Result 2019: ਕੰਧਾਂ 'ਤੇ ਪੋਸਟਰ ਲਗਾਉਣ ਵਾਲੇ ਅਮਿਤ ਸ਼ਾਹ ਕਿਵੇਂ ਬਣੇ ਭਾਜਪਾ ਦੇ ਪੋਸਟਰਾਂ ਦਾ ਚਿਹਰਾ

  • ਅਜੈ ਉਮਟ
  • ਸੀਨੀਅਰ ਪੱਤਰਕਾਰ, ਬੀਬੀਸੀ ਦੇ ਲਈ
ਅਮਿਤ ਸ਼ਾਹ

ਤਸਵੀਰ ਸਰੋਤ, AFP/Getty Images

ਵਧੇਰੇ ਮਸਾਲੇਦਾਰ ਪਾਓ-ਭਾਜੀ ਪਸੰਦ ਕਰਨ ਵਾਲੇ ਅਮਿਤ ਸ਼ਾਹ ਸਿਆਸਤ ਵਿੱਚ ਕੁਝ ਘੱਟ ਮਿਲੇ, ਇਸਦੇ ਲਈ ਤਿਆਰ ਨਹੀਂ ਹੁੰਦੇ।

"ਮੈਨੂੰ ਉਹ ਦਿਨ ਯਾਦ ਹੈ ਜਦੋਂ ਮੈਂ ਇੱਕ ਨੌਜਵਾਨ ਵਰਕਰ ਦੇ ਰੂਪ ਵਿੱਚ ਨਾਰਨਪੁਰਾ ਇਲਾਕੇ 'ਚ ਭਾਜਪਾ ਦੇ ਸੀਨੀਅਰ ਲੀਡਰਾਂ ਲਈ ਪੋਸਟ ਲਗਾਉਂਦਾ ਸੀ। ਸਾਲਾਂ ਲੰਘ ਗਏ ਹਨ ਅਤੇ ਮੈਂ ਬਹੁਤ ਵੱਡਾ ਹੋ ਗਿਆ ਹਾਂ ਪਰ ਯਾਦਾਂ ਅਜੇ ਵੀ ਤਾਜ਼ਾ ਹਨ ਅਤੇ ਮੈਨੂੰ ਪਤਾ ਹੈ ਕਿ ਮੇਰਾ ਸਫ਼ਰ ਇੱਥੋਂ ਹੀ ਸ਼ੁਰੂ ਹੋਇਆ ਸੀ।"

30 ਮਾਰਚ ਨੂੰ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਹੋਏ ਰੋਡ ਸ਼ੋਅ ਵਿੱਚ ਇਹ ਗੱਲਾਂ ਆਖੀਆਂ ਸਨ।

ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਲੋਕ ਸਭਾ ਚੋਣ ਲੜ ਰਹੇ ਸ਼ਾਹ ਉਸ ਸਮੇਂ ਦੀ ਗੱਲ ਕਰ ਰਹੇ ਸਨ, ਜਦੋਂ 1982 ਵਿੱਚ ਉਹ ਏਬੀਵੀਪੀ ਦੇ ਨੌਜਵਾਨ ਵਰਕਰ ਸਨ।

ਇਹ ਵੀ ਪੜ੍ਹੋ:

ਕਈ ਸਾਲ ਲੰਘ ਚੁੱਕੇ ਹਨ ਅਤੇ ਉਹ ਮੁੰਡਾ ਜਿਹੜਾ ਕਦੇ ਅਟਲ ਬਿਹਾਰੀ ਵਾਜਪਈ ਅਤੇ ਭਾਜਪਾ ਦੇ ਦੂਜੇ ਦਿੱਗਜ ਲੀਡਰਾਂ ਲਈ ਪੋਸਟਰ ਲਗਾਉਂਦਾ ਸੀ ਅੱਜ ਖ਼ੁਦ ਪਾਰਟੀ ਦਾ ਪੋਸਟਰ ਬੁਆਏ ਬਣ ਚੁੱਕਿਆ ਹੈ।

ਏਬੀਵੀਪੀ ਤੋਂ ਸ਼ੁਰੂ ਹੋਇਆ ਸਫ਼ਰ

ਅਮਿਤ ਸ਼ਾਹ ਦਾ ਹੁਣ ਤੱਕ ਦਾ ਸਫ਼ਰ ਨਾਟਕੀ ਘਟਨਾਕ੍ਰਮ ਨਾਲ ਭਰਿਆ ਰਿਹਾ ਹੈ।

ਤਸਵੀਰ ਸਰੋਤ, AFP/Getty Images

ਸ਼ਾਹ ਨੇ ਆਪਣੀ ਜ਼ਿੰਦਗੀ ਵਿੱਚ ਹਰ ਤਰੀਕੇ ਦੇ ਚੰਗੇ-ਮਾੜੇ ਸਮੇਂ ਦੇਖੇ ਹਨ। ਏਬੀਵੀਪੀ ਵਰਕਰ ਦੇ ਰੂਪ ਵਿੱਚ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਸ਼ਾਹ ਅੱਜ ਉਸ ਮੁਕਾਮ 'ਤੇ ਪਹੁੰਚ ਗਏ ਹਨ, ਜਿੱਥੇ ਉਹ ਪਾਰਟੀ ਦੇ ਪ੍ਰਦਰਸ਼ਨ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ, ਭਾਵੇਂ ਪਾਰਟੀ ਚੋਣਾਂ ਹਾਰੇ ਜਾਂ ਜਿੱਤੇ।

ਸ਼ਾਹ ਦਾ ਜਨਮ 22 ਅਕਤੂਬਰ 1964 ਨੂੰ ਮੁੰਬਈ ਦੇ ਇੱਕ ਬਣੀਆ ਪਰਿਵਾਰ ਵਿੱਚ ਹੋਇਆ ਸੀ। 14 ਸਾਲ ਦੀ ਉਮਰ ਵਿੱਚ ਉਹ ਰਾਸ਼ਟਰੀ ਸਵੈਮਸੇਵਕ ਸੰਘ ਵਿੱਚ ਸ਼ਾਮਲ ਹੋਏ ਸਨ ਅਤੇ ਇੱਥੋਂ ਹੀ ਉਨ੍ਹਾਂ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ ਸਮਝੀ ਜਾਂਦੀ ਹੈ।

ਗਾਂਧੀਨਗਰ ਦੇ ਇੱਕ ਛੋਟੇ ਸ਼ਹਿਰ ਮਨਸਾ ਵਿੱਚ ਉਨ੍ਹਾਂ ਨੇ ਇਹ ਸ਼ੁਰੂਆਤ 'ਤਰੁਣ ਸਵੈਮਸੇਵਕ' ਦੇ ਰੂਪ ਵਿੱਚ ਕੀਤੀ ਸੀ। ਇਹ ਉਨ੍ਹਾਂ ਦੀ ਜ਼ਿੰਦਗੀ ਦਾ ਮਹੱਤਵਪੂਰਨ ਮੋੜ ਸੀ।

