ਪਹਿਲੀ ਵਾਰ ਦੇਸ ’ਚ ਪੈਸਿਆਂ ਦੀ ਵੰਡ ਦੇ ਇਲਜ਼ਾਮਾਂ ਕਾਰਨ ਇੱਕ ਲੋਕ ਸਭਾ ਸੀਟ ਦੀਆਂ ਚੋਣਾਂ ਰੱਦ

ਚੋਣ ਕਮਿਸ਼ਨ Image copyright Getty Images

ਭਾਰਤੀ ਚੋਣ ਕਮਿਸ਼ਨ ਦੀ ਸਿਫਾਰਿਸ਼ਾਂ ਨੂੰ ਮੰਨਦੇ ਹੋਏ ਰਾਸ਼ਟਰਪਤੀ ਨੇ ਤਮਿਲ ਨਾਡੂ ਦੀ 8-ਵਿੱਲੋਰ ਹਲਕੇ ਦੀ ਚੋਣ ਨੂੰ ਰੱਦ ਕਰ ਦਿੱਤਾ ਹੈ।

ਭਾਰਤੀ ਚੋਣ ਕਮਿਸ਼ਨ ਦੇ ਬੁਲਾਰੇ ਸ਼ਰੇਪੱਲੀ ਸਰਨ ਇਸ ਬਾਰੇ ਪੁਸ਼ਟੀ ਕੀਤੀ ਹੈ।

ਭਾਰਤੀ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਨੂੰ ਵਿੱਲੋਰ ਸੀਟ ਦੀ ਚੋਣ ਰੱਦ ਕਰਨ ਦੀ ਸਿਫਾਰਿਸ਼ ਕੀਤੀ ਸੀ।

ਇਹ ਫੈਸਲਾ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਕੈਸ਼ ਮਿਲਣ ਕਰਕੇ ਲਿਆ ਗਿਆ ਹੈ।

ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ, "ਚੋਣ ਕਮਿਸ਼ਨ ਵੱਲੋਂ 14 ਅਪ੍ਰੈਲ, 2019 ਨੂੰ ਵਿੱਲੋਰ ਹਲਕੇ ਦੀ ਚੋਣ ਰੱਦ ਕਰਨ ਦੀ ਰਾਸ਼ਟਰਪਤੀ ਨੂੰ ਦਿੱਤੀ ਸਿਫਾਰਿਸ਼ ਸਵੀਕਾਰ ਕਰ ਲਈ ਗਈ ਹੈ।"

ਇਹ ਵੀ ਪੜ੍ਹੋ:

ਇਸ ਫੈਸਲੇ ਤੋਂ ਬਾਅਦ ਵਿੱਲੋਰ ਦੇਸ ਦਾ ਪਹਿਲਾ ਹਲਕਾ ਹੋਵੇਗਾ ਜਿੱਥੇ ਚੋਣਾਂ ਪੈਸੇ ਵੰਡਣ ਕਾਰਨ ਰੱਦ ਹੋਈਆਂ ਹਨ।

30 ਮਾਰਚ ਨੂੰ ਡੀਐੱਮਕੇ ਦੇ ਖਜ਼ਾਨਚੀ ਅਤੇ ਤਮਿਲ ਨਾਡੂ ਦੇ ਕੈਬਨਿਟ ਮੰਤਰੀ ਦੁਰਾਇਮੁਰਗਨ ਦੇ ਘਰ ਇਨਕਮ ਟੈਕਸ ਮਹਿਕਮੇ ਨੇ ਛਾਪਾ ਮਾਰਿਆ ਸੀ। ਉਨ੍ਹਾਂ ਦੇ ਕਈ ਕਰੀਬਿਆਂ ਦੇ ਘਰ ਵੀ ਛਾਪੇ ਮਾਰੇ ਗਏ ਸਨ।

Image copyright TWITTER
ਫੋਟੋ ਕੈਪਸ਼ਨ ਦੁਰਾਇਮੁਰਗਨ (ਖੱਬੇ ਤੋਂ ਤੀਜੇ) ਦੇ ਘਰੋਂ 10.5 ਲੱਖ ਰੁਪਏ ਦੀਆਂ ਖ਼ਬਰਾਂ ਆਈਆਂ ਸਨ

