ਰਾਹੁਲ ਗਾਂਧੀ ਦੇਣਗੇ ਕਿਸਾਨਾਂ ਨੂੰ ‘ਚੰਨ ਉੱਤੇ ਜ਼ਮੀਨ’? ਜਾਣੋ ਵਾਇਰਲ ਵੀਡੀਓ ਦਾ ਸੱਚ — ਫੈਕਟ ਚੈੱਕ
- ਫੈਕਟ ਚੈੱਕ ਟੀਮ
- ਬੀਬੀਸੀ ਨਿਊਜ਼

ਤਸਵੀਰ ਸਰੋਤ, Getty Images
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਚੋਣ ਜਨਸਭਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਇਸ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਚੰਨ 'ਤੇ ਖੇਤੀ ਲਈ ਜ਼ਮੀਨ ਦੇਣ ਦਾ ਵਾਅਦਾ ਕੀਤਾ ਹੈ।
25 ਸੈਕਿੰਡ ਦੇ ਇਸ ਵੀਡੀਓ ’ਚ ਰਾਹੁਲ ਗਾਂਧੀ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, “ਇੱਥੇ ਤੁਹਾਨੂੰ ਖੇਤਾਂ ਦੇ ਪੈਸੇ ਨਹੀਂ ਬਣ ਰਹੇ। ਉਹ ਦੇਖੋ, ਚੰਨ ਹੈ, ਉਸ 'ਤੇ ਮੈਂ ਤੁਹਾਨੂੰ ਖੇਤ ਦੇਵਾਂਗਾ। ਆਉਣ ਵਾਲੇ ਸਮੇਂ 'ਚ ਤੁਸੀਂ ਉੱਥੇ ਆਲੂ ਬੀਜੋਗੇ।”
‘ਟੀਮ ਮੋਦੀ 2019’ ਅਤੇ ‘ਨਮੋ ਅਗੇਨ’ ਵਰਗੇ ਸੱਜੇਪੱਖੀ ਰੁਝਾਨ ਵਾਲੇ ਫੇਸਬੁੱਕ ਗਰੁੱਪਾਂ 'ਚ ਇਹ ਵੀਡੀਓ ਪੋਸਟ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 60 ਹਜ਼ਾਰ ਤੋਂ ਵੱਧ ਲੋਕਾਂ ਨੇ ਦੇਖਿਆ ਹੈ।
ਇਹ ਵੀ ਪੜ੍ਹੋ
ਵੀਡੀਓ ਦੇ ਨਾਲ ਸੰਦੇਸ਼ ਲਿਖਿਆ ਹੈ, “ਕਾਂਗਰਸ ਪ੍ਰਧਾਨ ਨੂੰ ਕੋਈ ਰੋਕੋ। ਉਹ ਹੁਣ ਕਿਸਾਨਾਂ ਨੂੰ ਚੰਨ 'ਤੇ ਖੇਤੀ ਲਈ ਜ਼ਮੀਨ ਦੇਣ ਦਾ ਵਾਅਦਾ ਕਰ ਰਹੇ ਹਨ।”
ਤਸਵੀਰ ਸਰੋਤ, Social
ਇਸੇ ਸੰਦੇਸ਼ ਨਾਲ ਟਵਿੱਟਰ ਅਤੇ ਸ਼ੇਅਰ ਚੈਟ ਨਾਲ ਵਟਸਐਪ 'ਤੇ ਵੀ ਇਸ ਵੀਡੀਓ ਨੂੰ ਸਰਕੂਲੇਟ ਕੀਤਾ ਜਾ ਰਿਹਾ ਹੈ।
ਪਰ ਇਨ੍ਹਾਂ ਸੋਸ਼ਲ ਮੀਡੀਆ ਯੂਜ਼ਰਸ ਦਾ ਦਾਅਵਾ ਫਰਜ਼ੀ ਹੈ।
ਵੀਡੀਓ ਦੀ ਪੜਤਾਲ ’ਚ ਅਸੀਂ ਦੇਖਿਆ ਕਿ ਰਾਹੁਲ ਗਾਂਧੀ ਦੀ ਆਵਾਜ਼ ਨਾਲ ਤਾਂ ਕੋਈ ਛੇੜਛਾੜ ਨਹੀਂ ਕੀਤੀ ਹੈ, ਪਰ ਉਨ੍ਹਾਂ ਦੇ ਬਿਆਨ ਦਾ ਇੱਕ ਹਿੱਸਾ ਹੀ ਇਸ ਵੀਡੀਓ 'ਚ ਹੈ।
