ਆਈਪੀਐਲ: ਕੋਹਲੀ ਦੀ ਟੀਮ ਰਾਇਲ ਚੈਲੇਂਜਰਸ ਬੰਗਲੌਰ ਹਾਰ ਦਾ ਦੂਜਾ ਨਾਮ ਕਿਉਂ ਬਣ ਗਈ ਹੈ?

ਵਿਰਾਟ ਕੋਹਲੀ Image copyright Getty Images

ਸੋਮਵਾਰ ਨੂੰ ਆਈਪੀਐੱਲ-12 ਦੇ ਮੁਕਾਬਲੇ ਵਿੱਚ ਮੁੰਬਈ ਦੀ ਬੱਲੇਬਾਜ਼ੀ ਦੌਰਾਨ ਬੰਗਲੌਰ ਦੇ ਗੇਂਦਬਾਜ਼ ਮੁਹੰਮਦ ਸਿਰਾਜ ਜਦੋਂ ਆਪਣਾ ਦੂਜਾ ਅਤੇ ਪਾਰੀ ਦਾ 18ਵਾਂ ਓਵਰ ਕਰ ਰਹੇ ਸਨ ਤਾਂ ਕਵਰ ਵਿੱਚ ਖੜ੍ਹੇ ਕਪਤਾਨ ਵਿਰਾਟ ਕੋਹਲੀ ਦੇ ਕੋਲ ਸ਼ਾਟ ਆਇਆ ਅਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਗੇਂਦ ਉਨ੍ਹਾਂ ਹੱਥੋਂ ਫਿਸਲ ਗਈ।

ਨਿਰਾਸ਼ ਵਿਰਾਟ ਕੋਹਲੀ ਨੇ ਕਿਸੇ ਤਰੀਕੇ ਉਸ ਨੂੰ ਸੰਭਾਲਿਆ ਅਤੇ ਫਿਰ ਗੁੱਸੇ ਵਿੱਚ ਪੈਰ ਨਾਲ ਖਿਸਕਾ ਦਿੱਤਾ।

ਇਹ ਬਿਆਨ ਕਰ ਰਿਹਾ ਸੀ ਕਿ ਵਿਰਾਟ ਕੋਹਲੀ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਕਿੰਨੇ ਨਿਰਾਸ਼ ਹਨ।

ਇਹ ਵੀ ਪੜ੍ਹੋ:

ਡਗਆਉਟ ਵਿੱਚ ਉਨ੍ਹਾਂ ਦੀ ਟੀਮ ਦੇ ਕੋਚ ਆਸ਼ੀਸ਼ ਨਹਿਰਾ ਦਾ ਚਿਹਰਾ ਵੀ ਉਤਰਿਆ ਹੋਇਆ ਸੀ।

ਜਿੱਤ ਲਈ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਮੁੰਬਈ ਇੰਡੀਅਨਸ ਦੇ ਸਾਹਮਣੇ ਆਖਰੀ ਦੋ ਓਵਰਾਂ ਵਿੱਚ 22 ਦੌੜਾਂ ਬਣਾਉਣ ਦੀ ਚੁਣੌਤੀ ਸੀ।

ਮੈਚ ਦੌਰਾਨ ਕੀ ਹੋਇਆ?

ਵਿਰਾਟ ਨੇ ਗੇਂਦ ਪਵਨ ਨੇਗੀ ਨੂੰ ਫੜਾਈ।

ਨੇਗੀ ਦਾ ਸਾਹਮਣਾ ਕਰ ਰਹੇ ਸਨ ਹਾਰਦਿਕ ਪੰਡਿਆ ਅਤੇ ਉਨ੍ਹਾਂ ਨੇ ਇਕੱਲੇ ਹੀ ਇਸ ਓਵਰ ਵਿੱਚ ਮੈਚ ਦਾ ਫੈਸਲਾ ਕਰ ਦਿੱਤਾ।

