸ਼ਵੰਤ ਸਿੰਘ ਲਿਖਦੇ ਹਨ ਕਿ ਇਸ ਘਟਨਾ ਤੋਂ ਬਾਅਦ ਗੁਰਦੁਆਰਿਆਂ ਨੂੰ ਅਜ਼ਾਦ ਕਰਵਾਉਣ ਦੀ ਮੁਹਿੰਮ ਨੇ ਜ਼ੋਰ ਫੜ੍ਹ ਲਿਆ ਸੀ।

ਅਜ਼ਾਦੀ ਮੋਰਚਿਆਂ ਦਾ ਇਤਿਹਾਸ ਕਿਤਾਬ ਵਿਚ ਸੋਹਨ ਸਿੰਘ ਜੋਸ਼ ਵਿਚ ਲਿਖਦੇ ਹਨ, "

ਅੰਮ੍ਰਿਤਸਰ ਦਾ ਬੁੱਚੜ ਬਨਾਮ ਭਾਰਤ ਦਾ ਰਾਖਾ

ਜਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਭਾਰਤ ਵਿੱਚ ਡਾਇਰ ਨੂੰ 'ਅੰਮ੍ਰਿਤਸਰ ਦਾ ਬੁੱਚੜ' ਕਿਹਾ ਜਾ ਰਿਹਾ ਸੀ। ਇੰਗਲੈਂਡ ਦੇ ਯੁੱਧ ਮੰਤਰੀ ਵਿਨਸਟਨ ਚਰਚਿਲ ਵੱਲੋਂ ਉਸ ਨੂੰ 'ਬੇ-ਰਹਿਮ ਕਾਤਲ' ਤੱਕ ਕਿਹਾ ਗਿਆ।

ਪਰ ਇਤਿਹਾਸਕਾਰ ਸਤਿਆ ਐਮ ਰਾਏ ਲਿਖਦੇ ਹਨ ਕਿ ਲੰਡਨ ਵਿੱਚ 'ਮਾਰਨਿੰਗ ਪੋਸਟ' ਅਖ਼ਬਾਰ ਨੇ ਉਸ ਨੂੰ 'ਭਾਰਤ ਦਾ ਰਾਖਾ' ਕਹਿ ਕੇ ਸਨਮਾਨਿਆ ਸੀ। ਮਾਰਨਿੰਗ ਪੋਸਟ ਨੇ ਡਾਇਰ ਦੀਆਂ ਬਰਤਾਨਵੀਂ ਸਮਰਾਜ ਪ੍ਰਤੀ ਸੇਵਾਵਾਂ ਲਈ 26 ਹਜ਼ਾਰ ਪੌਂਡ ਇਕੱਠੇ ਕੀਤੇ ਸਨ।

ਤਸਵੀਰ ਸਰੋਤ, NARINDER NANU/getty images

ਤਸਵੀਰ ਕੈਪਸ਼ਨ,

ਸੈਨਿਕ ਕੌਂਸਲ ਨੇ ਡਾਇਰ ਨੂੰ ਨੌਕਰੀ ਤੋਂ ਜਬਰੀ ਸੇਵਾਮੁਕਤੀ ਕਰ ਦਿੱਤੀ ਅਤੇ ਉਸ ਨੂੰ ਦੁਬਾਰਾ ਨੌਕਰੀ ਨਾ ਦੇਣ ਦਾ ਫ਼ੈਸਲਾ ਲਿਆ ਸੀ

