ਸੋਨੀਆ ਗਾਂਧੀ ਉੱਪਰ ਹਿੰਦੂਆਂ ਨੂੰ ਵੰਡਣ ਦਾ ਇਲਜ਼ਾਮ ਕਿੰਨਾ ਸਹੀ ਹੈ- ਫੈਕਟ ਚੈੱਕ

  • ਫੈਕਟ ਚੈੱਕ ਟੀਮ
  • ਬੀਬੀਸੀ ਨਿਊਜ਼
ਸੋਨੀਆ ਗਾਂਧੀ

ਤਸਵੀਰ ਸਰੋਤ, Getty Images

ਲੋਕ ਸਭਾ ਚੋਣਾਂ-2019 ਦੀਆਂ ਦੂਸਰੇ ਪੜਾਅ ਦੀਆਂ ਵੋਟਾਂ ਤੋਂ ਪਹਿਲਾਂ ਕਰਨਾਟਕ ਵਿੱਚ ਕਾਂਗਰਸ ਅਤੇ ਭਾਜਪਾ ਇੱਕ ਵਿਵਾਦਿਤ ਚਿੱਠੀ ਬਾਰੇ ਬਹਿਸਬਾਜ਼ੀ ਵਿੱਚ ਉਲਝ ਗਈਆਂ ਹਨ। ਇਸ ਚਿੱਠੀ ਨੂੰ ਜਾਅਲੀ ਦੱਸਿਆ ਜਾ ਰਿਹਾ ਹੈ।

ਸੂਬੇ ਦੇ ਗ੍ਰਹਿ ਮੰਤਰੀ ਐੱਮਬੀ ਪਾਟਿਲ ਨੇ ਪੁਲਿਸ ਕੋਲ ਇਸ ਚਿੱਠੀ ਦੀ ਆਪਣੇ ਦਸਤਖ਼ਤਾਂ ਹੇਠ ਲਿਖ਼ਤੀ ਸ਼ਿਕਾਇਤ ਕੀਤੀ ਹੈ।

ਤਸਵੀਰ ਸਰੋਤ, Vijayavani

ਉਨ੍ਹਾਂ ਨੇ ਟਵੀਟ ਕੀਤਾ ਹੈ, ਇਹ ਚਿੱਠੀ ਜਾਅਲੀ ਹੈ। ਮੇਰੀ ਸੰਸਥਾ ਦੇ ਨਾਂ ਅਤੇ ਮੇਰੇ ਦਸਤਖ਼ਤਾਂ ਦੀ ਗਲਤ ਵਰਤੋਂ ਹੋਈ ਹੈ। ਜਿਸ ਨੇ ਵੀ ਇਹ ਜਾਅਲਸਾਜ਼ੀ ਕੀਤੀ ਹੈ ਅਤੇ ਇਸ ਨੂੰ ਛਾਪਿਆ ਹੈ, ਮੈਂ ਉਨ੍ਹਾਂ ਖ਼ਿਲਾਫ ਕਾਨੂੰਨੀ ਕਾਰਵਾਈ ਕਰਨ ਵਾਲਾ ਹਾਂ।"

ਕਰਨਾਟਕ ਸਰਕਾਰ ਵਿੱਚ ਹੋਣ ਤੋਂ ਇਲਾਵਾ ਐੱਮਬੀ ਪਾਟਿਲ 'ਬੀਜਾਪੁਰ ਲਿੰਗਾਯਤ ਡਿਸਟ੍ਰਿਕਟ ਐਜੂਕੇਸ਼ਨਲ ਐਸੋਸੀਏਸ਼ਨ' ਦੇ ਪ੍ਰਧਾਨ ਵੀ ਹਨ ਅਤੇ ਇਸੇ ਸੰਸਥਾ ਦੇ ਕਥਿਤ ਲੈਟਰ ਪੈਡ ਉੱਪਰ ਛਪੀ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆਂ ਗਾਂਧੀ ਦੇ ਨਾਮ ਦੀ ਇੱਕ ਚਿੱਠੀ ਇਸ ਵਿਵਾਦ ਦਾ ਕੇਂਦਰ ਬਣੀ ਹੋਈ ਹੈ।