ਬਾਅਦ ਵਿੱਚ ਅਮਿਤ ਸ਼ਾਹ ਆਪਣੀ ਕਾਲਜ ਦੀ ਪੜ੍ਹਾਈ ਲਈ ਅਹਿਮਦਾਬਾਦ ਆਏ, ਜਿੱਥੇ ਉਨ੍ਹਾਂ ਨੇ ਏਬੀਵੀਪੀ ਦੀ ਮੈਂਬਰਸ਼ਿਪ ਲਈ। ਸਾਲ 1982 ਵਿੱਚ ਬਾਇਓ-ਕਮਿਸਟਰੀ ਦੇ ਵਿਦਿਆਰਥੀ ਦੇ ਰੂਪ ਵਿੱਚ ਅਮਿਤ ਸ਼ਾਹ ਨੂੰ ਅਹਿਮਦਾਬਾਦ ਵਿੱਚ ਵਿਦਿਆਰਥੀ ਸੰਗਠਨ ਏਬੀਵੀਪੀ ਦੇ ਸਕੱਤਰ ਦੀ ਜ਼ਿੰਮੇਦਾਰੀ ਦਿੱਤੀ ਗਈ।

ਬਾਅਦ ਵਿੱਚ ਉਨ੍ਹਾਂ ਨੂੰ ਭਾਜਪਾ ਦੀ ਅਹਿਮਦਾਬਾਦ ਇਕਾਈ ਦਾ ਸਕੱਤਰ ਬਣਾਇਆ ਗਿਆ। ਉਦੋਂ ਤੋਂ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਉਨ੍ਹਾਂ ਨੇ ਪਾਰਟੀ ਵਿੱਚ ਸੂਬਾ ਇਕਾਈ ਦੇ ਕਈ ਅਹਿਮ ਅਹੁਦਿਆਂ ਨੂੰ ਸੰਭਾਲਿਆ।

1997 ਵਿੱਚ ਭਾਰਤੀ ਜਨਤਾ ਯੁਵਾ ਮੋਰਚਾ ਦੇ ਕੌਮੀ ਖਜ਼ਾਨਚੀ ਬਣਾ ਜਾਣ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਸੂਬਾ ਇਕਾਈ ਦੇ ਉਪ-ਪ੍ਰਧਾਨ ਦੀ ਜ਼ਿੰਮੇਦਾਰੀ ਦਿੱਤੀ ਗਈ।

ਤਸਵੀਰ ਸਰੋਤ, European Photopress Agency

ਹਾਲਾਂਕਿ ਅਹੁਦਾ ਵਧਣ ਦਾ ਇਹ ਸਿਲਸਿਲਾ ਕੁਝ ਸਮੇਂ ਲਈ ਉਦੋਂ ਰੁੱਕ ਗਿਆ ਜਦੋਂ ਉਨ੍ਹਾਂ ਨੂੰ ਸੋਹਰਾਬੁੱਦੀਨ ਅਤੇ ਕੌਸਰ ਬੀ ਦੇ ਫਰਜ਼ੀ ਮੁਠਭੇੜ ਮਾਮਲੇ ਵਿੱਚ ਜੇਲ੍ਹ ਜਾਣਾ ਪਿਆ।

ਸਿਆਸਤ ਦੇ ਪੰਡਿਤ ਇਸ ਨੂੰ ਉਨ੍ਹਾਂ ਦੀ ਯਾਤਰਾ ਦਾ ਆਖ਼ਰੀ ਪੜਾਅ ਮੰਨ ਰਹੇ ਸਨ, ਪਰ ਅਮਿਤ ਸ਼ਾਹ ਨੇ ਵਿਰੋਧੀ ਲਹਿਰਾਂ ਦੇ ਵਿੱਚ ਇੱਕ ਦਮਦਾਰ ਗੋਤਾ ਲਗਾਇਆ ਅਤੇ ਸਿਆਸਤ ਵਿੱਚ ਜ਼ਬਰਦਸਤ ਵਾਪਸੀ ਕੀਤੀ।

ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਪਾਰਟੀ ਲਈ ਸਖ਼ਤ ਮਿਹਨਤ ਕਰਨ ਲੱਗੇ ਅਤੇ ਤੇਜ਼ੀ ਨਾਲ ਤਰੱਕੀ ਦੀਆਂ ਪੌੜੀਆਂ ਚੜ੍ਹਦੇ ਗਏ।

ਮੋਦੀ ਨੂੰ ਸੁਪਰ ਸਟਾਰ ਬਣਾਉਣ ਵਾਲੇ ਸ਼ਾਹ

ਅਮਿਤ ਸ਼ਾਹ ਨੂੰ ਨੇੜਿਓਂ ਜਾਣਨ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਪੂਰੀ ਵਾਹ ਲਾ ਕੇ ਗਾਂਧੀਨਗਰ ਸੀਟ 'ਤੇ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਸ ਨਾਲ ਅਚਲ ਬਿਹਾਰੀ ਵਾਜਪਈ, ਲਾਲ ਕ੍ਰਿਸ਼ਨ ਅਡਵਾਨੀ ਵਰਗੇ ਵੱਡੇ ਲੀਡਰਾਂ ਨੂੰ ਫਾਇਦਾ ਪਹੁੰਚਾਇਆ।

ਸਿਆਸਤ 'ਤੇ ਨਜ਼ਰ ਰੱਖਣ ਵਾਲਿਆਂ ਅਤੇ ਪਾਰਟੀ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਵਾਜਪਈ ਅਤੇ ਅਡਵਾਨੀ ਦੀ ਹੀ ਤਰ੍ਹਾਂ ਉਨ੍ਹਾਂ ਨੇ ਨਰਿੰਦਰ ਮੋਦੀ ਨੂੰ ਸਿਆਸਤ ਦੇ ਕੌਮੀ ਪੱਧਰ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ।

ਦੋਵਾਂ ਲੀਡਰਾਂ ਦੇ ਕਰੀਬ ਰਹਿਣ ਵਾਲੇ ਭਾਜਪਾ ਦੇ ਇੱਕ ਸੀਨੀਅਰ ਲੀਡਰ ਕਹਿੰਦੇ ਹਨ, "ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਅਤੇ ਸ਼ਾਹ ਇੱਕ ਅਜਿਹੇ ਬੱਲੇਬਾਜ਼ਾਂ ਦੀ ਜੋੜੀ ਹੈ ਜਿਹੜੀ ਇਕੱਠੇ ਕਈ ਸੈਂਕੜੇ ਜੜਦੀ ਹੈ।''