ਨੇਗੀ ਦੀ ਪਹਿਲੀ ਗੇਂਦ 'ਤੇ ਤਾਂ ਕੋਈ ਰਨ ਨਹੀਂ ਬਣਿਆ ਪਰ ਅਗਲੀਆਂ ਗੇਂਦਾਂ 'ਤੇ ਹਾਰਦਿਕ ਪੰਡਿਆ ਦਾ ਬੱਲਾ ਅਜਿਹਾ ਗਰਜਿਆ ਕਿ ਬੰਗਲੌਰ ਦੇ ਫੀਲਡਰ ਅੱਖਾਂ ਫਾੜ ਕੇ ਦੇਖਦੇ ਰਹਿ ਗਏ।

Image copyright Bcci

ਪੰਡਿਆ ਨੇ ਨੇਗੀ ਦੀ ਦੂਜੀ ਗੇਂਦ 'ਤੇ 'ਲਾਂਗ ਆਫ਼' ਉੱਤੇ ਜ਼ੋਰਦਾਰ ਛੱਕਾ ਮਾਰਿਆ।

ਤੀਜੀ ਗੇਂਦ ਨੂੰ ਪੰਡਿਆ ਨੇ ਐਕਸਟਰਾ ਕਵਰ ਬਾਉਂਡਰੀ ਲਾਈਨ ਤੋਂ ਬਾਹਰ ਚਾਰ ਦੌੜਾਂ ਲਈ ਭੇਜਿਆ।

ਚੌਥੀ ਗੇਂਦ 'ਤੇ ਵੀ ਪੰਡਿਆ ਨੇ ਚੌਕਾ ਮਾਰਿਆ।

ਪੰਜਵੀਂ ਗੇਂਦ ਨੂੰ ਪੰਡਿਆ ਨੇ ਬੇਹੱਦ ਜ਼ੋਰਦਾਰ ਸ਼ਾਟ ਰਾਹੀਂ 'ਲਾਂਗ ਆਨ' 'ਤੇ ਛੱਕੇ ਦੀ ਰਾਹ ਦਿਖਾਈ।

ਇਸ ਤੋਂ ਬਾਅਦ ਤਾਂ ਬੱਸ ਜਿੱਤ ਦੀ ਰਸਮ ਹੀ ਰਹਿ ਗਈ ਸੀ।

ਆਖਰੀ ਗੇਂਦ 'ਤੇ ਇੱਕ ਰਨ ਦੇ ਨਾਲ ਮੁੰਬਈ ਨੇ ਇਹ ਮੈਚ 19 ਓਵਰ ਵਿੱਚ ਪੰਜ ਵਿਕਟਾਂ ਗਵਾ ਕੇ ਹਾਸਿਲ ਕਰ ਲਿਆ।

ਹਾਰਦਿਕ ਪੰਡਿਆ 16 ਗੇਂਦਾਂ 'ਤੇ ਪੰਜ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 37 ਰਨ ਬਣਾ ਕੇ ਨਾਬਾਦ ਰਹੇ।

ਉਨ੍ਹਾਂ ਤੋਂ ਇਲਾਵਾ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕੌਕ ਨੇ 40, ਕਪਤਾਨ ਰੋਹਿਤ ਸ਼ਰਮਾ ਨੇ 28, ਸੂਰਿਆਕੁਮਾਰ ਯਾਦਵ ਨੇ 29 ਅਤੇ ਇਸ਼ਾਨ ਕਿਸ਼ਨ ਨੇ ਵੀ 21 ਦੌੜਾਂ ਦਾ ਯੋਗਦਾਨ ਦਿੱਤਾ।

