ਵਿਆਹਾਂ ਦੇ ਬਹਾਨੇ ਵਾਰ ਵਾਰ ਵੇਚੀਆਂ ਜਾ ਰਹੀਆਂ ਨੇ ਕੁੜੀਆਂ

ਮਨੁੱਖੀ ਤਸਕਰੀ Image copyright Seetu Tewari
ਫੋਟੋ ਕੈਪਸ਼ਨ ਰਾਬੀਆ ਦੀ ਤਸਵੀਰ

"ਯੂਪੀ ਦੇ ਲੋਕ ਜੁਆ ਖੇਡਦੇ ਹਨ, ਸ਼ਰਾਬ ਪੀਂਦੇ ਹਨ ਅਤੇ ਦੂਜਾ-ਤੀਜਾ ਵਿਆਹ ਕਰਵਾਉਣ ਵਿੱਚ ਬਿਲਕੁਲ ਵੀ ਨਹੀਂ ਝਿਜਕਦੇ।"

ਇਹ ਕਹਿੰਦੇ ਹੋਏ ਗੁੱਸੇ ਨਾਲ ਭਰੀ ਰਾਬੀਆ ਰੋਣ ਲਗਦੀ ਹੈ। ਜਿਵੇਂ ਉਸਦਾ ਕੋਈ ਪੁਰਾਣਾ ਜ਼ਖਮ ਤਾਜ਼ਾ ਹੋ ਗਿਆ ਹੋਵੇ।

ਤਿੰਨ ਬੱਚਿਆਂ ਦੀ ਮਾਂ ਰਾਬੀਆ ਨੂੰ ਨਹੀਂ ਪਤਾ ਕਿ ਉਸਦਾ ਵਿਆਹ ਉੱਤਰ ਪ੍ਰਦੇਸ਼ ਵਿੱਚ ਕਿੱਥੇ ਅਤੇ ਕਿਸ ਸਾਲ ਵਿੱਚ ਹੋਇਆ ਸੀ। ਬਸ ਇੰਨਾ ਜਾਣਦੀ ਹੈ ਕਿ ਉਸਦੇ ਪਤੀ ਦਾ ਘਰ ਕਿਸੇ ਜਨਾਨਾ ਹਸਪਤਾਲ ਦੇ ਨੇੜੇ ਸੀ।

ਰਾਬੀਆ ਦੀ ਮਾਸੀ ਨੇ ਵਿਆਹ ਦੇ ਨਾਂ 'ਤੇ ਉਸ ਨੂੰ ਕਿਸੇ ਦਲਾਲ ਨੂੰ ਵੇਚ ਦਿੱਤਾ ਸੀ।

ਰਾਬੀਆ ਨੇ ਦੱਸਿਆ, ''ਮੇਰਾ ਵਿਆਹ ਝੂਠ ਬੋਲ ਕੇ ਕਰਾਇਆ ਗਿਆ ਸੀ। ਕਿਹਾ ਗਿਆ ਸੀ ਕਿ ਮੁੰਡੇ ਦਾ ਆਪਣਾ ਘਰ ਹੈ, ਅਖਬਾਰ ਵਿੱਚ ਨੌਕਰੀ ਕਰਦਾ ਹੈ ਪਰ ਉਹ ਰਿਕਸ਼ਾ ਚਲਾਉਂਦਾ ਤੇ ਝੁੱਗੀ ਵਿੱਚ ਰਹਿੰਦਾ ਸੀ।''

''ਉਹ ਬਹੁਤ ਮਾਰਦਾ ਸੀ, ਖਾਣੇ ਵਿੱਚ ਮਿੱਟੀ ਪਾ ਦਿੰਦਾ ਸੀ, ਦੂਜਿਆਂ ਨਾਲ ਸੌਣ ਲਈ ਕਹਿੰਦਾ ਸੀ ਤੇ ਬੱਚਿਆਂ ਨੂੰ ਬੀੜੀ ਨਾਲ ਜਲਾਉਂਦਾ ਸੀ।'' ਅਸੀਂ ਕਟਿਹਾਰ ਭੱਜ ਆਏ। ਇੱਥੇ ਮਾਪਿਆਂ ਦੇ ਮੇਹਨੇ ਸੁਣਦੇ ਹਾਂ ਜੀਅ ਤਾਂ ਰਹੇ ਹਾਂ।''

