ਜਦੋਂ ਧਰਮਿੰਦਰ ਦੇ 'ਗੁਮਸ਼ੁਦਗੀ' ਦੇ ਪੋਸਟਰ ਲੱਗੇ

  • ਵੰਦਨਾ
  • ਟੀਵੀ ਐਡਿਟਰ, ਬੀਬੀਸੀ ਭਾਰਤੀ ਭਾਸ਼ਾਵਾਂ
ਦੇਵ ਆਨੰਦ

ਤਸਵੀਰ ਸਰੋਤ, MOHAN CHURIWALA

ਤਸਵੀਰ ਕੈਪਸ਼ਨ,

ਸਾਲ 1979 ਵਿੱਚ ਦੇਵ ਆਨੰਦ ਨੇ ਨੈਸ਼ਨਲ ਪਾਰਟੀ ਬਣਾਉਣ ਦਾ ਐਲਾਨ ਕੀਤਾ ਸੀ

40 ਸਾਲ ਪਹਿਲਾਂ 14 ਸਤੰਬਰ 1979 ਦਾ ਦਿਨ ਸੀ। ਉਸ ਵੇਲੇ ਬੰਬੇ ਦੇ ਹੋਟਲ ਤਾਜਮਹਿਲ 'ਚ ਇੱਕ ਪ੍ਰੈਸ ਕਾਨਫਰੰਸ ਹੋਈ।

ਉਹ ਐਮਰਜੈਂਸੀ ਤੋਂ ਬਾਅਦ ਵਾਲਾ ਦੌਰ ਸੀ ਜਦੋਂ ਜਨਤਾ ਪਾਰਟੀ ਦਾ ਪ੍ਰਯੋਗ ਵੀ ਅਸਫ਼ਲ ਹੋ ਗਿਆ ਸੀ।

ਦੋਵਾਂ ਪਾਸਿਓਂ ਲੋਕਾਂ ਨੇ ਮਿਲ ਕੇ ਨਵੇਂ ਸਿਆਸੀ ਦਲ 'ਨੈਸ਼ਨਲ ਪਾਰਟੀ' ਬਣਾਉਣ ਦਾ ਐਲਾਨ ਕੀਤਾ। ਇਸ ਦੇ ਮੁਖੀ ਸਨ ਦੇਵ ਆਨੰਦ।

16 ਪੇਜ਼ਾਂ ਵਾਲੇ ਐਲਾਨ ਪੱਤਰ 'ਚ ਕਿਹਾ ਗਿਆ, "ਇੰਦਰਾ ਦੀ ਤਾਨਾਸ਼ਾਹੀ ਤੋਂ ਬੇਹੱਦ ਤੰਗ ਆਏ ਲੋਕਾਂ ਨੇ ਜਨਤਾ ਪਾਰਟੀ ਨੂੰ ਚੁਣਿਆ ਪਰ ਨਿਰਾਸ਼ਾ ਹੀ ਹੱਥ ਲੱਗੀ। ਹੁਣ ਇਹ ਦਲ ਟੁੱਟ ਗਿਆ ਹੈ। ਲੋੜ ਹੈ, ਇੱਕ ਸਥਾਈ ਸਰਕਾਰ ਬਣਾ ਸਕਣ ਵਾਲੀ ਪਾਰਟੀ ਦੀ ਜੋ ਤੀਜਾ ਬਦਲ ਦੇ ਸਕੇ। ਨੈਸ਼ਨਲ ਪਾਰਟੀ ਉਹ ਮੰਚ ਹੈ ਜਿੱਥੇ ਇਕੋ ਜਿਹੇ ਵਿਚਾਰਾਂ ਵਾਲੇ ਲੋਕ ਆ ਸਕਦੇ ਹਨ।"

ਇਹ ਵੀ ਪੜ੍ਹੋ-

ਤਸਵੀਰ ਸਰੋਤ, Raj kumar keswani

ਇਸ ਪਾਰਟੀ 'ਚ ਸ਼ਾਂਤੀਰਾਮ, ਵਿਜੇ ਆਨੰਦ, ਆਈਐਸ ਜੌਹਰ, ਜੀਪੀ ਸਿੱਪੀ ਸਣੇ ਕਈ ਫਿਲਮੀ ਹਸਤੀਆਂ ਜੁੜ ਗਈਆਂ।

