ਆਈਪੀਐੱਲ: KXIP ਦੇ ਅਸ਼ਵਿਨ ਦੀ ਧਮਾਕੇਦਾਰ ਬੱਲੇਬਾਜ਼ੀ ਨਾਲ ਪੰਜਾਬ ਦੀ ਬੱਲੇ-ਬੱਲੇ

ਆਰ ਅਸ਼ਵਿਨ Image copyright Getty Images

ਆਈਪੀਐਲ ਵਿਚ ਉਂਝ ਤਾਂ ਬੱਲੇਬਾਜ਼ਾਂ ਦੀਂਆਂ ਵੱਡੀਆਂ ਅਤੇ ਤੇਜ਼-ਤਰਾਰ ਪਾਰੀਆਂ ਹੀ ਜਿੱਤ ਦਾ ਕਾਰਨ ਬਣਦੀਆਂ ਹਨ ਪਰ ਕਈ ਵਾਰ ਪੰਜ-ਸੱਤ ਬੱਲੇਬਾਜ਼ਾਂ ਉੱਤੇ ਲਗਾਏ ਗਏ ਚੌਕੇ-ਛੱਕਿਆਂ ਵਾਲੀ ਛੋਟੀ ਪਾਰੀ ਵੀ ਮੈਚ ਦਾ ਨਕਸ਼ਾ ਬਦਲ ਦਿੰਦੀ ਹੈ।

ਮੰਗਲਵਾਰ ਨੂੰ ਆਈਪੀਐਲ -12 ਵਿਚ ਮੋਹਾਲੀ ਵਿਚ ਮੇਜ਼ਬਾਨ ਕਿੰਗਸ ਇਲੈਵਨ ਪੰਜਾਬ ਅਤੇ ਰਾਜਸਥਾਨ ਦੇ ਵਿਚਾਲੇ ਖੇਡੇ ਗਏ ਮੈਚ ਵਿਚ ਵੀ ਅਜਿਹਾ ਹੀ ਹੋਇਆ ਸੀ।

ਇਹ ਕਾਰਨਾਮਾ ਕੀਤਾ ਗਿਆ ਸੀ ਕਿੰਗਸ ਇਲੈਵਨ ਦੇ ਕਪਤਾਨ ਆਰ ਅਸ਼ਵਿਨ ਨੇ।

ਉਨ੍ਹਾਂ ਦੀਆਂ ਸਿਰਫ਼ 4 ਗੇਂਦਾਂ ਵਿੱਚ 17 ਦੌੜਾਂ ਦੀ ਮਦਦ ਨਾਲ ਪੰਜਾਬ ਨੇ ਰਾਜਸਥਾਨ ਨੂੰ 12 ਦੌੜਾਂ ਨਾਲ ਹਰਾਇਆ।

ਜਿੱਤ ਲਈ 183 ਦੌੜਾਂ ਦੇ ਟੀਚੇ ਦੇ ਜਵਾਬ ਵਿੱਚ ਰਾਜਸਥਾਨ ਸੱਤ ਵਿਕਟਾਂ ਗਵਾ ਕੇ 170 ਦੌੜਾਂ ਬਣਾ ਸਕੀ।

ਇਸ ਮੈਚ ਵਿੱਚ ਆਰ ਅਸ਼ਵਿਨ ਦੀ ਕਪਤਾਨੀ ਨੇ ਵੀ ਕਮਾਲ ਕੀਤਾ।

ਇਹ ਵੀ ਪੜ੍ਹੋ:

ਇਸ ਦੀ ਚਰਚਾ ਬਾਅਦ ਵਿੱਚ ਕਰਾਂਗੇ ਪਰ ਪਹਿਲਾਂ ਉਨ੍ਹਾਂ ਦੀ ਕਮਾਲ ਦੀ ਬੱਲੇਬਾਜ਼ੀ ਦੀ ਗੱਲ।

ਇੱਕ ਵੇਲੇ ਜਦੋਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਰ ਅਸ਼ਵਿਨ ਮੈਦਾਨ ਵਿੱਚ ਉਤਰੇ ਤਾਂ ਪੰਜਾਬ ਦਾ ਸਕੋਰ 19.1 ਓਵਰ ਵਿੱਚ 6 ਵਿਕਟ ਗਵਾ ਕੇ 164 ਦੌੜਾਂ ਸੀ।

