ਅਟਲ ਬਿਹਾਰੀ ਵਾਜਪਾਈ ਵੱਲੋਂ ਇੰਦਰਾ ਗਾਂਧੀ ਨੂੰ 'ਦੁਰਗਾ' ਕਹਿਣ ਦਾ ਸੱਚ ਜਾਣੋ – ਫੈਕਟ ਚੈੱਕ

इंदिरा गांधी और अटल बिहारी वाजपेयी Image copyright Getty/PTI
ਫੋਟੋ ਕੈਪਸ਼ਨ ਇੰਦਰਾ ਗਾਂਧੀ ਅਤੇ ਅਟਲ ਬਿਹਾਰੀ ਵਾਜਪਈ

ਭਾਰਤੀ ਜਨਤਾ ਪਾਰਟੀ ਦਾ ਸਾਥ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ ਸ਼ਤਰੂਘਨ ਸਿਨਹਾ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਦੇ ਹਵਾਲੇ ਤੋਂ ਇੰਦਰਾ ਗਾਂਧੀ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ।

ਸੋਸ਼ਲ ਮੀਡੀਆ 'ਤੇ ਇਸ ਬਿਆਨ ਦਾ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ।

ਅਦਾਕਾਰ ਤੋਂ ਨੇਤਾ ਬਣੇ ਸ਼ਤਰੂਘਨ ਸਿਨਹਾ ਨੇ ਭਾਜਪਾ ਦੇ ਸਥਾਪਨਾ ਦਿਵਸ 'ਤੇ ਆਪਣੀ ਪੁਰਾਣੀ ਪਾਰਟੀ ਨੂੰ ਛੱਡਣ ਤੇ ਕਾਂਗਰਸ ਪਾਰਟੀ ਵਿੱਚ ਵਿੱਚ ਸ਼ਾਮਿਲ ਹੋਣ ਦਾ ਰਸਮੀ ਐਲਾਨ ਕੀਤਾ ਸੀ।

ਇਸ ਮੌਕੇ 'ਤੇ ਕਾਂਗਰਸ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਹੋਈ ਪ੍ਰੈੱਸ ਕਾਨਫਰੰਸ ਵਿੱਚ ਸ਼ਤਰੂਘਨ ਸਿਨਹਾ ਨੇ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲ ਸਣੇ ਕਾਂਗਰਸੀ ਆਗੂਆਂ ਦੀ ਮੌਜੂਦਗੀ ਵਿੱਚ ਇਹ ਭਰਮ ਪੈਦਾ ਕਰਨ ਵਾਲਾ ਬਿਆਨ ਦਿੱਤਾ ਸੀ।

ਉਨ੍ਹਾਂ ਨੇ ਕਿਹਾ, "ਸਾਡੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੇ ਇਸੇ ਸੰਸਦ ਵਿੱਚ ਭਾਰਤ ਹੀ ਨਹੀਂ ਬਲਕਿ ਕੌਮਾਂਤਰੀ ਪੱਧਰ ਦੀ ਸਭ ਤੋਂ ਵੱਡੀ ਸਟਾਰ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੀ ਤੁਲਨਾ ਦੁਰਗਾ ਨਾਲ ਕੀਤੀ ਸੀ।"

Image copyright Getty Images
ਫੋਟੋ ਕੈਪਸ਼ਨ ਸ਼ਤਰੂਘਨ ਸਿਨਹਾ ਹਾਲ ਵਿੱਚ ਹੀ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ

ਸਿਨਹਾ ਇਸ ਪ੍ਰੈੱਸ ਕਾਨਫਰੰਸ ਵਿੱਚ ਭਾਜਪਾ ਵੱਲੋਂ ਵਿਰੋਧੀ ਧਿਰ ਨੂੰ ਨਕਾਰਾ ਕੀਤੇ ਜਾਣ ਦੇ ਰਵੱਈਏ ਦੀ ਆਲੋਚਨਾ ਕਰ ਰਹੇ ਸਨ।

ਸਿਨਹਾ ਨੇ ਕਿਹਾ ਕਿ ਜੇ ਤੁਹਾਡਾ ਵਿਰੋਧੀ ਵੀ ਕੋਈ ਚੰਗੀ ਗੱਲ ਕਰੇ ਤਾਂ ਉਸ ਦੀ ਤਾਰੀਫ਼ ਹੋਣੀ ਚਾਹੀਦੀ ਹੈ।