ਪਾਰਟੀ ਨੇ ਲੋਕ ਸਭਾ ਚੋਣਾਂ ਲੜਨ ਦਾ ਫ਼ੈਸਲਾ ਲਿਆ, ਰੈਲੀਆਂ ਸ਼ੁਰੂ ਹੋ ਗਈਆਂ, ਭੀੜ ਇਕੱਠੀ ਹੋਣ ਲੱਗੀ।

ਪਰ ਹੌਲੀ-ਹੌਲੀ ਇਹ ਗੱਲ ਫੈਲਣ ਲੱਗੀ ਕਿ ਫਿਲਮ ਇੰਡਸਟਰੀ ਦੇ ਲੋਕਾਂ ਨੂੰ ਇਸ ਦਾ ਨੁਕਸਾਨ ਬਾਅਦ 'ਚ ਝਲਣਾ ਪਵੇਗਾ।

ਇੱਕ-ਇੱਕ ਕਰਕੇ ਵਧੇਰੇ ਲੋਕਾਂ ਨੇ ਸਾਥ ਛੱਡ ਦਿੱਤਾ ਅਤੇ ਦੇਵ ਆਨੰਦ ਦਾ ਸਿਆਸੀ ਸੁਪਨਾ ਅਤੇ ਪਾਰਟੀ ਦੋਵੇਂ ਖ਼ਤਮ ਹੋ ਗਏ।

ਪਰ ਫਿਲਮੀ ਹਸਤੀਆਂ ਅਤੇ ਸਿਆਸਤ ਦਾ ਇਹ ਪਹਿਲਾ ਅਤੇ ਆਖ਼ਰੀ ਮੇਲ ਨਹੀਂ ਸੀ। ਆਜ਼ਾਦੀ ਤੋਂ ਪਹਿਲਾਂ ਤੋਂ ਹੀ ਕਾਲਕਾਰਾਂ ਦਾ ਭਾਰਤੀ ਸਿਆਸਤ ਨਾਲ ਵਾਸਤਾ ਰਿਹਾ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਫਿਲਮੀ ਦੁਨੀਆਂ ਪ੍ਰਭਾਵਿਤ ਹੋਈ ਸੀ

ਇੰਦਰਾ ਦਾ ਕਤ

80 ਦੇ ਦਹਾਕੇ 'ਚ ਹੀ ਇੱਕ ਅਜਿਹੀ ਸਿਆਸੀ ਘਟਨਾ ਵਾਪਰੀ ਜਿਸ ਨੇ ਫਿਲਮੀ ਦੁਨੀਆਂ ਨੂੰ ਵੀ ਪ੍ਰਭਾਵਿਤ ਕੀਤਾ- ਉਹ ਸੀ ਅਕਤੂਬਰ 1984 'ਚ ਇੰਦਰਾ ਗਾਂਧੀ ਦਾ ਕਤਲ।

ਦਸੰਬਰ 1984 'ਚ ਹੀ ਚੋਣਾਂ ਹੋਣੀਆਂ ਸਨ ਅਤੇ ਰਾਜੀਵ ਗਾਂਧੀ ਨੇ ਆਪਣੇ ਦੋਸਤ ਅਤੇ ਸੁਪਰ ਸਟਾਰ ਅਮਿਤਾਭ ਬੱਚਨ ਅਤੇ ਸੁਨੀਲ ਦੱਤ ਨੂੰ ਚੋਣਾਂ ਲੜਨ ਲਈ ਕਿਹਾ ਸੀ।

ਸੁਨੀਲ ਦੱਤ 1984 'ਚ ਚੋਣਾਂ ਜਿੱਤ ਗਏ ਅਤੇ ਸੰਸਦ ਮੈਂਬਰ ਬਣਨ ਤੋਂ ਬਾਅਦ 2005 'ਚ ਆਖ਼ਰੀ ਸਾਹ ਤੱਕ ਕਾਂਗਰਸ 'ਚ ਹੀ ਰਹੇ ਭਾਵੇਂ ਕਿ ਪਾਰਟੀ ਨਾਲ ਉਨ੍ਹਾਂ ਦਾ ਮਤਭੇਦ ਵੀ ਰਿਹਾ।

ਜਦੋਂ ਸੁਨੀਲ ਦੱਤ ਨੇ ਚੋਣਾਂ ਲੜਨ ਦਾ ਫ਼ੈਸਲਾ ਲਿਆ ਤਾਂ ਦਸੰਬਰ 1984 'ਚ ਘਰ 'ਚ ਇੱਕ ਪਾਸੇ ਬੇਟੀ ਨਮਰਤਾ ਦੱਤ ਅਤੇ ਕੁਮਾਰ ਗੌਰਵ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਤਾਂ ਦੂਜੇ ਪਾਸੇ ਚੋਣ ਮੁਹਿੰਮ।