ਇਹੀ ਨਹੀਂ ਬਰਤਾਨਵੀਂ ਟੋਰੀਆਂ ਨੇ ਅਤੇ ਹਾਊਸ ਆਫ਼ ਲਾਰਡਜ਼ ਦੇ ਬਹੁਗਿਣਤੀ ਮੈਂਬਰਾਂ ਨੇ ਮਤਾ ਪਾਸ ਕਰਕੇ ਡਾਇਰ ਖ਼ਿਲਾਫ਼ ਕਿਸੇ ਵੀ ਕਾਰਵਾਈ ਦਾ ਵਿਰੋਧ ਕੀਤਾ। ਡਾਇਰ ਖ਼ਿਲਾਫ਼ ਸੈਨਿਕ ਕੌਂਸਲ ਵੱਲੋਂ ਕੀਤੀ ਕਾਰਵਾਈ ਉੱਤੇ ਵੀ ਸੰਸਦ ਮੈਂਬਰਾਂ ਨੇ ਰੋਕ ਲਗਵਾ ਦਿੱਤੀ ਸੀ।

ਡਾਇਰ ਦਾ ਪਰਿਵਾਰਕ ਪਿਛੋਕੜ

ਵੀਐੱਨ ਦੱਤਾ ਆਪਣੇ ਲੇਖ 'ਜਲ੍ਹਿਆਂਵਾਲਾ ਬਾਗ : ਕਤਲੇਆਮ ਤੇ ਪਰਿਣਾਮֹ' ਵਿੱਚ ਲਿਖਦੇ ਹਨ ਕਿ ਡਾਇਰ ਪਰਿਵਾਰ ਦਾ ਭਾਰਤ ਨਾਲ ਰਿਸ਼ਤਾ ਕਰੀਬ ਇੱਕ ਸਦੀ ਦਾ ਸੀ। ਉਸ ਦੇ ਦਾਦਾ ਜੌਹਨ ਐਡਵਰਡ ਦਾ ਜਨਮ 7 ਜੁਲਾਈ 1831 ਨੂੰ ਕੋਲਕਾਤਾ ਵਿੱਚ ਹੋਇਆ ਸੀ ਅਤੇ ਉਹ ਭਾਰਤ ਵਿੱਚ ਹੀ ਵਸ ਗਿਆ ਸੀ।

ਉਹ ਅੱਗੇ ਲਿਖਦੇ ਹਨ ਕਿ 1855 ਵਿੱਚ ਉਸ ਨੇ ਤਤਕਾਲੀ ਪੰਜਾਬ ਦੇ ਕਸੌਲੀ (ਹੁਣ ਹਿਮਾਚਲ ਪ੍ਰਦੇਸ਼) ਵਿੱਚ ਸ਼ਰਾਬ ਦਾ ਕਾਰਖ਼ਾਨਾ ਲਗਾਇਆ ਅਤੇ ਸਫ਼ਲ ਹੋਣ ਤੋਂ ਬਾਅਦ ਲਖਨਊ, ਮਰੀ ਅਤੇ ਸੋਲਨ ਵਿੱਚ ਵੀ ਕਾਰਖ਼ਾਨੇ ਲਗਾਏ ਸਨ।

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ,

ਜਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ ਬਾਅਦ ਭਾਰਤ ਵਿੱਚ ਡਾਇਰ ਨੂੰ 'ਅੰਮ੍ਰਿਤਸਰ ਦਾ ਬੁੱਚੜ' ਕਿਹਾ ਜਾ ਰਿਹਾ ਸੀ

ਇਸ ਸ਼ਰਾਬ ਕੰਪਨੀ ਦਾ ਨਾਂ ਮਰੀ ਬਰੂਇਰੀ ਕੰਪਨੀ (ਹੁਣ ਮੋਹਨ ਮੀਕਨਜ਼) ਸੀ, ਬਾਅਦ ਵਿੱਚ ਇਸ ਦਾ ਨਾਂ ਬਦਲ ਕੇ ਡਾਇਰ ਮੀਕਨ ਬਰੂਇਰੀ ਰੱਖ ਦਿੱਤਾ ਗਿਆ ਸੀ।