ਜੇ ਚੰਗਾ ਨਹੀਂ ਲਗਦਾ ਹੈ ਤਾਂ ਭੁੱਲ ਜਾਓ ਅਤੇ ਜੇ ਚੰਗਾ ਲਗਦਾ ਹੈ ਤਾਂ ਸਲਾਮ ਕਰੋ।

ਵਾਜਪਾਈ ਅਤੇ ਇੰਦਰਾ ਗਾਂਧੀ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਨਰਾਤਿਆਂ ਮੌਕੇ ਮੈਨੂੰ ਯਾਦ ਆ ਰਿਹਾ ਹੈ ਇਸ ਲਈ ਮੈਂ ਉਨ੍ਹਾਂ ਨੂੰ ਨਮਨ ਕਰਦਾ ਹਾਂ, ਪ੍ਰਣਾਮ ਕਰਦਾ ਹਾਂ ਕਿ ਉਨ੍ਹਾਂ ਦੀ (ਇੰਦਰਾ ਗਾਂਧੀ) ਦੀ ਤੁਲਨਾ ਉਨ੍ਹਾਂ ਨੇ (ਵਾਜਪਾਈ) ਦੁਰਗਾ ਨਾਲ ਕੀਤੀ।"

ਦਾਅਵੇ ਦੀ ਪੜਤਾਲ

ਅਟਲ ਬਿਹਾਰੀ ਵਾਜਪਈ ਵੱਲੋਂ ਇੰਦਰਾ ਗਾਂਧੀ ਨੂੰ 'ਦੁਰਗਾ ਦਾ ਰੂਪ' ਕਹੇ ਜਾਣ ਦੀ ਗੱਲ ਪਹਿਲਾਂ ਵੀ ਕਈ ਵਾਰ ਕੀਤੀ ਚੁੱਕੀ ਗਈ ਹੈ।

ਭਾਜਪਾ ਦੀਆਂ ਵਿਰੋਧੀ ਪਾਰਟੀਆਂ, ਖ਼ਾਸਕਾਰ ਕਾਂਗਰਸ ਦੇ ਨੇਤਾ ਕਈ ਵਾਰ ਇਸ ਘਟਨਾ ਦੀ ਮਿਸਾਲ ਦਿੰਦੇ ਹਨ।

ਆਨਲਾਈਨ ਰਿਸਰਚ ਤੋਂ ਪਤਾ ਲਗਦਾ ਹੈ ਕਿ ਕਈ ਵਾਰ ਭਾਜਪਾ ਨੇ ਸੀਨੀਅਰ ਆਗੂ ਇਸ ਬਿਆਨ ਦਾ ਖੰਡਨ ਕਰ ਚੁੱਕੇ ਹਨ ਅਤੇ ਕਹਿ ਚੁੱਕੇ ਹਨ ਕਿ ਵਾਜਪਾਈ ਨੇ ਅਜਿਹਾ ਕਦੇ ਵੀ ਨਹੀਂ ਕਿਹਾ।

ਆਪਣੀ ਰਿਸਰਚ ਵਿੱਚ ਸਾਨੂੰ ਇੰਟਰਨੈੱਟ 'ਤੇ ਮੌਜੂਦ ਅਟਲ ਬਿਹਾਰੀ ਵਾਜਪਾਈ ਦਾ ਇੱਕ ਪੁਰਾਣਾ ਇੰਟਰਵਿਊ ਮਿਲਿਆ।

ਇਸ ਵੀਡੀਓ ਇੰਟਰਵਿਊ ਵਿੱਚ ਅਟਲ ਬਿਹਾਰੀ ਵਾਜਪਾਈ ਨੂੰ ਖੁਦ ਇਸ ਗੱਲ ਦਾ ਖੰਡਨ ਕਰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਕਦੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਲਈ ਅਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਸੀ।

Image copyright Getty Images
ਫੋਟੋ ਕੈਪਸ਼ਨ ਅਟਲ ਬਿਹਾਰੀ ਵਾਜਪਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਕਹਿਣ ਦੇ ਦਾਅਵੇ ਦਾ ਖੰਡਨ ਕੀਤਾ ਸੀ

'ਅਜੇ ਵੀ ਦੁਰਗਾ ਮੇਰੇ ਪਿੱਛੇ ਹੈ'

ਇਸ ਟੀਵੀ ਇੰਟਰਵਿਊ ਵਿੱਚ ਜਦੋਂ ਵਾਜਪਈ ਤੋਂ 'ਇੰਦਰਾ ਦੁਰਗਾ' ਵਾਲਾ ਸਵਾਲ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਸੀ, "ਮੈਂ ਦੁਰਗਾ ਨਹੀਂ ਕਿਹਾ ਸੀ। ਇਹ ਵੀ ਅਖ਼ਬਾਰ ਵਾਲਿਆਂ ਨੇ ਛਾਪ ਦਿੱਤਾ ਅਤੇ ਮੈਂ ਖੰਡਨ ਕਰਦਾ ਰਹਿ ਗਿਆ ਕਿ ਮੈਂ ਉਨ੍ਹਾਂ ਨੂੰ ਦੁਰਗਾ ਨਹੀਂ ਕਿਹਾ।"

