ਉਡੀਸ਼ਾ ਵਿੱਚ ਭਾਜਪਾ ਨਵੀਨ ਪਟਨਾਇਕ ਦੇ ਕਿਲੇ ਨੂੰ ਸੰਨ੍ਹ ਲਾ ਸਕੇਗੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ Image copyright Getty Images
ਫੋਟੋ ਕੈਪਸ਼ਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਉਡੀਸ਼ਾ ਵੱਲ ਪਿਛਲੇ ਕੁਝ ਸਾਲਾਂ ਦੌਰਾਨ ਖ਼ਾਸ ਧਿਾਨ ਦਿੱਤਾ ਹੈ।

ਤਪਦੀ ਧੁੱਪ ਵਿੱਚ ਪੰਜ ਕਾਰਾਂ ਦਾ ਕਾਫ਼ਲਾ ਓਡੀਸ਼ਾ ਦੇ ਨੰਦਨਕਾਨਨ ਦੇ ਇੱਕ ਪਿੰਡ ਵਿੱਚੋਂ ਹੌਲੀ-ਹੌਲੀ ਲੰਘ ਰਿਹਾ ਹੈ।

ਮੂਹਰਲੀ ਖੁੱਲ੍ਹੀ ਜੀਪ ਵਿੱਚ ਇੱਕ ਔਰਤ ਖੜ੍ਹੀ ਹੈ ਅਥੇ ਝੁੱਕ-ਝੁੱਕ ਕੇ ਲੋਕਾਂ ਨਾਲ ਉਡੀਆ ਭਾਸ਼ਾ ਵਿੱਚ ਕਹਿੰਦੀ ਹੈ, "ਪਹਿਲਾਂ ਕੋਈ ਨਹੀਂ ਆਇਆ ਤਾਂ ਕੀ ਹੋਇਆ, ਅਸੀਂ ਤਾਂ ਆ ਗਏ ਹਾਂ। ਬਸ ਮੋਦੀ ਜੀ ਨੂੰ ਯਾਦ ਰੱਖਣਾ।"

ਫਰਾਟੇਦਾਰ ਉੜੀਆ ਬੋਲਣ ਵਾਲੀ ਇਸ ਔਰਤ ਦਾ ਨਾਮ ਅਪ੍ਰਜਿਤਾ ਸਾਰੰਗੀ ਹੈ ਜੋਂ ਕਿ ਬਿਹਾਰੀ ਮੂਲ ਦੀ ਹੈ ਅਤੇ ਭੂਵਨੇਸ਼ਵਰ ਤੋਂ ਭਾਜਪਾ ਦੇ ਉਮੀਦਵਾਰ ਹੈ।

ਅਪ੍ਰਾਜਿਤਾ ਸਾਬਕਾ ਆਈਐੱਸ ਅਫ਼ਸਰ ਹੈ ਜਿਸ ਨੇ ਕੁਝ ਦਿਨ ਪਹਿਲਾਂ ਵਲੰਟਰੀ ਰਿਟਾਇਰਮੈਂਟ ਲੈ ਲਿਆ ਸੀ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ, ਮੈਂ ਸਿਆਸਤ ਵਿੱਚ ਦੋ ਕਾਰਨਾਂ ਕਰਕੇ ਆਈ। ਪਹਿਲਾ, ਮੋਦੀ ਜੀ ਅਤੇ ਅਮਿਤ ਸ਼ਾਹ ਦੀ ਅਗਵਾਈ ਅਤੇ ਦੂਸਰਾ ਕੁਝ ਅਸਲੀ ਕੰਮ ਕਰਨ ਦੀ ਇੱਛਾ।