ਤਸਵੀਰ ਸਰੋਤ, AFP/Getty Images

"ਮੋਦੀ ਅਤੇ ਸ਼ਾਹ ਇੱਕ ਹੀ ਸਿਕੇ ਦੇ ਦੋ ਪਹਿਲੂ ਹਨ। ਉਹ ਦਹਾਕਿਆਂ ਤੋਂ ਇਕੱਠੇ ਰਹੇ ਹਨ। ਉਹ ਇੱਕੋ ਜਿਹਾ ਸੋਚਦੇ ਹਨ। ਉਹ ਇੱਕ ਸ਼ਾਨਦਾਰ ਟੀਮ ਦੀ ਤਰ੍ਹਾਂ ਕੰਮ ਕਰਦੇ ਹਨ।''

"ਉਹ ਨਿੱਜੀ ਜ਼ਿੰਦਗੀ ਅਤੇ ਸਿਆਸੀ ਜ਼ਿੰਦਗੀ ਦੇ ਪ੍ਰਤੀ ਵੱਖ-ਵੱਖ ਦ੍ਰਿਸ਼ਟੀਕੋਣ ਰੱਖਦੇ ਹੋਏ ਦਿਖ ਸਕਦੇ ਹਨ, ਪਰ ਉਹ ਦੋਵੇਂ ਇੱਕ-ਦੂਜੇ ਨੂੰ ਪੂਰਾ ਕਰਦੇ ਹਨ।"

"ਸ਼ਾਹ ਇੱਕ ਅਜਿਹੇ ਬੱਲੇਬਾਜ਼ ਹਨ ਜਿਹੜੇ ਆਪਣੇ ਬੱਲੇਬਾਜ਼ ਸਾਥੀ ਦਾ ਸਾਥ ਦਿੰਦੇ ਹਨ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਸੈਂਚੁਰੀ ਸਕੋਰ ਕਰਨ ਵਿੱਚ ਮਦਦ ਕਰਦੇ ਹਨ।''

"ਉਹ ਇੱਕ ਅਜਿਹੇ ਬੱਲੇਬਾਜ਼ ਹਨ ਜਿਹੜੇ ਆਪਣੇ ਨਿੱਜੀ ਸਕੋਰ ਦੀ ਚਿੰਤਾ ਨਾ ਕਰਦੇ ਹੋਏ ਆਪਣੀ ਟੀਮ ਲਈ ਧਮਾਕੇਦਾਰ ਜਿੱਤ ਨੂੰ ਪੱਕਾ ਬਣਾਉਂਦੇ ਹਨ।''

2014 ਦੀ ਜਿੱਤ ਦੇ ਲਈ ਮੋਦੀ ਉਨ੍ਹਾਂ ਨੂੰ 'ਮੈਨ ਆਫ ਦਿ ਮੈਚ' ਦਾ ਖਿਤਾਬ ਦੇ ਚੁੱਕੇ ਹਨ।

ਸੀਨੀਅਰ ਲੀਡਰ ਨੇ ਅੱਗੇ ਕਿਹਾ ਕਿ ਸ਼ਾਹ ਇੱਕ ਫ਼ਿਲਮ ਡਾਇਰੈਕਟਰ ਦੀ ਤਰ੍ਹਾਂ ਹਨ ਜਿਹੜੇ ਕੈਮਰੇ ਦੇ ਪਿੱਛੇ ਕੰਮ ਕਰਦੇ ਹਨ ਅਤੇ ਅਦਾਕਾਰਾਂ ਨੂੰ ਸਟਾਰ ਬਣਾਉਂਦੇ ਹਨ। ਸ਼ਾਹ ਨੇ ਕਈ ਸਿਆਸੀ ਸਾਟਰ ਬਣਾਏ ਹਨ ਪਰ ਸੁਪਰ ਸਟਾਰ ਮੋਦੀ ਰਹੇ ਹਨ।

ਨਿਰਾਸ਼ਾ ਭਰਿਆ ਦੌਰ

ਅਮਿਤ ਸ਼ਾਹ ਦੀ ਜ਼ਿੰਦਗੀ ਦਾ ਨਿਰਾਸ਼ਾ ਭਰਿਆ ਦੌਰ ਉਦੋਂ ਸ਼ੁਰੂ ਹੋਇਆ ਜਦੋਂ ਗੈਂਗਸਟਰ ਸੋਹਰਾਬੁੱਦੀਨ ਸ਼ੇਖ ਅਤੇ ਉਨ੍ਹਾਂ ਦੀ ਪਤਨੀ ਕੌਸਰ ਬੀ ਦੇ ਕਥਿਤ ਫਰਜ਼ੀ ਐਨਕਾਊਂਟਰ ਵਿੱਚ ਉਨ੍ਹਾਂ ਦਾ ਨਾਮ ਆਇਆ। ਸੋਹਰਾਬੁੱਦੀਨ ਅਤੇ ਉਨ੍ਹਾਂ ਦੀ ਪਤੀ ਨੂੰ 2005 ਵਿੱਚ ਐਨਕਾਊਂਟਰ 'ਚ ਮਾਰ ਦਿੱਤਾ ਗਿਆ ਸੀ, ਉਸ ਸਮੇਂ ਅਮਿਤ ਸ਼ਾਹ ਗੁਜਰਾਤ ਦੇ ਗ੍ਰਹਿ ਮੰਤਰੀ ਸਨ।

ਤਸਵੀਰ ਸਰੋਤ, AFP/Getty Images

ਇਸ ਤੋਂ ਇਲਾਵਾ ਅਮਿਤ ਸ਼ਾਹ ਦਾ ਨਾਮ 2006 ਵਿੱਚ ਸੋਹਰਾਬੁੱਦੀਨ ਦੇ ਸਾਥੀ ਤੁਲਸੀਰਾਮ ਪ੍ਰਜਾਪਤੀ ਦੇ ਕਥਿਤ ਫਰਜ਼ੀ ਐਨਕਾਊਂਟਰ ਵਿੱਚ ਵੀ ਆਇਆ। ਇਹ ਮਾਮਲੇ ਅਮਿਤ ਸ਼ਾਹ ਦੀ ਜ਼ਿੰਦਗੀ ਲਈ ਬੜੇ ਉਤਾਰ-ਚੜ੍ਹਾਅ ਵਾਲੇ ਰਹੇ।

ਸੋਹਰਾਬੁੱਦੀਨ ਦੇ ਪਰਿਵਾਰ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਤਾਂ 2005 ਤੋਂ 2006 ਵਿਚਾਲੇ ਹੋਏ ਇਸ ਮਾਮਲੇ ਦੀ ਵਿਸਥਾਰ ਨਾਲ ਜਾਂਚ ਸ਼ੁਰੂ ਹੋਈ। ਇਸ ਤੋਂ ਬਾਅਦ ਕੁਝ ਅਜਿਹੀਆਂ ਜਾਣਕਾਰੀਆਂ ਨਿਕਲ ਕੇ ਸਾਹਮਣੇ ਆਈਆਂ ਜਿਸਦੇ ਆਧਾਰ 'ਤੇ ਭਾਜਪਾ ਸ਼ਾਸਤ ਗੁਜਰਾਤ ਅਤੇ ਰਾਜਸਥਾਨ ਦੇ ਸਾਬਕਾ ਗ੍ਰਹਿ ਮੰਤਰੀਆਂ ਅਮਿਤ ਸ਼ਾਹ ਅਤੇ ਗੁਲਾਬ ਚੰਦ ਕਟਾਰੀਆ 'ਤੇ ਇਸ ਕਥਿਤ ਫਰਜ਼ੀ ਐਨਕਾਊਂਟਰ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਗਿਆ।