ਤਸਵੀਰ ਸਰੋਤ, Twitter/@BJP4Karnataka

ਤਸਵੀਰ ਕੈਪਸ਼ਨ,

ਭਾਜਪਾ ਨੇ ਇਲਜ਼ਾਮ ਲਾਇਆ ਸੀ ਕਿ ਸੋਨੀਆ ਗਾਂਦੀ ਲਿੰਗਿਆਤ ਤੇ ਵੀਰਸ਼ੈਵਾ ਭਾਈਚਾਰ ਨੂੰ ਵੰਡ ਰਹੀ ਹੈ

ਮੰਗਲਵਾਰ ਸਵੇਰੇ ਕਰਨਾਟਕ ਭਾਜਪਾ ਦੇ ਅਧਿਕਾਰਿਤ ਟਵਿੱਟਰ ਹੈਂਡਲ ਨੇ ਇੱਕ ਟਵੀਟ ਵਿੱਚ ਲਿਖਿਆ, ਕਾਂਗਰਸ ਦਾ ਪਰਦਾਫਾਸ਼, ਸੋਨੀਆ ਗਾਂਧੀ ਦੇ ਸਿੱਧੇ ਹੁਕਮਾਂ ਤਹਿਤ ਪੂਰੇ ਲਿੰਗਾਯਤ ਅਤੇ ਵੀਰਵੈਸ਼ ਲਿੰਗਾਯਤ ਸਮੁਦਾਇ ਨੂੰ ਵੰਡਣ ਦਾ ਯਤਨ। ਕਾਂਗਰਸ ਆਗੂ ਐੱਮਬੀ ਪਾਟਿਲ ਵੱਲੋਂ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਗਈ ਇਹ ਚਿੱਠੀ ਇਸ ਗੱਲ ਦਾ ਖ਼ੁਲਾਸਾ ਕਰਦੀ ਹੈ ਕਿ ਸੋਨੀਆ ਗਾਂਧੀ ਕਰਨਾਟਕ ਵਿੱਚ ਹਿੰਦੂ ਸਮੁਦਾਇ ਨੂੰ ਵੰਡਣਾ ਚਾਹੁੰਦੇ ਸਨ।"

ਚਿੱਠੀ ਵਿੱਚ ਕੀ ਲਿਖਿਆ ਹੈ?

ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਮੰਗਲਵਾਰ ਨੂੰ ਕਰਨਾਟਕ ਵਿੱਚ ਹੋਈ ਰੈਲੀ ਤੋਂ ਲਗਭਗ ਦੋ ਘੰਟੇ ਪਹਿਲਾਂ ਕਰਨਾਟਕ ਭਾਜਪਾ ਨੇ ਇਹ ਵਿਵਾਦਿਤ ਚਿੱਠੀ ਟਵੀਟ ਕੀਤੀ।

ਇਹ ਵੀ ਪੜ੍ਹੋ:

ਇਹ ਚਿੱਠੀ 10 ਜੁਲਾਈ 2017 ਦੀ ਲਿਖੀ ਹੋਈ ਹੈ। ਇਸ ਦਾ ਪਿਠਾਂਕਣ ਨੰਬਰ ਲਿਖਿਆ ਹੋਇਆ ਹੈ। ਐੱਮਬੀ ਪਾਟਿਲ ਦੇ ਦਸਤਖ਼ਤ ਹਨ ਅਤੇ ਚਿੱਠੀ ਵਿੱਚ ਸੋਨੀਆ ਗਾਂਧੀ ਲਈ ਲਿਖਿਆ ਗਿਆ ਹੈ:

• ਅਸੀਂ ਤੁਹਾਨੂੰ ਇਹ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਕਾਂਗਰਸ ਪਾਰਟੀ ਪਾਰਟੀ 'ਹਿੰਦੂਆਂ ਨੂੰ ਵੰਡਣ ਅਤੇ ਮੁਸਲਮਾਨਾਂ ਨੂੰ ਜੋੜੋ ਦੀ ਨੀਤੀ ਅਪਣਾ ਕੇ 2018 ਦੀਆਂ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰੇਗੀ।"

• "ਇਸ ਮਕਸਦ ਨੂੰ ਹਾਸਲ ਕਰਨ ਲਈ ਕਾਂਗਰਸ ਪਾਰਟੀ ਲਿੰਗਯਾਤ ਸਮੁਦਾਇ ਅਤੇ ਵੀਰਵੈਸ਼ ਲਿਗਾਯਤ ਸਮੁਦਾਇ ਦੇ ਆਪਸੀ ਮਤਭੇਦਾਂ ਦਾ ਲਾਭ ਚੁੱਕੇਗੀ।"