ਵੋਟ ਮੰਗਣ ਸਮੇਂ ਸਾਰਿਆਂ ਨੂੰ ਕਹਿੰਦੀ ਹਾਂ ਕਿ ਇਸ ਸੂਬੇ ਵਿੱਚ ਪਿਛਲੇ ਕਈ ਸਾਲਾਂ ਤੋਂ ਹਰ ਚੀਜ਼ ਦੇ ਅਸਥਾਈ ਹੱਲ ਦਿੱਤੇ ਜਾਂਦੇ ਰਹੇ ਹਨ। ਜਿਨ੍ਹਾਂ ਨੂੰ ਬੰਦ ਕਰਕੇ ਭਾਜਪਾ ਦੀ ਸਰਕਾਰ ਆਉਣੀ ਚਾਹੀਦੀ ਹੈ"

ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੀਆਂ ਵੋਟਾਂ ਜ਼ਿਆਦਾ ਦੂਰ ਨਹੀਂ ਹਨ ਅਤੇ ਸਾਰੀਆਂ ਪਾਰਟੀਆਂ ਨੇ ਪ੍ਰਚਾਰ ਵਿੱਚ ਪੂਰਾ ਤਾਣ ਲਾ ਦਿੱਤਾ ਹੈ।

ਇਸੇ ਲੜੀ ਵਿੱਚ ਭਾਜਪਾ ਵੀ ਸ਼ਾਮਲ ਹੈ, ਜਿਸ ਨੇ 2014 ਤੋਂ ਬਾਅਦ ਉਡੀਸ਼ਾ ਦਾ ਖ਼ਾਸ ਖ਼ਿਆਲ ਰੱਖਿਆ ਹੈ।

ਕਾਰਨ ਸਾਫ਼ ਹੈ ਕਿ ਪਿਛਲੇ ਕਈ ਸਾਲਾਂ ਤੋਂ ਸੂਬੇ ਵਿੱਚ ਭਾਜਪਾ ਦੀ ਸਿਆਸੀ ਸਾਖ਼ ਬਹੁਤ ਕਮਜ਼ੋਰ ਰਹੀ ਹੈ।

ਲਗਪਗ ਇੱਕ ਦਹਾਕੇ ਤੋਂ ਉਹ ਨਵੀਨ ਪਟਨਾਇਕ ਦੀ ਬੀਜੂ ਜਨਤਾ ਦਲ (ਬੀਜੇਡੀ) ਨਾਲ ਗੱਠਜੋੜ ਵਿੱਚ ਸੀ। ਉਨ੍ਹਾਂ ਦਿਨੀਂ ਸੂਬੇ ਵਿੱਚ ਭਾਜਪਾ ਤੋਂ ਜ਼ਿਆਦਾ ਲੋਕ ਬੀਜੇਡੀ ਨੂੰ ਜਾਣਦੇ ਸਨ।

ਪਿਛਲੀਆਂ ਆਮ ਚੋਣਾਂ ਵਿੱਚ ਵੀ ਭਾਜਪਾ ਨੂੰ ਉਡੀਸ਼ਾ ਵਿੱਚ ਕਰਾਰੀ ਹਾਰ ਮਿਲੀ ਸੀ।

Image copyright Getty Images

ਸੂਬੇ ਦੀਆਂ 21 ਲੋਕ ਸਭਾ ਸੀਟਾਂ ਵਿੱਚੋਂ ਪਾਰਟੀ ਕੋਲ ਸਿਰਫ਼ ਇੱਕ ਸੀਟ ਹੈ ਅਤੇ 147 ਮੈਂਬਰੀ ਵਿਧਾਨ ਸਭਾ ਵਿੱਚ ਬਾਮੁਸ਼ਕਿਲ 10 ਵਿਧਾਇਕ ਹਨ। ਕਾਂਗਰਸ ਕੋਲ ਇਸ ਤੋਂ ਵਧੇਰੇ ਵਿਧਾਇਕ ਹਨ।