ਜੌਹਨ ਡਾਇਰ ਨੇ ਆਪਣੀ ਜ਼ਿੰਦਗੀ ਲਗਭਗ ਪਹਾੜ੍ਹਾਂ ਵਿੱਚ ਹੀ ਬਿਤਾਈ ਤੇ ਸ਼ਰਾਬ ਦੇ ਕਾਰਖ਼ਾਨ ਲਗਾਏ। ਜੌਹਨ ਦੇ ਪਰਿਵਾਰ ਵਿੱਚ ਛੇਵਾਂ ਪੁੱਤਰ 9 ਅਕਤੂਬਰ 1869 ਨੂੰ ਪੰਜਾਬ ਦੇ ਮਰੀ(ਹੁਣ ਪਾਕਿਸਤਾਨ)ਵਿੱਚ ਹੋਇਆ।

ਕਿਹੋ ਜਿਹੀ ਸੀ ਹੈਰੀ ਡਾਇਰ ਦੀ ਜ਼ਿੰਦਗੀ?

ਦੱਤਾ ਮੁਤਾਬਕ ਰੈਡੀਨਾਲਡ ਐਡਵਰਡ ਹੈਰੀ ਡਾਇਰ ਦਾ ਜਨਮ ਐਡਵਰਡ ਇਬਰਾਹਿਮ ਡਾਇਰ ਦੇ ਘਰ 9 ਅਕਤੂਬਰ 1869 ਨੂੰ ਮਰੀ ਵਿੱਚ ਹੋਇਆ ਸੀ। ਉਸ ਦਾ ਬਚਪਨ ਸ਼ਿਮਲਾ ਵਿੱਚ ਗੁਜਰਿਆ ਸੀ।

ਉਹ ਨੇ ਮੁੱਢਲੀ ਪੜ੍ਹਾਈ ਸ਼ਿਮਲਾ ਦੇ ਬਿਸ਼ਪ ਕਾਟਨ ਤੋਂ ਕੀਤੀ ਸੀ ਅਤੇ ਕਾਲਜ ਦੀ ਪੜ੍ਹਾਈ ਆਇਰਲੈਂਡ ਤੋਂ ਕੀਤੀ ਸੀ। ਇਸ ਤੋਂ ਬਾਅਦ ਉਸਨੇ ਸੈਨਿਕ ਕਾਨੂੰਨ ਅਤੇ ਯੁੱਧ ਕਲਾ ਦੀ ਆਨਰਜ਼ ਡਿਗਰੀ 1884 ਵਿੱਚ ਸੈਂਡਹਰਟਸ ਤੋਂ ਹਾਸਿਲ ਕੀਤੀ ਸੀ।

1885 ਵਿੱਚ ਉਸ ਨੂੰ ਬਟਾਲੀਅਨ ਆਫ਼ ਦੀ ਕੂਈਨਜ਼ ਰਾਇਲ ਵੈੱਸਟ ਸਰੀ ਰੈਜਮੈਂਟ ਵਿੱਚ ਕਮਿਸ਼ਨ ਮਿਲ ਗਿਆ। 1887 ਵਿੱਚ ਜਦੋਂ ਬ੍ਰਿਟਿਸ਼ ਇਨਫੈਨਟਰੀ ਨੂੰ ਭੰਗ ਕੀਤਾ ਗਿਆ ਤਾਂ ਡਾਇਰ ਨੂੰ 29ਵੀਂ ਪੰਜਾਬ ਇਨਫੈਨਟਰੀ ਵਿੱਚ ਅਜ਼ਮਾਇਸ਼ੀ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਸੀ।

ਜੰਗੀ ਮੁਹਿੰਮਾਂ 'ਚ ਸਰਗਰਮੀ

ਵੀਐੱਨ ਦੱਤਾ ਦੇ ਲੇਖ ਵਿੱਚ ਪੇਸ਼ ਕੀਤੇ ਤੱਥਾਂ ਮੁਤਾਬਕ ਡਾਇਰ ਜ਼ਿਆਦਾ ਕਰਕੇ ਜੰਗੀ ਮੁਹਿੰਮਾਂ ਵਿੱਚ ਸਰਗਰਮ ਰਿਹਾ ਸੀ।

