Fact Check: ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾ ਰਹੇ 'ਨੋਟਾਂ ਦੇ ਢੇਰ' ਦੀ ਸੱਚਾਈ ਕੀ ਹੈ

ਨਕਲੀ ਨੋਟਾਂ ਦਾ ਢੇਰ Image copyright SM Viral Post

ਟਵਿੱਟਰ 'ਤੇ ਸੱਜੇਪੱਖੀ ਰੁਝਾਨ ਵਾਲੇ ਕੁਝ ਲੋਕ ਇੱਕ ਪੁਰਾਣੇ ਵੀਡੀਓ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਸਕੱਤਰ ਦੇ ਘਰ ਬਰਾਮਦ ਹੋਏ ਨੋਟ ਦੱਸ ਕੇ ਸ਼ੇਅਰ ਕਰ ਰਹੇ ਹਨ ਅਤੇ ਇਹ ਦਾਅਵਾ ਕਰ ਰਹੇ ਹਨ ਕਿ ਇਨਕਮ ਟੈਕਸ ਵਿਭਾਗ ਦਾ ਛਾਪਾ ਪੈਣ ਤੋਂ ਬਾਅਦ ਨੋਟਾਂ ਦੇ ਢੇਰ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ।

ਇਸ ਵੀਡੀਓ ਵਿੱਚ ਗੁਲਾਬੀ ਨੋਟਾਂ ਦਾ ਇੱਕ ਢੇਰ ਛੋਟੀ ਟਰਾਲੀ 'ਤੇ ਰੱਖਿਆ ਹੋਇਆ ਵਿਖਾਈ ਦੇ ਰਿਹਾ ਹੈ ਅਤੇ ਦੂਜੇ ਪਾਸੇ ਰੱਖੇ ਹਰੇ-ਗੁਲਾਬੀ ਨੋਟਾਂ ਦੇ ਢੇਰ ਨੂੰ ਦੇਖ ਕੇ ਲਗਦਾ ਹੈ ਕਿ ਕਿਸੇ ਨੇ ਉਸ ਵਿੱਚ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਹੋਵੇ।

ਇਨਕਮ ਟੈਕਸ ਵਿਭਾਗ ਨੇ ਸ਼ਨੀਵਾਰ ਰਾਤ ਕਰੀਬ ਢਾਈ ਵਜੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਓਐਸਡੀ ਪ੍ਰਵੀਨ ਕੱਕੜ ਅਤੇ ਉਨ੍ਹਾਂ ਦੇ ਸਾਬਕਾ ਸਲਾਹਕਾਰ ਆਰ ਕੇ ਮਿਗਲਾਨੀ ਦੇ ਕਈ ਠਿਕਾਣਿਆਂ 'ਤੇ ਛਾਪੇਮਾਰੀ ਦੀ ਕਾਰਵਾਈ ਸ਼ੁਰੂ ਕੀਤੀ ਸੀ।

ਇਨਕਮ ਟੈਕਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਬੀਤੇ ਦੋ ਦਿਨਾਂ ਵਿੱਚ ਭੋਪਾਲ, ਇੰਦੌਰ, ਗੋਆ ਅਤੇ ਦਿੱਲੀ ਐਨਸੀਆਰ ਦੇ 52 ਠਿਕਾਣਿਆਂ 'ਤੇ ਇਸ ਸਬੰਧ ਵਿੱਚ ਛਾਪੇਮਾਰੀ ਕੀਤੀ ਗਈ ਹੈ।

ਇਨਕਮ ਟੈਕਸ ਵਿਭਾਗ ਦਾ ਦਾਅਵਾ ਹੈ ਕਿ ਛਾਪੇਮਾਰੀ ਵਿੱਚ ਉਨ੍ਹਾਂ ਨੂੰ 14.6 ਕਰੋੜ ਰੁਪਏ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਦਾ ਪਤਾ ਲੱਗਿਆ ਹੈ। ਪਰ ਜਿਸ ਵਾਇਰਲ ਵੀਡੀਓ ਨੂੰ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਤੋਂ ਬਾਅਦ ਦਾ ਦੱਸਿਆ ਜਾ ਰਿਹਾ ਹੈ, ਉਹ ਫਰਜ਼ੀ ਹੈ।

ਇਹ ਵੀ ਪੜ੍ਹੋ:

ਝੂਠਾ ਦਾਅਵਾ

ਟਵਿੱਟਰ 'ਤੇ @RohiniShah73 ਨਾਮ ਦੇ ਇੱਕ ਯੂਜ਼ਰ ਨੇ ਇਹ ਪੁਰਾਣਾ ਵੀਡੀਓ ਸੋਮਵਾਰ ਨੂੰ ਇਸੇ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਸੀ। ਕਰੀਬ 60 ਹਜ਼ਾਰ ਵਾਰ ਉਨ੍ਹਾਂ ਦੇ ਟਵੀਟ ਵਿੱਚ ਲੱਗਿਆ ਇਹ ਵੀਡੀਓ ਦੇਖਿਆ ਜਾ ਚੁੱਕਿਆ ਸੀ। ਸੈਂਕੜੇ ਲੋਕ ਇਸ ਨੂੰ ਸ਼ੇਅਰ ਕਰ ਚੁੱਕੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦਿੱਲੀ ਭਾਜਪਾ ਦੇ ਜਨਰਲ ਸਕੱਤਰ ਕੁਲਜੀਤ ਸਿੰਘ ਵੀ ਇਸ ਯੂਜ਼ਰ ਨੂੰ ਟਵਿੱਟਰ 'ਤੇ ਫੌਲੋ ਕਰਦੇ ਹਨ।