ਕੁਲਕਰਨੀ ਨੂੰ ਧੋ ਦਿੱਤਾ

ਉਸ ਵੇਲੇ ਧਵਲ ਕੁਲਕਰਨੀ ਗੇਂਦਬਾਜ਼ੀ ਕਰ ਰਹੇ ਸਨ।

ਪੰਜਾਬ ਦੇ ਡੇਵਿਡ ਮਿਲਰ ਨੇ 40 ਦੌੜਾਂ ਬਣਾ ਕੇ ਧਵਲ ਕੁਲਕਰਨੀ ਦੀ ਪਹਿਲੀ ਗੇਂਦ 'ਤੇ ਜੋਸ ਬਟਲਰ ਦੇ ਹੱਥੀਂ ਕੈਚ ਹੋ ਕੇ ਡਗਆਉਟ ਵਿੱਚ ਵਾਪਸੀ ਕੀਤੀ।

Image copyright Getty Images

ਉਨ੍ਹਾਂ ਦੀ ਥਾਂ ਆਰ ਅਸ਼ਵਿਨ ਨੇ ਲਈ।

ਮੈਦਾਨ ਵਿੱਚ ਆਉਂਦਿਆਂ ਹੀ ਆਰ ਅਸ਼ਵਿਨ ਨੇ ਧਵਲ ਕੁਲਕਰਨੀ ਦੇ ਉਸੇ ਓਵਰ ਦੀ ਦੂਜੀ ਗੇਂਦ ਨੂੰ ਥਰਡ ਮੈਨ 'ਤੇ ਚੌਕੇ ਲਈ ਕੱਢਿਆ।

ਤੀਜੀ ਗੇਂਦ 'ਤੇ ਉਨ੍ਹਾਂ ਨੇ ਇੱਕ ਰਨ ਬਣਾਇਆ।

ਚੌਥੀ ਗੇਂਦ 'ਤੇ ਉਨ੍ਹਾਂ ਦੇ ਜੋੜੀਦਾਰ ਮੁਜੀਬ ਉਰ ਰਹਿਮਾਨ ਨੇ ਲੈਗਬਾਇ ਦਾ ਇੱਕ ਰਨ ਲਿਆ।

ਇਸ ਤੋਂ ਬਾਅਦ ਧਵਲ ਕੁਲਕਰਨੀ ਦੀਆਂ ਬਾਕੀ ਬਚੀਆਂ ਦੋ ਗੇਂਦਾਂ ਉੱਤੇ ਆਰ ਅਸ਼ਵਿਨ ਨੇ ਲਗਾਤਾਰ ਦੋ ਛੱਕੇ ਲਗਾ ਕੇ ਮੋਹਾਲੀ ਵਿੱਚ ਆਪਣੇ ਬੱਲੇ ਨਾਲ ਧਮਾਕਾ ਕਰ ਦਿੱਤਾ।

