ਜਗਮੀਤ ਬਰਾੜ ਸਮੇਤ ਪੰਜਾਬ ਦੇ 5 ਸਿਆਸਤਦਾਨ ਜਿਨ੍ਹਾਂ ਨੇ ਪਾਰਟੀਆਂ ਵਾਰ ਵਾਰ ਬਦਲੀਆਂ

  • ਜਸਪਾਲ ਸਿੰਘ
  • ਬੀਬੀਸੀ ਪੱਤਰਕਾਰ
ਤਸਵੀਰ ਕੈਪਸ਼ਨ,

ਜਗਮੀਤ ਬਰਾੜ ਦੋ ਵਾਰ ਕਾਂਗਰਸ ਵੱਲੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ

ਜਗਮੀਤ ਬਰਾੜ, ਸੁਖਪਾਲ ਖਹਿਰਾ, ਬੀਰ ਦਵਿੰਦਰ, ਮਨਪ੍ਰੀਤ ਬਾਦਲ ਤੇ ਬਲਵੰਤ ਸਿੰਘ ਰਾਮੂਵਾਲੀਆ ਵਿੱਚ ਕੀ ਸਮਾਨਤਾ ਕੀ ਹੈ?

ਇਨ੍ਹਾਂ ਸਾਰਿਆਂ ਨੂੰ ਇੱਕ ਸੂਤਰ ਵਿੱਚ ਪਿਰੋਂਦੀ ਹੈ ਇਨ੍ਹਾਂ ਦੀ ਇੱਕ ਖਾਸ ਆਦਤ, ਉਹ ਹੈ ਪਾਰਟੀ ਬਦਲਣਾ

ਸਿਆਸਤ ਵਿੱਚ ਪਾਰਟੀ ਬਦਲਣਾ ਆਮ ਹੈ, ਖ਼ਾਸਕਰ ਚੋਣਾਂ ਦੇ ਮੌਸਮ ਵਿੱਚ। ਅਸੀਂ ਇਸ ਖ਼ਬਰ ਵਿੱਚ ਬਰਾੜ, ਖਹਿਰਾ, ਬੀਰ ਦਵਿੰਦਰ ਤੇ ਰਾਮੂਵਾਲੀਆ ਬਾਰੇ ਦੱਸਾਂਗੇ ਜਿਨ੍ਹਾਂ ਨੇ ਘੱਟੋ-ਘੱਟ ਤਿੰਨ ਪਾਰਟੀਆਂ ਬਦਲੀਆਂ ਹਨ।

ਇਹ ਵੀ ਪੜ੍ਹੋ

1. ਜਗਮੀਤ ਬਰਾੜ

ਜਗਮੀਤ ਬਰਾੜ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਸਭ ਤੋਂ ਜ਼ਿਆਦਾ ਭੰਡਦੇ ਰਹੇ ਹਨ, ਹੁਣ ਉਹ ਉਸੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।

ਜਗਮੀਤ ਬਰਾੜ ਦਾ ਸਿਆਸੀ ਕਰੀਅਰ 1980 ਵਿੱਚ ਮੁੱਖ ਤੌਰ ֹ'ਤੇ ਸ਼ੁਰੂ ਹੋਇਆ ਸੀ ਜਦੋਂ ਉਨ੍ਹਾਂ ਨੇ ਆਪਣੀ ਪਹਿਲੀ ਚੋਣ ਪ੍ਰਕਾਸ਼ ਸਿੰਘ ਬਾਦਲ ਖਿਲਾਫ ਕਾਂਗਰਸ ਦੀ ਟਿਕਟ 'ਤੇ ਲੜੀ ਸੀ।

ਸ਼ੁਰੂਆਤ ਭਾਵੇਂ ਹਾਰ ਨਾਲ ਹੋਈ ਪਰ ਕਾਂਗਰਸ ਵਿੱਚ ਉਨ੍ਹਾਂ ਨੇ ਲੰਬਾ ਸਮਾਂ ਗੁਜ਼ਾਰਿਆ। ਜਗਮੀਤ ਨੇ ਕੁੱਲ 10 ਵਾਰ ਚੋਣਾਂ ਲੜੀਆਂ ਹਨ। 1992 ਵਿੱਚ ਜਗਮੀਤ ਬਰਾੜ ਨੇ ਫਰੀਦਕੋਟ ਤੋਂ ਚੋਣ ਜਿੱਤੀ ਸੀ।

