ਜਲ੍ਹਿਆਂਵਾਲਾ ਬਾਗ : ਹਰਸਿਮਰਤ ਬਾਦਲ ਨੂੰ ਕੈਪਟਨ ਅਮਰਿੰਦਰ ਨੇ ਕਿਉਂ ਦਿੱਤੀ ਇਤਿਹਾਸ ਪੜ੍ਹਨ ਦੀ ਨਸੀਹਤ

ਕੈਪਟਨ ਅਤੇ ਹਰਸਿਮਰਤ Image copyright Getty Images

ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਹਰਸਿਮਰਤ ਬਾਦਲ ਨੂੰ ਪੁੱਛਿਆ ਕਿ ਕੀ ਤੁਸੀਂ ਜਨਰਲ ਡਾਇਰ ਅਤੇ ਮਾਈਕਰਲ ਓਡਵਾਇਰ ਵਿਚਾਲੇ ਫਰਕ ਨਹੀਂ ਦੇਖ ਸਕਦੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਵਿਚਾਲੇ ਚੱਲ ਰਹੀ ਟਵਿੱਟਰ ਜੰਗ ਦੌਰਾਨ ਕੈਪਟਨ ਦੇ ਇੱਕ ਟਵੀਟ ਦਾ ਜਵਾਬ ਦਿੰਦਿਆਂ ਹਰਸਿਮਰਤ ਬਾਦਲ ਜਨਰਲ ਡਾਇਰ ਦੀ ਤਸਵੀਰ ਦੀ ਥਾਂ ਮਾਈਕਲ ਓਡਵਾਇਰ ਦੀ ਤਸਵੀਰ ਸਾਂਝੀ ਕਰ ਦਿੱਤੀ।

ਹਰਸਿਮਰਤ ਬਾਦਲ ਨੇ ਟਵੀਟ ਵਿੱਚ ਇੱਕ ਤਸਵੀਰ ਸਾਂਝੀ ਕੀਤੀ, ਜਿਸ 'ਤੇ ਲਿਖਿਆ ਹੈ, 'ਜਲ੍ਹਿਆਂਵਾਲੇ ਬਾਗ਼ ਕਾਂਡ ਦੇ ਮੁੱਖ ਦੋਸ਼ੀ ਜਨਰਲ ਡਾਇਰ ਨੂੰ ਮਿਲ ਕੇ ਇਸ ਖ਼ੂਨੀ ਸਾਕੇ ਦੀ ਵਧਾਈ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਰਾਜਾ ਭੁਪਿੰਦਰ ਸਿੰਘ।'

ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਜਵਾਬ ਇਸ ਦਾ ਜਵਾਬ ਦਿੰਦਿਆ ਟਵੀਟ ਕੀਤਾ।

ਉਨ੍ਹਾਂ ਲਿਖਿਆ, "ਹੈਰਾਨੀ ਹੁੰਦੀ ਹੈ ਕਿ ਕੋਈ ਕਿੰਨਾ ਮੂਰਖ਼ ਹੋ ਸਕਦਾ ਹੈ। @HarsimratBadalkr ਕੀ ਤੁਸੀਂ ਜਨਰਲ ਡਾਇਰ ਅਤੇ ਉਸ ਵੇਲੇ ਪੰਜਾਬ ਲੈਫਟੀਨੈਂਟ ਜਨਰਲ ਮਾਈਕਲ ਓਡਵਾਇਰ ਵਿਚਾਲੇ ਪਰਕ ਨਹੀਂ ਦੇਖ ਸਕਦੇ। ਕੀ ਤੁਸੀਂ ਇੰਨੇ ਨਿਰਾਸ਼ ਹੋ ਕੇ ਜਿੱਤਣ ਲਈ ਕਿਸੇ ਗ਼ਲਤ ਜਾਣਕਾਰੀ ਨੂੰ ਫੈਲਾਓਗੇ।"

ਦਰਅਸਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨਾਲ ਜਲ੍ਹਿਆਂਵਾਲਾ ਬਾਗ਼ ਸਾਕੇ ਦੀ 100ਵੀਂ ਵਰ੍ਹੇਗੰਢ ਮੌਕੇ ਅੰਮ੍ਰਿਤਸਰ ਪਹੁੰਚੇ।