ਉਸ ਨੇ 1886-87 ਦੀ ਬਰਮਾ ਮੁਹਿੰਮ, 1888 ਦੀ ਹਜ਼ਾਰਾ ਮੁਹਿੰਮ , 1895 ਦੀ ਚਿਤਰਾਲ ਸਹਾਇਤਾ, 1901-02 ਦੀ ਵਰਜ਼ੀਰਿਸਤਾਨ ਘੇਰਾਬੰਦੀ ਅਤੇ 1908 ਦੀ ਜ਼ੈਕਾ ਖੈਲ ਫੌਜੀ ਕਾਰਵਾਈ ਦੀ ਅਗਵਾਈ ਕੀਤੀ ਸੀ।

ਪਹਿਲੀ ਵਿਸ਼ਵ ਜੰਗ ਦੌਰਾਨ 1916 ਵਿੱਚ ਦੱਖਣ ਪੂਰਬੀ ਈਰਾਨ ਦੀ ਫੌਜੀ ਕਾਰਵਾਈ ਸਮੇਂ ਦਿਖਾਈ ਕਾਰਗੁਜ਼ਾਈ ਲਈ ਉਸ ਨੂੰ 'ਕੰਪੈਨੀਅਨ ਆਫ਼ ਬਾਥֹ' ਐਵਾਰਡ ਦਿੱਤਾ ਗਿਆ ਸੀ।

ਤਸਵੀਰ ਸਰੋਤ, Ravinder singh robin/bbc

ਤਸਵੀਰ ਕੈਪਸ਼ਨ,

ਜਨਰਲ ਡਾਇਰ ਦੇ ਪੁਰਖਿਆਂ ਦੇ ਹਿੰਦੁਸਤਾਨ ਦੇ ਕਈ ਹਿੱਸਿਆਂ ਵਿੱਚ ਸ਼ਰਾਬ ਦੇ ਕਾਰਖਾਨੇ ਸਨ

ਭਾਰਤ ਵਾਪਸੀ ਉੱਤੇ ਜਲੰਧਰ ਵਿੱਚ ਡਾਇਰ ਨੂੰ ਬ੍ਰਿਗੇਡ ਕਮਾਂਡਰ ਲਾਇਆ ਗਿਆ। 1917 ਵਿੱਚ ਉਹ ਘੋੜੇ ਤੋਂ ਡਿੱਗ ਗਿਆ ਅਤੇ ਕੁਝ ਸਮੇਂ ਲਈ ਲੰਡਨ ਚਲਾ ਗਿਆ ਸੀ।

ਪਰ ਕੁਝ ਮਹੀਨੇ ਬਾਅਦ ਉਸਨੇ ਮੁੜ ਡਿਊਟੀ ਸੰਭਾਲ ਲਈ। ਸਾਲ 1919 ਦੇ ਮਾਰਚ -ਅਪ੍ਰੈਲ ਦੌਰਾਨ ਲੋਕ ਅੰਦੋਲਨ ਨੂੰ ਦਬਾਉਣ ਲਈ ਉਹ ਜਲੰਧਰ ਤੋਂ ਹੀ 10 ਅਪ੍ਰੈਲ ਨੂੰ ਫੌਜੀ ਦਸਤਿਆਂ ਨਾਲ ਅੰਮ੍ਰਿਤਸਰ ਪਹੁੰਚਿਆ ਸੀ।

ਕਿਸ ਤਰ੍ਹਾਂ ਦੀ ਤਬੀਅਤ ਦਾ ਮਾਲਕ ਦੀ ਡਾਇਰ?