ਕੇਜਰੀਵਾਲ ਨਾਲ ਸਟੇਜ ਸਾਂਝੀ ਕੀਤੀ

ਸਾਲ 1999 ਵਿੱਚ ਤਾਂ ਉਨ੍ਹਾਂ ਨੇ ਵੱਡਾ ਕਮਾਲ ਕਰ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਰਹਿੰਦਿਆਂ ਜਗਮੀਤ ਬਰਾੜ ਨੇ ਉਨ੍ਹਾਂ ਦੇ ਪੁੱਤਰ ਸੁਖਬੀਰ ਬਾਦਲ ਨੂੰ ਹੀ ਹਰਾ ਦਿੱਤਾ। ਪਰ ਜਗਮੀਤ ਉਸ ਤੋਂ ਬਾਅਦ ਕਦੇ ਜਿੱਤ ਦਾ ਮੂੰਹ ਕਦੇ ਨਹੀਂ ਵੇਖ ਸਕੇ।

ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜਦੋਂ ਯੂਪੀਏ ਹਾਰੀ ਅਤੇ ਕਾਂਗਰਸ 50 ਦਾ ਅੰਕੜਾ ਵੀ ਨਹੀਂ ਪਾਰ ਕਰ ਸਕੀ ਤਾਂ ਜਗਮੀਤ ਬਰਾੜ ਨੇ ਕਾਂਗਰਸ ਦੀ ਕੌਮੀ ਲੀਡਰਸ਼ਿਪ 'ਤੇ ਸਵਾਲ ਚੁੱਕੇ ਸਨ।

ਅਗਲੇ ਸਾਲ 2015 ਵਿੱਚ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ। ਫਿਰ ਜਗਮੀਤ ਸੋਚਦੇ ਰਹੇ ਸ਼ਾਇਦ ਆਮ ਆਦਮੀ ਪਾਰਟੀ ਨਾਲ ਗੱਲ ਬਣੇ, ਉਨ੍ਹਾਂ ਅਰਵਿੰਦ ਕੇਜਰੀਵਾਲ ਨਾਲ ਸਟੇਜ ਵੀ ਸਾਂਝੀ ਕੀਤੀ ਪਰ ਗੱਲ ਫਿਰ ਨਹੀਂ ਬਣੀ।

ਤਸਵੀਰ ਕੈਪਸ਼ਨ,

ਜਗਮੀਤ ਬਰਾੜ ਨੇ ਆਮ ਆਦਮੀ ਪਾਰਟੀ ਨਾਲ ਜੁੜਨ ਦੀ ਕੋਸ਼ਿਸ਼ ਹੋਈ ਸੀ

ਆਖਿਰ ਜਗਮੀਤ ਨੇ ਰੁਖ ਬੰਗਾਲ ਵੱਲ ਕੀਤਾ। ਸਾਡਾ ਮਤਲਬ ਹੈ ਕਿ ਬੰਗਾਲ ਤੋਂ ਚੋਣ ਨਹੀਂ ਲੜੀ ਪਰ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋ ਗਏ।

ਪੰਜਾਬ 'ਚ ਪਾਰਟੀ ਪ੍ਰਧਾਨ ਰਹਿੰਦਿਆਂ 2017 ਦੀਆਂ ਵਿਧਾਨਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦਾ ਇੱਕ ਵੀ ਉਮੀਦਵਾਰ ਨਹੀਂ ਜਿੱਤਿਆ ਸੀ। ਬਾਅਦ ਵਿੱਚ ਜਗਮੀਤ ਬਰਾੜ ਨੇ ਟੀਐੱਮਸੀ ਵੀ ਛੱਡ ਦਿੱਤੀ ਸੀ।

2019 ਦੀਆਂ ਲੋਕ ਸਭਾ ਚੋਣਾਂ ਆ ਗਈਆਂ ਹਨ। ਗੱਲ ਤਾਂ ਚੱਲ ਹੀ ਰਹੀ ਸੀ ਜਗਮੀਤ ਬਰਾੜ ਹੁਣ ਕਿੱਥੇ ਜਾਣਗੇ ਪਰ ਅਚਾਨਕ ਜਗਮੀਤ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਜਗਮੀਤ ਜਿਸ ਪਾਰਟੀ ਦੇ ਆਗੂਆਂ ਨੂੰ ਸਾਰੀ ਉਮਰ ਭੰਡਦੇ ਰਹੇ, ਉਸੇ ਪਾਰਟੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ।

ਤਸਵੀਰ ਕੈਪਸ਼ਨ,

ਸੁਖਪਾਲ ਖਹਿਰਾ ਦੋ ਪਾਰਟੀ ਬਦਲ ਚੁੱਕੇ ਹਨ ਤੇ ਹੁਣ ਆਪਣੀ ਪਾਰਟੀ ਬਣਾ ਲਈ ਹੈ

2. ਸੁਖਪਾਲ ਖਹਿਰਾ

ਸੁਖਪਾਲ ਖਹਿਰਾ ਨੇ ਆਪਣਾ ਸਿਆਸੀ ਕਰੀਅਰ ਕਾਂਗਰਸ ਤੋਂ ਸ਼ੁਰੂ ਕੀਤਾ ਸੀ। ਉਨ੍ਹਾਂ ਦੀ ਵੱਡੀ ਉਪਲਬਧੀ 2007 ਵਿੱਚ ਸਾਹਮਣੇ ਆਈ ਜਦੋਂ ਉਨ੍ਹਾਂ ਨੇ ਅਕਾਲੀ ਦਲ ਦੀ ਬੀਬੀ ਜਗੀਰ ਕੌਰ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭੁਲੱਥ ਤੋਂ ਹਰਾ ਦਿੱਤਾ।

