Election 2019: ਖ਼ਾਲਿਸਤਾਨੀ ਲਹਿਰ ਦੇ ਵੱਡੇ ਖਾੜਕੂ ਆਗੂ ਪੰਜਵੜ ਤੇ ਮਾਨੋਚਾਹਲ ਦੇ ਪਿੰਡਾਂ ਲਈ ਚੋਣਾਂ ਦੇ ਕੀ ਮੁੱਦੇ : ਖਡੂਰ ਸਾਹਿਬ ਹਲਕੇ ਦੀ ਗਰਾਊਂਡ ਰਿਪੋਰਟ

  • ਸਰਬਜੀਤ ਸਿੰਘ ਧਾਲੀਵਾਲ
  • ਬੀਬੀਸੀ ਪੱਤਰਕਾਰ
ਖਡੂਰ ਸਾਹਿਬ ਵਿੱਚ ਨਸ਼ੇ ਦੀਆਂ ਸਮੱਸਿਆ ਇੱਕ ਅਹਿਮ ਮੁੱਦਾ ਹੈ
ਤਸਵੀਰ ਕੈਪਸ਼ਨ,

ਖਡੂਰ ਸਾਹਿਬ ਵਿੱਚ ਨਸ਼ੇ ਦੀਆਂ ਸਮੱਸਿਆ ਇੱਕ ਅਹਿਮ ਮੁੱਦਾ ਹੈ

"ਅਸੀਂ ਕਾਲਿਆਂ ਤੋਂ ਚਿੱਟੇ ਹੋ ਗਏ ਪਰ ਵਾਅਦੇ ਵਫ਼ਾ ਨਹੀਂ ਹੋਏ,ਸਮੱਸਿਆਵਾਂ ਉੱਥੇ ਹੀ ਹਨ ਪਰ ਉਮੀਦਵਾਰਾਂ ਦੇ ਚਿਹਰੇ ਬਦਲਦੇ ਜਾ ਰਹੇ ਹਨ'', ਇਹ ਸ਼ਬਦ ਹਨ ਪੰਜਵੜ ਪਿੰਡ ਦੀ ਸੱਥ ਵਿੱਚ ਬੈਠੇ ਪੂਰਨ ਸਿੰਘ ਦੇ।

ਤਰਨਤਾਰਨ ਜ਼ਿਲ੍ਹੇ ਦਾ ਪਿੰਡ ਪੰਜਵੜ 1980-90ਵਿਆਂ ਦੌਰਾਨ ਖ਼ਾਲਿਸਤਾਨੀ ਲਹਿਰ ਨਾਲ ਸਬੰਧਤ ਖਾੜਕੂਆਂ ਦੇ ਪਿੰਡ ਦੇ ਤੌਰ ਉੱਤੇ ਜ਼ਿਆਦਾ ਜਾਣਿਆ ਜਾਂਦਾ ਸੀ।

ਇਸੇ ਪਿੰਡ ਦਾ ਵਸਨੀਕ ਹੈ ਪੂਰਨ ਸਿੰਘ। ਪੂਰਨ ਸਿੰਘ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਹਰ ਕੰਮ ਸਿਫ਼ਾਰਿਸ਼ ਨਾਲ ਹੀ ਹੁੰਦਾ ਹੈ। ਗ਼ਰੀਬਾਂ ਦੀ ਸਾਰ ਕੋਈ ਨਹੀਂ ਲੈਂਦਾ। ਇਸ ਤੋਂ ਬਾਅਦ ਪੂਰਨ ਸਿੰਘ ਸਾਈਕਲ ਨੂੰ ਪੈਡਲ ਮਾਰ ਕੇ ਚਲਾ ਜਾਂਦਾ ਹੈ।

ਪੂਰਨ ਸਿੰਘ ਦੀ ਗੱਲ ਨੂੰ ਅੱਗੇ ਤੋਰਿਆ ਇਸੇ ਪਿੰਡ ਦੇ ਹੀਰਾ ਸਿੰਘ ਨੇ, ਜੋ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਪਾਲਦਾ ਹੈ। ਹੀਰਾ ਸਿੰਘ ਨੇ ਦੱਸਿਆ ਕਿ ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਨਸ਼ਾ ਬੰਦ ਹੋ ਜਾਵੇਗਾ ਅਤੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ,ਪਰ ਅਜਿਹਾ ਕੁਝ ਵੀ ਨਹੀਂ ਹੋਇਆ।

ਹੀਰਾ ਸਿੰਘ ਮੁਤਾਬਕ ਵੋਟਾਂ ਸਮੇਂ ਸਾਡੀ ਮਰਜ਼ੀ ਨਹੀਂ ਚੱਲਦੀ। ਉਨ੍ਹਾਂ ਦੱਸਿਆ, "ਸਰਪੰਚ ਦੇ ਕਹਿਣ ਉੱਤੇ ਹੀ ਅਸੀਂ ਵੋਟ ਪਾਉਂਦੇ ਹਾਂ। ਅਜਿਹਾ ਕਿਉਂ, ਪੁੱਛੇ ਜਾਣ ਉੱਤੇ ਉਹ ਆਖਦਾ ਹੈ ਕਿ ਸਰਪੰਚ ਧਮਕੀ ਦਿੰਦੇ ਹਨ ਕਿ ਜੇ ਕੁਝ ਹੋਇਆ ਤਾਂ ਉਹ ਭੱਵਿਖ ਵਿੱਚ ਸਾਥ ਨਹੀਂ ਦੇਣਗੇ।“