ਯੁਜਵੇਂਦਰ ਚਾਹਲ ਨੇ 27 ਦੌੜਾਂ ਦੇ ਕੇ ਦੋ ਵਿਕਟਾਂ ਹਾਸਿਲ ਕੀਤੀਆਂ।

ਕਿੰਨੀਆਂ ਦੌੜਾਂ ਬਣਾਈਆਂ

ਇਸ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੰਗਲੌਰ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਮਿਲਣ 'ਤੇ ਏਬੀ ਡਿਵਿਲੀਅਰਸ ਦੇ 75 ਅਤੇ ਮੋਇਨ ਅਲੀ ਦੀਆਂ 50 ਦੌੜਾਂ ਦੀ ਮਦਦ ਨਾਲ ਤੈਅ 20 ਓਵਰਾਂ ਵਿੱਚ 7 ਵਿਕਟਾਂ ਗਵਾ ਕੇ 171 ਦੌੜਾਂ ਬਣਾਈਆਂ।

ਡਿਵਿਲੀਅਰਸ ਅਤੇ ਮੋਇਨ ਅਲੀ ਤੋਂ ਇਲਾਵਾ ਸਲਾਮੀ ਬੱਲੇਬਾਜ਼ ਪਾਰਥਿਵ ਪਟੇਲ ਨੇ 28 ਦੌੜਾਂ ਬਣਾਈਆਂ।

Image copyright Twitter/ hardik pandya

ਬਾਕੀ ਬੱਲੇਬਾਜ਼ਾਂ ਦਾ ਤਾਂ ਇਹ ਹਾਲ ਸੀ ਕਿ ਖੁਦ ਕਪਤਾਨ ਵਿਰਾਟ ਕੋਹਲੀ ਅੱਠ ਅਤੇ ਆਕਾਸ਼ਦੀਪ ਨਾਥ ਦੋ ਦੌੜਾਂ ਬਣਾ ਸਕੇ।

ਮਾਰਕਸ ਸਟਾਇਨਿਸ ਅਤੇ ਪਵਨ ਨੇਗੀ ਦੇ ਬੱਲੇ ਤੋਂ ਕੋਈ ਰਨ ਨਹੀਂ ਨਿਕਲਿਆ।

ਮੁੰਬਈ ਦੇ ਮਲਿੰਗਾ ਨੇ ਆਪਣੀ ਪੁਰਾਣੀ ਰੰਗਤ ਦਿਖਾਉਂਦੇ ਹੋਏ 31 ਰਨ ਦੇ ਕੇ ਚਾਰ ਵਿਕਟਾਂ ਝਟਕਾਈਆਂ।

ਅਖੀਰ ਲਗਾਤਾਰ ਇੱਕ ਤੋਂ ਬਾਅਦ ਇੱਕ ਹਾਰ ਤੋਂ ਬਾਅਦ ਵੀ ਬੰਗਲੌਰ ਦੀ ਟੀਮ ਕਪਤਾਨ ਵਿਰਾਟ ਕੋਹਲੀ, ਏਬੀ ਡਿਵਿਲੀਅਰਸ, ਸਟੋਇਨਿਸ, ਮੋਇਨ ਅਲੀ ਅਤੇ ਯੁਜਵੇਂਦਰ ਵਰਗੇ ਖਿਡਾਰੀਆਂ ਦੇ ਹੁੰਦੇ ਹੋਏ ਵੀ ਸੰਭਲ ਕਿਉਂ ਨਹੀਂ ਸਕੀ।

ਚੰਗੇ ਖਿਡਾਰੀ ਫਿਰ ਵੀ ਹਾਰ ਕਿਉਂ

ਇਸ ਸਵਾਲ ਦੇ ਜਵਾਬ ਵਿੱਚ ਕ੍ਰਿਕਟ ਸਮੀਖਿਅਕ ਵਿਜੇ ਲੋਕਪੱਲੀ ਕਹਿੰਦੇ ਹਨ ਕਿ ਪਹਿਲਾਂ ਜੇ ਮੁੰਬਈ ਦੇ ਖਿਲਾਫ਼ ਹੋਏ ਮੈਚ ਦੀ ਗੱਲ ਕਰੀਏ ਤਾਂ ਜਿਸ ਓਵਰ ਵਿੱਚ ਹਾਰਦਿਕ ਪੰਡਿਆ ਨੇ ਤੂਫ਼ਾਨੀ ਬੱਲੇਬਾਜ਼ੀ ਕੀਤੀ ਉਹ ਓਵਰ ਪਵਨ ਨੇਗੀ ਨੂੰ ਦੇਣਾ ਹੀ ਨਹੀਂ ਚਾਹੀਦਾ ਸੀ।