ਪਾਰਟੀ ਵਿੱਚ ਸੁਖਪਾਲ ਖਹਿਰਾ 2017 ਤੱਕ ਰਹੇ ਪਰ ਫਿਰ ਕਾਂਗਰਸ ਛੱਡ ਸੁਖਪਾਲ ਖਹਿਰਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਤੇ ਮੁੜ ਭੁਲੱਥ ਤੋਂ ਹੀ ਜਿੱਤੇ ਸੀ।

ਫਿਰ ਅਰਵਿੰਦ ਕੇਜਰੀਵਾਲ ਨਾਲ ਦੂਰੀਆਂ ਵਧੀਆਂ ਤੇ ਪਾਰਟੀ ਖਿਲਾਫ਼ ਖਹਿਰਾ ਦੀਆਂ ਬਿਆਨਾਬਾਜ਼ੀਆਂ ਵੀ ਵਧ ਗਈਆਂ।

ਫਿਰ ਕੀ ਸੀ ਆਪ ਤੋਂ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਭਾਵੇਂ ਸੁਖਪਾਲ ਖਹਿਰਾ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ ਪਰ ਆਪਣੀ ਨਵੀਂ ਪਾਰਟੀ ਬਣਾ ਲਈ ਜਿਸ ਦਾ ਨਾਂ ਸੀ ਪੰਜਾਬ ਏਕਤਾ ਪਾਰਟੀ।

ਇਹ ਵੀ ਪੜ੍ਹੋ:

ਤਸਵੀਰ ਕੈਪਸ਼ਨ,

ਬੀਰ ਦੇਵਿੰਦਰ ਸਿੰਘ ਹੁਣ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਵਜੋਂ ਅਨੰਦਪੁਰ ਸਾਹਿਬ ਤੋਂ ਚੋਣ ਲੜ ਰਹੇ ਹਨ

3. ਬੀਰ ਦਵਿੰਦਰ ਸਿੰਘ

ਬੀਰ ਦਵਿੰਦਰ ਸਿੰਘ ਨੇ ਆਪਣਾ ਸਿਆਸੀ ਸਫਰ 1967 ਵਿੱਚ ਅਕਾਲੀ ਦਲ ਦੀ ਸਟੂਡੈਂਟ ਵਿੰਗ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਸ਼ੁਰੂ ਕੀਤਾ।

ਬਾਅਦ ਵਿੱਚ ਬੀਰ ਦੀਵੇਂਦਰ ਕਾਂਗਰਸ ਵਿੱਚ ਆ ਗਏ। 1980 ਵਿੱਚ ਉਹ ਸਰਹੰਦ ਤੋਂ ਵਿਧਾਇਕ ਬਣੇ ਅਤੇ 2002 ਤੋਂ ਖਰੜ ਤੋਂ ਵੀ ਵਿਧਾਇਕ ਬਣੇ।

ਕਿਹਾ ਜਾਂਦਾ ਹੈ ਕੈਪਟਨ ਅਮਰਿੰਦਰ ਨਾਲ ਉਨ੍ਹਾਂ ਦੀ ਨਹੀਂ ਬਣਦੀ ਸੀ। ਫਿਰ ਉਨ੍ਹਾਂ ਨੂੰ ਕਾਂਗਰਸ ਤੋਂ ਬਾਹਰ ਕਰ ਦਿੱਤਾ ਗਿਆ।

ਹੁਣ ਹਾਲ ਵਿੱਚ ਹੀ ਬੀਰ ਦਵਿੰਦਰ ਅਕਾਲੀ ਦਲ ਤੋਂ ਨਰਾਜ਼ ਹੋਏ ਸੀਨੀਅਰ ਲੀਡਰਾਂ ਦੀ ਪਾਰਟੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਨੂੰ ਟਕਸਾਲੀ ਅਕਾਲੀ ਦਲ ਵੱਲੋਂ ਲੋਕ ਸਭਾ ਚੋਣਾਂ ਲਈ ਅਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਗਈ ਹੈ।