“ਬੱਸ ਇਸੇ ਕਰਕੇ ਉਹ ਸਰਪੰਚ ਦੇ ਕਹਿਣ ਉੱਤੇ ਵੋਟ ਪਾਉਂਦੇ ਆ ਰਹੇ ਹਨ ਤਾਂ ਜੋ ਉਨ੍ਹਾਂ ਨਾਲ ਰਿਸ਼ਤੇ ਖ਼ਰਾਬ ਨਾ ਹੋ ਜਾਣ। ਗਰੀਬਾਂ ਦੀ ਮਰਜ਼ੀ ਨਹੀਂ ਚੱਲਦੀ ਇੱਥੇ।''

ਇਹ ਵੀ ਪੜ੍ਹੋ:

ਉਨ੍ਹਾਂ ਦਾਅਵਾ ਕੀਤਾ ਕਿ ਇੱਥੇ ਨਸ਼ੇ ਸ਼ਰੇਆਮ ਵਿਕਦੇ ਹਨ। ਹੋਰ ਤਾਂ ਹੋਰ ਜਿਹੜੀ ਦਵਾਈ ਨਸ਼ੇ ਨੂੰ ਛੁਡਾਉਣ ਲਈ ਡਾਕਟਰਾਂ ਵੱਲੋਂ ਦਿੱਤੀ ਜਾਂਦੀ ਹੈ, ਹੁਣ ਨੌਜਵਾਨ ਉਸ ਨਾਲ ਹੀ ਨਸ਼ਾ ਕਰਨ ਲੱਗੇ ਹਨ।

ਤਸਵੀਰ ਕੈਪਸ਼ਨ,

ਖਾੜਕੂਵਾਦ ਨਾਲ ਕਦੇ ਪੀੜ੍ਹਤ ਰਹੇ ਪਿੰਡ ਹੁਣ ਨਵੀਂ ਪਨੀਰੀ ਨੂੰ ਨਸ਼ੇ ਤੋਂ ਬਚਾਉਣਾ ਚਾਹੁੰਦੇ ਹਨ

ਉਨ੍ਹਾਂ ਦੱਸਿਆ, “ਹਰ ਪਿੰਡ ਵਿੱਚ ਪੜ੍ਹੇ- ਲਿਖੇ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਇੱਥੇ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈ ਜੇਕਰ ਹੁੰਦਾ ਤਾਂ ਮੈਂ 54 ਸਾਲ ਦੀ ਉਮਰ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਨਾ ਹੁੰਦਾ।”

ਥੋੜ੍ਹੀ ਦੇਰ ਹੀਰਾ ਸਿੰਘ ਚੁੱਪ ਰਹਿੰਦਾ ਹੈ ਫਿਰ ਹੱਸ ਕੇ ਆਖਦਾ ਹੈ, "ਮਾਝੇ ਆਲ਼ਿਆਂ ਬਾਰੇ ਮਸ਼ਹੂਰ ਹੈ, ਜੇਕਰ ਕੋਈ ਇੱਕ ਵਾਰ ਕੰਮ ਨਹੀਂ ਕਰਦਾ ਤਾਂ ਅਗਲੀ ਵਾਰ ਅਸੀਂ ਉਸ ਦੀ ਮੰਜੀ ਪੁੱਠੀ ਵੀ ਮਾਰ ਦਿੰਦੇ ਹਾਂ। ਹੀਰਾ ਸਿੰਘ ਦੀ ਇਸ ਗੱਲ ਵਿੱਚ ਹਾਮੀ ਉੱਥੇ ਖੜ੍ਹੇ ਲੋਕਾਂ ਨੇ ਵੀ ਭਰੀ।''

ਪੰਜਵੜ ਦੇ ਟੱਬਰ ਦਾ ਹਾਲ

ਸਿਆਸੀ ਤੌਰ ਤੇ ਖ਼ਾਲਿਸਤਾਨੀ ਸਫ਼ਾਂ ਵਿੱਚ ਪੰਜਵੜ ਪਿੰਡ ਪੂਰੀ ਤਰਾਂ ਚਰਚਿਤ ਰਿਹਾ ਹੈ। ਲੋਕ ਸਭਾ ਦੇ ਸਾਬਕਾ ਸਪੀਕਰ ਮਰਹੂਮ ਕਾਂਗਰਸੀ ਆਗੂ ਗੁਰਦਿਆਲ ਸਿੰਘ ਢਿੱਲੋਂ ਅਤੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦਾ ਸਬੰਧ ਇਸੇ ਪਿੰਡ ਨਾਲ ਰਿਹਾ ਹੈ।