Image copyright Twitter

'ਚੌਕੀਦਾਰ ਰੋਹਿਣੀ' ਨਾਮ ਦੇ ਯੂਜ਼ਰ ਦੇ ਦਾਅਵੇ (ਸ਼ਬਦਾਂ) ਨੂੰ ਕਈ ਹੋਰ ਲੋਕਾਂ ਨੇ ਕਾਪੀ ਕੀਤਾ ਹੈ।

ਜਿਨ੍ਹਾਂ ਨੇ ਇਸ ਨੂੰ ਕਾਪੀ ਕੀਤਾ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦੇ ਨਾਮ ਦੇ ਨਾਲ ਵੀ 'ਚੌਕੀਦਾਰ' ਲਿਖਿਆ ਹੋਇਆ ਹੈ।

ਇਹ ਵੀ ਪੜ੍ਹੋ:

ਭਾਜਪਾ ਵੱਲੋਂ ਸੋਸ਼ਲ ਮੀਡੀਆ 'ਤੇ ਚਲਾਈ ਗਈ 'ਮੈਂ ਵੀ ਚੌਕੀਦਾਰ' ਮੁਹਿੰਮ ਤੋਂ ਬਾਅਦ ਪਾਰਟੀ ਦੇ ਸਮਰਥਕਾਂ ਨੇ ਆਪਣੇ ਨਾਮ ਅੱਗੇ ਚੌਕੀਦਾਰ ਜੋੜਿਆ ਸੀ। ਹਾਲਾਂਕਿ ਇਨ੍ਹਾਂ ਵਿੱਚੋਂ ਕਈ ਅਕਾਊਂਟ ਫਰਜ਼ੀ ਹਨ ਅਤੇ ਕਿੰਨੇ ਸਹੀ, ਬੀਬੀਸੀ ਇਸਦੀ ਪੁਸ਼ਟੀ ਨਹੀਂ ਕਰ ਸਕਦਾ।

ਪਰ ਵਾਇਰਲ ਵੀਡੀਓ ਦੇ ਨਾਲ ਇਨ੍ਹਾਂ ਲੋਕਾਂ ਨੇ ਜੋ ਦਾਅਵਾ ਕੀਤਾ ਹੈ, ਉਹ ਬਿਲਕੁਲ ਫਰਜ਼ੀ ਹੈ।

Image copyright Twitter

ਟਵਿੱਟਰ ਤੋਂ ਇਲਾਵਾ ਸੱਜੇਪੱਖੀ ਰੁਝਾਨ ਵਾਲੇ 'ਨਮੋ ਫੈਨ' ਅਤੇ 'ਨਰਿੰਦਰ ਮੋਦੀ 2019' ਵਰਗੇ ਫੇਸਬੁੱਕ ਪੇਜਾਂ 'ਤੇ ਵੀ ਇਹ ਵੀਡੀਓ ਇਸ ਗ਼ਲਤ ਦਾਅਵੇ ਨਾਲ ਸ਼ੇਅਰ ਕੀਤਾ ਗਿਆ ਹੈ।

ਕਈ ਲੋਕਾਂ ਨੇ ਵੱਟਸਐਪ ਜ਼ਰੀਏ ਬੀਬੀਸੀ ਨੂੰ ਇਹ ਵੀਡੀਓ ਭੇਜਿਆ ਹੈ ਅਤੇ ਇਸ ਵੀਡੀਓ ਦੀ ਹਕੀਕਤ ਜਾਨਣੀ ਚਾਹੀ ਹੈ।

ਵੀਡੀਓ ਦੀ ਸੱਚਾਈ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਵੀਡੀਓ ਫਰਵਰੀ 2018 ਦਾ ਹੈ।

ਵੀਡੀਓ ਵਿੱਚ ਨੋਟਾਂ ਦਾ ਜੋ ਢੇਰ ਦਿਖਾਈ ਦਿੰਦਾ ਹੈ ਉਹ ਦਰਅਸਲ ਕਲਾ ਦਾ ਇੱਕ ਨਮੂਨਾ ਹੈ ਜਿਸ ਨੂੰ ਲੱਕੜੀ ਦੇ ਬੋਰਡ 'ਤੇ ਪੈਂਸਿਲ ਨਾਲ ਰੰਗ ਭਰ ਕੇ ਸਪੇਨ ਦੇ ਕਲਾਕਾਰ ਅਲੇਜਾਂਦਰੋ ਮੋਂਗੇ ਨੇ ਆਪਣੇ ਹੱਥਾਂ ਨਾਲ ਤਿਆਰ ਕੀਤਾ ਸੀ।