ਢੋਲ-ਨਗਾੜਿਆਂ ਦੇ ਰੌਲੇ ਵਿਚਾਲੇ ਆਰ ਅਸ਼ਵਿਨ ਨੇ ਸਿਰਫ਼ ਚਾਰ ਗੇਂਦਾਂ 'ਤੇ 17 ਦੌੜਾਂ ਬਣਾਈਆਂ।

ਧਵਲ ਕੁਲਕਰਨੀ ਦੇ ਇਸ ਓਵਰ ਵਿੱਚ 18 ਦੌੜਾਂ ਬਣੀਆਂ।

ਦੋਹਾਂ ਟੀਮਾਂ ਵਿਚ ਅਸ਼ਵਿਨ ਦੀ ਪਾਰੀ ਦਾ ਹੀ ਫਰਕ

ਆਰ ਅਸ਼ਵਿਨ ਤੋਂ ਬਾਅਦ 17 ਦੌੜਾਂ ਦੀ ਬਦੌਲਤ ਪੰਜਾਬ ਦੇ 20ਵੇਂ ਓਵਰ ਵਿਚ 6 ਵਿਕਟਾਂ 'ਤੇ 164 ਤੋਂ 182 ਦੇ ਸਕੋਰ 'ਤੇ ਪਹੁੰਚਣ ਵਿੱਚ ਕਾਮਯਾਬ ਰਿਹਾ।

ਇਸ ਤੋਂ ਬਾਅਦ ਜਿੱਤ ਲਈ 183 ਦੌੜਾਂ ਦੀ ਭਾਲ ਵਿੱਚ ਰਾਜਸਥਾਨ ਦੀ ਟੀਮ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਗਵਾ ਕੇ 170 ਦੌੜਾਂ ਹੀ ਬਣਾ ਸਕੀ ਅਤੇ 12 ਦੌੜਾਂ ਵਿੱਚ ਮੈਚ ਹਾਰ ਗਈ।

Image copyright PA

ਬਾਅਦ ਵਿਚ ਰਾਜਸਥਾਨ ਦੇ ਕਪਤਾਨ ਅਜੰਕਿਯਾ ਰਹਾਣੇ ਨੇ ਵੀ ਮੰਨਿਆ ਕਿ ਉਹ ਆਖਿਰੀ ਓਵਰ ਉਨ੍ਹਾਂ ਦੀ ਟੀਮ ਲਈ ਫੈਸਲਾਕੁਨ ਸਾਬਤ ਹੋਇਆ।

ਇੱਕ ਵੇਲੇ ਪੰਜਾਬ ਨੇ 19.1 ਓਵਰ 'ਚ ਛੇ ਵਿਕਟਾਂ ਗੁਵਾ ਕੇ 164 ਦੌੜਾਂ ਬਣਾਈਆਂ ਸਨ ਉੱਥੇ ਹੀ ਰਾਜਸਥਾਨ ਦਾ ਸਕੋਰ 19.1 ਓਵਰਾਂ ਵਿਚ ਸੱਤ ਵਿਕਟਾਂ ਗਵਾ ਕੇ 160 ਦੌੜਾਂ ਸੀ।

ਯਾਨਿ ਕਿ ਮਾਮਲਾ ਲਗਭਗ ਬਰਾਬਰ ਹੀ ਸੀ।

ਜ਼ਾਹਿਰ ਹੈ ਆਰ ਅਸ਼ਵਿਨ ਦੀ ਤੇਜ਼ ਪਾਰੀ ਰਾਜਸਥਾਨ ਉੱਤੇ ਭਾਰੀ ਪਈ।

ਰਾਜਸਥਾਨ ਲਈ ਸਲਾਮੀ ਬੱਲੇਬਾਜ਼ ਰਾਹੁਲ ਤ੍ਰਿਪਾਠੀ ਨੇ 50, ਜੋਸ ਬਟਲਰ ਨੇ 23, ਸੰਜੂ ਸੈਮਸਨ ਨੇ 27 ਅਤੇ ਅਜਿੰਕਿਯਾ ਰਹਾਣੇ ਨੇ 26 ਦੌੜਾਂ ਬਣਾਈਆਂ।

ਉੰਝ ਸਟੁਅਰਟ ਬਿੰਨੀ ਨੇ ਵੀ ਸਿਰਫ਼ 11 ਗੇਂਦਾਂ 'ਤੇ ਦੋ ਚੌਕੇ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਨਾਬਾਦ 33 ਦੌੜਾਂ ਬਣਾਈਆਂ ਪਰ ਉਦੋਂ ਤੱਕ ਬਾਜ਼ੀ ਰਾਜਸਥਾਨ ਦੇ ਹੱਥਾਂ ਵਿੱਚੋਂ ਨਿਕਲ ਚੁੱਕੀ ਸੀ।