ਪਿੰਡ ਦੇ ਬਾਹਰ-ਬਾਰ ਖੇਤਾਂ ਵਿੱਚ ਪੰਜਾਬ ਦੇ ਮੱਧ ਵਰਗੀ ਕਿਸਾਨਾਂ ਵਰਗੇ ਘਰ ਵਿਚ ਰਿਹਾ ਹੈ। ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਪਰਮਜੀਤ ਸਿੰਘ ਪੰਜਵੜ ਦਾ ਪਰਿਵਾਰ ਅਤੇ ਪਰਮਜੀਤ ਸਿੰਘ ਪੰਜਵੜ ਕਿੱਥੇ ਹੈ ਇਹ ਕਿਸੇ ਨੂੰ ਵੀ ਨਹੀਂ ਪਤਾ।

ਜਦੋਂ ਬੀਬੀਸੀ ਪੰਜਾਬੀ ਦੀ ਟੀਮ ਚੋਣਾਂ ਦਾ ਜਾਇਜ਼ਾ ਲੈਣ ਲਈ ਪੰਜਵੜ ਦੇ ਘਰ ਗਈ ਤਾਂ ਸਾਹਮਣੇ ਮੰਜੇ ਉੱਤੇ ਪਿਆ ਇੱਕ ਬਜ਼ੁਰਗ ਨਜ਼ਰ ਆਇਆ।

ਇਸ ਬਜ਼ੁਰਗ ਦਾ ਨਾਮ ਸੀ ਸਰਬਜੀਤ ਸਿੰਘ ਪੰਜਵੜ ਜੋ ਕਿ ਪਰਮਜੀਤ ਪੰਜਵੜ ਦਾ ਵੱਡਾ ਭਰਾ ਸੀ। ਪਰਿਵਾਰਕ ਮੈਂਬਰ ਦੇ ਸਹਾਰੇ ਉਹ ਮੰਜੇ ਤੋਂ ਕੁਰਸੀ ਉੱਤੇ ਬੈਠਦਾ ਹੈ ਆਖਦਾ ਕਿ ਪਰਿਵਾਰ ਨੇ ਬਹੁਤ ਮਾੜਾ ਸਮਾਂ ਦੇਖਿਆ ਹੈ।

ਤਸਵੀਰ ਕੈਪਸ਼ਨ,

ਸਰਬਜੀਤ ਸਿੰਘ ਉਸ ਮਾੜੇ ਸਮੇਂ ਬਾਰੇ ਦੱਸਦੇ ਹਨ ਜਿਹੜਾ ਉਨ੍ਹਾਂ ਦੇ ਪਰਿਵਾਰ ਨੇ ਦੇਖਿਆ

ਸਰਬਜੀਤ ਸਿੰਘ ਨੇ ਦੱਸਿਆ ਕਿ ਪੰਜ ਭਰਾਵਾਂ ਵਿੱਚੋਂ ਇੱਕ ਭਰਾ ਕਈ ਸਾਲਾਂ ਤੋਂ ਘਰ ਨਹੀਂ ਵੜਿਆ। ਦੂਜਾ ਪੁਲਿਸ ਨੇ ਗ਼ਾਇਬ ਕਰ ਦਿੱਤਾ ਅਜਿਹੇ ਪਰਿਵਾਰ ਦੇ ਹਾਲ ਦਾ ਤੁਸੀਂ ਆਪ ਹੀ ਅੰਦਾਜ਼ ਲਗਾ ਸਕਦੇ ਹਨ।

ਉਨ੍ਹਾਂ ਦੱਸਿਆ, ''ਪੁਲਿਸ ਨੇ ਮੇਰੇ ਉੱਤੇ ਬਹੁਤ ਤਸ਼ਦੱਦ ਕੀਤਾ ਹੈ, ਜਿਸ ਕਾਰਨ ਮੈਨੂੰ ਚੱਲਣ ਫਿਰਨ ਲਈ ਸਹਾਰੇ ਦੀ ਲੋੜ ਪੈਂਦੀ ਹੈ।''

ਵੋਟਾਂ ਬਾਰੇ ਸਵਾਲ ਪੁੱਛਣ ਉੱਤੇ ਉਨ੍ਹਾਂ ਦੱਸਿਆ ਕਿ ਇਸ ਇਲਾਕੇ ਵਿੱਚ ਅਜਿਹੇ ਬਹੁਤ ਸਾਰੇ ਪਰਿਵਾਰ ਹਨ ਜਿਨ੍ਹਾਂ ਦੇ ਆਪਣੇ ਪੁਲਿਸ ਦੇ ਡਰ ਕਾਰਨ ਕਈ ਕਈ ਸਾਲਾਂ ਤੋਂ ਘਰ ਨਹੀਂ ਪਰਤੇ ਹਨ।

ਉਨ੍ਹਾਂ ਆਖਿਆ ਕਿ ਅਜਿਹੇ ਪਰਿਵਾਰਾਂ ਦੀ ਸਾਰ ਸਰਕਾਰ ਨੂੰ ਲੈਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਦਾ ਮੌਕਾ ਦੇਣਾ ਚਾਹੀਦਾ ਹੈ।

