ਸਾਧਵੀ ਪ੍ਰਗਿਆ: ਮਾਲੇਗਾਓਂ ਧਮਾਕੇ ਦੀ ਮੁਲਜ਼ਮ ਨੂੰ ਭਾਜਪਾ ਨੇ ਭੋਪਾਲ ਤੋਂ ਦਿੱਤਾ ਟਿਕਟ

ਸਾਧਵੀ ਪ੍ਰਗਿਆ

ਤਸਵੀਰ ਸਰੋਤ, Pti

ਸਾਧਵੀ ਪ੍ਰਗਿਆ ਠਾਕੁਰ ਨੂੰ ਭਾਜਪਾ ਨੇ ਭੋਪਾਲ ਤੋਂ ਟਿਕਟ ਦਿੱਤਾ ਹੈ। ਸਾਧਵੀ ਪ੍ਰਗਿਆ ਠਾਕੁਰ ਦਾ ਮੁਕਾਬਲਾ ਕਾਂਗਰਸ ਦੇ ਦਿਗਵਿਜੇ ਸਿੰਘ ਨਾਲ ਹੋਵੇਗਾ। ਸਾਧਵੀ ਪ੍ਰਗਿਆ ਮਾਲੇਗਾਂਓ ਬਲਾਸਟ ਮਾਮਲੇ ਵਿੱਚ ਮੁਲਜ਼ਮ ਹਨ ਅਤੇ ਇਸ ਵੇਲੇ ਜ਼ਮਾਨਤ 'ਤੇ ਬਾਹਰ ਹਨ।

ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਬੁੱਧਵਾਰ ਨੂੰ ਉਮੀਦਵਾਰਾਂ ਦੀ 22ਵੀਂ ਸੂਚੀ ਜਾਰੀ ਕੀਤੀ ਜਿਸ ਵਿੱਚ ਸਾਧਵੀ ਪ੍ਰਗਿਆ ਦੇ ਨਾਂ ਦਾ ਐਲਾਨ ਕੀਤਾ ਗਿਆ। ਇਸ ਸੂਚੀ ਵਿੱਚ ਮੱਧ ਪ੍ਰਦੇਸ਼ ਦੀਆਂ ਚਾਰ ਸੀਟਾਂ ਦਾ ਐਲਾਨ ਕੀਤਾ ਗਿਆ ਹੈ।

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਸੀਟ ਵਿਦਿਸ਼ਾ ਤੋਂ ਰਮਾਕਾਂਤ ਭਾਰਗਵ ਨੂੰ ਟਿਕਟ ਦਿੱਤਾ ਗਿਆ ਹੈ। ਗੁਨਾ ਤੋਂ ਕੇਪੀ ਯਾਦਵ ਅਤੇ ਸਾਗਰ ਤੋਂ ਰਾਜ ਬਹਾਦੁਰ ਸਿੰਘ ਨੂੰ ਟਿਕਟ ਦਿੱਤਾ ਗਿਆ ਹੈ।

ਮਾਲੇਗਾਓਂ ਧਮਾਕੇ ਦੀ ਮੁਲਜ਼ਮ

29 ਸਤੰਬਰ 2008 ਨੂੰ ਮਹਾਰਾਸ਼ਟਰ ਦੇ ਮਾਲੇਗਾਓਂ ਵਿੱਚ ਹੋਏ ਦੋ ਬੰਬ ਧਮਾਕਿਆਂ ਤੋਂ ਬਾਅਦ ਸਾਧਵੀ ਪ੍ਰਗਿਆ ਨੂੰ ਮੁਲਜ਼ਮ ਬਣਾਇਆ ਗਿਆ ਸੀ।

ਇਸ ਧਮਾਕੇ ਵਿੱਚ 6 ਲੋਕਾਂ ਦੀ ਮੌਤ ਹੋਈ ਸੀ ਅਤੇ ਤਕਰੀਬਨ 101 ਲੋਕ ਜ਼ਖ਼ਮੀ ਹੋਏ ਸਨ। ਫਿਲਹਾਲ ਸਾਧਵੀ ਪ੍ਰਗਿਆ ਇਸ ਮਾਮਲੇ ਵਿੱਚ ਜ਼ਮਾਨਤ ’ਤੇ ਹੈ।

ਭੜਕਾਊ ਭਾਸ਼ਣਾਂ ਲਈ ਮਸ਼ਹੂਰ ਪ੍ਰਗਿਆ ਠਾਕੁਰ ਹਿੰਦੂਵਾਦੀ ਸੰਗਠਨ ਅਭਿਨਵ ਭਾਰਤ ਅਤੇ ਦੁਰਗਾ ਵਾਹਿਨੀ ਨਾਲ ਜੁੜੀ ਰਹੀ ਹੈ।

ਉਨ੍ਹਾਂ ਨੂੰ ਉਮੀਦਵਾਰ ਬਣਾਏ ਜਾਣ ਦੀਆਂ ਜਦੋਂ ਖ਼ਬਰਾਂ ਆ ਰਹੀਆਂ ਸਨ ਤਾਂ ਉਨ੍ਹਾਂ ਨੇ ਕਿਹਾ ਸੀ, “ਮੈਂ ਦੇਸ ਦੇ ਦੁਸ਼ਮਣਾਂ ਖਿਲਾਫ਼ ਲੜਾਈ ਲਈ ਤਿਆਰ ਹਾਂ।”

ਸਾਧਵੀ ਪ੍ਰਗਿਆ ਮੱਧ ਪ੍ਰਦੇਸ਼ ਦੇ ਭਿੰਡ ਦੀ ਰਹਿਣ ਵਾਲੀ ਹੈ। ਭੋਪਾਲ ਵਿੱਚ ਆਪਣੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਮੈਂ ਰਸਮੀ ਤੌਰ ’ਤੇ ਭਾਜਪਾ ਵਿੱਚ ਸ਼ਾਮਿਲ ਹੋ ਗਈ ਹਾਂ। ਮੈਂ ਚੋਣਾਂ ਲੜਾਂਗੀ ਅਤੇ ਜਿੱਤਾਂਗੀ ਵੀ ਜ਼ਰੂਰ। ਇਹ ਮੇਰੇ ਲਈ ਬਿਲਕੁਲ ਵੀ ਮੁਸ਼ਕਿਲ ਨਹੀਂ ਹੈ।”

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)