"ਫਿਰ ਇਸ ਬਾਰੇ ਵੱਡੀ ਖੋਜ ਹੋਈ। ਸ਼੍ਰੀਮਤੀ ਪੁਪੁਲ ਜੈਕਾਰ ਨੇ ਇੰਦਰਾ ਜੀ ਬਾਰੇ ਇੱਕ ਕਿਤਾਬ ਲਿਖੀ ਅਤੇ ਉਸ ਕਿਤਾਬ ਵਿੱਚ ਉਹ ਇਸ ਬਾਰੇ ਦੱਸਣਾ ਚਾਹੁੰਦੀ ਸੀ ਕਿ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਕਿਹਾ ਹੈ।"

"ਉਹ ਮੇਰੇ ਕੋਲ ਆਈ। ਮੈਂ ਕਿਹਾ ਕਿ ਮੈਂ ਅਜਿਹਾ ਨਹੀਂ ਕਿਹਾ ਹੈ। ਮੇਰੇ ਨਾਂ ਨਾਲ ਛਾਪਿਆ ਜ਼ਰੂਰ ਗਿਆ ਸੀ। ਤਾਂ ਫਿਰ ਉਨ੍ਹਾਂ ਨੇ ਲਾਈਬ੍ਰੇਰੀ ਜਾ ਕੇ ਸਾਰੀਆਂ ਕਿਤਾਬਾਂ ਫਲੋਰੀਆਂ ਸਨ। ਸਾਰੀਆਂ ਕਾਰਵਾਈਆਂ ਵੀ ਵੇਖੀਆਂ ਸਨ।"

"ਪਰ ਉਸ ਵਿੱਚ ਕਿਤੇ ਦੁਰਗਾ ਨਹੀਂ ਮਿਲੀ। ਹੁਣ ਵੀ ਦੁਰਗਾ ਮੇਰੇ ਪਿੱਛੇ ਹੈ, ਜਿਵੇਂ ਤੁਹਾਡੇ ਸਵਾਲ ਤੋਂ ਲਗਦਾ ਹੈ।"

ਆਰਐੱਸਐੱਸ ਤੇ ਦੁਰਗਾ

2019 ਦੀਆਂ ਲੋਕ ਸਭਾ ਚੋਣਾਂ ਲਈ ਗਠਜੋੜ ਤਿਆਰ ਕਰਵਾਉਣ ਦੀ ਪ੍ਰਕਿਰਿਆ ਦੌਰਾਨ ਸ਼ਤਰੂਘਨ ਸਿਨਹਾ ਵਰਗਾ ਬਿਆਨ ਸੀਪੀਆਈ ਨੇਤਾ ਸੀਤਾਰਾਮ ਯੇਚੁਰੀ ਨੇ ਵੀ ਦਿੱਤਾ ਸੀ।

ਦਿੱਲੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਪ੍ਰਬੰਧਿਤ ਵਿਰੋਧੀਆਂ ਦੀ ਮਹਾਂਗਠਬੰਧਨ ਰੈਲੀ ਵਿੱਚ ਸੀਪੀਆਈ ਨੇਤਾ ਨੇ ਕਿਹਾ ਸੀ ਕਿ, "ਆਰਐੱਸਐੱਸ ਨੇ ਅਤੇ ਭਾਜਪਾ ਦੇ ਨੇਤਾ ਅਟਲ ਬਿਹਾਰੀ ਵਾਜਪਈ ਨੇ ਇੰਦਰਾ ਗਾਂਧੀ ਨੂੰ 'ਦੁਰਗਾ' ਕਿਹਾ ਸੀ।"

ਯੇਚੁਰੀ ਦੇ ਇਸ ਬਿਆਨ ਬਾਰੇ ਬੀਬੀਸੀ ਨੇ ਆਰਐੱਸਐੱਸ ਦੇ ਜਾਣਕਾਰ ਅਤੇ ਸੰਘ ਦੇ ਮੁੱਖ ਪੱਤਰ ਦੇ ਐਡੀਟਰ ਪ੍ਰਫੁੱਲ ਕੇਤਕਰ ਨਾਲ ਗੱਲਬਾਤ ਕੀਤੀ।

ਕੇਤਕਰ ਨੇ ਸੀਤਾਰਾਮ ਯੇਚੁਰੀ ਦੇ ਬਿਆਨ ਦਾ ਖੰਡਨ ਕੀਤਾ।

ਉਨ੍ਹਾਂ ਨੇ ਕਿਹਾ, "ਆਰਐੱਸਐੱਸ ਨੇ ਕਦੇ ਵੀ ਇੰਦਰਾ ਗਾਂਧੀ ਨੂੰ ਦੁਰਗਾ ਦਾ ਰੂਪ ਨਹੀਂ ਕਿਹਾ ਹੈ।"

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)