ਚੋਣਾਂ ਜਿੱਤਣ ਦੇ ਨਾਲ ਹੀ ਨਰਿੰਦਰ ਮੋਦੀ ਨੇ ਕੈਬਨਿਟ ਵਿੱਚ ਉਡੀਸ਼ਾ ਦੇ ਦੋ ਆਗੂਆਂ ਧਰਮੇਂਦਰ ਪ੍ਰਧਾਨ ਅਤੇ ਜੁਅਲ ਓਮਾਨ ਨੂੰ ਥਾਂ ਦਿੱਤੀ ਅਤੇ ਹੁਕਮ ਵੀ ਮਿਲਿਆ ਕਿ ਮਿਸ਼ਨ 'ਉਡੀਸ਼ਾ ਅਗਲਾ' ਪੜਾਅ ਹੈ।

ਹਾਲਾਂਕਿ ਸੂਬੇ ਦੇ ਵੱਡੇ ਹਿੱਸਿਆਂ ਵਿੱਚ ਇਨ੍ਹਾਂ ਦੋਹਾਂ ਆਗੂਆਂ ਦਾ ਕੋਈ ਸਿਆਸੀ ਚਮਤਕਾਰ ਨਹੀਂ ਰਿਹਾ ਪਰ ਫਿਰ ਵੀ ਸੂਬੇ ਵਿੱਚ ਪਾਰਟੀ ਦੇ ਵੱਡੇ ਫੈਸਲੇ ਧਰਮੇਂਦਰ ਪ੍ਰਧਾਨ ਨੇ ਲਏ ਹਨ।

ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਨੇ ਬੀਬੀਸੀ ਨਾਲ ਹੋਈ ਗੱਲਬਾਤ ਵਿੱਚ ਉਸ ਦੌਰ ਦੀਆਂ ਕਮੀਆਂ 'ਤੇ ਵੀ ਗੱਲ ਕੀਤੀ।

ਉਨ੍ਹਾਂ ਨੇ ਕਿਹਾ, ਪਿਛਲੀਆਂ ਚੋਣਾਂ ਵਿੱਚ ਦੇਸ਼ ਭਰ ਵਿੱਚ ਮੋਦੀ ਦੀ ਲਹਿਰ ਸੀ। ਉਸਦੇ ਬਾਵਜੂਦ ਉਡੀਸ਼ਾ ਵਿੱਚ ਅਸੀਂ ਉਸਦਾ ਲਾਹਾ ਨਹੀਂ ਲੈ ਸਕੇ। ਅਸੀ ਉਸ ਲਹਿਰ ਨੂੰ ਵੋਟਾਂ ਵਿੱਚ ਨਹੀਂ ਬਦਲ ਸਕੇ।"

ਧਰਮੇਂਦਰ ਪ੍ਰਧਾਨ ਮੁਤਾਬਕ, "ਲੰਘੇ ਪੰਜ ਸਾਲ ਵਿੱਚ ਅਮਿਤ ਸ਼ਾਹ ਨੇ ਵਾਰ-ਵਾਰ ਉਡੀਸ਼ਾ ਦਾ ਦੌਰਾ ਕੀਤਾ ਹੈ। ਪਾਰਟੀ ਦੇ ਸੰਗਠਨ ਵਿਸਥਾਰ ਦੀ ਵੱਡੀ ਯੋਜਨਾ ਬਣਾਈ, ਸਮਾਜ ਦੇ ਹਰ ਵਰਗ ਨੂੰ ਪਾਰਟੀ ਨਾਲ ਜੋੜਿਆ।"

Image copyright BISWARANJAN MISHRA

ਸਚਾਈ ਇਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਪਿਛਲੇ ਕੁਝ ਸਾਲਾਂ ਦੌਰਾਨ ਉਡੀਸ਼ਾ ਵਿੱਚ ਦੋ ਦਰਜਨ ਤੋਂ ਵਧੇਰੇ ਰੈਲੀਆਂ ਕੀਤੀਆਂ ਹਨ।