ਗੁਜਰਾਤ ਅਤੇ ਰਾਜਸਥਾਨ ਪੁਲਿਸ ਦੇ ਸਿਪਾਹੀ ਤੋਂ ਲੈ ਕੇ ਆਈਪੀਐੱਸ ਪੱਧਰ ਦੇ ਅਧਿਕਾਰੀਆਂ 'ਤੇ ਇਸ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਲੱਗੇ। ਐੱਮਐੱਨ ਦਿਨੇਸ਼, ਰਾਜਕੁਮਾਰ ਪਾਂਡੀਆਨ, ਡੀਜੀ ਵੰਜਾਰਾ ਅਤੇ ਅਮਿਤ ਸ਼ਾਹ ਸਮੇਤ ਕਈ ਮੁਲਜ਼ਮਾ ਨੂੰ ਇਸ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ:

25 ਜੁਲਾਈ 2010 ਨੂੰ ਅਮਿਤ ਸ਼ਾਹ ਨੂੰ ਗਿਰਫ਼ਾਤਰ ਕੀਤਾ ਗਿਆ ਅਤੇ 29 ਅਕਤੂਬਰ 2010 ਨੂੰ ਉਨ੍ਹਾਂ ਨੂੰ ਜ਼ਮਾਨਤ ਮਿਲੀ। ਉਨ੍ਹਾਂ 'ਤੇ ਅਕਤੂਬਰ 2010 ਤੋਂ ਲੈ ਕੇ ਸਤੰਬਰ 2012 ਤੱਕ ਗੁਜਰਾਤ ਵਿੱਚ ਦਾਖ਼ਲ ਹੋਣ 'ਤੇ ਰੋਕ ਸੀ।

ਆਖ਼ਰਕਾਰ ਕਾਨੂੰਨੀ ਲੜਾਈ ਤੋਂ ਬਾਅਦ ਸੀਬੀਆਈ ਕੋਰਟ ਨੇ 30 ਸਤੰਬਰ 2014 ਨੂੰ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਬਰੀ ਕਰ ਦਿੱਤਾ।

ਮੁੰਡੇ ਦੇ ਕਾਰਨ ਵੀ ਘਿਰੇ

ਅਕਤੂਬਰ 2017 ਵਿੱਚ ਵੈੱਬਸਾਈਟ 'ਦਿ ਵਾਇਰ' ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਅਤੇ ਅਮਿਤ ਸ਼ਾਹ ਦੇ ਭਾਜਪਾ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਦੇ ਮੁੰਡੇ ਜੈ ਸ਼ਾਹ ਦੀ ਕੰਪਨੀ ਦਾ ਟਰਨ ਓਵਰ 16 ਹਜ਼ਾਰ ਗੁਣਾ ਵੱਧ ਗਿਆ।

ਦਿ ਵਾਇਰ ਨੇ ਇਹ ਦਾਅਵਾ ਰਜਿਸਟਰਾਰ ਆਫ਼ ਕੰਪਨੀਜ਼ ਵਿੱਚ ਦਾਖ਼ਲ ਦਸਤਾਵੇਜ਼ਾਂ ਦੇ ਆਧਾਰ 'ਤੇ ਕੀਤਾ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅਮਿਤ ਸ਼ਾਹ ਦਾ ਪੁੱਤਰ ਜੈ ਸ਼ਾਹ

ਵੈੱਬਸਾਈਟ ਦਾ ਕਹਿਣਾ ਸੀ ਕਿ 2014-15 ਵਿੱਚ ਜੈ ਸ਼ਾਹ ਦੀ ਮਲਕੀਅਤ ਵਾਲੀ ਟੈਂਪਲ ਐਂਟਰਪਰਾਇਜ਼ ਲਿਮਿਟੇਡ ਕੰਪਨੀ ਦਾ ਰੈਵਨਿਊ ਕੁੱਲ 50 ਹਜ਼ਾਰ ਰੁਪਏ ਸੀ ਜਿਹੜਾ 2015-2016 ਵਿੱਚ ਵਧ ਕੇ 80.5 ਕਰੋੜ ਤੱਕ ਪਹੁੰਚ ਗਿਆ। ਹਾਲਾਂਕਿ, ਇੱਕ ਸਾਲ ਬਾਅਦ ਅਕਤੂਬਰ 2016 ਵਿੱਚ ਜੈ ਸ਼ਾਹ ਦੀ ਕੰਪਨੀ ਨੇ ਆਪਣੀਆਂ ਵਪਾਰਕ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ।

ਰਿਪੋਰਟ ਪ੍ਰਕਾਸ਼ਿਤ ਹੋਣ ਤੋਂ ਬਾਅਦ ਜੈ ਸ਼ਾਹ ਨੇ ਦਿ ਵਾਇਰ ਦੀ ਰਿਪੋਰਟਰ ਰੋਹਿਣੀ ਸਿੰਘ ਅਤੇ ਸੰਸਥਾਪਕ ਸਿਧਾਰਥ ਵਰਦਰਾਜਨ ਸਮੇਤ ਸੱਤ ਲੋਕਾਂ 'ਤੇ ਅਹਿਮਦਾਬਾਦ ਦੇ ਮੈਟਰੋਪੋਲੀਟਨ ਕੋਰਟ ਵਿੱਚ ਅਪਰਾਧਿਕ ਮਾਣਹਾਨੀ ਦਾ ਕੇਸ ਕੀਤਾ।

ਇਸ ਤੋਂ ਬਾਅਦ ਦਿ ਵਾਇਰ ਦੀ ਰਿਪੋਰਟਰ ਰੋਹਿਣੀ ਨੇ ਗੁਜਰਾਤ ਹਾਈ ਕੋਰਟ ਵਿੱਚ ਅਰਜ਼ੀ ਦਾਖ਼ਲ ਕਰਕੇ ਅਪਰਾਧਿਕ ਮਾਣਹਾਨੀ ਦਾ ਕੇਸ ਰੱਦ ਕਰਨ ਦੀ ਮੰਗ ਕੀਤੀ ਸੀ ਜਿਸ ਨੂੰ ਖਾਰਿਜ ਕਰ ਦਿੱਤਾ ਗਿਆ ਸੀ। ਇਸਦੇ ਖ਼ਿਲਾਫ਼ ਉਹ ਸੁਪਰੀਮ ਕੋਰਟ ਚਲੀ ਗਈ ਜਿੱਥੇ ਇਸ ਮਾਮਲੇ ਦੇ ਟਰਇਲ 'ਤੇ ਰੋਕ ਲਗਾ ਦਿੱਤੀ ਗਈ ਸੀ।