ਜਦੋਂ ਸਰਬਜੀਤ ਸਿੰਘ ਤੋਂ ਇਹ ਪੁੱਛਿਆ ਗਿਆ ਕਿ ਉਹ ਆਪਣੇ ਗੁਨਾਹਾਂ ਲਈ ਉਹ ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਹਨ ਤਾਂ ਉਹ ਕਹਿੰਦੇ ਹਨ ਕਿ ਜੇ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹਾਂ ਵਿੱਚ ਹੀ ਬੰਦ ਕਰਨਾ ਹੈ ਤਾਂ ਫਿਰ ਜਿੱਥੇ ਉਹ ਹਨ ਉਨ੍ਹਾਂ ਨੂੰ ਉੱਥੇ ਹੀ ਰਹਿਣਾ ਚਾਹੀਦਾ ਹੈ।

ਇਸ ਦਾ ਕਾਰਨ ਉਹ ਦੱਸਦੇ ਹਨ ਕਿ ਹੁਣ ਉਹ ਸਾਰੇ ਬਜ਼ੁਰਗ ਹੋ ਚੁੱਕੇ ਹਨ ਜੇ ਜੇਲ੍ਹਾਂ ਵਿੱਚ ਹੀ ਉਨ੍ਹਾਂ ਦੀ ਜ਼ਿੰਦਗੀ ਕੱਢਣੀ ਹੈ ਤਾਂ ਫਿਰ ਉਸ ਦਾ ਕੋਈ ਫ਼ਾਇਦਾ ਨਹੀਂ ਹੈ।

ਗੁਰਬਚਨ ਸਿੰਘ ਦਾ ਪਿੰਡ ਮਾਨੋਚਾਹਲ

ਇਸ ਤੋਂ ਬਾਅਦ ਬੀਬੀਸੀ ਪੰਜਾਬੀ ਦੀ ਟੀਮ ਇਸੇ ਇਲਾਕੇ ਦੇ ਇੱਕ ਹੋਰ ਪਿੰਡ ਮਾਨੋਚਾਹਲ ਪਹੁੰਚੀ। ਇਹ ਪਿੰਡ ਵੀ ਖਾੜਕੂਵਾਦ ਦੇ ਸਮੇਂ ਕਾਫ਼ੀ ਪ੍ਰਸਿੱਧ ਸੀ।

ਭਿੰਡਰਾਂਵਾਲਾ ਟਾਈਗਰ ਫੋਰਸ ਆਫ਼ ਖ਼ਾਲਿਸਤਾਨ ਨਾਲ ਸਬੰਧਿਤ ਗੁਰਬਚਨ ਸਿੰਘ ਮਾਨੋਚਾਹਲ ਦਾ ਸਬੰਧ ਇਸੇ ਪਿੰਡ ਨਾਲ ਸੀ। ਪਿੰਡ ਵਿੱਚ ਸਥਾਪਿਤ ਪੁਲਿਸ ਚੌਕੀ ਤੋਂ ਥੋੜ੍ਹੀ ਦੂਰੀ ਉੱਤੇ ਪਿੰਡ ਦੀ ਫਿਰਨੀ ਉੱਤੇ ਬਣੀਆਂ ਦੁਕਾਨਾਂ ਵੱਲੋਂ ਹੌਲੀ-ਹੌਲੀ ਤੁਰਦਾ ਹੋਇਆ ਇੱਕ ਬਜ਼ੁਰਗ ਆਇਆ।

ਉਨ੍ਹਾਂ ਨੇ ਸਾਨੂੰ ਹੱਥ ਦੇ ਇਸ਼ਾਰੇ ਨਾਲ ਅੱਡੇ ਉੱਤੇ ਬਣੀ ਇੱਕ ਕਾਰਪੈਂਟਰ ਦੀ ਦੁਕਾਨ ਉੱਤੇ ਖੜ੍ਹਾ ਕੇ ਸਾਡੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਬਜ਼ੁਰਗ ਨੇ ਦੱਸਿਆ ਕਿ ਉਸ ਦਾ ਜਨਮ ਇਸੇ ਪਿੰਡ 'ਚ ਹੋਇਆ ਹੈ ਅਤੇ ਛੇ ਏਕੜ ਜ਼ਮੀਨ ਵਿੱਚ ਉਹ ਖੇਤੀ ਕਰਦਾ ਹੈ।

ਬਜ਼ੁਰਗ ਨੇ ਸ਼ੁਰੂ 'ਚ ਆਪਣਾ ਨਾਮ ਦੱਸਣ ਤੋਂ ਥੋੜ੍ਹਾ ਗੁਰੇਜ਼ ਕੀਤਾ ਪਰ ਥੋੜ੍ਹੀ ਦੇਰ ਬਾਅਦ ਉਸ ਨੇ ਦੱਸਿਆ ਕਿ ਮੇਰਾ ਨਾਮ ਮੇਜਰ ਸਿੰਘ ਹੈ ਅਤੇ ਬਾਹਰੋਂ ਬੰਦੇ ਨੂੰ ਮੈਂ ਨਾਮ ਦੱਸਣ ਤੋਂ ਗੁਰੇਜ਼ ਹੀ ਕਰਦਾ ਹਾਂ।