ਭਾਜਪਾ ਦੀ ਇਸ ਰਣਨੀਤੀ ਦਾ ਕੁਝ ਨਤੀਜਾ 2017 ਦੀਆਂ ਪੰਚਾਇਤੀ ਚੋਣਾਂ ਵਿੱਚ ਨਜ਼ਰ ਆਇਆ ਅਤੇ ਪਾਰਟੀ ਨੇ ਪਹਿਲਾਂ ਤੋਂ ਵਧੇਰੇ ਸੀਟਾਂ ਜਿੱਤੀਆਂ।

ਇਸੇ ਕਾਰਨ ਹੁਣ ਪਾਰਟੀ ਸੂਬੇ ਵਿੱਚ ਪੂਰੇ ਜੋਸ਼ ਨਾਲ ਲੱਗੀ ਹੋਈ ਹੈ।

ਰਾਜਧਾਨੀ ਭੁਵਨੇਸ਼ਵਰ ਤੋਂ ਬ੍ਰਹਮਪੁੱਤਰ, ਕਾਲਾਹਾਂਡੀ ਜਾਂ ਪੁਰੀ ਤੱਕ, ਹਰ ਥਾਂ ਭਾਜਪਾ ਦੇ ਹੋਰਡਿੰਗ ਨਜ਼ਰ ਆਉਂਦੇ ਹਨ।

ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਸਾਰਿਆਂ ਉੱਤੋ ਸਿਰਫ਼ ਨਰਿੰਦਰ ਮੋਦੀ ਦੀ ਤਸਵੀਰ ਹੈ।

ਸਿਵਾਏ ਹਲਕੇ ਦੇ ਉਮੀਦਵਾਰਾਂ ਦੀ ਤਸਵੀਰ ਦੇ ਭਾਜਪਾ ਦੇ ਕਿਸੇ ਵੀ ਆਗੂ ਦੀ ਤਸਵੀਰ ਇਨ੍ਹਾਂ 'ਤੇ ਮਿਲਣੀ ਮੁਸ਼ਕਿਲ ਹੈ।

ਇਹ ਵੀ ਪੜ੍ਹੋ:

ਸੜਕਾਂ ਉੱਤੇ ਲਾਊਡ ਸਪੀਕਰ ਅਤੇ ਵੱਡੀਆਂ ਸਕਰੀਨਾਂ ਉੱਤੇ ਮੋਦੀ ਦੇ ਭਾਸ਼ਣ ਚੱਲ ਰਹੇ ਹਨ ਅਤੇ ਜਾਂ ਕੇਂਦਰ ਵਿੱਚ ਸੱਤਾਧਾਰੀ ਭਾਜਪਾ ਦੀਆਂ ਸਕੀਮਾਂ।

ਦੂਸਰੀ ਦਿਲਚਸਪ ਗੱਲ ਇਹ ਹੈ ਕਿ ਭਾਜਪਾ ਨੇ ਨਰਿੰਦਰ ਮੋਦੀ ਵਾਲੇ ਲਗਭਗ ਸਾਰੇ ਬੈਨਰ ਹੋਰਡਿੰਗਾਂ ਕੋਲ ਤੁਹਾਨੂੰ ਬੀਜੂ ਜਨਤਾ ਦਲ ਦੇ ਮੁਖੀ ਅਤੇ ਸੂਬੇ ਦੇ 19 ਸਾਲਾਂ ਤੋਂ ਮੁੱਖ ਮੰਤਰੀ ਚੱਲੇ ਆ ਰਹੇ ਨਵੀਨ ਪਟਨਾਇਕ ਦੇ ਬੈਨਰ ਵੀ ਦਿਸ ਜਾਣਗੇ।

ਤਾਂ ਕੀ ਉਡੀਸ਼ਾ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਮੋਦੀ ਬਨਾਮ ਪਟਨਾਇਕ ਹਨ?