ਹਾਲਾਂਕਿ ਜੈ ਸ਼ਾਹ ਸਤੰਬਰ 2018 ਵਿੱਚ ਰੋਕ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਗਏ ਸਨ ਅਤੇ ਉਨ੍ਹਾਂ ਨੇ ਮਾਣਹਾਨੀ ਮਾਮਲੇ ਦੇ ਟਰਾਇਲ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਮੰਗੀ ਸੀ।

ਸੰਗਠਨਾਤਮਕ ਹੁਨਰ

ਸਿਆਸਤ 'ਤੇ ਨਜ਼ਰ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਸ਼ਾਹ ਇੱਕ ਚੰਗੇ ਪ੍ਰਬੰਧਕ ਹਨ। ਉਨ੍ਹਾਂ ਦਾ ਅਨੁਸ਼ਾਸਨ ਫੌਜ ਦੀ ਤਰ੍ਹਾਂ ਹੈ ਜਿਹੜਾ ਭਾਜਪਾ ਵਰਕਰਾਂ ਵਿੱਚ ਦੇਖਣ ਨੂੰ ਮਿਲਦਾ ਹੈ।

ਤਸਵੀਰ ਸਰੋਤ, European Photopress Agency

ਉਹ ਆਪਣੇ ਕੈਡਰ ਨੂੰ ਖ਼ੁਦ ਅਨੁਸ਼ਾਸਨ ਦਾ ਪਾਠ ਪੜ੍ਹਾਉਂਦੇ ਹਨ। ਉਹ ਦਹਾਕਿਆਂ ਤੋਂ ਬੂਥ ਮੈਨੇਜਮੈਂਟ 'ਤੇ ਜ਼ੋਰ ਦੇ ਰਹੇ ਹਨ, ਜਿਸਦਾ ਨਤੀਜਾ ਪਹਿਲਾਂ ਗੁਜਰਾਤ ਅਤੇ ਫਿਰ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲਿਆ ਹੈ।

ਆਪਣੀ ਰਣਨੀਤੀ ਅਤੇ ਪ੍ਰਸ਼ਾਸਨਿਕ ਕਾਬਲੀਅਤ ਦੇ ਕਾਰਨ ਪਾਰਟੀ ਨੇ ਉਨ੍ਹਾਂ ਨੂੰ ਸਾਲ 2010 ਵਿੱਚ ਜਨਰਲ ਸਕੱਤਰ ਦਾ ਅਹੁਦਾ ਦਿੱਤਾ ਅਤੇ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੀ ਜ਼ਿੰਮੇਵਾਰੀ ਦਿੱਤੀ।

ਸ਼ਾਹ ਨੇ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਚੋਣ ਕਿਸਮਤ ਨੂੰ ਬਦਲ ਕੇ ਰੱਖ ਦਿੱਤਾ ਅਤੇ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। 80 ਲੋਕ ਸਭਾ ਸੀਟਾਂ ਵਾਲੇ ਇਸ ਸੂਬੇ 'ਚ ਪਾਰਟੀ ਨੇ 73 'ਤੇ ਬਾਜ਼ੀ ਮਾਰੀ।

ਉਨ੍ਹਾਂ ਦੇ ਇੰਚਾਰਜ ਰਹਿੰਦੇ ਹੋਏ ਸਿਰਫ਼ ਦੋ ਸਾਲ ਵਿੱਚ ਪਾਰਟੀ ਦਾ ਵੋਟ ਸ਼ੇਅਰ ਸੂਬੇ ਵਿੱਚ ਕਰੀਬ ਡੇਢ ਗੁਣਾ ਵਧ ਗਿਆ। 2014 ਦੀਆਂ ਚੋਣਾਂ ਵਿੱਚ ਸ਼ਾਹ ਭਾਜਪਾ ਦੀ ਚੋਣ ਕਮੇਟੀ ਦੇ ਮੈਂਬਰ ਸਨ ਅਤੇ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਤੱਕ ਪਹੁੰਚਣ ਅਤੇ ਨਵੇਂ ਵੋਟਰਾਂ ਨੂੰ ਜੋੜਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਨਤੀਜਿਆਂ ਦੇ ਆਧਾਰਿਤ ਰਣਨੀਤੀ ਬਣਾਉਣ ਦੇ ਉਨ੍ਹਾਂ ਦੇ ਹੁਨਰ ਨੇ 2014 ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। ਸ਼ਾਹ ਦੇ ਚੋਣਾਂ ਤੋਂ ਪਹਿਲਾਂ ਅਤੇ ਚੋਣਾਂ ਤੋਂ ਬਾਅਦ ਗਠਜੋੜ ਬਣਾਉਣ ਦੇ ਹੁਨਰ ਦੇ ਤਾਂ ਸਭ ਕਾਇਲ ਹਨ।

ਨਾਲ ਹੀ ਉਨ੍ਹਾਂ ਦੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਧਰੁਵੀਕਰਨ ਦੀ ਸਿਆਸਤ ਨੂੰ ਵਧਾਵਾ ਦਿੱਤਾ ਹੈ।

ਤਸਵੀਰ ਸਰੋਤ, AFP/Getty Images

ਇਹ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਉਹ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਤੋੜਨ ਅਤੇ ਆਪਣੇ ਨਾਲ ਜੋੜਨ ਵਿੱਚ ਮਾਹਰ ਹਨ। ਜਦੋਂ ਵੀ ਉਨ੍ਹਾਂ ਦੀ ਪਾਰਟੀ ਨੂੰ ਇਸਦੀ ਲੋੜ ਹੁੰਦੀ ਹੈ ਉਹ ਇਹ ਕਰ ਹੀ ਲੈਂਦੇ ਹਨ। ਉਹ ਅਕਸਰ ਅਜਿਹੇ ਪ੍ਰਸਤਾਵ ਰੱਖਦੇ ਹਨ ਜਿਨ੍ਹਾਂ ਨੂੰ ਨਕਾਰਿਆ ਨਹੀਂ ਜਾ ਸਕਦਾ।

ਭਾਜਪਾ ਦੀ ਅੰਦਰਲੀ ਖ਼ਬਰ ਰੱਖਣ ਵਾਲੇ ਕਹਿੰਦੇ ਹਨ ਕਿ ਪਾਰਟੀ ਨੇ ਦੇਸ ਦੇ ਉੱਤਰ, ਮੱਧ ਅਤੇ ਪੱਛਮੀ ਖੇਤਰਾਂ ਦੇ ਸਿਆਸੀ ਜੰਗ ਦੇ ਮੈਦਾਨ ਨੂੰ ਨਾ ਸਿਰਫ਼ ਜਿੱਤ ਲਿਆ ਹੈ ਸਗੋਂ ਇਸ 'ਤੇ ਆਪਣੀ ਮਹਾਰਤ ਵੀ ਹਾਸਲ ਕੀਤੀ ਹੈ।