ਇਹ ਵੀ ਪੜ੍ਹੋ:

ਰਾਬੀਆ ਦੇ ਘਰ ਤੋਂ ਕੁਝ ਕਿਲੋਮੀਟਰ ਦੂਰ ਰਹਿਣ ਵਾਲੀ ਸੋਨਮ ਵੀ ਪਤੀ ਦੇ ਘਰ ਤੋਂ ਭੱਜ ਆਈ ਸੀ।

ਪਿੰਡ ਵਿੱਚ ਇੱਕ ਛੋਟੀ ਕਰਿਆਨੇ ਦੀ ਦੁਕਾਨ ਹੁਣ ਉਸਦਾ ਸਹਾਰਾ ਹੈ। ਸੋਨਮ ਦੇ ਗੁਆਂਢੀਆਂ ਨੇ ਹੀ ਉਸਨੂੰ ਵੇਚ ਦਿੱਤਾ ਸੀ।

ਪਹਿਲਾਂ ਟਰੇਨ ਤੇ ਫਿਰ ਬੱਸ 'ਚ ਉਸਦਾ ਲਾੜਾ ਉਸ ਨੂੰ ਯੂਪੀ ਲੈ ਗਿਆ ਸੀ। ਉਸ ਨੇ ਪਹਿਲੀ ਵਾਰ ਇੰਨਾ ਲੰਮਾ ਸਫ਼ਰ ਕੀਤਾ ਸੀ, ਨਾਲ ਹੀ ਉਸਦੀਆਂ ਅੱਖਾਂ ਨੇ ਵੀ ਸੁੱਖ ਨਾਲ ਭਰੀ ਜ਼ਿੰਦਗੀ ਦੇ ਕਈ ਸੁਪਨੇ ਵੇਖ ਲਏ ਸਨ।

ਪਰ ਅਸਲੀਅਤ ਕੁਝ ਹੋਰ ਹੀ ਸੀ। ਸੋਨਮ ਨੇ ਦੱਸਿਆ, ''ਪਤੀ ਦੂਜੇ ਮਰਦਾਂ ਨਾਲ ਸੌਣ ਲਈ ਕਹਿੰਦਾ ਸੀ। ਨਾ ਜਾਣ 'ਤੇ ਮਾਰਦਾ ਸੀ ਤੇ ਕਹਿੰਦਾ ਸੀ ਕਿ ਮੈਨੂੰ ਵੇਚ ਕੇ ਦੂਜਾ ਵਿਆਹ ਕਰਾ ਲਵੇਗਾ।''

ਸੋਨਮ ਕੋਲ੍ਹ ਹੁਣ ਉਸਦੇ ਬੱਚੇ ਹਨ ਅਤੇ ਉਸਦੇ ਸਰੀਰ 'ਤੇ ਕਈ ਨਿਸ਼ਾਨ ਜੋ ਉਸਦੇ ਪਤੀ ਨੇ ਦਿੱਤੇ ਹਨ।

Image copyright Seetu Tewari
ਫੋਟੋ ਕੈਪਸ਼ਨ ਆਪਣੀ ਧੀ ਨਾਮ ਸੋਨਮ

26 ਸਾਲ ਦੀ ਆਰਤੀ ਦੀ ਵੀ ਇਹੀ ਕਹਾਣੀ ਹੈ। ਆਰਤੀ ਮਾਨਸਿਕ ਤੌਰ 'ਤੇ ਬੀਮਾਰ ਹੈ, ਉਸਦੇ ਵਿਆਹ ਲਈ ਤਿੰਨ ਦਲਾਲ ਆਏ ਸੀ, ਜਿਨ੍ਹਾਂ ਨੇ ਆਰਤੀ ਦੀ ਮਾਂ ਨੂੰ ਮੁੰਡੇ ਬਾਰੇ ਦੱਸਿਆ ਸੀ।