ਸੁਨੀਲ ਦੱਤ ਉਨ੍ਹਾਂ ਫਿਲਮੀ ਸਿਤਾਰਿਆਂ 'ਚੋਂ ਸਨ ਜੋ ਕੇਂਦਰ 'ਚ ਮੰਤਰੀ ਵੀ ਬਣੇ ਅਤੇ ਬਤੌਰ ਰਾਜਨੇਤਾ ਵੀ ਉਨ੍ਹਾਂ ਦੀ ਬਹੁਤ ਇੱਜ਼ਤ ਸੀ।

2004 'ਚ ਪੰਜਵੀ ਵਾਰ ਲੋਕ ਸਭਾ ਚੋਣਾਂ ਜਿੱਤਣ ਵਾਲੇ ਸੁਨੀਲ ਦੱਤ ਨੂੰ ਖੇਡ ਅਤੇ ਨੌਜਵਾਨ ਕਲਿਆਣ ਮੰਤਰੀ ਬਣਾਇਆ ਗਿਆ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਅਮਿਤਾਭ ਬੱਚਨ ਦੇ ਛੇਤੀ ਹੀ ਸਿਆਸਤ ਤੋਂ ਮੋਹ ਭੰਗ ਹੋ ਗਿਆ ਸੀ

ਬੱਚਨ ਅਤੇ ਸਿਆਸਤ

1984 'ਚ ਸੁਪਰ ਸਟਾਰ ਬੱਚਨ ਦਾ ਇਲਾਹਾਬਾਦ ਤੋਂ ਹੇਮਵਤੀ ਨੰਦਨ ਬਹੁਗੁਣਾ ਨਾਲ ਚੋਣਾਂ ਲੜਨਾ ਉਸ ਵੇਲੇ ਦੀ ਸਬ ਤੋਂ ਵੱਡੀ ਖ਼ਬਰ ਸੀ।

ਰਾਸ਼ਿਦ ਕਿਦਵਈ ਦੀ ਕਿਤਾਬ ਨੇਤਾ ਅਭਿਨੇਤਾ 'ਚ ਲਿਖਿਆ ਹੈ, "ਬਹੁਗੁਣਾ ਉੱਘੇ ਨੇਤਾ ਸਨ। ਉਹ ਚੋਣ ਪ੍ਰਚਾਰ 'ਚ ਅਮਿਤਾਭ ਨੂੰ 'ਨੌਸਿਖਿਆ ਤੇ 'ਨਚਨੀਆ' ਬੋਲਦੇ ਸਨ। ਇਹ ਜਯਾ ਬੱਚਨ ਹੀ ਸੀ ਜਿਸ ਨੇ ਅਮਿਤਾਭ ਦੀ ਪ੍ਰਚਾਰ ਮੁਹਿੰਮ 'ਚ ਜਾਨ ਪਾਈ ਅਤੇ ਚੋਣਾਂ ਜਿਤਵਾਈਆਂ।"

ਪਰ ਸਿਆਸਤ ਨੇ ਅਜਿਹਾ ਪਾਸਾ ਵੱਟਿਆ ਕਿ ਬੋਫੋਰਸ ਘੁਟਾਲੇ 'ਚ ਨਾਮ ਆਉਣ ਤੋਂ ਬਾਅਦ ਸੰਸਦ ਮੈਂਬਰ ਅਮਿਤਾਭ ਦਾ ਸਿਆਸਤ ਤੋਂ ਮੋਹ ਭੰਗ ਹੋ ਗਿਆ ਅਤੇ ਉਨ੍ਹਾਂ ਨੇ ਸਿਆਸਤ ਛੱਡ ਦਿੱਤੀ। ਇਸ ਦੇ ਨਾਲ ਹੀ ਗਾਂਧੀ ਪਰਿਵਾਰ ਤੋਂ ਦੂਰੀ ਵੀ ਵਧਣ ਲੱਗੀ।