ਉਤਕਲ ਯੂਨੀਵਰਸਿਟੀ ਵਿੱਚ ਰਾਜਨੀਤੀ ਸ਼ਾਸ਼ਤਰ ਵਿਭਾਗ ਦੇ ਸਾਬਕਾ ਮੁਖੀ ਪ੍ਰੋਫੈਸਰ ਅਮਰੇਸ਼ਵਰ ਮਿਸ਼ਰ ਨੂੰ ਲਗਦਾ ਹੈ ਕਿ ਕਾਰਨ ਕੋਈ ਹੋਰ ਹੈ।

ਉਨ੍ਹਾਂ ਨੇ ਦੱਸਿਆ, "ਇੱਕ ਬਦਲਾਅ ਹੋ ਰਿਹਾ ਹੈ। ਭਾਜਪਾ ਅੱਗੇ ਵਧ ਰਹੀ ਹੈ ਕਾਂਗਰਸ ਪਿੱਛੇ ਹੋ ਰਹੀ ਹੈ। ਤੁਸੀਂ ਦੇਖੋਂਗੇ ਕਿ ਲੜਾਈ ਬੀਜੇਡੀ ਅਤੇ ਭਾਜਪਾ ਦਰਮਿਆਨ ਹੀ ਹੋਵੇਗੀ। ਹਾਂ, ਜੋ ਸਰਕਾਰ ਵਿੱਚ ਹੁੰਦੇ ਹਨ ਉਨ੍ਹਾਂ ਦਾ ਜ਼ਿਆਦਾ ਫਾਇਦਾ ਹੁੰਦਾ ਹੈ। ਤੁਸੀਂ ਕਹੋਗੇ ਕਿ ਪਿੰਡਾਂ ਵਿੱਚ ਜਾ ਕੇ ਤਾਂ ਸਾਰੇ ਹੀ ਮਿਲੇ ਹਨ।"

Image copyright PTI

ਗੱਲ ਵਿੱਚ ਵਜ਼ਨ ਉਸ ਸਮੇਂ ਦਿਖਿਆ ਜਦੋਂ ਅਸੀਂ ਪਿੰਡਾਂ ਵਿੱਚ ਗਏ। ਬੀਜੇਡੀ ਦਾ ਕਈ ਦਹਾਕਿਆਂ ਤੋਂ ਸੰਗਠਨਾਤਮਿਕ ਢੰਗ ਨਾਲ ਕੰਮ ਹੁੰਦਾ ਆਇਆ ਹੈ। ਨਵੀਨ ਦਾ ਕਾਡਰ ਕਾਫੀ ਫੈਲਿਆ ਹੋਇਆ ਹੈ। ਬਿਨਾਂ ਸ਼ੱਕ ਪਿਛਲੇ ਦੋ ਦਹਾਕਿਆਂ ਤੋਂ ਉਹ ਸੂਬੇ ਦੇ ਪਸੰਦੀਦਾ ਆਗੂ ਹਨ।

ਮਿਸਾਲ ਵਜੋਂ ਕੁਮਾਰੀ ਜੇਨਾ ਨਾਂ ਦੀ ਇੱਕ ਸੁਆਣੀ ਨੇ ਸਾਨੂੰ ਦੱਸਿਆ, ਪੀਣ ਲਈ ਵਧੀਆ ਪਾਣੀ ਨਹੀਂ ਮਿਲਦਾ। ਚੋਣਾਂ ਜਿੱਤਣ ਤੋਂ ਬਾਅਦ ਕੋਈ ਸਾਨੂੰ ਨਹੀਂ ਯਾਦ ਨਹੀਂ ਰੱਖਦਾ।"

ਫਿਰ ਵੀ ਜਿਸ ਨੂੰ ਵੀ ਪੁੱਛਿਆ ਕਿ ਵੋਟ ਕਿਸ ਨੂੰ ਪੈਂਦੀ ਹੈ ਤਾਂ ਇੱਕੋ ਜਵਾਬ ਸੀ "ਨਵੀਨ ਬਾਬੂ ਨੂੰ।"