ਆਰਤੀ ਦੀ ਮਾਂ ਨੇ ਕਿਹਾ, ''ਰਾਤ-ਰਾਤ 'ਚ ਵਿਆਹ ਹੋ ਗਿਆ। ਨਾ ਹੀ ਕੋਈ ਪੰਡਿਤ ਸੀ ਅਤੇ ਨਾ ਹੀ ਪਿੰਡ ਦਾ ਕੋਈ ਹੋਰ ਸ਼ਖਸ।''

''ਪੁਰਾਣੇ ਕੱਪੜਿਆਂ 'ਚ ਹੀ ਵਿਆਹ ਕਰਾ ਕੇ ਲੈ ਗਏ। ਬਾਅਦ 'ਚ ਪਤਾ ਲੱਗਿਆ ਕਿ ਧੀ ਨੂੰ ਬਹੁਤ ਮਾਰਦਾ ਹੈ, ਇਸ ਲਈ ਉਸ ਨੂੰ ਵਾਪਸ ਲੈ ਆਏ।'

ਰਾਬੀਆ, ਸੋਨਮ ਅਤੇ ਅਜਿਹੀ ਕਈ ਹੋਰ ਪੀੜਤਾਂ ਨੂੰ ਨਹੀਂ ਪਤਾ ਕਿ ਯੂਪੀ ਵਿੱਚ ਉਨ੍ਹਾਂ ਦਾ ਵਿਆਹ ਕਿੱਥੇ ਹੋਇਆ ਸੀ।

ਸੀਮਾਂਚਲ ਵਿੱਚ 'ਬ੍ਰਾਈਡ ਟ੍ਰੈਫਿਕਿੰਗ'

ਬਿਹਾਰ ਵਿੱਚ 'ਬ੍ਰਾਈਡ ਟ੍ਰੈਫੀਕਿੰਗ' ਯਾਨੀ ਕਿ ਝੂਠਾ ਵਿਆਹ ਕਰਕੇ ਮਨੁੱਖਾਂ ਦੀ ਤਸਕਰੀ ਕਰਨ ਦੇ ਮਾਮਲੇ ਆਮ ਹਨ। ਖਾਸ ਕਰ ਕੇ ਸੀਮਾਂਚਲ ਯਾਨੀ ਕਿ ਪੂਰਨੀਆ, ਕਟਿਹਾਰ, ਕਿਸ਼ਨਗੰਜ ਤੇ ਅਰਰਿਆ ਦੇ ਪੇਂਡੂ ਇਲਾਕਿਆਂ ਵਿੱਚ।

ਇੱਥੇ ਗਰੀਬੀ ਕਾਰਨ ਕੁੜੀਆਂ ਨੂੰ ਵਿਆਹ ਦੇ ਨਾਂ 'ਤੇ ਵੇਚ ਦਿੱਤਾ ਜਾਂਦਾ ਹੈ।

ਸ਼ਿਲਪੀ ਸਿੰਘ ਪਿਛਲੇ 16 ਸਾਲਾਂ ਤੋਂ ਇਲਾਕੇ ਵਿੱਚ ਤਸਕਰੀ 'ਤੇ ਕੰਮ ਕਰ ਰਹੀ ਹਨ।

ਉਨ੍ਹਾਂ ਦੀ ਸੰਸਥਾ 'ਭੂਮਿਕਾ ਵਿਹਾਰ' ਨੇ ਸਾਲ 2016-17 ਵਿੱਚ ਕਟਿਹਾਰ ਤੇ ਅਰਰਿਆ ਦੇ 10,000 ਪਰਿਵਾਰਾਂ ਵਿੱਚ ਇੱਕ ਸਰਵੇਅ ਕੀਤਾ ਸੀ। ਜਿਸ ਵਿੱਚੋਂ 142 ਮਾਮਲਿਆਂ 'ਚ ਦਲਾਲ ਰਾਹੀਂ ਵਿਆਹ ਕੀਤੇ ਗਏ ਸੀ।