ਹਾਰਦਿਕ ਪੰਡਿਆ ਤੋਂ ਉਨ੍ਹਾਂ ਦਾ ਸਿਹਰਾ ਨਹੀਂ ਖੋਹਣਾ ਚਾਹੀਦਾ ਪਰ ਉਨ੍ਹਾਂ ਨੇ ਤਾਂ ਆਪਣਾ ਬੱਲਾ ਘੁਮਾਉਣਾ ਹੀ ਸੀ।

Image copyright AFP

ਉਨ੍ਹਾਂ ਨੇ ਚਲਾਕੀ ਲਈ ਦਿਖਾਈ ਕਿ ਉਹ ਵਿਕੇਟ 'ਤੇ ਥੋੜ੍ਹਾ ਪਿੱਛੇ ਚਲੇ ਜਾਂਦੇ ਸੀ ਤਾਂ ਕਿ ਦਮਦਾਰ ਸ਼ਾਟ ਲਾ ਸਕਣ।

ਪਰ ਪਵਨ ਨੇਗੀ ਜਿਨ੍ਹਾਂ ਨੂੰ ਬਾਹਰ ਖੜ੍ਹੇ ਕੋਚ ਆਸ਼ੀਸ਼ ਨੇਹਰਾ ਦੇ ਕਹਿਣ ਤੇ ਲਿਆਂਦਾ ਗਿਆ ਉਨ੍ਹਾਂ ਨੇ ਬਹੁਤ ਕਮਜ਼ੋਰ ਗੇਂਦਬਾਜ਼ੀ ਕੀਤੀ।

ਉਨ੍ਹਾਂ ਨੇ ਪੰਡਿਆ ਦੀ ਰੇਂਜ ਵਿੱਚ ਗੇਂਦ ਕੀਤੀ।

ਇਸ ਦੇ ਨਾਲ ਹੀ ਬੰਗਲੌਰ ਨੇ ਦਿਖਾ ਦਿੱਤਾ ਕਿ ਚੰਗੀ ਹਾਲਤ ਵਿੱਚ ਹੋਣ ਦੇ ਬਾਵਜੂਦ ਮੈਚ ਹਾਰਨਾ ਕੋਈ ਆਰਸੀਬੀ ਤੋਂ ਸਿੱਖੇ।

ਇਸ ਤੋਂ ਇਲਾਵਾ ਆਪਣੀ ਹੀ ਕਮਜ਼ੋਰ ਫੀਲਡਿੰਗ ਤੇ ਵਿਰਾਟ ਕੋਹਲੀ ਦੇ ਖਿਝਣ 'ਤੇ ਵਿਜੇ ਲੋਕਪੱਲੀ ਕਹਿੰਦੇ ਹਨ ਕਿ ਵਿਰਾਟ ਦੂਜਿਆਂ ਤੋਂ ਉਮੀਦ ਰੱਖਦੇ ਹਨ ਕਿ ਉਹ ਦੌੜਾਂ ਬਚਾਉਣ, ਡਾਈਵ ਲਾਉਣ, ਆਪਣਾ ਵਧੀਆ ਪ੍ਰਦਰਸ਼ਨ ਦੇਣ ਪਰ ਵਿਰਾਟ ਨੇ ਖੁਦ ਸਿੱਧੀ ਗੇਂਦ ਨੂੰ ਸਹੀ ਨਹੀਂ ਫੜ੍ਹਿਆ ਤਾਂ ਉਨ੍ਹਾਂ ਨੂੰ ਖੁਦ 'ਤੇ ਗੁੱਸਾ ਆ ਰਿਹਾ ਸੀ।