ਕਾਰਨ ਪੁੱਛਣ ਉੱਤੇ ਉਸ ਨੇ ਦੱਸਿਆ, “ਬਹੁਤ ਮਾੜਾ ਸਮਾਂ ਦੇਖਿਆ ਹੈ, ਉਸੇ ਤਜਰਬੇ ਵਿੱਚ ਮੈਨੂੰ ਇਹ ਆਦਤ ਪਈ ਹੈ। ਚੋਣਾਂ ਦੀ ਗੱਲ ਕਰਦਿਆਂ ਮੇਜਰ ਸਿੰਘ ਨੇ ਆਖਿਆ ਕਿ ਦੇਖੋ ਜੀ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਸਭ ਤੋਂ ਉੱਪਰ ਹਨ ਜੇ ਉਨ੍ਹਾਂ ਦੀ ਹੀ ਬੇਅਦਬੀ ਹੁੰਦੀ ਹੈ ਤਾਂ ਇਹ ਬਰਦਾਸ਼ਤ ਕਰਨ ਵਾਲੀ ਗੱਲ ਨਹੀਂ ਹੈ।”

ਦੂਜੀ ਗੱਲ ਉਨ੍ਹਾਂ ਨਸ਼ੇ ਦੀ ਕੀਤੀ, ਜੋ ਕਿ ਅਜੇ ਵੀ ਜਾਰੀ ਹੈ। ਚਿੰਤਾ ਭਰੇ ਸ਼ਬਦਾਂ ਵਿੱਚ ਉਨ੍ਹਾਂ ਨੇ ਆਖਿਆ, "ਪਹਿਲੀ ਪੀੜੀ ਖਾੜਕੂਵਾਦ ਨੇ ਖ਼ਤਮ ਕਰ ਦਿੱਤੀ, ਦੂਜੀ ਨਸ਼ੇ ਨੇ ਅਤੇ ਤੀਜੀ ਜੰਮਣੀ ਨਹੀਂ ਹੈ। ਕਾਰਨ ਪੁੱਛਣ ਉੱਤੇ ਮੇਜਰ ਸਿੰਘ ਆਖਦਾ ਹੈ ਕਿ ਨਸ਼ਿਆਂ ਕਾਰਨ ਨੌਜਵਾਨਾਂ ਦੇ ਸਰੀਰ ਹੀ ਖੋਖਲੇ ਹੋ ਗਏ ਹਨ ਤਾਂ ਜੁਆਕ ਕਿੱਥੋਂ ਪੈਦਾ ਹੋਣੇ ਹਨ।"

ਉਨ੍ਹਾਂ ਆਖਿਆ ਕਿ ਸੱਤਾ ਪਰਿਵਰਤਨ ਤੋਂ ਬਾਅਦ ਪੁਲਿਸ ਨੇ ਇਸ ਉੱਤੇ ਠੱਲ੍ਹ ਪਾਈ ਪਰ ਇਸ ਵਿੱਚ ਉਨ੍ਹਾਂ ਲੋਕਾਂ ਨੂੰ ਹੀ ਫੜਿਆ, ਜੋ ਇਸ ਨੂੰ ਪੀਣ ਦੇ ਆਦੀ ਹਨ। ਤਸਕਰਾਂ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਅਤੇ ਉਹ ਅੱਜ ਵੀ ਆਜ਼ਾਦ ਹਨ।

ਇਹ ਵੀ ਪੜ੍ਹੋ:

ਉਨ੍ਹਾਂ ਦੱਸਿਆ, "ਖਾੜਕੂਵਾਦ ਸਮੇਂ ਪਿੰਡ ਵਿੱਚ ਪੰਜ ਵਜੇ ਤੋਂ ਬਾਅਦ ਉਹ ਬਾਹਰ ਨਹੀਂ ਸੀ ਜਾਂਦੇ। ਪੁਲਿਸ ਦੇ ਹੱਥ ਲੱਗ ਗਏ ਤਾਂ ਉਨ੍ਹਾਂ ਨੇ ਨਹੀਂ ਬਖ਼ਸ਼ਣਾ ਅਤੇ ਜੇਕਰ ਸਿੰਘਾਂ ਦੇ ਹੱਥ ਆ ਗਏ ਤਾਂ ਫਿਰ ਵੀ ਜਾਨ ਗਈ। ਇਸ ਲਈ ਉਹ ਸਮਾਂ ਬਹੁਤ ਮਾੜਾ ਸੀ।"

ਉਨ੍ਹਾਂ ਦੱਸਿਆ ਕਿ ਗੁਰਬਚਨ ਸਿੰਘ ਮਾਨੋਚਾਹਲ ਦਾ ਆਪਣਾ ਪਰਿਵਾਰ ਤਾਂ ਕਈ ਸਾਲ ਪਹਿਲਾਂ ਪਿੰਡ ਛੱਡ ਕੇ ਵਿਦੇਸ਼ ਵਿੱਚ ਵੱਸ ਗਿਆ ਹੈ।