ਇਹ ਵੀ ਪੜ੍ਹੋ:

ਅਜਿਹੇ ਵਿਆਹ ਸਭ ਤੋਂ ਵੱਧ ਯੂਪੀ ਵਿੱਚ ਹੁੰਦੇ ਹਨ। ਇਸ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਦਿੱਲੀ ਤੇ ਪੰਜਾਬ ਵਿੱਚ ਵੀ 'ਬ੍ਰਾਈਡ ਟ੍ਰੈਫਿਕਿੰਗ' ਦੇ ਕੇਂਦਰ ਹਨ।

ਸ਼ਿਲਪੀ ਨੇ ਦੱਸਿਆ, ''ਇੱਥੇ ਦਲਾਲ ਸਲੀਪਰ ਸੈਲ ਵਾਂਗ ਕੰਮ ਕਰਦੇ ਹਨ ਅਤੇ ਲਗਾਤਾਰ ਸ਼ਿਕਾਰ 'ਤੇ ਨਜ਼ਰ ਰੱਖਦੇ ਹਨ।''

''ਜਦੋਂ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ ਪਰਿਵਾਰ ਮੁਸ਼ਕਲ ਵਿੱਚ ਹੈ ਤਾਂ ਕਿਸੇ ਰਿਸ਼ਤੇਦਾਰ ਨੂੰ ਪੈਸੇ ਦੇ ਕੇ ਝੂਠਾ ਵਿਆਹ ਕਰਾ ਦਿੰਦੇ ਹਨ। ਬਾਅਦ 'ਚ ਕੁੜੀ ਕਿੱਥੇ ਗਈ, ਕਿਸੇ ਨੂੰ ਪਤਾ ਨਹੀਂ ਲਗਦਾ।''

ਬਿਹਾਰ ਰਾਹੀਂ ਦੇਹ ਵਪਾਰ, ਮਨੁੱਖੀ ਅੰਗ ਤੇ ਝੂਠੇ ਵਿਆਹ ਲਈ ਮਨੁੱਖੀ ਤਸਕਰੀ ਹੁੰਦੀ ਹੈ।

Image copyright Seetu Tewari
ਫੋਟੋ ਕੈਪਸ਼ਨ ਸ਼ਿਲਪੀ ਸਿੰਘ ਪਿਛਲੇ 16 ਸਾਲਾਂ ਤੋਂ ਇਸ ਇਲਾਕੇ ਵਿੱਚ ਕੰਮ ਕਰ ਰਹੀ ਹਨ

ਪਿਛਲੇ ਦਸ ਸਾਲਾਂ ਵਿੱਚ ਪੁਲਿਸ ਨੇ ਮਨੁੱਖੀ ਤਸਕਰੀ ਦੇ 753 ਮਾਮਲੇ ਦਰਜ ਕੀਤੇ ਹਨ। 2274 ਮਨੁੱਖੀ ਤਸਕਰਾਂ ਦੀ ਗ੍ਰਿਫ਼ਤਾਰੀ ਹੋਈ ਤੇ 1049 ਔਰਤਾਂ ਤੇ 2314 ਮਰਦਾਂ ਨੂੰ ਮੁਕਤ ਕਰਵਾਇਆ ਗਿਆ।

ਅਪਰਾਧ ਰਿਸਰਚ ਵਿਭਾਗ ਦੇ ਅਪਰ ਪੁਲਿਸ ਡਾਇਰੈਕਟਰ ਜਰਨਲ ਵਿਨੇ ਕੁਮਾਰ ਨੇ ਕਿਹਾ, ''ਘੱਟ ਲਿੰਗ ਅਨੁਪਾਤ ਵਾਲੇ ਇਲਾਕਿਆਂ ਵਿੱਚ ਵਿਆਹ ਦੇ ਨਾਂ 'ਤੇ ਕੁੜੀਆਂ ਦੀ ਤਸਕਰੀ ਲਈ ਗੈਂਗ ਕੰਮ ਕਰਦੇ ਹਨ।''