ਕਾਰਗਰ ਕਪਤਾਨੀ

ਇਸ ਮੈਚ ਵਿਚ ਪੰਜਾਬ ਨੇ ਕਈ ਉਤਰਾਅ ਚੜ੍ਹਾਅ ਦੇਖੇ।

ਉਸ ਦੀ ਸਲਾਮੀ ਜੋੜੀ ਕੇਐਲ ਰਾਹੁਲ ਅਤੇ ਕ੍ਰਿਸ ਗੇਲ ਨੇ ਪਹਿਲੇ ਵਿਕਟ ਲਈ 38 ਦੌੜਾਂ ਬਣਾ ਕੇ ਠੀਕ-ਠਾਕ ਸ਼ੁਰੂਆਤ ਕੀਤੀ।

ਕ੍ਰਿਸ ਗੇਲ ਨੇ 22 ਗੇਂਦਾਂ 'ਤੇ ਦੋ ਚੌਕੇ ਅਤੇ ਤਿੰਨ ਛੱਕਿਆਂ ਦੇ ਸਹਾਰੇ 30 ਦੌੜਾਂ ਬਣਾਈਆਂ।

Image copyright Getty Images

ਦੂਜੇ ਪਾਸੇ ਕੇਐਲ ਰਾਹੁਲ ਨੇ ਸੁਸਤ ਰਫ਼ਤਾਰ ਨਾਲ 47 ਗੇਂਦਾਂ 'ਤੇ 52 ਦੌੜਾਂ ਬਣਾਈਆਂ।

ਇਸ ਤੋਂ ਇਲਾਵਾ ਡੇਵਿਡ ਮਿਲਰ ਨੇ 40 ਅਤੇ ਮਯੰਕ ਅਗਰਵਾਲ ਨੇ ਵੀ 26 ਦੌੜਾਂ ਦਾ ਯੋਗਦਾਨ ਦਿੱਤਾ

ਇਸ ਤੋਂ ਬਾਅਦ ਤਾਂ ਆਰ ਅਸ਼ਵਿਨ ਨੇ ਤੇਜ਼ੀ ਨਾਲ ਚਾਰ ਗੇਂਦਾਂ 'ਤੇ 17 ਦੌੜਾਂ ਬਣਾ ਕੇ ਜਿਵੇਂ ਪੰਜਾਬ ਦੀ ਸੁੱਤੀ ਹੋਈ ਪਾਰੀ ਨੂੰ ਨੀਂਦ ਤੋਂ ਜਗਾ ਦਿੱਤਾ।

ਆਰ ਅਸ਼ਵਿਨ ਨੇ ਇਸ ਤੋਂ ਬਾਅਦ ਸਮਝਦਾਰੀ ਨਾਲ ਭਰੀ ਕਪਤਾਨੀ ਵੀ ਕੀਤੀ।

ਉਨ੍ਹਾਂ ਨੇ ਆਪਣਾ ਪਹਿਲਾਂ ਹੀ ਆਈਪੀਐਲ ਮੁਕਾਬਲਾ ਖੇਡ ਰਹੇ ਖੱਬੂ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਬਿਹਤਰ ਇਸਤੇਮਾਲ ਕੀਤਾ।

ਉਨ੍ਹਾਂ ਨੇ ਉਸ 'ਤੇ ਪੂਰਾ ਭਰੋਸਾ ਕਰਦੇ ਹੋਏ ਪਾਰੀ ਦਾ 19ਵਾਂ ਓਵਰ ਸੌਂਪਿਆ।

ਹਾਲਾਂਕਿ ਉਨ੍ਹਾਂ ਦੇ ਇਸ ਓਵਰ ਵਿੱਚ ਸਟੁਅਰਡ ਬਿੰਨੀ ਨੇ ਦੋ ਛੱਕੇ ਵੀ ਲਾਏ ਪਰ ਅਰਸ਼ਦੀਪ ਸਿੰਘ ਨੇ ਪਹਿਲੀਆਂ ਤਿੰਨ ਗੇਂਦਾਂ 'ਤੇ ਦੂਜੇ ਪਾਸੇ ਖੇਡ ਰਹੇ ਅਜਿੰਕਿਆ ਰਹਾਣੇ ਨੂੰ ਖੁਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ।