ਉਨ੍ਹਾਂ ਦੱਸਿਆ ਕਿ ਪਿੰਡ ਵਿਚੋਂ ਡਰ ਕਾਰਨ ਬਹੁਤ ਸਾਰੇ ਹਿੰਦੂ ਪਰਿਵਾਰ ਹਿਜਰਤ ਕਰ ਕੇ ਦੂਜੀਆਂ ਥਾਵਾਂ ਉੱਤੇ ਚਲੇ ਗਏ ਸਨ।

ਉਮੀਦਵਾਰਾਂ ਦੀ ਰਾਏ

ਖ਼ਾਲਿਸਤਾਨ ਲਹਿਰ ਦਾ ਗੜ੍ਹ ਹੋਣ ਕਾਰਨ ਪੁਲਿਸ ਦੀ ਇਸ ਇਲਾਕੇ ਵਿੱਚ ਖ਼ਾਸ ਨਫ਼ਰੀ ਸੀ। ਇਸ ਲੋਕ ਸਭਾ ਹਲਕੇ 'ਚ ਬਹੁਤ ਸਾਰੇ ਮੁੰਡੇ ਗ਼ਾਇਬ ਹੋਏ, ਜਿਨ੍ਹਾਂ ਦਾ ਅਜੇ ਤੱਕ ਕਿਸੇ ਨੂੰ ਭੇਦ ਨਹੀਂ ਹੈ।

ਪਰਿਵਾਰ ਵਾਲਿਆਂ ਮੁਤਾਬਕ ਉਸ ਸਮੇਂ ਪੁਲਿਸ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਨੌਜਵਾਨਾਂ ਨੂੰ ਖ਼ਤਮ ਕਰ ਦਿੱਤਾ। ਇਸ ਮੁੱਦੇ ਨੂੰ ਮੁੱਖ ਬਣਾ ਕੇ ਪੰਜਾਬ ਏਕਤਾ ਪਾਰਟੀ ਵੱਲੋਂ ਪਰਮਜੀਤ ਕੌਰ ਖਾਲੜਾ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਦੇ ਪਤੀ ਜਸਵੰਤ ਸਿੰਘ ਮਨੁੱਖੀ ਅਧਿਕਾਰ ਦੇ ਕਾਰਕੁਨ ਸਨ।

ਪਰਮਜੀਤ ਕੌਰ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, ''ਤਰਨਤਾਰਨ ਇਲਾਕੇ 'ਚ ਬਹੁਤ ਸਾਰੇ ਨੌਜਵਾਨਾਂ ਨੂੰ ਪੁਲਿਸ ਨੇ ਗ਼ਾਇਬ ਕਰ ਦਿੱਤਾ, ਜਿਸ ਉੱਤੇ ਕੋਈ ਕਾਰਵਾਈ ਨਹੀਂ ਹੋਈ। ਇਸ ਕਰਕੇ ਪਰਮਜੀਤ ਕੌਰ ਖਾਲੜਾ ਵਿਕਾਸ ਅਤੇ ਨਸ਼ੇ ਦੇ ਖ਼ਾਤਮੇ ਦੇ ਨਾਲ-ਨਾਲ ਮਨੁੱਖੀ ਅਧਿਕਾਰਾਂ ਦੇ ਮੁੱਦੇ ਨੂੰ ਮੁੱਖ ਤੌਰ 'ਤੇ ਲੋਕਾਂ ਵਿੱਚ ਉਭਾਰ ਰਹੇ ਹਨ।''

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਵਿਧਾਨ ਸਭ ਚੋਣਾਂ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਬੀਬੀ ਜਗੀਰ ਕੌਰ ਨੂੰ ਹਰਾਇਆ ਸੀ

''ਅਕਾਲੀ ਦਲ ਨੇ ਇਸ ਸੀਟ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਜਗੀਰ ਕੌਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਉਹ ਮੋਦੀ ਸਰਕਾਰ ਦੇ ਵਿਕਾਸ ਕਾਰਜਾਂ ਅਤੇ ਕਾਂਗਰਸ ਦੀਆਂ ਖ਼ਾਮੀਆਂ ਨੂੰ ਲੋਕਾਂ ਵਿੱਚ ਉਭਾਰ ਰਹੇ ਹਨ।”

ਕਾਂਗਰਸ ਨੇ ਇਸ ਇਲਾਕੇ ਵਿੱਚ ਜਸਵੀਰ ਸਿੰਘ ਡਿੰਪਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਅਕਾਲੀ ਦਲ ਟਕਸਾਲੀ ਨੇ ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੇ ਜੇ ਸਿੰਘ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਭੇਜਿਆ ਸੀ।

ਪਰ ਜਨਰਲ ਜੇ ਜੇ ਸਿੰਘ ਨੇ ਸਿੱਖਾਂ ਦੇ ਵੋਟ ਵੰਡੇ ਜਾਣ ਦਾ ਹਵਾਲਾ ਦਿੰਦਿਆਂ ਆਪਣਾ ਨਾਂ ਵਾਪਸ ਲੈ ਲਿਆ ਹੈ।