''ਇਹ ਗੈਂਗ ਮਾਪਿਆਂ ਨੂੰ ਲਾਲਚ ਦਿੰਦੇ ਹਨ ਅਤੇ ਪੈਸੇ ਲਈ ਮਾਪੇ ਮੰਨ ਜਾਂਦੇ ਹਨ। ਬਾਅਦ 'ਚ ਕਈ ਕੁੜੀਆਂ ਦੀ ਰੀ-ਟ੍ਰੈਫੀਕਿੰਗ ਵੀ ਹੋ ਜਾਂਦੀ ਹੈ। ਇਹ ਸਾਰਾ ਕੁਝ ਡਿਮਾਂਡ ਤੇ ਸਪਲਾਈ 'ਤੇ ਨਿਰਭਰ ਕਰਦਾ ਹੈ।''

ਬਿਹਾਰ ਦਾ ਲਿੰਗ ਅਨੁਪਾਤ 918 ਹੈ ਜਦਕਿ ਸੀਮਾਂਚਲ ਦਾ 927. ਇਹੀ ਵਜ੍ਹਾ ਹੈ ਘੱਟ ਲਿੰਗ ਅਨੁਪਾਤ ਵਾਲੇ ਸੂਬਿਆਂ ਵਿੱਚ ਸੀਮਾਂਚਲ ਦੀਆਂ ਕੁੜੀਆਂ ਸੌਖਾ ਸ਼ਿਕਾਰ ਹਨ।

ਵਾਰ ਵਾਰ ਵਿਕਦੀਆਂ ਹਨ ਕੁੜੀਆਂ

ਮਜ਼ਦੂਰ ਘੋਲੀ ਦੇਵੀ ਦੀ ਨਣਦ ਵੀ ਵਾਰ ਵਾਰ ਵੇਚੇ ਜਾਣ ਦੇ ਵਰਤਾਰੇ ਦਾ ਸ਼ਿਕਾਰ ਹੋਈ ਹੈ।

ਘੋਲੀ ਦੇਵੀ ਨੇ ਦੱਸਿਆ, ''ਨੰਣਦ 'ਸਾਫ਼' ਰੰਗ ਦੀ ਸੀ। ਇੱਕ ਦਿਨ ਦਲਾਲ ਸੁੰਦਰ ਜਿਹੇ ਲਾੜੇ ਨਾਲ ਆਇਆ ਤੇ ਨਣਦ ਨੂੰ ਲੈ ਗਿਆ।''

''ਬਾਅਦ 'ਚ ਮੇਰੀ ਸੱਸ ਨੇ 6000 ਰੁਪਏ ਖਰਚ ਕੇ ਦੋ ਵਾਰ ਨਣਦ ਦਾ ਪਤਾ ਲੱਭਿਆ ਪਰ ਪਤਾ ਲੱਗਿਆ ਕਿ ਉਹ ਵਿੱਕ ਚੁੱਕੀ ਸੀ। ਮੇਰੀ ਸੱਸ ਇਸ ਦੁੱਖ ਵਿੱਚ ਹੀ ਮਰ ਗਈ।''

ਘੋਲੀ ਦੇਵੀ ਵਰਗੇ ਕਈ ਪਰਿਵਾਰ ਸਾਲਾਂ ਤੋਂ ਆਪਣੀਆਂ ਬੇਟੀਆਂ ਦੀ ਖ਼ਬਰ ਦਾ ਇੰਤਜ਼ਾਰ ਕਰ ਰਹੇ ਹਨ।

Image copyright Seetu Tewari
ਫੋਟੋ ਕੈਪਸ਼ਨ ਵਿਆਹ ਰਾਹੀਂ ਹੋਣ ਵਾਲੀ ਮਨੁੱਖੀ ਤਸਕਰੀ ਨੂੰ ਦਰਸਾਉਂਦੀ ਪੇਂਟਿੰਗ