ਹਾਲਾਂਕਿ ਭਾਜਪਾ ਹੁਣ ਦੱਖਣ ਅਤੇ ਪੂਰਬੀ ਉੱਤਰ ਭਾਰਤ ਵਿੱਚ ਪ੍ਰਭਾਵਸ਼ਾਲੀ ਅਸਰ ਬਣਾਉਣ ਲਈ ਸੰਘਰਸ਼ ਕਰ ਰਹੀ ਹੈ।

ਭਾਜਪਾ ਦੇ ਇੱਕ ਸੀਨੀਅਰ ਨੇਤਾ ਕਹਿੰਦੇ ਹਨ, "ਸ਼ਾਹ ਦੱਖਣੀ ਸੂਬਿਆਂ ਵਿੱਚ ਕਾਫ਼ੀ ਸਮੇਂ ਤੋਂ ਚੁੱਪੀ ਨਾਲ ਕੰਮ ਕਰ ਰਹੇ ਸਨ। ਉਨ੍ਹਾਂ ਨੇ ਦੱਖਣੀ ਅਤੇ ਪੂਰਬੀ ਉੱਤਰੀ ਸੂਬੇ ਵਿੱਚ ਜ਼ਮੀਨੀ ਪੱਧਰ 'ਤੇ ਬਹੁਤ ਕੰਮ ਕੀਤਾ ਹੈ। ਇਹ ਉਹ ਸੂਬਾ ਹੈ ਜਿੱਥੇ ਅਜੇ ਤੱਕ ਭਾਜਪਾ ਦਾ ਕੋਈ ਭਵਿੱਖ ਦਿਖਾਈ ਨਹੀਂ ਦਿੰਦਾ ਹੈ। ਉਹ ਭਾਜਪਾ ਵਰਕਰਾਂ ਲਈ ਨਵੇਂ ਸਿਆਸੀ ਮੋਰਚੇ ਖੋਲ੍ਹ ਰਹੇ ਹਨ ਅਤੇ ਉਨ੍ਹਾਂ ਨੂੰ ਇੱਥੇ ਲੜਨ ਲਈ ਤਿਆਰ ਕਰ ਰਹੇ ਹਨ। ਉਨ੍ਹਾਂ ਦਾ ਕੰਮ ਇਨ੍ਹਾਂ ਆਮ ਚੋਣਾਂ ਦੇ ਨਤੀਜਿਆਂ ਵਿੱਚ ਦਿਖਾਈ ਦੇ ਸਕਦਾ ਹੈ।''

ਤਸਵੀਰ ਸਰੋਤ, European Photopress Agency

ਸਿਰਫ਼ ਪਾਰਟੀ ਦੇ ਨੇਤਾ ਅਤੇ ਵਰਕਰ ਹੀ ਨਹੀਂ ਸਗੋਂ ਵਿਰੋਧੀ ਪਾਰਟੀਆਂ ਦੇ ਨੇਤਾ ਵੀ ਅਮਿਤ ਸ਼ਾਹ ਦੀ ਸੋਸ਼ਲ ਇੰਜੀਨੀਅਰਿੰਗ ਦੇ ਕਾਇਲ ਹਨ। ਇੱਕ ਸੀਨੀਅਰ ਭਾਜਪਾ ਲੀਡਰ ਕਹਿੰਦੇ ਹਨ, "ਅਮਿਤ ਜੀ ਦੀ ਤਰ੍ਹਾਂ ਕੋਈ ਹੋਰ ਨੇਤਾ ਜਾਤ ਦੇ ਧਾਗਿਆਂ ਨੂੰ ਨਹੀਂ ਪਿਰੋ ਸਕਦਾ ਹੈ। ਉਹ ਜਾਤ ਦੀ ਸਿਆਸਤ ਨੂੰ ਅੰਦਰ ਅਤੇ ਬਾਹਰ ਦੋਵਾਂ ਪਾਸਿਓਂ ਪੂਰੀ ਤਰ੍ਹਾਂ ਜਾਣਦੇ ਹਨ। ਉਨ੍ਹਾਂ ਦਾ ਇਕੱਲਿਆਂ ਦਾ ਹੁਨਰ ਕਾਂਗਰਸ ਦੇ ਸਾਰੇ ਰਣਨੀਤੀਕਾਰਾਂ 'ਤੇ ਭਾਰੀ ਰਹਿੰਦਾ ਹੈ।"

ਅੱਗੇ ਦਾ ਰਸਤਾ ਕੀ ਹੈ?

ਜੇਕਰ ਪਾਰਟੀ 2019 ਲੋਕ ਸਭਾ ਚੋਣਾਂ ਵਿੱਚ ਚੰਗੇ ਨਤੀਜੇ ਲਿਆਉਂਦੀ ਹੈ ਤਾਂ ਸਿਰਫ਼ ਅਮਿਤ ਸ਼ਾਹ ਹੀ ਇਸਦੇ ਲਈ ਸੁਰਖ਼ੀਆਂ ਵਿੱਚ ਨਹੀਂ ਰਹਿਣਗੇ। ਹਾਲਾਂਕਿ, ਜੇਕਰ ਪਾਰਟੀ ਨਾਕਾਮ ਹੁੰਦੀ ਹੈ ਤਾਂ ਇਸਦੀ ਪੂਰੀ ਜ਼ਿੰਮੇਦਾਰੀ ਅਮਿਤ ਸ਼ਾਹ ਦੇ ਮੋਢਿਆਂ 'ਤੇ ਹੀ ਪਾਈ ਜਾਵੇਗੀ। ਸ਼ਾਹ ਆਪਣੀ ਪਾਰਟੀ ਲਈ ਸਿਰਫ਼ ਗੁਲਦਸਤੇ ਹੀ ਨਹੀਂ ਸਗੋਂ ਆਲੋਚਨਾ ਸਵੀਕਾਰ ਕਰਨ ਲਈ ਵੀ ਤਿਆਰ ਹਨ। ਕਿਉਂਕਿ ਕਈ ਵਾਰ ਉਹ ਹਲੀਮੀ ਨਾਲ ਸਵੀਕਾਰ ਕਰ ਚੁੱਕੇ ਹਨ ਕਿ ਭਾਜਪਾ ਤੋਂ ਬਿਨਾਂ ਉਹ ਜਨਤਕ ਤੌਰ 'ਤੇ ਕੁਝ ਵੀ ਨਹੀਂ ਹਨ।