ਡਾਇਰ ਦੇ ਜੀਵਨ ਉੱਤੇ ਕਾਲਵਿਨ ਨਾਂ ਦੇ ਇੱਕੋ -ਇੱਕ ਵਿਅਕਤੀ ਨੇ ਕਿਤਾਬ ਲਿਖੀ ਹੈ। ਜਿਸ ਨੇ ਉਸ ਨੂੰ ਮਹਾਨ ਸਾਬਿਤ ਕਰਨ ਲਈ ਉਸ ਦੀ ਸ਼ਖ਼ਸ਼ੀਅਤ ਦੇ ਚੜ੍ਹਤ ਦੇ ਦਿਨਾਂ ਨੂੰ ਹੀ ਉਭਾਰਿਆ ਹੈ।

  • ਕਾਲਵਿਨ ਮੁਤਾਬਰ ਡਾਇਰ ਸਖ਼ਤ ਚੁੱਪਚਾਪ , ਰੁਖਾ, ਆਪਣੇ ਕੰਮ ਦਾ ਮਾਹਰ, ਘਰ ਵਿੱਚ ਹੱਸ ਖੇਡ ਕੇ ਵਿਚਰਨ ਵਾਲਾ , ਡਿਊਟੀ ਦਾ ਪਾਬੰਦ ਅਤੇ ਆਪਣੇ ਅਧੀਨ ਅਧਿਕਾਰੀਆਂ ਨਾਲ ਸਾਵਧਾਨੀ ਨਾਲ ਵਰਤਣ ਵਾਲਾ ਸੀ।
  • ਕਾਲਵਿਨ ਲਿਖਦਾ ਹੈ ਕਿ ਡਾਇਰ ਨੂੰ ਕਿਤਾਬਾਂ ਪੜ੍ਹਨ ਦਾ ਬਹੁਤਾ ਸ਼ੌਕ ਨਹੀਂ ਸੀ ਪਰ ਉਹ ਨੈਪੋਲੀਅਨ ਦੀਆਂ ਮੁਹਿੰਮਾਂ ਪ੍ਰਤੀ ਬਹੁਤ ਜਗਿਆਸਾ ਰੱਖਦਾ ਸੀ। ਉਹ ਆਪਣੇ ਸਮੇਂ ਦੀਆਂ ਸਾਰੀਆਂ ਫ਼ੌਜੀ ਗਤੀਵਿਧੀਆਂ ਨੂੰ ਨੌਪੌਲੀਅਨ ਦੀਆਂ ਮੁਹਿੰਮਾਂ ਦੇ ਹਵਾਲੇ ਤੋਂ ਕਰਦਾ ਸੀ।

ਤਸਵੀਰ ਸਰੋਤ, NARINDER NANU/getty images

ਤਸਵੀਰ ਕੈਪਸ਼ਨ,

ਜਨਰਲ ਡਾਇਰ ਦਾ ਆਖਰੀ ਵਕਤ ਵਿੱਚ ਪਰਿਵਾਰ ਨੇ ਵੀ ਸਾਥ ਛੱਡ ਦਿੱਤਾ ਸੀ

  • ਉਹ ਦੀ ਗਣਿਤ ਅਤੇ ਪ੍ਰਕਾਸ਼ ਵਿਗਿਆਨ ਵਿੱਚ ਵਿਸ਼ੇਸ਼ ਰੂਚੀ ਸੀ ਅਤੇ ਉਹ ਬਹੁਤ ਸਾਰਾ ਸਮਾਂ ਦੂਰੀ ਮਾਪਕ ਯੰਤਰ ਵਿਕਸਤ ਕਰਨ ਵਿੱਚ ਲਗਾਉਂਦਾ ਸੀ।
  • ਡਾਇਰ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ, ਹਿੰਦੀ, ਫ਼ਾਰਸੀ ਅਤੇ ਪਸ਼ਤੋਂ ਵੀ ਚੰਗੀ ਤਰ੍ਹਾਂ ਜਾਣਦਾ ਸੀ।
  • ਤੈਰਾਕੀ, ਘੋੜ ਸਵਾਰੀ, ਸ਼ਤਰੰਜ ਅਤੇ ਨਿਸ਼ਾਨੇਬਾਜ਼ੀ ਉਸ ਦੇ ਸ਼ੌਕਾਂ ਵਿੱਚ ਸ਼ਾਮਲ ਸਨ।
  • ਦੋਸਤਾਂ ਦੀਆਂ ਯਾਦਾਂ ਵਿੱਚ ਉਹ ਲੰਬਾ ਚੌੜਾ, ਲਗਾਤਾਰ ਸਿਗਰਟਾਂ ਫੂਕਣ ਵਾਲਾ, ਭੁੱਲਕੜ ਅਤੇ ਹਮੇਸ਼ਾਂ ਕਿਸੇ ਨੁਕਤੇ ਵਿੱਚ ਖੁੱਭਿਆ ਰਹਿਣ ਵਾਲਾ ਖੁੱਲੀ ਤਬੀਅਤ ਦਾ ਬੰਦਾ ਸੀ।