ਉਸ ਤੋਂ ਬਾਅਦ ਅਮਿਤਾਭ ਬੱਚਨ ਨੇ ਕਿਸੇ ਸਰਗਰਮ ਸਿਆਸਤ 'ਚ ਹਿੱਸਾ ਨਹੀਂ ਲਿਆ।

ਜਦੋਂ ਰਾਜੇਸ਼ ਖੰਨਾ ਤੋਂ ਹਾਰਦੇ-ਹਾਰਦੇ ਬਚੇ ਅਡਵਾਨੀ

ਅਮਿਤਾਭ ਬੱਚਨ ਇਕੱਲੇ ਸੁਪਰ ਸਟਾਰ ਨਹੀਂ ਸਨ, ਜਿਨ੍ਹਾਂ ਨੇ ਸਿਆਸਤ 'ਚ ਕਿਸਮਤ ਅਜਮਾਈ।

1991 ਦੀਆਂ ਚੋਣਾਂ ਵੇਲੇ ਅਮਿਤਾਭ ਫਿਲਮਾਂ ਅਤੇ ਸਿਆਸਤ ਦੋਵਾਂ 'ਤੋਂ ਦੂਰ ਹੋ ਗਏ ਸਨ। ਇਹ ਲੋਕ ਸਭਾ ਚੋਣਾਂ ਕਾਂਗਰਸ ਲਈ ਅਹਿਮ ਸਨ।

ਉਸ ਵੇਲੇ ਰਾਜੀਵ ਗਾਂਧੀ ਨੇ ਰਾਜੇਸ਼ ਖੰਨਾ ਨਾਲ ਨਵੀਂ ਦਿੱਲੀ ਤੋਂ ਲਾਲ ਕ੍ਰਿਸ਼ਨ ਆਡਵਾਨੀ ਦੇ ਖ਼ਿਲਾਫ਼ ਲੜਨ ਲਈ ਬੇਨਤੀ ਕੀਤੀ।

ਇਹ ਮਹਿਜ਼ ਕਿਸਮਤ ਸੀ ਕਿ ਕਦੇ ਰਾਜੇਸ਼ ਖੰਨਾ ਅਤੇ ਅਮਿਤਾਭ ਇੱਕ ਤਰ੍ਹਾਂ ਨਾਲ ਵਿਰੋਧੀ ਹੀ ਸਨ ਅਤੇ ਬੱਚਨ ਤੋਂ ਬਾਅਦ ਰਾਜੇਸ਼ ਖੰਨਾ ਕਾਂਗਰਸ ਵੱਲੋਂ ਚੋਣਾਂ ਲੜ ਰਹੇ ਸਨ।

1991 ਦੀਆਂ ਚੋਣਾਂ 'ਚ ਰਾਜੇਸ਼ ਖੰਨਾ ਅਡਵਾਨੀ ਤੋਂ ਸਿਰਫ਼ 1589 ਵੋਟਾਂ ਨਾਲ ਹਾਰੇ ਸਨ।

1991 ਦੀ ਉਹ ਤਸਵੀਰ ਕਾਫੀ ਚਰਚਾ ਵਿੱਚ ਰਹੀ ਸੀ ਜਿੱਥੇ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦਿੱਲੀ 'ਚ ਨਿਰਮਾਣ ਭਵਨ ਪੋਲਿੰਗ ਸਟੇਸ਼ਨ 'ਤੇ ਰਾਜੇਸ਼ ਖੰਨਾ ਨੂੰ ਵੋਟ ਪਾਉਣ ਲਈ ਖੜੇ ਹਨ। ਪਿੱਛੇ ਹੀ ਰਾਜੇਸ਼ ਖੰਨਾ ਵੀ ਹਨ।

ਰਾਸ਼ਿਦ ਕਿਦਵਈ ਆਪਣੀ ਕਿਤਾਬ 'ਚ ਲਿਖਦੇ ਹਨ ਕਿ ਜਨਤਕ ਜੀਵਨ ਦੀ ਇਹ ਰਾਜੀਵ ਗਾਂਧੀ ਦੀ ਆਖ਼ਰੀ ਤਸਵੀਰ ਸੀ।

ਕੁਝ ਘੰਟਿਆਂ ਬਾਅਦ ਇੱਕ ਆਤਮਘਾਤੀ ਹਮਲੇ 'ਚ ਰਾਜੀਵ ਗਾਂਧੀ ਦੀ ਮੌਤ ਹੋ ਗਈ ਅਤੇ 21 ਮਈ ਨੂੰ ਰਾਜੇਸ਼ ਖੰਨਾ ਦੇ ਨਾਲ ਉਨ੍ਹਾਂ ਤਸਵੀਰ ਛਪੀ।