ਖਡੂਰ ਸਾਹਿਬ ਹਲਕੇ ਦਾ ਰੁਝਾਨ

ਖਡੂਰ ਸਾਹਿਬ ਹਲਕੇ ਵਿੱਚ ਸਿੱਖ ਵੋਟਰਾਂ ਦਾ ਜ਼ਿਆਦਾ ਪ੍ਰਭਾਵ ਹੈ। ਮਾਝਾ, ਮਾਲਵਾ ਅਤੇ ਦੁਆਬੇ ਤੱਕ ਫੈਲੇ ਇਸ ਇਲਾਕੇ ਵਿੱਚ ਜ਼ਿਆਦਾਤਰ ਸਫ਼ਲਤਾ ਅਕਾਲੀ ਦਲ ਦੇ ਹੱਥ ਹੀ ਲੱਗੀ ਹੈ।

ਮੌਜੂਦਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਕਾਲੀ ਦਲ ਪਾਰਟੀ ਤੋਂ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। ਪਰ ਅਕਾਲੀ ਦਲ ਟਕਸਾਲੀ ਪਾਰਟੀ ਦਾ ਗਠਨ ਕਰਕੇ ਉਨ੍ਹਾਂ ਅਕਾਲੀ ਦਲ ਨਾਲੋਂ ਤੋੜ ਵਿਛੋੜਾ ਕਰ ਲਿਆ ਹੈ।

ਉਮੀਦਵਾਰਾਂ ਦੇ ਮੁੱਦੇ ਉੱਤੇ ਬਜ਼ੁਰਗ ਮੇਜਰ ਸਿੰਘ ਆਖਦੇ ਹਨ, ''ਪਰਮਜੀਤ ਕੌਰ ਖਾਲੜਾ ਦੀ ਸੋਚ ਤਾਂ ਠੀਕ ਹੈ ਅਤੇ ਮੁੱਦਾ ਵੀ ਉਹ ਸਹੀ ਚੁੱਕ ਰਹੇ ਹਨ ਪਰ ਉਹ ਇਕੱਲੀ ਕੀ ਕਰੇਗੀ। ਉਨ੍ਹਾਂ ਆਖਿਆ ਕਿ ਜਿਸ ਪਾਰਟੀ ਦੇ ਬੈਨਰ ਉੱਤੇ ਚੋਣ ਲੜ ਰਹੇ ਹਨ ਉਹ ਵੀ ਨਵੀਂ ਹੈ।'

ਉਹਨਾਂ ਆਖਿਆ, “ਅਕਾਲੀ ਦਲ ਦੇ ਸਮੇਂ ਜੋ ਬੇਅਦਬੀਆਂ ਹੋਈਆਂ ਹਨ, ਇਸ ਕਰਕੇ ਮੇਰਾ ਮੋਹ ਉਸ ਪਾਰਟੀ ਤੋਂ ਥੋੜ੍ਹਾ ਮੁੜਿਆ ਹੈ। ਕਾਂਗਰਸ ਵੀ ਨਸ਼ੇ ਅਤੇ ਬੇਰੁਜ਼ਗਾਰੀ ਦੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ ਹੈ।”

ਹਿੰਦੂ ਵੋਟਰਾਂ ਦੀ ਰਾਏ

ਖਡੂਰ ਸਾਹਿਬ ਹਲਕੇ ਵਿੱਚ ਹਿੰਦੂ ਵੋਟ ਬਹੁਤ ਹੀ ਘੱਟ ਹਨ। ਇਸ ਦਾ ਕਾਰਨ ਇਲਾਕੇ ਵਿੱਚ ਰਹਿਣ ਵਾਲੇ ਹਿੰਦੂ ਪਰਿਵਾਰਾਂ ਦਾ ਕਾਲੇ ਦੌਰ ਦੌਰਾਨ ਹਿਜਰਤ ਕਰਨਾ।

ਤਰਨਤਾਰਨ ਦੇ ਮੁੱਖ ਬਾਜ਼ਾਰ ਵਿੱਚ ਖੰਡ ਅਤੇ ਤੇਲ ਦਾ ਕਾਰੋਬਾਰ ਕਰਨ ਵਾਲੇ ਸੂਰਿਆ ਪ੍ਰਕਾਸ਼ ਨਾਲ ਸਾਡੀ ਮੁਲਾਕਾਤ ਹੁੰਦੀ ਹੈ। ਸੂਰਿਆ ਪ੍ਰਕਾਸ਼ ਪੇਸ਼ੇ ਤੋਂ ਅਧਿਆਪਕ ਸੀ ਅਤੇ ਸੇਵਾ ਮੁਕਤੀ ਤੋਂ ਬਾਅਦ ਉਹ ਖ਼ੁਦ ਦੀ ਦੁਕਾਨ ਚਲਾ ਰਹੇ ਹਨ।

