ਪ੍ਰਧਾਨ ਮੰਤਰੀ ਮੋਦੀ ਦੀ ਰੈਲੀ 'ਚ ਆਏ ਬੋਧੀ ਭਿਕਸ਼ੂਆਂ ਦੀ ਤਸਵੀਰ ਦਾ ਕੀ ਹੈ ਸੱਚ- ਫੈਕਟ ਚੈੱਕ

ਵਾਇਰਲ ਫੋਟੋ Image copyright DMC TV

ਫੇਸਬੁੱਕ ਅਤੇ ਟਵਿੱਟਰ 'ਤੇ ਇਹ ਏਰੀਅਲ ਫੋਟੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੱਛਮ ਬੰਗਾਲ ਵਿੱਚ ਹੋਈ ਚੋਣ ਰੈਲੀ ਦੀ ਦੱਸ ਕੇ ਸ਼ੇਅਰ ਕੀਤੀ ਜਾ ਰਹੀ ਹੈ।

ਹਿੰਦੂਤਵੀ ਰੁਝਾਨ ਵਾਲੇ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਕੁਝ ਲੋਕਾਂ ਨੇ ਇਹ ਦਾਅਵਾ ਕੀਤਾ ਹੈ ਕਿ ਇਹ ਤਸਵੀਰ ਪੱਛਮ ਬੰਗਾਲ ਵਿੱਚ 11 ਅਪ੍ਰੈਲ ਨੂੰ ਹੋਈ ਪਹਿਲੇ ਗੇੜ ਦੀ ਵੋਟਿੰਗ ਤੋਂ ਪਹਿਲਾਂ ਦੀ ਹੈ।

ਜ਼ਿਆਦਾਤਰ ਸੋਸ਼ਲ ਮੀਡੀਆ ਯੂਜ਼ਰਜ਼ ਨੇ ਇਸ ਤਸਵੀਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੂਚ ਬਿਹਾਰ (ਪੱਛਮੀ ਬੰਗਾਲ ਦਾ ਜ਼ਿਲ੍ਹਾ) ਵਿੱਚ ਹੋਈ ਚੋਣ ਰੈਲੀ ਦਾ ਦੱਸਿਆ ਹੈ।

'ਨਰਿੰਦਰ ਮੋਦੀ 2019' ਨਾਮ ਦੇ ਪਬਲਿਕ ਗਰੁੱਪ ਵਿੱਚ ਇੱਕ ਯੂਜ਼ਰ ਨੇ ਲਿਖਿਆ ਹੈ," ਇਹ ਪੱਛਮ ਬੰਗਾਲ ਵਿੱਚ ਭਾਜਪਾ ਦੀ ਰੈਲੀ ਦਾ ਨਜ਼ਾਰਾ ਹੈ। ਕੂਚ ਬਿਹਾਰ ਦੀ ਰੈਲੀ। ਅੱਜ ਤਾਂ ਮਮਤਾ ਬੈਨਰਜੀ ਦੀ ਨੀਂਦ ਗਾਇਬ ਹੋ ਗਈ ਹੋਵੇਗੀ।''

Image copyright SOCIAL MEDIA

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪੱਛਮ ਬੰਗਾਲ ਬੀਜੇਪੀ ਨੂੰ ਸੂਬੇ ਦੀਆਂ 42 ਸੀਟਾਂ ਵਿੱਚੋਂ ਘੱਟ ਘੱਟ 23 ਸੀਟਾਂ ਜਿੱਤਣ ਦਾ ਟੀਚਾ ਦਿੱਤਾ ਹੈ।

ਇਹ ਵੀ ਪੜ੍ਹੋ:

ਪਾਰਟੀ ਦੇ ਸੀਨੀਅਰ ਨੇਤਾਵਾਂ ਮੁਤਾਬਕ ਭਾਜਪਾ ਦੇ ਕੇਂਦਰੀ ਨੁਮਾਇੰਦੇ ਇਸ ਵਾਰ ਪੱਛਮ ਬੰਗਾਲ 'ਤੇ ਖਾਸ ਧਿਆਨ ਦੇ ਰਿਹਾ ਹੈ।

ਪਰ ਵਾਇਰਲ ਫੋਟੋ ਵਿੱਚ ਭਗਵਾ ਰੰਗ ਦੇ ਕੱਪੜੇ ਪਹਿਨੇ ਲੋਕਾਂ ਨੂੰ ਦੇਖ ਕੇ ਜਿਹੜੇ ਲੋਕ ਇਸ ਨੂੰ ਪੀਐੱਮ ਮੋਦੀ ਦੀ ਰੈਲੀ ਦਾ ਦੱਸ ਰਹੇ ਹਨ, ਉਨ੍ਹਾਂ ਦਾ ਦਾਅਵਾ ਗ਼ਲਤ ਹੈ।