ਮੁੱਖ ਮੰਤਰੀ ਉਨ੍ਹਾਂ ਨੂੰ ਅਕਾਲ ਤਖ਼ਤ ਵੀ ਲੈ ਕੇ ਗਏ।

ਇਸ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਟਵੀਟ ਕੀਤਾ ਅਤੇ ਉਨ੍ਹਾਂ ਨੂੰ ਅਕਾਲ ਤਖ਼ਤ ਢਾਹੁਣ ਵਾਲੀ ਪਾਰਟੀ ਦਾ ਸਾਥ ਦੇਣ ਲਈ ਘੇਰਿਆ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਲਿਖਿਆ, "ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੁਲ ਗਾਂਧੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਲੈ ਕੇ ਗਏ ਪਰ ਉਨ੍ਹਾਂ ਤੋਂ ਇਨੀਂ ਹਿੰਮਤ ਨਹੀਂ ਹੋਈ ਕਿ ਉਹ ਰਾਹੁਲ ਗਾਂਧੀ ਨੂੰ ਸਿੱਖਾਂ ਦਾ ਸਰਬਉੱਚ ਧਾਰਮਿਕ ਸਥਾਨ, ਟੈਂਕਾਂ ਤੇ ਤੋਪਾਂ ਨਾਲ ਢਾਹੁਣ ਲਈ ਮਾਫੀ ਮੰਗਣ ਲਈ ਕਹਿਣ। ਇਹ ਉਨ੍ਹਾਂ ਵੱਲੋਂ ਜਲ੍ਹਿਆਂਵਾਲੇ ਬਾਗ ਲਈ ਬਰਤਾਨੀਆ ਤੋਂ ਮਾਫੀ ਦੀ ਮੰਗ ਕਰਨ ਦੇ ਕਿੰਨਾ ਉਲਟ ਹੈ!"

ਕੈਪਟਨ ਅਮਰਿੰਦਰ ਸਿੰਘ ਨੇ ਵੀ ਹਰਸਿਮਰਤ ਕੌਰ ਉੱਤੇ ਮੋੜਵਾਂ ਟਵੀਟ ਕੀਤਾ।

ਉਨ੍ਹਾਂ ਲਿਖਿਆ, "ਕੀ ਤੁਹਾਡੇ ਪਤੀ ਸੁਖਬੀਰ ਸਿੰਘ ਬਾਦਲ ਜਾਂ ਉਨ੍ਹਾਂ ਦੇ ਪਿਤਾ, ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਤੁਹਾਡੇ ਪੜਦਾਦੇ ਸੁੰਦਰ ਸਿੰਘ ਮਜੀਠੀਆ ਵੱਲੋਂ ਜਲ੍ਹਿਆਂਵਾਲੇ ਬਾਗ ਕਤਲੇਆਮ ਦੇ ਦਿਨ ਜਰਨਲ ਡਾਇਰ ਨੂੰ ਦਿੱਤੇ ਪ੍ਰੀਤੀ ਭੋਜ ਲਈ ਮਾਫ਼ੀ ਮੰਗੀ ਹੈ? ਜਿਨ੍ਹਾਂ ਨੂੰ ਆਪਣੀਆਂ ਸੇਵਾਵਾਂ ਬਦਲੇ 1926 ਵਿੱਚ ਨਾਈਟਹੂਡ ਦਿੱਤੀ ਗਈ ਸੀ।"

ਹਰਸਿਮਰਤ ਅਤੇ ਅਮਰਿੰਦਰ ਦੇ ਇਨ੍ਹਾਂ ਟਵੀਟਾਂ ਤੋਂ ਬਾਅਦ ਉਨ੍ਹਾਂ ਦੇ ਪੱਖੀਆਂ ਅਤੇ ਵਿਰੋਧੀਆਂ ਨੇ ਵੀ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਕਪਿਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਦੀ ਇੱਕ ਪੁਰਾਣੀ ਤਸਵੀਰ ਪੋਸਟ ਕੀਤੀ ਅਤੇ ਲਿਖਿਆ ਕਿ ਅਕਾਲੀ ਤੇ ਕਾਂਗਰਸੀ ਦੋਵੇਂ ਹੀ ਪੰਜਾਬੀਆਂ ਨੂੰ ਬੇਵਕੂਫ਼ ਬਣਾ ਰਹੇ ਹਨ।

ਸਿਟੀਜ਼ਨ ਪ੍ਰਭਾਤ ਮੋਹੰਤੀ ਨੇ ਲਿਖਿਆ "ਮੈਂ ਹੈਰਾਨ ਸੀ ਕੀ ਬਾਦਲ ਅਤੇ ਭਾਜਪਾ ਕੁਦਰਤੀ ਸਾਂਝੇਦਾਰ ਹਨ ਪਰ ਇਸਦਾ ਤਾਂ ਲੰਬਾ ਇਤਿਹਾਸ ਹੈ!!!"