ਟੀਮ ਵਿੱਚ ਕਮੀ ਕਿੱਥੇ ਹੈ

ਗੱਲ ਇਹ ਹੈ ਕਿ ਨਾ ਤਾਂ ਉਨ੍ਹਾਂ ਕੋਲ ਚੰਗੀ ਗੇਂਦਬਾਜ਼ੀ ਹੈ, ਨਾ ਫੀਲਡਿੰਗ ਹੈ ਤਾਂ ਅਜਿਹੇ ਵਿੱਚ ਜੇ ਬੰਗਲੌਰ 200 ਜਾਂ 220 ਦੌੜਾਂ ਨਹੀਂ ਬਣਾਏਗੀ ਤਾਂ ਕਿਵੇਂ ਜਿੱਤੇਗੀ।

ਅਤੇ ਹੁਣ ਤਾਂ 7 ਤੋਂ 8 ਮੈਚ ਹਾਰ ਕੇ ਉਸ ਦੀ ਮੁਹਿੰਮ ਖ਼ਤਮ ਹੋਣ ਕੰਢੇ 'ਤੇ ਹੀ ਪਹੁੰਚ ਗਈ ਹੈ।

ਇਸ ਨੂੰ ਲੈ ਕੇ ਵਿਜੇ ਲੋਕਪੱਲੀ ਕਹਿੰਦੇ ਹਨ ਕਿ ਬਾਕੀ ਬਚੇ 6 ਦੇ 6 ਮੈਚ ਜਿੱਤਣਾ ਬਹੁਤ ਔਖਾ ਹੈ।

Image copyright Twitter@hardikpandya7

ਇੱਕ ਅਜਿਹੀ ਟੀਮ ਜਿਸ ਦਾ ਮਨੋਬਲ ਬਿਲਕੁਲ ਟੁੱਟ ਚੁੱਕਿਆ ਹੈ ਜਿਨ੍ਹਾਂ ਦੀ ਫਾਰਮ ਬੇਹੱਦ ਖ਼ਰਾਬ ਹੈ।

ਉੰਝ ਵੀ 25 ਤਰੀਕ ਜੋ ਹਾਲੇ ਦੂਰ ਹੈ ਉਦੋਂ ਤਾਂ ਬੰਗਲੌਰ ਕੁਝ ਵਿਦੇਸ਼ੀ ਖਿਡਾਰੀਆਂ ਨੂੰ ਵੀ ਗਵਾ ਦੇਵੇਗੀ ਕਿਉਂਕਿ ਉਹ ਵਿਸ਼ਵ ਕੱਪ ਦੀ ਤਿਆਰੀ ਲਈ ਵਾਪਸ ਚਲੇ ਜਾਣਗੇ।

ਅਜਿਹੇ ਵਿੱਚ ਤਾਂ ਕੋਈ ਚਮਤਕਾਰ ਹੀ ਬੰਗਲੌਰ ਨੂੰ ਅੰਤਿਮ ਚਾਰ ਦਾ ਟਿਕਟ ਦਿਵਾ ਸਕਦੇ ਹਨ।

ਤਾਂ ਕੀ ਖੁਦ ਵਿਰਾਟ ਕੋਹਲੀ ਦੇ ਬੱਲੇ ਦਾ ਨਾ ਚੱਲ ਪਾਉਣਾ ਬੰਗਲੌਰ ਦੀ ਬੁਰੀ ਹਾਲਤ ਦਾ ਮੁੱਖ ਕਾਰਨ ਹੈ?