ਇਸ ਦੇ ਨਾਲ ਹੀ ਵੀਡੀਓ ਨੂੰ 2019 ਦੀਆਂ ਲੋਕ ਸਭਾ ਚੋਣਾਂ ਨਾਲ ਜੋੜ ਕੇ ਇਸ ਨੂੰ ਗ਼ਲਤ ਸੰਦਰਭ ਦੇ ਦਿੱਤਾ ਗਿਆ ਹੈ।
ਅਸਲੀ ਵੀਡੀਓ
24 ਸੈਕਿੰਡ ਦਾ ਇਹ ਵਾਇਰਲ ਵੀਡੀਓ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਗੁਜਰਾਤ 'ਚ ਦਿੱਤੇ ਕਰੀਬ ਅੱਧੇ ਘੰਟੇ ਲੰਬੇ ਭਾਸ਼ਣ ਦਾ ਹਿੱਸਾ ਹੈ।
11 ਨਵੰਬਰ 2017 ਨੰ ਸ਼ੁਰੂ ਹੋਈ ਕਾਂਗਰਸ ਪਾਰਟੀ ਦੀ 'ਨਵਸ੍ਰਿਜਨ ਯਾਰਾ' ਦੌਰਾਨ ਗੁਜਰਾਤ ਦੇ ਪਾਟਨ ਸ਼ਹਿਰ 'ਚ ਰਾਹੁਲ ਗਾਂਧੀ ਨੇ ਇਹ ਭਾਸ਼ਣ ਦਿੱਤਾ ਸੀ। ਦਸੰਬਰ 2017 'ਚ ਹੋਈਆਂ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਗੁਜਰਾਤ 'ਚ 'ਨਵਸ੍ਰਿਜਨ ਯਾਤਰਾ' ਕੀਤੀ ਸੀ।
ਇਸ ਯਾਤਰਾ 'ਚ ਸੂਬੇ 'ਚ ਚੋਣ ਇੰਚਾਰਜ ਰਹੇ ਅਸ਼ੋਕ ਗਹਿਲੌਤ ਅਤੇ ਪਾਰਟੀ ਆਗੂ ਅਲਪੇਸ਼ ਠਾਕੁਰ ਉਨ੍ਹਾਂ ਨੇ ਨਾਲ ਸਨ।
ਰਾਹੁਲ ਨੇ ਕਿਹਾ ਕੀ ਸੀ?
ਰਾਹੁਲ ਨੇ ਆਪਣੇ ਭਾਸ਼ਣ 'ਚ ਕਿਹਾ ਸੀ, “ਉੱਤਰ ਪ੍ਰਦੇਸ਼ ਦੇ ਭੱਟਾ-ਪਰਸੌਲ 'ਚ ਅਸੀਂ ਕਿਸਾਨਾਂ ਲਈ ਅੜੇ ਰਹੇ। ਮੈਂ ਇੱਕ ਕਦਮ ਪਿੱਛੇ ਨਹੀਂ ਹਟਿਆ। ਮੈਂ ਝੂਠੇ ਵਾਅਦੇ ਨਹੀਂ ਕਰਦਾ। ਕਦੇ-ਕਦੇ ਤੁਹਾਨੂੰ ਇਹ ਚੰਗਾ ਨਹੀਂ ਲਗਦਾ।"
"ਮੋਦੀ ਜੀ ਕਹਿੰਦੇ ਹਨ, ‘ਦੇਖੋ ਇੱਥੇ ਤੁਹਾਡੇ ਖੇਤਾਂ ਦੇ ਪੈਸੇ ਨਹੀਂ ਬਣ ਰਹੇ। ਉਹ ਦੇਖੋ, ਚੰਨ ਹੈ, ਉਸ 'ਤੇ ਮੈਂ ਖੇਤ ਦਿੰਦਾ ਹਾਂ। ਆਉਣ ਵੇਲ ਸਮੇਂ 'ਚ ਤੁਸੀਂ ਉੱਥੇ ਆਲੂ ਬੀਜੋਗੇ’।”
ਰਾਹੁਲ ਨੇ ਕਿਹਾ, “ਇਸ ਨਾਲ ਮੈਂ ਮੁਕਾਬਲਾ ਨਹੀਂ ਕਰ ਸਕਦਾ ਹਾਂ। ਮੈਂ ਸੱਚ ਬੋਲਦਾ ਹਾਂ। ਸੱਚ ਕੀ ਹੈ ਅਤੇ ਝੂਠ ਹੈ, ਉਹ ਹੁਣ ਤੁਹਾਨੂੰ ਸਾਫ਼ ਦਿਖ ਰਿਹਾ ਹੈ।”
ਰਾਹੁਲ ਗਾਂਧੀ ਨੇ ਗੁਜਰਾਤ ਦੀ ਇਸ ਸਭਾ 'ਚ ਪੀਐੱਮ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦਿਆਂ ਇਹ ਗੱਲਾਂ ਕਹੀਆਂ ਸਨ। ਇਸ ਭਾਸ਼ਣ ਨੂੰ ਉਨ੍ਹਾਂ ਦੇ ਅਧਿਕਾਰਤ ਯੂ-ਟਿਊਬ ਪੇਜ਼ 'ਤੇ ਸੁਣਿਆ ਜਾ ਸਕਦਾ ਹੈ ਜੋ ਕਿ 12 ਨਵੰਬਰ 2017 ਨੂੰ ਪੋਸਟ ਕੀਤਾ ਗਿਆ ਸੀ।