ਤਸਵੀਰ ਸਰੋਤ, Twitter/@BJP4Karnataka

ਕਰਨਾਟਕ ਕਾਂਗਰਸ ਨੇ ਤੁਰੰਤ ਭਾਜਪਾ ਵੱਲੋਂ ਜਾਰੀ ਕੀਤੀ ਇਸ ਚਿੱਠੀ ਦਾ ਜਵਾਬ ਦਿੱਤਾ।

ਉਨ੍ਹਾਂ ਨੇ ਟਵੀਟ ਕੀਤਾ, "ਕਰਨਾਟਕ ਭਾਜਪਾ ਪ੍ਰੋਪਾਗੰਡਾ ਕਰ ਰਹੀ ਹੈ। ਇਸ ਲਈ ਪਾਰਟੀ ਦੀ ਪੁਰਾਣੀ ਚਿੱਠੀ ਕੱਢ ਲਿਆਈ,ਹੈ, ਜੋ ਕਿ ਪਹਿਲਾਂ ਹੀ ਝੂਠਾ ਹੈ।"

ਕਰਨਾਟਕ ਕਾਂਗਰਸ ਦੇ ਪ੍ਰਧਾਨ ਦਿਨੇਸ਼ ਗੁੰਡੂ ਰਾਓ ਨੇ ਆਪਣੇ ਅਧਿਕਾਰਿਤ ਬਿਆਨ ਵਿੱਚ ਦਾਅਵਾ ਕੀਤਾ ਕਿ ਉਹ ਚੋਣ ਕਮਿਸ਼ਨ ਕੋਲ ਕਰਨਾਟਕ ਭਾਜਪਾ ਦੇ ਇਸ ਝੂਠੇ ਟਵੀਟ ਦੀ ਸ਼ਿਕਾਇਤ ਕਰ ਰਹੇ ਹਨ।

2018 ਵਿੱਚ ਚਿੱਠੀ ਨੂੰ ਝੂਠੀ ਦੱਸਿਆ ਗਿਆ

ਇਨ੍ਹਾਂ ਖ਼ਬਰਾਂ ਮੁਤਾਬਕ ਪਿਛਲੇ ਸਾਲ ਪੋਸਟ ਕਾਰਡ ਨਿਊਜ਼ ਨਾਮ ਦੀ ਇੱਕ ਵੈੱਬਸਾਈਟ ਨੇ ਇਹ ਚਿੱਠੀ ਛਾਪੀ ਸੀ, ਜਿਸ ਦੇ ਸੰਸਥਾਪਕ ਮੁਕੇਸ਼ ਹੇਗੜੇ ਝੂਠੀਆਂ ਖ਼ਬਰਾਂ ਫੈਲਾਉਣ ਦੇ ਮਾਮਲੇ ਵਿੱਚ ਜੇਲ੍ਹ ਦੀ ਸਜ਼ਾ ਵਿੱਚ ਭੁਗਤ ਚੁੱਕੇ ਹਨ।

ਕਾਂਗਰਸੀ ਆਗੂ ਐੱਮਬੀ ਪਾਟਿਲ ਨੇ 2018 ਵਿੱਚ ਇਸ ਚਿੱਠੀ ਨੂੰ ਜਾਅਲੀ ਦੱਸਿਆ ਸੀ ਜਿਸ ਤੋਂ ਬਾਅਦ ਪੋਸਟ ਕਾਰਡ ਨਿਊਜ਼ ਵੈੱਬਸਾਈਟ ਨੇ ਇਸ ਚਿੱਠੀ ਨੂੰ ਹਟਾ ਦਿੱਤਾ ਸੀ

ਹੁਣ ਭਾਜਪਾ ਦੇ ਟਵੀਟ ਤੋਂ ਬਾਅਦ ਇਹ ਚਿੱਠੀ ਇੱਕ ਵਾਰ ਫੇਰ ਸੋਸ਼ਲ ਮੀਡੀਆ ਉੱਪਰ ਗਸ਼ਤ ਕਰ ਰਹੀ ਹੈ।

ਮੰਗਲਵਾਰ ਨੂੰ ਜਦੋਂ ਕਾਂਗਰਸ ਨੇ ਭਾਜਪਾ ਦੇ ਟਵੀਟ ਉੱਪਰ ਸਵਾਲ ਖੜ੍ਹਾ ਕੀਤਾ ਤਾਂ ਪਾਰਟੀ ਨੇ ਲਿਖਿਆ, ਜਿਸ ਚਿੱਠੀ ਵਿੱਚ ਐੱਮਬੀ ਪਾਟਿਲ ਨੇ ਲਿੰਗਾਯਤ ਸਮੁਦਾਇ ਦੇ ਲੋਕਾਂ ਨੂੰ ਵੰਡਣ ਦੀ ਗੱਲ ਲਿਖੀ ਸੀ, ਉਸ ਨੂੰ ਕੰਨੜ ਅਖ਼ਬਾਰ ਵਿਜੇਵਾਣੀ ਨੇ ਛਾਪਿਆ ਹੈ। ਤਾਂ ਕੀ ਕਾਂਗਰਸ ਦਾ ਕਹਿਣਾ ਹੈ ਕਿ ਮੀਡੀਆ ਝੂਠੀਆਂ ਖ਼ਬਰਾਂ ਫੈਲਾਅ ਰਿਹਾ ਹੈ?"