ਇਸ ਤਸਵੀਰ ਦਾ ਭਾਰਤੀ ਜਨਤਾ ਪਾਰਟੀ ਦੇ ਕਿਸੇ ਪ੍ਰੋਗਰਾਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

Image copyright SOCIAL MEDIA
ਫੋਟੋ ਕੈਪਸ਼ਨ ਸੈਂਕੜੇ ਲੋਕ ਸੋਸ਼ਲ ਮੀਡੀਆ 'ਤੇ ਇਸ ਤਸਵੀਰ ਨੂੰ ਮੋਦੀ ਦੀ ਰੈਲੀ ਦਾ ਦੱਸਦੇ ਹੋਏ ਸ਼ੇਅਰ ਕਰ ਚੁੱਕੇ ਹਨ

ਤਸਵੀਰ ਦੀ ਹਕੀਕਤ

ਪੱਛਮੀ ਬੰਗਾਲ ਦੇ ਕੂਚ ਬਿਹਾਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਅਪ੍ਰੈਲ 2019 ਨੂੰ ਚੋਣ ਰੈਲੀ ਕੀਤੀ ਸੀ।

ਪਰ ਰਿਵਰਸ ਈਮੇਜ ਸਰਚ ਤੋਂ ਪਤਾ ਲਗਦਾ ਹੈ ਕਿ ਜਿਸ ਵਾਇਰਲ ਤਸਵੀਰ ਨੂੰ ਮੋਦੀ ਦੀ ਰੈਲੀ ਦਾ ਦੱਸਿਆ ਜਾ ਰਿਹਾ ਹੈ, ਉਹ ਸਾਲ 2015 ਵਿੱਚ ਪਹਿਲੀ ਵਾਰ ਇੰਟਰਨੈੱਟ 'ਤੇ ਅਪਲੋਡ ਕੀਤੀ ਗਈ ਸੀ।

ਆਪਣੀ ਪੜਤਾਲ ਵਿੱਚ ਅਸੀਂ ਦੇਖਿਆ ਕਿ ਇਹ ਤਸਵੀਰ ਭਾਰਤ ਦੀ ਨਹੀਂ, ਸਗੋਂ ਥਾਈਲੈਂਡ ਦੇ ਮੱਧ ਵਿੱਚ ਸਥਿਤ ਸਮੁਤ ਸਾਖੋਂ ਸੂਬੇ ਦੀ ਹੈ

ਇਹ ਵੀ ਪੜ੍ਹੋ:

ਇਸ ਤਸਵੀਰ ਨੂੰ ਬੁੱਧ ਧਰਮ ਦਾ ਪ੍ਰਚਾਰ-ਪ੍ਰਸਾਰ ਕਰਨ ਵਾਲੀ ਵੈੱਬਸਾਈਟ 'ਡੀਐੱਮਸੀ ਡਾਟ ਟੀਵੀ' ਨੇ 26 ਅਕਤੂਬਰ 2015 ਨੂੰ ਪੋਸਟ ਕੀਤਾ ਸੀ।

ਡੀਐੱਮਸੀ ਯਾਨਿ 'ਧੱਮ ਮੈਡੀਟੇਸ਼ਨ ਬੋਧੀਜ਼ਮ' ਇੱਕ ਮੀਡੀਆ ਨੈੱਟਵਰਕ ਹੈ। ਇਸ ਵੈੱਬਸਾਈਟ ਮੁਤਾਬਕ ਉਹ ਬੁੱਧ ਧਰਮ ਨਾਲ ਜੁੜੇ ਸੱਭਿਆਚਾਰਕ ਪ੍ਰੋਗਰਾਮਾਂ ਨੂੰ ਕਵਰ ਕਰਦੇ ਹਨ।

ਕਰੀਬ 20 ਲੱਖ ਬੋਧੀਆਂ ਦਾ ਸਮਾਗਮ

ਡੀਐੱਮਸੀ ਮੁਤਾਬਕ ਥਾਈਲੈਂਡ ਵਿੱਚ ਬੁੱਧ ਧਰਮ ਨੂੰ ਮੰਨਣ ਵਾਲੇ 'ਭਿਕਸ਼ਾ ਧਾਰਨ ਕਰਨ ਦੀ ਇੱਕ ਵੱਡੀ ਰਸਮ' ਦਾ ਪ੍ਰੋਗਰਾਮ ਕਰਦੇ ਹਨ।

ਸਾਲ 2015 ਵਿੱਚ ਹੋਇਆ ਇਹ ਇਸੇ ਤਰ੍ਹਾਂ ਦਾ ਪ੍ਰੋਗਰਾਮ ਸੀ ਜਿਸ ਵਿੱਚ ਕਰੀਬ ਦਸ ਹਜ਼ਾਰ ਬੋਧੀ ਭਿਕਸ਼ੂ ਸ਼ਾਮਲ ਹੋਏ ਸਨ।

ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਕਰੀਬ 20 ਲੱਖ ਦੱਸੀ ਗਈ ਸੀ।

ਵੈੱਬਸਾਈਟ ਮੁਤਾਬਕ ਥਾਈਲੈਂਡ ਦੇ 9 ਤੋਂ ਵੱਧ ਸੂਬਿਆਂ ਵਿੱਚ ਬੋਧੀ ਭਿਕਸ਼ੂ, ਸਰਕਾਰੀ ਕਰਮਚਾਰੀ ਅਤੇ ਫੌਜੀ ਇਸ ਪ੍ਰੋਗਰਾਮ ਵਿੱਚ ਪਹੁੰਚੇ ਸਨ।

26 ਅਕਤੂਬਰ 2015 ਨੂੰ ਡੀਐੱਮਸੀ ਡਾਟ ਟੀਵੀ ਨੇ ਇਸ ਵਿਸ਼ਾਲ ਪ੍ਰੋਗਰਾਮ ਦੀਆਂ ਕਰੀਬ 70 ਹੋਰ ਤਸਵੀਰਾਂ ਵੀ ਪੋਸਟ ਕੀਤੀਆਂ ਸਨ।

ਵੈੱਬਸਾਈਟ ਮੁਤਾਬਕ ਇਸ ਸੱਭਿਆਚਾਰ ਪ੍ਰੋਗਰਾਮ ਦਾ ਪ੍ਰਬੰਧ ਸਮੁਤ ਸਾਖੋਂ ਸੈਂਟਰਲ ਸਟੇਡੀਅਮ ਦੇ ਸਾਹਮਣੇ ਏਕਾਚਾਈ ਰੋਡ 'ਤੇ ਹੋਇਆ ਸੀ।

'ਗੂਗਲ ਅਰਥ' ਵੈੱਬਸਾਈਟ ਦੀ ਮਦਦ ਨਾਲ ਅਸੀਂ 'ਡੀਐੱਮਸੀ ਡਾਟ ਟੀਵੀ' ਵੈੱਬਸਾਈਟ ਦੇ ਇਸ ਦਾਅਵੇ ਦੀ ਪੁਸ਼ਟੀ ਕੀਤੀ।

Image copyright Google EARTH
ਫੋਟੋ ਕੈਪਸ਼ਨ ਗੂਗਲ ਸਟ੍ਰੀਟ ਵਿਊ ਵਿੱਚ ਸਾਨੂੰ ਉਹੀ ਪੀਲੀ ਬਿਲਡਿੰਗ ਅਤੇ ਉਸ ਨਾਲ ਲੱਗਿਆ ਭੂਰੇ ਰੰਗ ਦਾ ਮਕਾਨ ਦਿਖਾਈ ਦਿੱਤਾ ਜੋ ਵਾਇਰਲ ਤਸਵੀਰ ਵਿੱਚ ਦਿਖਾਈ ਦਿੰਦਾ ਹੈ

ਅਸੀਂ ਸਟ੍ਰੀਟ ਵਿਊ ਜ਼ਰੀਏ ਉਸ ਬਿਲਡਿੰਗ ਨੂੰ ਸਰਚ ਕੀਤਾ ਗਿਆ ਜੋ ਵਾਇਰਲ ਤਸਵੀਰ ਵਿੱਚ ਦਿਖਾਈ ਦਿੰਦੀ ਹੈ।

ਪਹਿਲਾਂ ਵੀ ਕੀਤੇ ਗਏ ਗ਼ਲਤ ਦਾਅਵੇ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਸ਼ਲ ਮੀਡੀਆ 'ਤੇ ਇਸ ਤਸਵੀਰ ਨੂੰ ਗ਼ਲਤ ਜਾਣਕਾਰੀ ਦੇ ਨਾਲ ਸ਼ੇਅਰ ਕੀਤਾ ਗਿਆ ਹੈ।

ਸਾਲ 2018 ਵਿੱਚ ਵੀ ਇਸ ਤਸਵੀਰ ਨੂੰ 'ਭਾਰਤੀ ਹਿੰਦੂਆਂ ਦੀ ਤਸਵੀਰ' ਦੱਸ ਕੇ ਸ਼ੇਅਰ ਕੀਤਾ ਗਿਆ ਸੀ।

Image copyright SOCIAL MEDIA

ਪਰ ਥਾਈਲੈਂਡ ਦੀ ਇਸ ਫੋਟੋ ਦੇ ਨਾਲ ਕੀਤੇ ਗਏ ਸਾਰੇ ਦਾਅਵੇ ਫਰਜ਼ੀ ਹਨ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)