ਭਾਜਪਾ ਨੇਤਾ ਕਿਰਨ ਘਈ ਬਿਹਾਰ ਵਿਧਾਨ ਪਰਿਸ਼ਦ ਬਾਲ ਵਿਕਾਸ ਮਹਿਲਾ ਸਸ਼ਕਤੀਕਰਨ ਸੰਮਤੀ ਦੀ ਪ੍ਰਧਾਨ ਰਹੀ ਹੈ।

ਉਹ ਮੰਨਦੀ ਹਨ ਕਿ ਟ੍ਰੈਫੀਕਿੰਗ ਦਾ ਮੁੱਦਾ ਸਿਆਸੀ ਦਲਾਂ ਲਈ ਅਹਿਮੀਅਤ ਨਹੀਂ ਰੱਖਦਾ।

ਉਨ੍ਹਾਂ ਕਿਹਾ, ''ਸੰਮਤੀ ਦੀ ਪ੍ਰਧਾਨ ਰਹਿੰਦੀਆਂ ਮੇਰਾ ਤਜਰਬਾ ਹੈ ਕਿ ਆਗੂ 'ਟ੍ਰੈਫੀਕਿੰਗ' ਨੂੰ 'ਟ੍ਰੈਫਿਕ ਵਿਵਸਥਾ' ਨਾਲ ਜੋੜ ਦਿੰਦੇ ਸੀ।''

''ਇਹ ਸਮਾਜਕ ਮੁੱਦੇ ਸਿਅਸੀ ਏਜੰਡੇ ਵਿੱਚ ਬਦਲਣ, ਇਸ ਲਈ ਸੰਵੇਦਨਸ਼ੀਲਤਾ ਦੀ ਲੋੜ ਹੈ, ਜੋ ਫਿਲਹਾਲ ਨਹੀਂ ਦਿੱਸਦੀ।''

ਉਮੀਦ ਵੀ ਹੈ...

ਅੱਠਵੀਂ 'ਚ ਪੜ੍ਹਣ ਵਾਲੀ ਰੀਤਾ 15 ਸਾਲ ਦੀ ਸੀ, ਜਦ ਗਈਸਾ ਦੇਵੀ ਨਾਂ ਦੀ ਦਲਾਲ ਨੇ ਆਪਣੇ ਸਾਥੀਆਂ ਨਾਲ ਮਿੱਲ ਕੇ ਜ਼ਬਰਦਸਤੀ ਉਸਦਾ ਵਿਆਹ ਕਰਵਾ ਦਿੱਤਾ ਸੀ।

ਰੀਤਾ ਤਿੰਨ ਮਹੀਨਿਆਂ ਬਾਅਦ ਭੱਜ ਆਈ ਤੇ ਫਿਰ ਤੋਂ ਪੜ੍ਹਾਈ ਸ਼ੁਰੂ ਕਰ ਦਿੱਤੀ।

ਰੀਤਾ ਨੇ ਕਿਹਾ, ''ਪੜ੍ਹਦੀ-ਲਿਖਦੀ ਹਾਂ ਤੇ ਆਪਣੀਆਂ ਸਹੇਲੀਆਂ ਨੂੰ ਦੱਸਦੀ ਹਾਂ ਕਿ ਦਲਾਲ ਦੇ ਚੱਕਰ 'ਚ ਵਿਆਹ ਨਾ ਕਰਵਾਉਣਾ।''

ਸੀਮਾਂਚਲ ਦੇ ਇਲਾਕੇ ਵਿੱਚ ਰੀਤਾ ਵਰਗੀਆਂ ਕਈ ਕੁੜੀਆਂ ਨੇ ਇਸ ਵਾਰ ਇੰਟਰਮੀਡੀਏਟ ਦੀ ਪ੍ਰੀਖਿਆ ਪਹਿਲੀ ਡਿਵੀਜ਼ਨ ਤੋਂ ਪਾਸ ਕੀਤੀ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)