'ਆਲੂ ਤੋਂ ਸੋਨਾ ਬਣਾਉਣ' ਵਾਲਾ ਬਿਆਨ
ਰਾਹੁਲ ਗਾਂਧੀ ਦੀ ਇਸ ਰੈਲੀ ਦਾ ਇੱਕ ਹੋਰ ਬਿਆਨ ਸਾਲ 2017-18 'ਚ ਸੋਸ਼ਲ ਮੀਡੀਆ 'ਤੇ ਵਾਇਰਲ ਰਿਹਾ ਹੈ।
ਭਾਸ਼ਣ ਨਾਲ ਛੇੜਛਾੜ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਸੀ।
ਇਸ ਬਿਆਨ ਨੂੰ ਲੈ ਕੇ ਉਨ੍ਹਾਂ ਦਾ ਕਾਫੀ ਮਜ਼ਾਕ ਬਣਾਇਆ ਗਿਆ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਖ਼ਿਲਾਫ਼ ਜੋਕ ਬਣੇ।
ਤਸਵੀਰ ਸਰੋਤ, Social
ਪਰ ਇਹ ਵੀ ਉਨ੍ਹਾਂ ਦਾ ਅਧੂਰਾ ਬਿਆਨ ਸੀ। ਰਾਹੁਲ ਨੇ ਕਿਹਾ ਸੀ, “ਆਦਿਵਾਸੀਆਂ ਨੂੰ ਕਿਹਾ ਕਿ 40 ਹਜ਼ਾਰ ਕਰੋੜ ਰੁਪਏ ਦੇਵਾਂਗਾ। ਇੱਕ ਰੁਪਈਆ ਨਹੀਂ ਦਿੱਤਾ। ਕੁਝ ਸਮੇਂ ਪਹਿਲਾਂ ਇੱਥੇ ਹੜ੍ਹ ਆਇਆ ਤਾਂ ਕਿਹਾ 500 ਕਰੋੜ ਰੁਪਏ ਦੇਵਾਂਗਾ। ਇੱਕ ਰੁਪਈਆ ਨਹੀਂ ਦਿੱਤਾ।”
“ਆਲੂ ਦੇ ਕਿਸਾਨਾਂ ਨੂੰ ਕਿਹਾ ਕਿ ਇੰਨਾ ਪੈਸਾ ਮਿਲੇਗਾ ਕਿ ਪਤਾ ਨਹੀਂ ਹੋਵੇਗਾ ਕਿ ਪੈਸੇ ਦਾ ਕਰਨਾ ਕੀ ਹੈ — ਇਹ ਮੇਰੇ ਸ਼ਬਦ ਨਹੀਂ ਹਨ, ਨਰਿੰਦਰ ਮੋਦੀ ਦੇ ਸ਼ਬਦ ਹਨ।"
ਤਸਵੀਰ ਸਰੋਤ, Reuters
'ਕਿਸਾਨਾਂ ਨੂੰ ਚੰਨ 'ਤੇ ਜ਼ਮੀਨ ਦੇਣ ਦੀ ਗੱਲ' ਅਤੇ 'ਆਲੂ ਤੋਂ ਸੋਨਾ ਬਣਾਉਣ ਦੀ ਗੱਲ' ਰਾਹੁਲ ਗਾਂਧੀ ਨੇ ਗੁਜਰਾਤ ਦੀ ਰੈਲੀ 'ਚ ਮੋਦੀ ਦੇ ਹਵਾਲੇ ਨਾਲ ਕਹੀ ਸੀ ਪਰ ਇੰਟਰਨੈੱਟ ਸਰਚ 'ਚ ਅਜਿਹੀ ਕੋਈ ਖ਼ਬਰ, ਵੀਡੀਓ ਜਾਂ ਕੋਈ ਅਧਿਕਾਰਤ ਰਿਕਾਰਡ ਨਹੀਂ ਮਿਲਦਾ ਜਿਸ ਦੇ ਆਧਾਰ 'ਤੇ ਇਹ ਕਿਹਾ ਜਾ ਸਕੇ ਕਿ ਨਰਿੰਦਰ ਮੋਦੀ ਨੇ ਆਪਣੀ ਜਨਸਭਾ 'ਚ ਇਸ ਤਰ੍ਹਾਂ ਦੇ ਦਾਅਵੇ ਕੀਤੇ ਸਨ ਜਾਂ ਨਹੀਂ।
ਇਹ ਵੀ ਪੜ੍ਹੋ
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