ਰਹਾਣੇ ਉਨ੍ਹਾਂ ਦੀ ਪਹਿਲੀ ਗੇਂਦ 'ਤੇ ਕੋਈ ਰਨ ਨਹੀਂ ਬਣਾ ਸਕਿਆ।

Image copyright Reuters

ਦੂਜੀ ਗੇਂਦ 'ਤੇ ਰਹਾਣੇ ਨੇ ਦੋ ਦੌੜਾਂ ਬਣਾਈਆਂ ਪਰ ਤੀਜੀ ਗੇਂਦ 'ਤੇ ਉਹ ਆਪਣਾ ਵਿਕਟ ਗਵਾ ਬੈਠੇ।

ਜਦੋਂ ਰਹਾਣੇ ਆਉਟ ਹੋਏ ਉਦੋਂ ਰਾਜਸਥਾਨ ਦਾ ਸਕੋਰ 18.3 ਓਵਰ ਵਿਚ ਛੇ ਵਿਕਟਾਂ ਗਵਾ ਕੇ 148 ਦੌੜਾਂ ਸੀ।

ਬਸ ਇੱਥੋਂ ਹੀ ਰਾਜਸਥਾਨ ਮੈਚ ਤੋਂ ਬਾਹਰ ਹੁੰਦਾ ਚਲਾ ਗਿਆ।

ਅਰਸ਼ਦੀਪ ਸਿੰਘ ਨੇ 43 ਦੌੜਾਂ ਦੇ ਕੇ ਦੋ ਵਿਕਟਾਂ ਹਾਸਿਲ ਕੀਤੀਆਂ।

ਆਰ ਅਸ਼ਵਿਨ ਦੀ ਬੱਲੇਬਾਜ਼ੀ

ਇਸ ਤੋਂ ਇਲਾਵਾ ਆਰ ਅਸ਼ਵਿਨ ਨੇ ਗੇਂਦਬਾਜ਼ੀ ਵਿੱਚ ਵੀ ਆਪਣੇ ਹੱਥ ਦਿਖਾਉਂਦੇ ਹੋਏ ਚਾਰ ਓਵਰਾਂ ਵਿੱਚ ਸਿਰਫ਼ 24 ਦੌੜਾਂ ਦੇ ਕੇ ਦੋ ਵਿਕਟਾਂ ਹਾਸਿਲ ਕੀਤੀਆਂ।

ਆਰ ਅਸ਼ਵਿਨ ਦੀਆਂ ਬੱਲੇਬਾਜ਼ੀ ਤੋਂ ਨਿਕਲੀਆਂ ਇਹ ਦੌੜਾਂ ਇਸ ਲਈ ਵੀ ਹੈਰਾਨ ਕਰਨ ਵਾਲੀਆਂ ਹਨ ਕਿਉਂਕਿ ਪਿਛਲੇ ਤਿੰਨ ਮੈਚਾਂ ਵਿੱਚ ਤਾਂ ਉਨ੍ਹਾਂ ਦਾ ਬੱਲੇਬਾਜ਼ੀ ਵਿੱਚ ਨੰਬਰ ਹੀ ਨਹੀਂ ਆਇਆ ਸੀ।

ਉਨ੍ਹਾਂ ਨੇ ਇਸ ਤੋਂ ਪਹਿਲਾਂ ਸਿਰਫ਼ ਇੱਕ ਵਾਰੀ ਦਿੱਲੀ ਕੈਪੀਟਲਸ ਦੇ ਖਿਲਾਫ਼ ਮੁਹਾਲੀ ਵਿੱਚ ਖੇਡਦੇ ਹੋਏ ਤਿੰਨ ਦੌੜਾਂ ਬਣਾਈਆਂ ਸਨ।