ਨਾਰਨਪੁਰਾ ਦੇ ਰੋਡ ਸ਼ੋਅ ਵਿੱਚ ਵਰਕਰਾਂ ਅਤੇ ਸਮਰਥਕਾਂ ਦੇ ਭਾਰੀ ਇਕੱਠ ਵਿਚਾਲੇ ਪਾਰਟੀ ਨੂੰ ਖ਼ੁਦ ਤੋਂ ਉੱਪਰ ਦੱਸਦੇ ਹੋਏ ਸ਼ਾਹ ਨੇ ਕਿਹਾ ਸੀ, "ਜੇਕਰ ਭਾਜਪਾ ਨੂੰ ਮੇਰੀ ਜ਼ਿੰਦਗੀ ਵਿੱਚੋਂ ਕੱਢ ਲਿਆ ਜਾਵੇ ਤਾਂ ਸਿਰਫ਼ ਜ਼ੀਰੋ ਹੀ ਬਚੇਗਾ। ਮੈਂ ਜੋ ਕੁਝ ਵੀ ਸਿੱਖਿਆ ਅਤੇ ਦੇਸ ਨੂੰ ਦਿੱਤਾ ਉਹ ਭਾਜਪਾ ਦਾ ਹੀ ਹੈ।"

ਸ਼ਤਰੰਜ ਦੇ ਖਿਡਾਰੀ ਸ਼ਾਹ

ਸ਼ਾਹ ਖਾਣੇ ਦੇ ਸ਼ੌਕੀਨ ਹਨ। ਉਨ੍ਹਾਂ ਨੂੰ ਮਸਾਲੇਦਾਰ ਖਾਣਾ ਪਸੰਦ ਹੈ। ਉਹ ਜਦੋਂ ਵੀ ਅਹਿਮਦਾਬਾਦ ਵਿੱਚ ਹੁੰਦੇ ਹਨ ਤਾਂ ਰਾਇਪੁਰ ਜ਼ਰੂਰ ਆਉਂਦੇ ਹਨ ਅਤੇ ਇੱਥੇ ਵਧੇਰੇ ਮਸਾਲੇ ਵਾਲਾ ਪਾਓ-ਭਾਜੀ ਜ਼ਰੂਰ ਖਾਂਦੇ ਹਨ।

ਅਮਿਤ ਸ਼ਾਹ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਚਾਰ-ਪਹੀਆ ਵਾਹਨ ਨਹੀਂ ਚਲਾਇਆ। ਉਨ੍ਹਾਂ ਨੂੰ 'ਦੋ-ਪਹੀਆ ਵਾਲਾ ਆਦਮੀ' ਤੱਕ ਕਿਹਾ ਜਾਂਦਾ ਸੀ। ਸਾਲ 2000 ਤੱਕ ਉਹ ਆਪਣਾ ਸਕੂਟਰ ਚਲਾਉਂਦੇ ਸਨ।

ਤਸਵੀਰ ਸਰੋਤ, Reuters

ਸ਼ਾਹ ਸ਼ਤਰੰਜ ਦੇ ਚੰਗੇ ਖਿਡਾਰੀ ਵੀ ਹਨ ਅਤੇ ਵਿਹਲੇ ਸਮੇਂ ਵਿੱਚ ਸ਼ਤਰੰਜ ਖੇਡਣਾ ਪਸੰਦ ਕਰਦੇ ਹਨ।

ਉਨ੍ਹਾਂ ਨੂੰ ਜਯੋਤਿਸ਼ ਵਿੱਚ ਡੂੰਘਾ ਵਿਸ਼ਵਾਸ ਹੈ। ਕੋਈ ਵੀ ਮਹੱਤਵਪੂਰਨ ਫ਼ੈਸਲਾ ਲੈਣ ਤੋਂ ਪਹਿਲਾਂ ਉਹ ਜਯੋਤਿਸ਼ ਦੀ ਸਲਾਹ ਲੈਣਾ ਸਹੀ ਮੰਨਦੇ ਹਨ। ਅਮਿਤ ਸ਼ਾਹ ਨੇ ਜਦੋਂ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਸੀ ਉਦੋਂ ਹੀ ਉਨ੍ਹਾਂ ਨੂੰ ਇੱਕ ਜਯੋਤਿਸ਼ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਨਸੀਬ ਵਿੱਚ ਰਾਜਯੋਗ ਹੈ।

ਉਨ੍ਹਾਂ ਦੀ ਭਗਵਾਨ ਸ਼ਿਵ ਅਤੇ ਖਾਸ ਕਰਕੇ ਸੋਮਨਾਥ ਮਹਾਂਦੇਵ ਮੰਦਿਰ ਵਿੱਚ ਡੂੰਘੀ ਮਾਨਤਾ ਹੈ। ਇਹ ਜਾਣਦੇ ਹੋਏ ਹੀ ਮੋਦੀ ਨੇ ਉਨ੍ਹਾਂ ਨੂੰ ਸੋਮਨਾਥ ਮੰਦਿਰ ਟਰੱਸਟ ਦਾ ਮੈਂਬਰ ਬਣਾਇਆ ਸੀ।

ਸ਼ਾਹ ਨੂੰ ਭਾਰਤੀ ਸ਼ਾਸਤਰੀ ਸੰਗੀਤ ਵੀ ਪਸੰਦ ਹੈ। ਆਪਣੇ ਲੰਬੇ ਕਾਰ ਸਫ਼ਰ ਦੌਰਾਨ ਉਹ ਉੱਚੀ ਆਵਾਜ਼ ਵਿੱਚ ਸੰਗੀਤ ਸੁਣਨਾ ਪੰਸਦ ਕਰਦੇ ਹਨ। ਉਹ ਗਾਇਕ ਮੁਕੇਸ਼ ਦੇ ਫੈਨ ਹਨ। ਉਨ੍ਹਾਂ ਨੂੰ ਅੰਤਾਕਸ਼ਰੀ ਖੇਡਣਾ ਵੀ ਪਸੰਦ ਹੈ। ਇਹ ਕਿਹਾ ਜਾਂਦਾ ਹੈ ਕਿ ਸ਼ਾਹ ਕਦੇ ਵੀ ਅੰਤਾਕਸ਼ਰੀ ਵਿੱਚ ਹਾਰੇ ਨਹੀਂ।

ਤਸਵੀਰ ਸਰੋਤ, EPA

ਸ਼ਾਹ ਦੀ ਯਾਦਾਸ਼ਤ ਹਾਥੀ ਵਰਗੀ ਹੈ। ਉਹ ਕਿਸੇ ਵਿਧਾਨ ਸਭਾ ਦੇ ਛੋਟੇ-ਛੋਟੇ ਇਲਾਕਿਆਂ, ਲੀਡਰਾਂ ਅਤੇ ਵਰਕਰਾਂ ਦੇ ਨਾਮ ਯਾਦ ਰੱਖ ਸਕਦੇ ਹਨ। ਉਨ੍ਹਾਂ ਨੂੰ ਹਿੰਦੀ ਦੇ ਕਈ ਪੂਰੇ ਗਾਣੇ ਯਾਦ ਹਨ।