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ,

ਸ਼ਤਰੂਘਨ ਸਿਨਹਾ ਸ਼ਾਇਦ ਪਹਿਲੇ ਹਿੰਦੀ ਫਿਲਮੀ ਸਿਤਾਰੇ ਸਨ ਜੋ ਕੇਂਦਰ ਮੰਤਰੀ ਬਣੇ

ਸ਼ਤਰੂਘਨ ਹੀਰੋ ਤੋਂ ਬਣੇ ਮੰਤਰੀ

ਜਦੋਂ 1992 'ਚ ਜ਼ਿਮਨੀ ਚੋਣਾਂ ਹੋਈਆਂ ਤਾਂ ਰਾਜੇਸ਼ ਖੰਨਾ ਫਿਰ ਨਵੀਂ ਦਿੱਲੀ ਤੋਂ ਲੜੇ ਅਤੇ ਆਪਣੇ ਦੋਸਤ ਤੇ ਭਾਜਪਾ 'ਚ ਸ਼ਾਮਿਲ ਹੋਏ ਸ਼ਤਰੂਘਨ ਸਿਨਹਾ ਨੂੰ ਹਰਾਇਆ।

ਸ਼ਤਰੂਘਨ ਸਿਨਹਾ ਉਨ੍ਹਾਂ ਸ਼ੁਰੂਆਤੀ ਹਿੰਦੀ ਕਲਾਕਾਰਾਂ 'ਚੋਂ ਸਨ ਜਿਨ੍ਹਾਂ ਨੇ ਕਾਂਗਰਸ ਦੀ ਬਜਾਇ ਕਿਸੇ ਵਿਰੋਧੀ ਦਲ ਰਾਹੀਂ ਸਿਆਸਤ 'ਚ ਕਦਮ ਰੱਖਿਆ।

ਐਮਰਜੈਂਸੀ ਦੌਰਾਨ ਉਹ ਜੇਪੀ ਕੋਲੋਂ ਪ੍ਰਭਾਵਿਤ ਸਨ। ਪਰ 90 ਦੇ ਦਹਾਕੇ 'ਚ ਉਨ੍ਹਾਂ ਨੇ ਭਾਜਪਾ ਦਾ ਪੱਲਾ ਫੜਿਆ।

ਰਾਜੇਸ਼ ਖੰਨਾ ਕੋਲੋਂ ਉਹ ਲੋਕ ਸਭਾ ਚੋਣਾਂ ਹਾਰ ਗਏ ਪਰ ਆਡਵਾਨੀ-ਵਾਜਪਾਈ ਦੇ ਉਹ ਕਾਫੀ ਕਰੀਬ ਸਨ।

ਸ਼ਤਰੂਘਨ ਸਿਨਹਾ ਸ਼ਾਇਦ ਪਹਿਲੇ ਹਿੰਦੀ ਫਿਲਮੀ ਸਿਤਾਰੇ ਸਨ ਜੋ ਕੇਂਦਰੀ ਮੰਤਰੀ ਬਣੇ (2003-04) ਅਤੇ ਕਈ ਵਾਰ ਸੰਸਦ ਮੈਂਬਰ ਵੀ ਰਹੇ। ਹਾਲਾਂਕਿ ਮੋਦੀ ਸ਼ਾਸਨ ਤੋਂ ਬਾਅਦ ਸ਼ਤਰੂਘਨ ਆਪਣੀ ਪਾਰਟੀ ਤੋਂ ਵੱਖਰੇ ਦਿਖੇ ਸਨ।

ਇਸ ਸਮੇਂ ਦੀ ਚੱਕਰ ਹੀ ਹੈ ਕਿ ਕਦੇ ਐਮਰਜੈਂਸੀ ਦਾ ਵਿਰੋਧ ਕਰਨ ਵਾਲੇ ਸ਼ਤਰੂਘਨ 2019 'ਚ ਕਾਂਗਰਸ 'ਚ ਸ਼ਾਮਿਲ ਹੋ ਗਏ ਹਨ।

ਤਸਵੀਰ ਸਰੋਤ, MOhan churiwala

ਤਸਵੀਰ ਕੈਪਸ਼ਨ,

ਵਿਨੋਦ ਖੰਨਾ ਮੌਤ ਤੱਕ ਗੁਰਦਾਸਪੁਰ ਤੋਂ ਸੰਸਦ ਮੈਂਬਰ ਰਹੇ

ਵਿਨੋਦ ਖੰਨਾ- ਫਿਲਮਾਂ, ਸਨਿਆਸ ਅਤੇ ਸੰਸਦ ਮੈਂਬਰ

ਇਹ ਵੀ ਅਜੀਬ ਇਤੇਫਾਕ ਹੈ ਕਿ ਹਿੰਦੀ ਫਿਲਮਾਂ 'ਚ 70-80 ਦੇ ਦਹਾਕੇ 'ਚ ਇਕੱਠੇ ਕੰਮ ਕਰਨ ਵਾਲੇ ਕਈ ਸਿਤਾਰੇ ਸਿਆਸਤ 'ਚ ਆਏ।