ਕਲਾਕਾਰ ਮੁਤਾਬਕ ਇਹ ਇੱਕ ਥ੍ਰੀ-ਡੀ ਪੇਂਟਿੰਗ ਹੈ ਜਿਸ ਨੂੰ ਦੇਖ ਕੇ ਲਗਦਾ ਹੈ ਕਿ ਪੁਰਾਣਾ ਨੋਟਾਂ ਦਾ ਕੋਈ ਢੇਰ ਹੈ।

ਸਪੇਨ ਵਿੱਚ ਹੋਣ ਵਾਲੇ 'ਆਰਟ ਮੈਡ੍ਰਿਡ ਫੇਅਰ' ਵਿੱਚ 21 ਤੋਂ 25 ਫਰਵਰੀ 2018 ਵਿਚਾਲੇ ਇਸ ਆਰਟ ਪੀਸ ਨੂੰ ਜਨਤਾ ਸਾਹਮਣੇ ਰੱਖਿਆ ਗਿਆ ਸੀ।

ਸਮਾਚਾਰ ਏਜੰਸੀ ਏਐਫ਼ਪੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਲੇਜਾਂਦਰੋ ਮਾਂਗੋ ਨੇ ਦੱਸਿਆ ਸੀ ਕਿ ਆਰਟ ਫੇਅਰ ਵਿੱਚ ਆਏ ਕਿਸੇ ਦਰਸ਼ਕ ਨੇ ਇਹ ਵੀਡੀਓ ਬਣਾਈ ਸੀ।

ਇੰਸਟਾਗ੍ਰਾਮ 'ਤੇ ਅਲੇਜਾਂਦਰੋ ਮਾਂਗੋ ਨੇ ਇਸ ਆਰਟ ਪੀਸ ਨਾਲ ਜੁੜੇ ਕਈ ਫੋਟੋ ਅਤੇ ਵੀਡੀਓ ਸ਼ੇਅਰ ਕੀਤੇ ਹੋਏ ਹਨ।

ਇਹ ਵੀ ਪੜ੍ਹੋ:

Image copyright Instagram

ਇਸ ਸਾਲ ਫਰਵਰੀ ਵਿੱਚ ਅਲੇਜਾਂਦਰੋ ਮਾਂਗੋ ਨੇ ਇਹ ਵੀਡੀਓ ਮੁੜ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਸੀ ਅਤੇ ਲਿਖਿਆ ਸੀ ਕਿ ਵੀਡੀਓ ਵਿੱਚ ਦਿਖਾਈ ਦੇ ਰਹੇ 500 ਯੂਰੋ ਦੇ ਨੋਟ ਹੱਥ ਨਾਲ ਪੇਂਟ ਕੀਤੇ ਗਏ ਸਨ।

ਉਨ੍ਹਾਂ ਨੇ ਲਿਖਿਆ ਸੀ, "ਇੰਟਰਨੈੱਟ 'ਤੇ ਕਿੱਥੋਂ ਦੀ ਚੀਜ਼ ਕਿੱਥੇ ਜਾ ਕੇ ਵਾਇਰਲ ਹੋ ਜਾਵੇ, ਇਸਦਾ ਪਤਾ ਨਹੀਂ ਲਗਾਇਆ ਜਾ ਸਕਦਾ। ਲੋਕਾਂ ਨੂੰ ਸੱਚਾਈ ਦਾ ਪਤਾ ਨਹੀਂ ਹੁੰਦਾ ਪਰ ਉਹ ਉਸ ਨੂੰ ਸ਼ੇਅਰ ਕਰਨ ਲਗਦੇ ਹਨ।"

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਸ ਵੀਡੀਓ ਨੂੰ ਕਿਸੇ ਘਟਨਾ ਨਾਲ ਜੋੜਿਆ ਗਿਆ ਹੋਵੇ।

ਭਾਰਤ ਤੋਂ ਪਹਿਲਾਂ ਰੂਸ, ਕੈਮਰੂਨ, ਸਪੇਨ ਅਤੇ ਪਾਕਿਸਤਾਨ ਵਿੱਚ ਵੀ ਇਸ ਵੀਡੀਓ ਦੇ ਆਧਾਰ 'ਤੇ ਕਈ ਬੇਬੁਨਿਆਦੀ ਦਾਅਵੇ ਕੀਤੇ ਗਏ ਹਨ ਅਤੇ 'ਨੋਟਾਂ ਦੇ ਢੇਰ' ਦੀ ਇਸ ਪੇਂਟਿੰਗ ਨੂੰ ਕਿਸੇ ਸੰਸਥਾ ਜਾਂ ਸ਼ਖ਼ਸ ਖ਼ਿਲਾਫ਼ ਵਰਤਿਆ ਜਾ ਚੁੱਕਿਆ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)