ਯਾਨਿ ਕਿ ਹੁਣ ਤੱਕ ਖੇਡੇ ਗਏ 9 ਮੈਚਾਂ ਵਿੱਚ ਉਨ੍ਹਾਂ ਨੂੰ ਮੰਗਲਵਾਰ ਨੂੰ ਦੂਜੀ ਵਾਰੀ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ।

ਜੋ ਵੀ ਹੋਵੇ ਜਿੱਤ ਤਾਂ ਜਿੱਤ ਹੀ ਹੁੰਦੀ ਹੈ।

ਇਸ ਦੇ ਨਾਲ ਹੀ ਪੰਜਾਬ 9 ਮੈਚਾਂ ਵਿੱਚ ਪੰਜ ਜਿੱਤਾਂ ਤੋਂ ਬਾਅਦ 10 ਅੰਕਾਂ ਦੇ ਨਾਲ ਚੌਥੇ ਨੰਬਰ 'ਤੇ ਹੈ।

Image copyright Getty Images

ਦੂਜੇ ਪਾਸੇ ਰਾਜਸਥਾਨ ਰਾਇਲਸ ਅੱਠ ਮੈਚਾਂ ਵਿੱਚ ਦੋ ਜਿੱਤਾਂ ਦੇ ਨਾਲ 7ਵੇਂ ਨੰਬਰ 'ਤੇ ਹੈ।

ਸੋਚੋ ਜੇ ਆਰ ਅਸ਼ਵਿਨ ਦਾ ਬੱਲਾ ਨਾ ਚਲਦਾ ਅਤੇ ਕਿਸੇ ਤਰ੍ਹਾਂ ਰਾਜਸਥਾਨ ਜਿੱਤ ਜਾਂਦਾ ਤਾਂ ਕੀ ਹੁੰਦਾ।

ਕੀ ਇੱਕ ਵਾਰੀ ਫਿਰ ਕੇਐਲ ਰਾਹੁਲ 'ਤੇ ਹੌਲੀ ਬੱਲੇਬਾਜ਼ੀ ਦੇ ਕਾਰਨ ਪੰਜਾਬ ਦੀ ਹਾਰ ਦਾ ਇਲਜ਼ਾਮ ਨਹੀਂ ਆਉਂਦਾ?

ਜ਼ਰੂਰ ਆਉਂਦਾ ਕਿਉਂਕਿ ਇਸ ਤੋਂ ਪਹਿਲਾਂ ਵੀ ਚੇਨੱਈ ਸੁਪਰ ਕਿੰਗਸ ਦੇ ਖਿਲਾਫ਼ ਕੇਐਲ ਰਾਹੁਲ ਨੇ 47 ਗੇਂਦਾਂ 'ਤੇ 55 ਦੌੜਾਂ ਬਣਾਈਆਂ ਸਨ ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫ਼ੀ ਖਿਚਾਈ ਕੀਤੀ ਗਈ ਸੀ।

ਕੇਐਲ ਰਾਹੁਲ ਹਾਰਦਿਕ ਪੰਡਿਆ ਦੇ ਨਾਲ ਕਰਨ ਜੌਹਰ ਦੇ ਸ਼ੋਅ ਵਿੱਚ ਜਾ ਕੇ ਬਦਨਾਮੀ ਝੱਲ ਚੁੱਕੇ ਹਨ।

ਪਰ ਇਸ ਵਾਰੀ ਤਾਂ ਆਰ ਅਸ਼ਵਿਨ ਨੇ ਰਾਹੁਲ ਨੂੰ ਬਚਾਅ ਲਿਆ ਅਤੇ ਜਿੱਤ ਤੋਂ ਬਾਅਦ ਪੰਜਾਬ ਦੀ ਬੱਲੇ-ਬੱਲੇ ਹੋ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)