ਉਨ੍ਹਾਂ ਦੇ ਹੀ ਪਿੰਡ ਵਿੱਚ ਪ੍ਰਦੀਪ ਕੁਮਾਰ ਮਾਂਝੀ ਨਾਲ ਮੁਲਕਾਤ ਹੋਈ ਜੋ ਆਪਣੇ ਆਪ ਨੂੰ ਬੀਜੇਡੀ ਕਾਡਰ ਦੱਸਦੇ ਹਨ।

ਅਸੀਂ ਪੁੱਛਿਆ ਕਿ ਲੋਕ ਪੀਣ ਵਾਲੇ ਪਾਣੀ ਦੀ ਘਾਟ ਬਾਰੇ ਦੱਸ ਰਹੇ ਹਨ। ਜਵਾਬ ਸੀ, ਪਾਣੀ ਸਾਰੇ ਪਿੰਡਾਂ ਵਿੱਚ ਪਹੁੰਚ ਗਿਆ ਹੈ, ਸਿਰਫ਼ ਕੁਝ-ਇੱਕ ਪਿੰਡਾਂ ਤੱਕ ਨਹੀਂ ਪਹੁੰਚਿਆ , ਉਹ ਵੀ ਹੋ ਜਾਵੇਗਾ।"

Image copyright TWITTER@NAVEEN_ODISHA

ਮੋਦੀ ਜਾਂ ਪਟਨਾਇਕ ਵਿੱਚੋਂ ਕੌਣ ਵੱਡਾ ਆਗੂ ਹੈ, ਪੁੱਛਣ 'ਤੇ ਕਹਿੰਦੇ, ਵੱਡੇ ਆਗੂ ਤਾਂ ਮੋਦੀ ਜੀ ਹਨ ਪਰ ਉਡੀਸ਼ਾ ਵਿੱਚ ਨਵੀਨ ਪਟਨਾਇਕ ਹੀ ਹਨ।"

ਸ਼ਾਇਦ ਇਹੀ ਕਾਰਨ ਹੈ ਕਿ ਭਾਜਪਾ ਨੇ ਪਟਨਾਇਕ ਤੋਂ ਲੋਹਾ ਲੈਣ ਲਈ ਨਰਿੰਦਰ ਮੋਦੀ ਦੇਵ ਵੱਡੇ ਕੱਦ ਦੀ ਵਰਤੋਂ ਕੀਤੀ ਹੈ।

ਸਚਾਈ ਇਹ ਵੀ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਭਾਜਪਾ ਨੇ ਨਵੀਨ ਪਟਨਾਇਕ ਨੂੰ 'ਵੱਡੇ ਝਟਕੇ' ਵੀ ਦਿੱਤੇ ਹਨ।

ਸਾਲ 2014 ਦੀਆਂ ਆਮ ਚੋਣਾਂ ਵਿੱਚ ਉਡੀਸ਼ਾ ਵਿੱਚ ਬੀਜੇਡੀ ਵਿੱਚ ਨਵੀਨ ਪਟਨਾਇਕ ਤੋਂ ਬਾਅਦ ਬਾਲਭਦਰ ਮਾਝੀ ਅਤੇ ਬਿਜਯੰਤ ਪਾਂਡਾ ਦੀ ਗਿਣਤੀ ਹੁੰਦੀ ਸੀ।

ਅੱਜ ਦੋਵੇਂ ਭਾਜਪਾ ਦੀ ਟਿਕਟ ਤੇ ਨਵੀਨ ਬਾਬੂ ਦੇ ਖ਼ਿਲਾਫ ਖੜ੍ਹੇ ਹਨ। ਲਿਸਟ ਹਾਲੇ ਖ਼ਤਮ ਨਹੀਂ ਹੋਈ।