Image copyright Getty Images

ਵਿਜੇ ਲੋਕਪੱਲੀ ਕਹਿੰਦੇ ਹਨ ਕਿ ਪੱਕੇ ਤੌਰ 'ਤੇ ਇਸ ਵਿੱਚ ਕੋਈ ਦੋ ਰਾਇ ਨਹੀਂ ਹੈ।

ਇਹ ਟੀਮ ਇਸ ਵਾਰੀ ਸਿਰਫ਼ ਵਿਰਾਟ ਅਤੇ ਡਿਵਿਲੀਅਰਸ ਦੇ ਭਰੋਸੇ ਸੀ।

ਸੋਮਵਾਰ ਨੂੰ ਵੀ ਡਿਵਿਲੀਅਰਸ ਮੁੰਬਈ ਖਿਲਾਫ਼ ਗਲਤ ਸਮੇਂ 'ਤੇ ਆਉਟ ਹੋ ਗਏ।

ਇੱਥੋਂ ਤੱਕ ਕਿ ਆਖਰੀ ਓਵਰ ਵਿੱਚ ਤਾਂ ਤਿੰਨ ਵਿਕਟ ਡਿੱਗ ਗਏ।

ਆਕਾਸ਼ਦੀਪ ਨਾਥ ਕਾਰਨ ਡਿਵਿਲੀਅਰਸ ਰਨ ਆਊਟ ਹੋ ਗਏ।

ਆਕਾਸ਼ਦੀਪ ਨੂੰ ਡਿਵਿਲੀਅਰਸ ਨੂੰ ਰਨ ਲੈਂਦੇ ਵੇਲੇ ਵਾਪਸ ਭੇਜਣਾ ਹੀ ਨਹੀਂ ਚਾਹੀਦਾ ਸੀ।

ਇਹ ਵੀ ਪੜ੍ਹੋ:

ਜੇ ਡਿਵਿਲੀਅਰਸ ਸਟਰਾਈਕ 'ਤੇ ਰਹਿੰਦੇ ਤਾਂ ਘੱਟੋ-ਘੱਟ 15 ਰਨ ਤਾਂ ਹੋਰ ਬਣ ਹੀ ਸਕਦੇ ਸੀ ਜੋ ਕੰਮ ਆਉਂਦੇ।

ਇੱਥੇ ਬਹੁਤ ਹੀ ਕਮਜ਼ੋਰ ਕ੍ਰਿਕਟ ਸਮਝ ਦੀ ਪਛਾਣ ਬੰਗਲੌਰ ਦੇ ਖਿਡਾਰੀਆਂ ਨੇ ਦਿੱਤੀ।

ਅਤੇ ਰਹੀ ਸਹੀ ਕਸਰ ਪਵਨ ਨੇਗੀ ਦੇ ਓਵਰ ਨੇ ਪੂਰੀ ਕਰ ਦਿੱਤੀ।

ਨੇਗੀ ਇੰਨੇ ਨਜ਼ਦੀਕੀ ਮੈਚ ਵਿੱਚ ਸਹੀ ਓਵਰ ਨਹੀਂ ਕਰ ਸਕਦੇ।

ਤਕਨੀਕੀ ਰੂਪ ਤੋਂ ਹੁਣ ਜੇ ਬੰਗਲੌਰ ਇੱਕ ਹੋਰ ਮੈਚ ਹਾਰ ਗਈ ਤਾਂ ਉਹ ਸੁਪਰ ਫੋਰ ਤੋਂ ਬਾਹਰ ਹੋ ਜਾਵੇਗੀ।

ਹੁਣ ਭਾਵੇਂ ਟੀਮ ਸਿਰਫ਼ ਦੋ ਬੱਲੇਬਾਜ਼ਾਂ ਦੇ ਸਹਾਰੇ ਹੋਵੇ ਉਸ ਨੂੰ ਅੱਠ ਵਿੱਚੋਂ ਸੱਤ ਮੈਚ ਹਾਰ ਕੇ ਆਈਪੀਐਲ ਵਿੱਚ ਬੇਸਹਾਰਾ ਤਾਂ ਹੋਣਾ ਹੀ ਸੀ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)