ਉਹ ਸਰਦੀਆਂ ਵਿੱਚ ਵੀ ਤੇਜ਼ ਪੱਖੇ ਜਾਂ ਏਸੀ ਤੋਂ ਬਿਨਾਂ ਨਹੀਂ ਰਹਿ ਸਕਦੇ। ਅਮਿਤ ਸ਼ਾਹ ਕਦੇ ਵੀ ਪਰਫਿਊਮ ਦੀ ਵਰਤੋਂ ਨਹੀਂ ਕਰਦੇ।

ਇਹ ਵੀ ਪੜ੍ਹੋ:

1995 ਵਿੱਚ ਉਹ ਗੁਜਰਾਤ ਵਿੱਤੀ ਕਾਰਪੋਰੇਸ਼ਨ ਦੇ ਚੇਅਰਮੈਨ ਬਣੇ ਸਨ। ਇਸ ਅਹੁਦੇ 'ਤੇ ਪਹੁੰਚਣ ਵਾਲੇ ਉਹ ਸਭ ਤੋਂ ਨੌਜਵਾਨ ਲੀਡਰ ਸਨ।

ਅਮਿਤ ਸ਼ਾਹ ਦੀ ਮੁਲਾਕਾਤ ਨਰਿੰਦਰ ਮੋਦੀ ਨਾਲ ਸਭ ਤੋਂ ਪਹਿਲਾਂ 1982 ਵਿੱਚ ਹੋਈ ਸੀ। ਇਸ ਸਮੇਂ ਮੋਦੀ ਆਰਐੱਸਐੱਸ ਦੇ ਪ੍ਰਚਾਰਕ ਸਨ ਅਤੇ ਅਮਿਤ ਸ਼ਾਹ ਏਬੀਵੀਪੀ ਦੇ ਨੌਜਵਾਨ ਲੀਡਰ ਸਨ। ਕਿਹਾ ਜਾਂਦਾ ਹੈ ਕਿ ਜਦੋਂ ਦੋਵੇਂ ਹੀ ਸਿਆਸਤ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਉਦੋਂ ਮੋਦੀ ਨੇ ਅਮਿਤ ਸ਼ਾਹ ਦੀ ਬਹੁਤ ਮਦਦ ਕੀਤੀ ਸੀ। ਦੋਵਾਂ ਵਿਚਾਲੇ ਦਹਾਕਿਆਂ ਤੋਂ ਚੱਲ ਰਹੀ ਦੋਸਤੀ ਦੀ ਸ਼ੁਰੂਆਤ ਤੁਰੰਤ ਹੀ ਹੋ ਗਈ ਸੀ।

ਸ਼ਾਹ ਦਾ ਸਫ਼ਰਨਾਮਾ

1964, 22 ਅਕਤੂਬਰ: ਮੁੰਬਈ ਵਿੱਚ ਅਮਿਤ ਸ਼ਾਹ ਜਾ ਜਨਮ

1978: ਆਰਐੱਸਐੱਸ ਦੇ ਤਰੁਣ ਸਵੈਮਸੇਵਕ ਬਣੇ

1982: ਏਬੀਵੀਪੀ ਗੁਜਰਾਤ ਦੇ ਸਹਾਇਕ ਸਕੱਤਰ ਬਣੇ

1987: ਭਾਰਤੀ ਜਨਤਾ ਯੁਵਾ ਮੋਰਚਾ ਵਿੱਚ ਸ਼ਾਮਲ ਹੋਏ

1989: ਭਾਜਪਾ ਦੀ ਅਹਿਮਦਾਬਾਦ ਸ਼ਹਿਰ ਇਕਾਈ ਦੇ ਸਕੱਤਰ ਬਣੇ

1995: ਗੁਜਰਾਤ ਦੀ ਜੀਐੱਸਐਫ਼ਸੀ ਦੇ ਪ੍ਰਧਾਨ ਬਣਾਏ ਗਏ

1997: ਭਾਰਤੀ ਜਨਤਾ ਯੁਵਾ ਮੋਰਚਾ ਦੇ ਕੌਮੀ ਖਜ਼ਾਨਚੀ ਬਣੇ

1998: ਗੁਜਰਾਤ ਭਾਜਪਾ ਦੇ ਸੂਬਾ ਸਕੱਤਰ ਬਣੇ

1999: ਗੁਜਰਾਤ ਭਾਜਪਾ ਦੇ ਕੌਮੀ ਉਪ ਪ੍ਰਧਾਨ ਬਣੇ

2000: ਅਹਿਮਦਾਬਾਦ ਜ਼ਿਲ੍ਹਾ ਸਹਿਕਾਰੀ ਬੈਂਕ ਦੇ ਚੇਅਰਮੈਨ ਬਣੇ

2002-2010: ਗੁਜਰਾਤ ਸਰਕਾਰ ਵਿੱਚ ਮੰਤਰੀ ਰਹੇ

2006: ਗੁਜਰਾਤ ਸ਼ਤਰੰਜ ਐਸੋਸੀਏਸ਼ਨ ਦੇ ਪ੍ਰਧਾਨ ਬਣੇ

2009: ਸੈਂਟਰਲ ਬੋਰਡ ਆਫ਼ ਕ੍ਰਿਕਟ ਐਸੋਸੀਏਸ਼ਨ ਅਹਿਮਦਾਬਾਦ ਦੇ ਪ੍ਰਧਾਨ ਅਤੇ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਹੇ

2010: ਸ਼ੋਹਰਾਬੁੱਦੀਨ ਕੌਸਰ ਵੀ ਉਪਰਜ਼ੀ ਐਨਕਾਊਂਟਰ ਮਾਮਲੇ ਵਿੱਚ ਗਿਰਫ਼ਤਾਰ ਕੀਤੇ ਗਏ।

2013: ਭਾਜਪਾ ਦੇ ਕੌਮੀ ਜਨਰਲ ਸਕੱਤਰ ਬਣੇ

2014: ਗੁਜਰਾਤ ਕ੍ਰਿਕਟ ਐਸੋਸੀਏਸ਼ ਦੇ ਪ੍ਰਧਾਨ ਬਣੇ

2014: ਭਾਜਪਾ ਦੇ ਕੌਮੀ ਪ੍ਰਧਾਨ ਬਣੇ

2016: ਸੋਮਨਾਥ ਮੰਦਿਰ ਟਰੱਸਟ ਦੇ ਮੈਂਬਰ ਬਣੇ

2016: ਭਾਜਪਾ ਪ੍ਰਧਾਨ ਅਹੁਦੇ ਦੇ ਲਈ ਮੁੜ ਤੋਂ ਚੁਣੇ ਗਏ

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)