ਕੰਧਮਾਨ ਤੋਂ ਬੀਜੇਡੀ ਮੈਂਬਰ ਪਾਰਲੀਮੈਂਟ ਪ੍ਰਤਿਊਸ਼ਾ ਰਾਜੇਸ਼ਵਰੀ ਸਿੰਘ, ਕੇ ਨਾਰਾਇਣ ਰਾਓ ਅਤੇ ਦਾਮਾ ਰਾਉਤ ਵਰਗੇ ਵਿਧਾਇਕ ਅਤੇ ਕਾਂਗਰਸ ਦੇ ਪ੍ਰਕਾਸ਼ ਬੇਹਰਾ ਵਰਗੇ ਆਗੂਆਂ ਨੇ ਭਾਜਪਾ ਦਾ ਕਮਲ ਫੜ ਲਿਆ ਹੈ।

ਹਾਲਾਂਕਿ ਸੂਬੇ ਵਿੱਚ ਬੀਜੇਡੀ ਆਗੂਆਂ ਮੁਤਾਬਕ , "ਇਸ ਤਰ੍ਹਾਂ ਆਗੂਆਂ ਨੂੰ ਇਕੱਠੇ ਕਰਨ ਨਾਲ ਚੋਣਾਂ ਨਹੀਂ ਜਿੱਤੀਆਂ ਜਾਂਦੀਆਂ।"

ਹਾਲ ਹੀ ਵਿੱਚ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਵੀ ਇਕ ਬਿਆਨ ਵਿੱਚ ਕਿਹਾ ਸੀ, "ਇਨ੍ਹੀਂ ਦਿਨੀਂ ਭਾਜਪਾ ਵਾਲੇ ਮੇਰੇ ਘਰ ਦੇ ਬਾਹਰ ਘੁੰਮ ਰਹੇ ਆਗੂਆਂ ਨੂੰ ਲੱਭਣ ਵਿੱਚ ਲੱਗੇ ਹਨ ਕਿਉਂਕਿ ਉਨ੍ਹਾਂ ਕੋਲ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਉਮੀਦਵਾਰ ਪੂਰੇ ਨਹੀਂ ਹੋ ਰਹੇ।"

ਫੋਟੋ ਕੈਪਸ਼ਨ ਧਰਮੇਂਦਰ ਪ੍ਰਧਾਨ

ਭਾਜਪਾ ਆਗੂ ਧਰਮੇਂਦਰ ਪ੍ਰਧਾਨ ਨੇ ਇਸ ਇਲਜ਼ਾਮ ਨੂੰ ਹੱਸ ਕੇ ਰੱਦ ਕਰ ਦਿੱਤਾ ਅਤੇ ਕਿਹਾ, "ਨਵੀਨ ਬਾਬੂ ਨੂੰ ਕਹੀ ਜਾਣ ਦਿਓ। ਉਡੀਸ਼ਾ ਵਿੱਚ ਭਾਜਪਾ ਪੂਰਣ ਬਹੁਮਤ ਨਾਲ ਸਰਕਾਰ ਬਣਾ ਰਹੀ ਹੈ ।"

ਸੱਚਾਈ ਇਹ ਵੀ ਹੈ ਕਿ ਸੂਬੇ ਦੀ ਭਾਜਪਾ ਇਕਾਈ ਵਿੱਚ ਟਿੱਕਟ ਵੰਡਣ ਤੋਂ ਲੈ ਕੇ ਮਾੜਾ-ਮੋਟਾ ਕਲੇਸ਼ ਤਾਂ ਦਿਖਦਾ ਹੈ। ਸੰਘੀ ਪਿਛੋਕੜ ਵਾਲੇ ਅਤੇ ਹੋਰ ਪਿਛਲੀਆਂ ਚੋਣਾਂ ਵਿੱਚ ਬੇਹੱਦ ਘੱਟ ਫ਼ਾਸਲੇ ਨਾਲ ਹਾਰੇ ਸੁਭਾਸ਼ ਚੌਹਾਨ ਵਰਗੇ ਆਗੂਆਂ ਨੂੰ ਟਿੱਕਟ ਨਹੀਂ ਮਿਲਿਆ ਅਤੇ ਉਹ ਪਾਰਟੀ ਛੱਡ ਗਏ।