ਤਸਵੀਰ ਕੈਪਸ਼ਨ,

ਰਿਆ ਪ੍ਰਕਾਸ਼ ਦੱਸਦਾ ਹੈ ਕਿ ਉਨ੍ਹਾਂ ਦੇ ਕਈ ਰਿਸ਼ਤੇਦਾਰ ਡਰ ਕਾਰਨ ਸ਼ਹਿਰ ਛੱਡ ਗਏ ਸਨ

ਸੂਰਿਆ ਪ੍ਰਕਾਸ਼ ਦੱਸਦੇ ਹਨ, ''ਬਹੁਤ ਮਾੜਾ ਦੌਰ ਦੇਖਿਆ ਹੈ, ਪਤਾ ਨਹੀਂ ਸੀ ਮੌਤ ਕਦੋਂ ਆ ਜਾਵੇਗੀ। ਖ਼ਾਲਿਸਤਾਨ ਲਹਿਰ ਦੌਰਾਨ ਉਨ੍ਹਾਂ ਦੇ ਪਿਤਾ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਸੂਰਿਆ ਪ੍ਰਕਾਸ਼ ਪਰਿਵਾਰ ਸਮੇਤ ਤਰਨਤਾਰਨ ਛੱਡ ਅੰਮ੍ਰਿਤਸਰ ਰਹਿਣ ਲੱਗੇ ਸਨ।''

ਇਹ ਵੀ ਪੜ੍ਹੋ:

ਸੂਰਿਆ ਪ੍ਰਕਾਸ਼ ਦੱਸਦਾ ਹੈ ਕਿ ਉਨ੍ਹਾਂ ਦੇ ਕਈ ਰਿਸ਼ਤੇਦਾਰ ਡਰ ਕਾਰਨ ਸ਼ਹਿਰ ਛੱਡ ਗਏ ਸਨ, ਜਿਨ੍ਹਾਂ ਵਿੱਚ ਕੁਝ ਵਾਪਸ ਆਏ ਅਤੇ ਬਾਕੀ ਅਜੇ ਵੀ ਹੋਰਨਾਂ ਥਾਵਾਂ ਉੱਤੇ ਰਹਿ ਰਹੇ ਹਨ।

ਉਨ੍ਹਾਂ ਆਖਿਆ, ''ਸਿੱਖ ਨੌਜਵਾਨਾਂ ਦੇ ਗ਼ਾਇਬ ਹੋਣ ਦੇ ਮੁੱਦੇ ਨੂੰ ਖਡੂਰ ਸਾਹਿਬ ਵਿੱਚ ਜ਼ੋਰ ਸ਼ੋਰ ਨਾਲ ਚੁੱਕਿਆ ਜਾ ਰਿਹਾ ਹੈ ਪਰ ਜੋ ਹਿੰਦੂ ਪੰਜਾਬ ਵਿੱਚ ਮਾਰੇ ਗਏ ਪਰ ਉਨ੍ਹਾਂ ਦੀ ਗੱਲ ਕੋਈ ਨਹੀਂ ਕਰ ਰਿਹਾ। ਸੂਰਿਆ ਪ੍ਰਕਾਸ਼ ਦੱਸਦਾ ਹੈ ਕਿ ਮੌਜੂਦਾ ਸਮਾਂ ਖਾੜਕੂਵਾਦ ਨਾਲੋਂ ਵੀ ਭੈੜਾ ਹੈ।'

ਉਨ੍ਹਾਂ ਮੁਤਾਬਕ ਨਸ਼ੇ ਦੇ ਤੋਟ ਕਾਰਨ ਨੌਜਵਾਨ ਸ਼ਰੇਆਮ ਸੜਕਾਂ ਉੱਤੇ ਲੁੱਟ ਕਰਦੇ ਹਨ। ਸਿਆਸਤ ਦੀ ਗੱਲ ਕਰਨ ਉੱਤੇ ਸੂਰਿਆ ਪ੍ਰਕਾਸ਼ ਦੱਸਦਾ ਹੈ ਕਿ ਇਸ ਦਾ ਮਿਆਰ ਪੂਰੀ ਤਰ੍ਹਾਂ ਡਿੱਗ ਚੁੱਕਿਆ ਹੈ ਅਤੇ ਇਸੇ ਕਰਕੇ ਉਸ ਨੂੰ ਮੌਜੂਦਾ ਪਾਰਟੀਆਂ ਵਿਚੋਂ ਕੋਈ ਵੀ ਪਸੰਦ ਨਹੀਂ ਹੈ।

ਉਨ੍ਹਾਂ ਆਖਿਆ ਕਿ ਇਸ ਵਾਰ ਦੀਆਂ ਚੋਣਾਂ ਵਿੱਚ ਉਨ੍ਹਾਂ ਲਈ ਨਸ਼ਾ ਇੱਕ ਵੱਡਾ ਮੁੱਦਾ ਹੈ, ਜਿਸ ਨੇ ਇਸ ਪੂਰੇ ਇਲਾਕੇ ਨੂੰ ਬਰਬਾਦ ਕਰ ਦਿੱਤਾ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)