'ਰੱਬ ਹੀ ਇਸ ਬਾਰੇ ਇਨਸਾਫ਼ ਕਰ ਸਕੇ'

ਵਾਪਸ ਇੰਗਲੈਂਡ ਪਹੁੰਚਣ ਉੱਤੇ ਜਨਰਲ ਡਾਇਰ ਦਾ ਭਰਵਾਂ ਸਵਾਗਤ ਵੀ ਹੋਇਆ ਸੀ। ਬ੍ਰਿਟਿਸ਼ ਆਰਮੀ ਮਿਊਜ਼ਮ ਲੰਡਨ ਵਿੱਚ ਅਜੇ ਵੀ ਉਸਨੂੰ ਤਤਕਾਲੀ ਬਾਦਸ਼ਾਹ ਵੱਲੋਂ ਦਿੱਤਾ ਗਿਆ ਪ੍ਰਸ਼ੰਸਾ ਪੱਤਰ ਪ੍ਰਦਰਸ਼ਿਤ ਕੀਤਾ ਗਿਆ ਹੈ।

ਇਸ ਸਭ ਦੇ ਬਾਵਜੂਦ ਡਾਇਰ ਦੇ ਹਾਲਾਤ ਸਮਾਜਿਕ ਬਾਈਕਾਟ ਵਰਗੇ ਹੋ ਗਏ। ਉਹ ਜ਼ਿੰਦਗੀ ਦੇ ਆਖ਼ਰੀ ਸਾਲਾਂ ਵਿੱਚ ਅਧਰੰਗ ਕਾਰਨ ਮੰਜੇ ਉੱਤੇ ਪਿਆ ਰਿਹਾ। ਉਸਦੀ ਪਤਨੀ ਅਤੇ ਉਲਾਦ ਵੀ ਉਸ ਦਾ ਸਾਥ ਛੱਡ ਗਏ ਸਨ।

ਉਹ 1927 ਵਿੱਚ ਇਕੱਲਤਾ ਦੀ ਹਾਲਤ ਵਿੱਚ ਮਰਿਆ। ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਉਸਨੇ ਲਿਖਿਆ, ''ਕੁਝ ਲੋਕ ਕਹਿੰਦੇ ਹਨ ਕਿ ਮੈਂ ਜਲ੍ਹਿਆਂਵਾਲਾ ਬਾਗ ਵਿੱਚ ਠੀਕ ਕੀਤਾ ਪਰ ਕੁਝ ਕਹਿੰਦੇ ਹਨ ਕਿ ਗ਼ਲਤ ਕੀਤਾ। ਮੈਂ ਮਰ ਜਾਣਾ ਚਾਹੁੰਦਾ ਹਾਂ ਤਾਂ ਜੋ ਰੱਬ ਹੀ ਇਸ ਬਾਰੇ ਇਨਸਾਫ਼ ਕਰ ਸਕੇ।''

ਡਾਇਰ ਦੀ ਮੌਤ ਡਿਪਰੈਸ਼ਨ ਅਤੇ ਬਰੇਨ ਹੈਮਰੇਜ਼ ਕਾਰਨ ਹੋਈ ਸੀ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)