ਸਵਾਲ ਇਹ ਵੀ ਉੱਠ ਰਹੇ ਹਨ ਕਿ ਜਦੋਂ ਸੂਬਾ ਭਾਜਪਾ ਵਿੱਚ ਨਵੀਨ ਪਟਨਾਇਕ ਖ਼ਿਲਾਫ ਖੜ੍ਹੇ ਹੋ ਸਕਣ ਵਾਲਾ ਕੋਈ ਆਗੂ ਹੀ ਨਹੀਂ ਹੈ ਤਾਂ ਵਿਧਾਨ ਸਭਾ ਜਿੱਤਣ ਦੀ ਹਾਲਤ ਕੌਣ ਪੈਦਾ ਕਰੇਗਾ।

ਸੂਬੇ ਵਿੱਤ ਪਹਿਲੇ ਪੜਾਅ ਦੀਆਂ ਵੋਟਾਂ ਦੌਰਾਨ ਵੀ ਕਈ ਅਜਿਹੇ ਵੋਟਰਾਂ ਨਾਲ ਗੱਲਬਾਤ ਹੋਈ ਜੋ ਇਹ ਸਵਾਲ ਕਰਦੇ ਹਨ, "ਮੋਦੀ ਤਾਂ ਮੁੱਖ ਮੰਤਰੀ ਬਣਨਗੇ ਨਹੀਂ ਜੇ ਭਾਜਪਾ ਜਿੱਤੀ ਤਾਂ, ਬਣੇਗਾ ਕੌਣ।"

ਜਾਣਕਾਰਾਂ ਦਾ ਮੰਨਣਾ ਹੈ ਕਿ ਸਵਾਲ ਪੁੱਛਣਾ ਹਾਲੇ ਜਲਦਬਾਜ਼ੀ ਹੈ ਕਿਉਂਕਿ ਖ਼ੁਦ ਭਾਜਪਾ ਨੇ ਪਹਿਲਾਂ ਆਪਣੀ ਲੋਕ ਸਭਾ ਸੀਟਾਂ ਵਧਾਉਣ ਦੀ ਯੋਜਨਾ ਬਣਾ ਰੱਖੀ ਹੈ ਅਤੇ ਇਸ ਲਈ "ਵੋਟਰਾਂ ਦੇ ਸਾਹਮਣੇ ਨਵੀਨ ਪਟਨਾਇਕ ਅਤੇ ਮੋਦੀ, ਦੋਵਾਂ ਨੂੰ ਵੋਟ ਪਾਉਣ ਦਾ ਵਿਕਲਪ ਖੁੱਲ੍ਹਾ ਰਹੇਗਾ।"

ਜ਼ਮੀਨ ਉੱਪਰ ਆ ਕੇ ਜੋ ਆਖ਼ਰੀ ਪਰ ਬਹੁਤ ਅਹਿਮ ਗੱਲ ਨਜ਼ਰੀਂ ਪਈ ਉਹ ਇਹ ਸੀ ਕਿ ਖ਼ੁਦ ਨਵੀਨ ਪਟਨਾਇਕ, 72 ਸਾਲਾਂ ਦੀ ਉਮਰ ਵਿੱਚ, ਇਨ੍ਹਾਂ ਚੋਣਾਂ ਵਿੱਚ ਸ਼ਾਇਦ ਆਪਣੇ ਸਿਆਸੀ ਜੀਵਨ ਦਾ ਸਭ ਤੋਂ ਸਖ਼ਤ ਚੋਣ ਪ੍ਰਚਾਰ ਕਰ ਰਹੇ ਹਨ।

ਮਤਲਬ ਇਹ ਹੋਇਆ ਕਿ, ਵੰਗਾਰ ਤਾਂ ਮਿਲ ਰਹੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।