ਅਮਿਤਾਭ, ਸ਼ਤਰੂਘਨ ਤੋਂ ਬਾਅਦ ਵਿਨੋਦ ਖੰਨਾ ਨੇ ਸਿਆਸਤ 'ਚ ਕਿਸਮਤ ਆਜਮਾਈ।

80 ਦੇ ਦਹਾਕੇ 'ਚ ਤਾਂ ਉਹ ਫਿਲਮਾਂ ਤੋਂ ਸਨਿਆਸ ਲੈ ਕੇ ਓਸ਼ੋ ਕੋਲ ਚਲੇ ਗਏ ਸਨ।

ਪਰ ਪੰਜਾਬ ਨਾਲ ਸਬੰਧਤ ਵਿਨੋਦ ਖੰਨਾ ਨੇ 1999 'ਚ ਗੁਰਦਾਸਪੁਰ, ਪੰਜਾਬ ਤੋਂ ਇੱਕ ਬਾਹਰੀ ਹੋਣ ਦੇ ਬਾਵਜੂਦ ਵੀ ਲੋਕ ਸਭਾ ਚੋਣਾਂ ਲੜੀਆਂ।

2009 ਦੀਆਂ ਚੋਣਾਂ ਛੱਡ ਦਿੱਤੀਆਂ ਜਾਣ ਤਾਂ ਆਪਣੀ ਮੌਤ ਤੱਕ ਉਹ ਉਥੋਂ ਹੀ ਸੰਸਦ ਮੈਂਬਰ ਰਹੇ ਅਤੇ ਵਿਦੇਸ਼ ਮੰਤਰੀ ਵੀ ਬਣੇ।

ਉਨ੍ਹਾਂ ਦੇ ਕਾਰਜਕਾਲ ਦੌਰਾਨ ਇਲਾਕੇ ਵਿੱਚ ਕਈ ਬ੍ਰਿਜ ਬਣੇ ਅਤੇ ਉਨ੍ਹਾਂ ਨੂੰ 'ਸਰਦਾਰ ਆਫ ਬ੍ਰਿਜ' ਵੀ ਕਿਹਾ ਜਾਣ ਲੱਗਾ।

ਤਸਵੀਰ ਸਰੋਤ, @dreamgirlhema/twitter

ਤਸਵੀਰ ਕੈਪਸ਼ਨ,

ਹੇਮਾ ਮਾਲਿਨੀ ਦਾ ਕਾਰਜਕਾਲ ਵਿਵਾਦਾਂ ਨਾਲ ਭਰਿਆ ਰਿਹਾ

ਵਿਨੋਦ ਖੰਨਾ ਨਾਲ ਸ਼ੁਰੂ ਹੋਇਆ ਹੇਮਾ ਦਾ ਸਫ਼ਰ

ਜਦੋਂ ਵਿਨੋਦ ਖੰਨਾ 1999 'ਚ ਭਾਜਪਾ ਵੱਲੋਂ ਚੋਣਾਂ ਲੜ ਰਹੇ ਸਨ ਤਾਂ ਉਨ੍ਹਾਂ ਨੇ ਹੇਮਾ ਮਾਲਿਨੀ ਨੂੰ ਉਨ੍ਹਾਂ ਲਈ ਪ੍ਰਚਾਰ ਕਰਨ ਨੂੰ ਕਿਹਾ। ਹੇਮਾ ਦਾ ਸਿਆਸਤ ਨਾਲ ਉਦੋਂ ਕੋਈ ਵਾਸਤਾ ਨਹੀਂ ਸੀ।

ਹੇਮਾ ਨੇ ਸ਼ੁਰੂਆਤੀ ਉਲਝਨ ਤੋਂ ਬਾਅਦ ਵਿਨੋਦ ਖੰਨਾ ਲਈ ਪ੍ਰਚਾਰ ਕੀਤਾ ਅਤੇ ਇੱਥੋਂ ਹੀ ਉਨ੍ਹਾਂ ਦਾ ਆਪਣਾ ਸਿਆਸੀ ਸਫ਼ਰ ਵੀ ਸ਼ੁਰੂ ਹੋਇਆ।