ਇਹ ਵੀ ਖ਼ਬਰਾਂ ਆਈਆਂ ਸਨ ਕਿ ਇਨਕਮ ਟੈਕਸ ਮਹਿਕਮੇ ਨੂੰ ਦੁਰਾਇਮੁਰਗਨ ਦੇ ਘਰੋਂ 10.5 ਲੱਖ ਰੁਪਏ ਕੈਸ਼ ਬਰਾਮਦ ਹੋਇਆ ਹੈ।

ਵਿੱਲੋਰ ਤੋਂ ਦੁਰਾਇਮੁਰਗਨ ਦੇ ਪੁੱਤਰ ਕਾਥਿਰ ਆਨੰਦ ਚੋਣ ਲੜ ਰਹੇ ਸਨ ਇਸ ਲਈ ਮੁੱਦਾ ਸੁਰਖ਼ੀਆਂ ਵਿੱਚ ਆ ਗਿਆ। ਦੋ ਦਿਨਾਂ ਬਾਅਦ ਖ਼ਬਰ ਆਈ ਕਿ ਇਨਕਮ ਟੈਕਸ ਮਹਿਕਮੇ ਨੇ ਕਾਥਿਰ ਆਨੰਦ ਦੇ ਇੱਕ ਕਰੀਬੀ ਦੇ ਘਰੋਂ 11 ਕਰੋੜ ਰੁਪਏ ਜ਼ਬਤ ਕੀਤੇ ਹਨ।

ਛਾਪੇ ਵਾਲੇ ਦਿਨ ਦੁਰਾਇਮੁਰਗਨ ਨੇ ਪ੍ਰੈੱਸ ਨਾਲ ਗੱਲਬਾਤ ਵਿੱਚ ਇਲਜ਼ਾਮ ਲਾਇਆ, "ਅਸੀਂ ਕਿਸੇ ਤੋਂ ਕੁਝ ਨਹੀਂ ਲੁਕਾ ਰਹੇ ਹਾਂ ਅਤੇ ਜੋ ਚੋਣ ਵਿੱਚ ਸਾਡਾ ਮੁਕਾਬਲਾ ਨਹੀਂ ਕਰ ਸਕਦੇ ਉਹ ਅਜਿਹੇ ਮੁੱਦੇ ਬਣਾ ਰਹੇ ਹਨ।"

ਵਿਧਾਨ ਸਭਾ ਚੋਣਾਂ ਵੀ ਹੋਈਆਂ ਸਨ ਰੱਦ

10 ਅਪ੍ਰੈਲ ਨੂੰ ਤਮਿਲ ਨਾਡੂ ਪੁਲਿਸ ਨੇ ਕਾਥਿਰ ਆਨੰਦ, ਸ੍ਰੀਨਿਵਾਸਨ ਅਤੇ ਦਾਮੋਦਰਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।

ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਨੂੰ ਵਿੱਲੋਰ ਦੀ ਚੋਣ ਰੱਦ ਕਰਵਾਉਣ ਦੀ ਸਿਫਾਰਿਸ਼ ਭੇਜ ਦਿੱਤੀ ਸੀ। ਹੁਣ ਵਿੱਲੋਰ ਦੀ ਚੋਣ ਰੱਦ ਹੋ ਚੁੱਕੀ ਹੈ।

2016 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਅਰਵਾਕੁਰੀਚੀ ਤੇ ਤੰਜੌਰ ਹਲਕਿਆਂ ਵਿੱਚ ਪੈਸਿਆਂ ਦੀ ਵੰਡ ਕਾਰਨ ਹੀ ਚੋਣਾਂ ਰੱਦ ਕੀਤੀਆਂ ਸਨ।

2017 ਵਿੱਚ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਤੋਂ ਬਾਅਦ ਰਾਧਾਕ੍ਰਿਸ਼ਨਨ ਨਗਰ ਦੀ ਜਿਮਨੀ ਚੋਣ ਹੋਈ ਸੀ। ਉਹ ਚੋਣ ਵੀ ਪੈਸਿਆਂ ਦੀ ਵੰਡ ਕਾਰਨ ਰੱਦ ਹੋਈ ਸੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)