ਕੰਨੜ ਅਖ਼ਬਾਰ ਦੀ ਭੂਮਿਕਾ

ਕੰਨੜ ਭਾਸ਼ਾ ਦੇ ਰੋਜ਼ਾਨਾ ਅਖ਼ਬਾਰ ਵਿਜੇਵਾਣੀ ਨੇ 16 ਅਪ੍ਰੈਲ 2019 ਦੀਆਂ ਆਪਣੀਆਂ ਸਾਰੀਆਂ ਐਡੀਸ਼ਨਾਂ ਦੇ ਦੂਸਰੇ ਸਫ਼ੇ ਉੱਤੇ ਇਸ ਚਿੱਠੀ ਨੂੰ ਛਾਪਿਆ ਹੈ।

ਅਖ਼ਬਾਰ ਦੀ ਸੁਰਖ਼ੀ ਹੈ, "ਐੱਮਬੀ ਪਾਟਿਲ ਨੇ ਇੱਕ ਹੋਰ ਵਿਵਾਦ ਭੜਕਾਇਆ।" ਐੱਮਬੀ ਪਾਟਿਲ ਅਤੇ ਸੋਨੀਆ ਗਾਂਧੀ ਦੀ ਤਸਵੀਰ ਵੀ ਅਖ਼ਬਾਰ ਨੇ ਵਰਤੀ ਹੈ।

ਇਸ ਦੇ ਨਾਲ ਹੀ ਅੰਗਰੇਜ਼ੀ ਵਿੱਚ ਲਿਖੀ ਇਸ ਚਿੱਠੀ ਦਾ ਕੰਨੜ ਤਰਜਮਾਂ ਵੀ ਅਖ਼ਬਾਰ ਨੇ ਪ੍ਰਕਾਸ਼ਿਤ ਕੀਤਾ ਹੈ।

ਇਹ ਵੀ ਪੜ੍ਹੋ:

ਕਰਨਾਟਕ ਦੇ ਬੈਂਗਲੂਰੂ ਸ਼ਹਿਰ ਵਿੱਚ ਮੌਜੂਦ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਇਮਰਾਨ ਕੁਰੈਸ਼ੀ ਨੇ ਦੱਸਿਆ ਕਿ ਕੰਨੜ ਅਖ਼ਬਾਰ ਵਿਜੇਵਾਣੀ ਕਰਨਾਟਕ ਦੇ ਕਈ ਸ਼ਹਿਰਾਂ ਵਿੱਚ ਪੜ੍ਹਿਆ ਜਾਂਦਾ ਹੈ।

ਇਮਰਾਨ ਕੁਰੈਸ਼ੀ ਨੇ ਦੱਸਿਆ ਕਿ ਵਿਵਾਦਿਤ ਚਿੱਠੀ ਮਈ 2018 ਵਿੱਚ ਵੀ ਚਰਚਾ ਵਿੱਚ ਆਈ ਸੀ।

ਲੇਕਿਨ ਇਸ ਪੁਰਾਣੀ ਚਿੱਠੀ ਨੂੰ ਜਿਸ ਨੂੰ ਇੱਕ ਸਾਲ ਪਹਿਲਾਂ ਵੀ ਕਾਂਗਰਸ ਨੇ ਝੂਠੀ ਦੱਸਿਆ ਸੀ, ਉਸ ਨੂੰ ਵਿਜੇਵਾਣੀ ਅਖ਼ਬਾਰ ਨੇ ਲੋਕ ਸਭਾ ਚੋਣਾਂ ਲਈ 18 ਅਪ੍ਰੈਲ ਨੂੰ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਕਿਉਂ ਛਾਪਿਆ?

ਅਖ਼ਬਾਰ ਦੇ ਮੈਨੇਜਮੈਂਟ ਅਤੇ ਐਡੀਟਰ ਨੇ ਇਸ ਦਾ ਕੋਈ ਜਵਾਬ ਸਾਨੂੰ ਨਹੀਂ ਦਿੱਤਾ। ਅਖ਼ਬਾਰ ਵੱਲੋਂ ਜੇ ਸਾਨੂੰ ਕੋਈ ਜਵਾਬ ਮਿਲਦਾ ਹੈ ਤਾਂ ਅਸੀਂ ਉਸ ਨੂੰ ਇਸ ਕਹਾਣੀ ਵਿੱਚ ਜੋੜਾਂਗੇ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)