ਹੇਮਾ ਮਾਲਿਮੀ ਛੇਤੀ ਹੀ ਭਾਜਪਾ 'ਚ ਸ਼ਾਮਿਲ ਹੋਈ ਅਤੇ ਰਾਜ ਸਭਾ ਮੈਂਬਰ ਰਹੀ। 2014 ਲੋਕ ਸਭਾ ਚੋਣਾਂ 'ਚ ਮਥੁਰਾ ਤੋਂ ਉਨ੍ਹਾਂ ਨੇ ਜਾਟ ਨੇਤਾ ਜਯੰਤ ਸਿੰਘ ਨੂੰ ਤਿੰਨ ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।

ਪਰ ਉਨ੍ਹਾਂ ਦਾ ਕਾਰਜਕਾਲ ਵਿਵਾਦ ਭਰਿਆ ਰਿਹਾ ਹੈ, ਕਦੇ ਵ੍ਰਿੰਦਾਵਨ ਦੀਆਂ ਵਿਧਵਾਵਾਂ ਬਾਰੇ ਬਿਆਨ ਨੂੰ ਲੈ ਕੇ ਤੇ ਕਦੇ ਉਨ੍ਹਾਂ ਦੀ ਕਾਰ ਨਾਲ ਹੋਈ ਦੁਰਘਟਨਾ 'ਚ ਮਾਰੀ ਗਈ ਬੱਚੀ ਦੇ ਬਿਆਨ ਨੂੰ ਲੈ ਕੇ।

ਰਾਮਪੁਰ ਦੀ ਧੀ ਜੈਪ੍ਰਦਾ

ਮਹਿਲਾ ਸਿਆਸਤਦਾਨਾਂ ਦੀ ਗੱਲ ਕਰੀਏ ਤਾਂ ਅਦਾਕਾਰਾ ਜੈਪ੍ਰਦਾ ਨੇ ਵੀ ਵੱਖਰੀ ਥਾਂ ਬਣਾਈ ਹੈ।

ਹਿੰਦੀ ਅਤੇ ਤੇਲੁਗੂ ਫਿਲਮਾਂ 'ਚ ਜੈਪ੍ਰਦਾ ਕਾਫੀ ਹਿਟ ਸਨ। 5 ਫਿਲਮਾਂ 'ਚ ਜੈਪ੍ਰਦਾ ਦੇ ਹੀਰੋ ਰਹਿ ਚੁੱਕੇ ਐਨਟੀਆਰ ਦੇ ਕਹਿਣ 'ਤੇ 1994 'ਚ ਤੇਲੁਗੂ ਦੇਸਮ ਪਾਰਟੀ 'ਚ ਸ਼ਾਮਿਲ ਹੋ ਗਈ।

ਹਾਲਾਂਕਿ ਛੇਤੀ ਹੀ ਉਹ ਚੰਦਰਬਾਬੂ ਨਾਇਡੂ ਨਾਲ ਮਿਲ ਗਈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਦੱਖਣ ਤੋਂ ਆਈ ਜੈਪ੍ਰਦਾ ਨੇ 2004 ਅਤੇ 2009 'ਚ ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਲਗਾਤਾਰ ਦੋ ਵਾਰ ਲੋਕ ਸਭਾ ਚੋਣਾਂ ਜਿੱਤੀਆਂ

ਸਿਆਸਤ ਨਾ ਤਜ਼ਰਬਾ ਨਾ ਹੋਣ ਕਾਰਨ ਸ਼ੁਰੂ ਸ਼ੁਰੂ 'ਚ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ ਪਰ ਹੌਲੀ-ਹੋਲੀ ਉਹ ਪਾਰਟੀ ਦੀ ਵੱਡੀ ਪ੍ਰਚਾਰਕ ਬਣ ਗਈ।

1996 'ਚ ਉਹ ਰਾਜ ਸਭਾ ਪਹੁੰਚੀ। ਉਨ੍ਹਾਂ ਦੇ ਕਰੀਅਰ 'ਚ ਵੱਡਾ ਮੋੜ ਉਦੋਂ ਆਇਆ ਜਦੋਂ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦਾ ਪੱਲਾ ਫੜਿਆ।

"ਮੈਨੂੰ ਪਤਾ ਹੈ ਕਿ ਰਾਮਪੁਰ ਵਾਲੇ ਧੀ ਨੂੰ ਖਾਲੀ ਹੱਥ ਨਹੀਂ ਭੇਜਦੇ"... ਭੀੜ 'ਚ ਬੋਲਣ ਤੋਂ ਡਰਨ ਵਾਲੀ ਜੈਪ੍ਰਦਾ ਦੇ ਤੇਵਰ ਰਾਮਪੁਰ 'ਚ ਬਦਲ ਗਏ ਸਨ।