4. ਮਨਪ੍ਰੀਤ ਬਾਦਲ

ਹੁਣ ਗੱਲ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ।

ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਨੇ ਆਪਣਾ ਸਿਆਸੀ ਕਰੀਅਰ ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀ। ਮਨਪ੍ਰੀਤ ਬਾਦਲ ਅਕਾਲੀ ਸਰਕਾਰ ਵਿੱਚ ਮੰਤਰੀ ਵੀ ਰਹੇ ਪਰ ਅਕਾਲੀ ਦਲ ਵਿੱਚ ਸੁਖਬੀਰ ਬਾਦਲ ਨਾਲ ਨਹੀਂ ਬਣੀ ਤਾਂ ਆਪਣੀ ਪਾਰਟੀ ਬਣਾ ਲਈ।

2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਨਪ੍ਰੀਤ ਬਾਦਲ ਦੀ ਪੀਪੀਪੀ ਯਾਨੀ ਪੀਪਲਜ਼ ਪਾਰਟੀ ਆਫ ਪੰਜਾਬ ਹੋਂਦ ਵਿੱਚ ਆਈ ਪਰ ਅਫਸੋਸ ਜਿੱਤੇ ਇੱਕ ਵੀ ਸੀਟ ਨਹੀਂ।

ਬਾਅਦ ਵਿੱਚ ਆਪ ਨਾਲ ਵੀ ਗੱਲ ਚਲੀ ਪਰ ਗੱਲ਼ ਨਹੀਂ ਬਣੀ। ਆਖਿਰ ਮਨਪ੍ਰੀਤ ਬਾਦਲ ਨੇ 2016 ਵਿੱਚ ਆਪਣੀ ਪਾਰਟੀ ਦਾ ਰਲੇਵਾਂ ਕਾਂਗਰਸ ਵਿੱਚ ਕਰ ਲਿਆ ਤੇ ਕਾਂਗਰਸੀ ਬਣ ਗਏ।

5. ਬਲਵੰਤ ਸਿੰਘ ਰਾਮੂਵਾਲੀਆ

ਗੱਲ ਬਲਵੰਤ ਸਿੰਘ ਰਾਮੂਵਾਲੀਆ ਦੇ ਜ਼ਿਕਰ ਤੋਂ ਬਿਨਾਂ ਕਿਵੇਂ ਮੁਕ ਸਕਦੀ ਹੈ। ਅਕਾਲੀ ਦਲ ਤੋਂ ਆਪਣਾ ਸਫ਼ਰ ਸ਼ੁਰੂ ਕਰਨ ਵਾਲੇ ਬਲਵੰਤ ਸਿੰਘ ਰਾਮੂਵਾਲੀਆ ਕਈ ਸਾਲ ਅਕਾਲੀ ਦਲ ਵਿੱਚ ਰਹੇ।

1996 ਵਿੱਚ ਸਮਾਜਵਾਦੀ ਪਾਰਟੀ ਅਤੇ ਹੋਰ ਪਾਰਟੀਆਂ ਦੀ ਹਮਾਇਤ ਨਾਲ ਰਾਜ ਸਭਾ ਮੈਂਬਰ ਬਣੇ। ਯੁਨਾਈਟਿਡ ਫਰੰਟ ਦੀ ਕੇਂਦਰ ਸਰਕਾਰ ਵਿੱਚ ਮੰਤਰੀ ਵੀ ਰਹੇ ਸਨ।

1997 ਵਿੱਚ ਉਨ੍ਹਾਂ ਨੇ ਆਪਣੀ ਪਾਰਟੀ ਲੋਕ ਭਲਾਈ ਪਾਰਟੀ ਬਣਾ ਲਈ। ਫਿਰ 2011 ਵਿੱਚ ਰਾਮੂਵਾਲੀਆ ਨੇ ਆਪਣੀ ਪਾਰਟੀ ਦਾ ਅਕਾਲੀ ਦਲ ਵਿੱਚ ਰਲੇਵਾਂ ਕਰ ਲਿਆ ਸੀ।

2015 ਵਿੱਚ ਬਲਵੰਤ ਸਿੰਘ ਰਾਮੂਵਾਲੀਆ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਜਦੋਂ ਉਹ ਯੂਪੀ ਦੀ ਮੁੱਖ ਸਿਆਸੀ ਪਾਰਟੀ ਸਮਾਜਵਾਦੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਅਖਿਲੇਸ਼ ਯਾਦਵ ਦੀ ਸਰਕਾਰ ਵਿੱਚ ਮੰਤਰੀ ਬਣ ਗਏ।

ਹਾਲਾਂਕਿ ਅਜਿਹੇ ਆਗੂਆਂ ਦਾ ਸਿਆਸੀ ਬਹੀ ਖਾਤਾ ਲੈ ਕੇ ਬੈਠ ਜਾਈਏ ਤਾਂ ਲਿਸਟ ਮੁੱਕਣੀ ਨਹੀਂ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)