ਵਰਿੰਦਰ ਐੱਸ ਬਰਾੜ ਨੇ ਲਿਖਿਆ, "ਮੈਡਮ ਤੁਸੀਂ ਬਠਿੰਡਾ ਲੋਕ ਸਭਾ ਸੀਟ ਤੋਂ ਖੜ੍ਹੇ ਹੋਣ ਲਈ ਲੋਕਾਂ ਨੂੰ ਚੁਣੌਤੀਆਂ ਦਿੰਦੇ ਹੋ ਪਰ ਪਹਿਲਾਂ ਆਪਣਾ ਐਲਾਨ ਤਾਂ ਕਰਵਾ ਲਵੋ। ਘਰ ਦੀ ਪਾਰਟੀ ਘਰ ਵਾਲਾ ਪ੍ਰਧਾਨ ਫੇਰ ਵੀ ਬਠਿੰਡਾ ਤੋਂ ਤੁਹਾਡਾ ਨਾਮ ਘੋਸ਼ਿਤ ਕਰਨ ਤੋਂ ਕਿਉਂ ਹੋ ਰਹੇ ਪ੍ਰੇਸ਼ਾਨ"

ਉੱਥੇ ਹੀ ਚੌਕੀਦਾਰ ਮੋਡੀਫਾਈਡ ਨਾਂ ਦੇ ਟਵਿੱਟਰ ਹੈਂਡਲ ਨੇ ਹਰਸਿਮਰਤ ਦੇ ਹੱਕ ਵਿੱਚ ਲਿਖਿਆ, "ਕੈਪਟਨ ਨੇ ਅਜਿਹੇ ਵਿਅਕਤੀ ਨੂੰ ਜਿਸ ਦੇ ਪਰਿਵਾਰ ਉੱਪਰ ਹਜ਼ਾਰਾਂ ਸਿੱਖਾਂ ਦੇ ਖੂਨ ਦੇ ਧੱਬੇ ਹਨ ਨੂੰ ਅਕਾਲ ਤਖ਼ਤ ਲਿਜਾ ਕੇ ਸਾਰੇ ਸਿੱਖਾਂ ਦੀ ਬੇਇੱਜਤੀ ਕਰਵਾਈ ਹੈ। ਰਾਹੁਲ ਗਾਂਧੀ ਦੇ ਅਕਾਲ ਤਖ਼ਤ 'ਤੇ ਜਾਣ ਨਾਲ ਅਕਾਲ ਤਖ਼ਤ ਅਪਵਿੱਤਰ ਹੋ ਗਿਆ ਹੈ, ਜਿਸ ਦੀ ਦਾਦੀ ਨੇ ਉੱਥੇ ਟੈਂਕ ਵਾੜੇ ਸਨ।"

ਨਵਜੋਤ ਸਿੰਘ ਸਿੱਧੂ ਦਾ ਮੋਦੀ 'ਤੇ ਨਿਸ਼ਾਨਾ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ।

ਸਿੱਧੂ ਨੇ ਕਿਹਾ, "ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰਸਟ ਦਾ ਚੇਅਰਮੈਨ ਹੁੰਦੇ ਹੋਏ ਵੀ ਤੁਸੀਂ ਸਾਨੂੰ ਸ਼ਹੀਦਾਂ ਦੀ ਕੁਰਬਾਨੀ ਨੂੰ ਸਨਮਾਨਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ।"

ਉਨ੍ਹਾਂ ਅੱਗੇ ਕਿਹਾ, "ਅਸੀਂ ਕਈ ਵਾਰੀ ਚਿੱਠੀਆਂ ਲਿੱਖ ਕੇ ਤੁਹਾਡੇ ਤੋਂ ਇਸ ਦੀ ਇਜਾਜ਼ਤ ਵੀ ਮੰਗੀ।"

ਇਹ ਵੀ ਪੜ੍ਹੋ:-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।