ਦੱਖਣ ਤੋਂ ਆਈ ਜੈਪ੍ਰਦਾ ਨੇ 2004 ਅਤੇ 2009 'ਚ ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਲਗਾਤਾਰ ਦੋ ਵਾਰ ਲੋਕ ਸਭਾ ਚੋਣਾਂ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ।

ਸਮਾਜਵਾਦੀ ਪਾਰਟੀ 'ਚ ਆਜ਼ਮ ਖ਼ਾਨ ਨਾਲ ਉਨ੍ਹਾਂ ਦੀ ਬਣਦੀ ਨਹੀਂ ਸੀ ਜਿਸ ਤੋਂ ਬਾਅਦ ਉਹ ਸਪਾ ਤੋਂ ਵੱਖਰੀ ਹੋ ਗਈ। 2019 'ਚ ਜੈਪ੍ਰਦਾ ਭਾਜਪਾ ਦੇ ਖੇਮੇ 'ਚ ਆ ਗਈ ਅਤੇ ਰਾਮਪੁਰ ਤੋਂ ਹੀ ਚੋਣ ਲੜ ਰਹੀ ਹੈ।

ਤਸਵੀਰ ਸਰੋਤ, Pti

ਤਸਵੀਰ ਕੈਪਸ਼ਨ,

ਨੌਜਵਾਨ ਰਾਜ ਬੱਬਰ 1984 ਵਿੱਚ ਸਮਿਤਾ ਪਾਟਿਲ ਤੇ ਉਨ੍ਹਾਂ ਪਿਤਾ ਨਾਲ ਚੋਣ ਪ੍ਰਚਾਰ ਕੀਤਾ

ਜਦੋਂ ਸਮਿਤਾ ਅਤੇ ਰਾਜ ਬੱਬਰ ਕਰਦੇ ਸਨ ਪ੍ਰਚਾਰ

ਸਮਾਜਵਾਦੀ ਪਾਰਟੀ ਦੀ ਗੱਲ ਚੱਲੀ ਹੈ ਤਾਂ ਨੇਤਾ ਰਾਜ ਬੱਬਰ ਦਾ ਜ਼ਿਕਰ ਵੀ ਜ਼ਰੂਰੀ ਹੈ। ਐਨਐਸਡੀ ਦੇ ਦਿਨਾਂ ਤੋਂ ਹੀ ਉਹ ਆਪਣੇ ਤਿੱਖੇ ਤੇਵਰਾਂ ਲਈ ਜਾਣੇ ਜਾਂਦੇ ਸਨ।

80 ਦੇ ਦਹਾਕੇ 'ਚ ਰਾਜ ਬੱਬਰ ਅਤੇ ਸਮਿਤਾ ਪਾਟਿਲ ਦਾ ਰਿਸ਼ਤਾ ਨੇਪਰੇ ਚੜ੍ਹ ਰਿਹਾ ਸੀ। ਸਮਿਤਾ ਦੇ ਪਿਤਾ ਸ਼ਿਵਾਜੀ ਪਾਟਿਲ ਕਾਂਗਰਸ ਨਾਲ ਜੁੜੇ ਹੋਏ ਸਨ।

ਕਿਤਾਬ 'ਨੇਤਾ ਅਭਿਨੇਤਾ' 'ਚ ਰਾਸ਼ਿਦ ਕਿਦਵਈ ਲਿਖਦੇ ਹਨ, "1984 'ਚ ਸੁਨੀਲ ਦੱਤ ਕਾਂਗਰਸ ਵੱਲੋਂ ਚੋਣਾਂ ਲੜ ਰਹੇ ਸਨ ਤਾਂ ਸ਼ਿਵਾਜੀ ਪਾਟਿਲ ਦੇ ਨਾਲ ਧੀ ਸਮਿਤਾ ਅਤੇ ਨੌਜਵਾਨ ਰਾਜ ਬੱਬਰ ਵੀ ਗਲੀ-ਗਲੀ ਜਾ ਕੇ ਪ੍ਰਚਾਰ ਕਰਦੇ ਸਨ।

ਹਾਲਾਂਕਿ 1987 'ਚ ਇਹ ਵੀਪੀ ਸਿੰਘ ਨਾਲ ਮਿਲ ਗਏ, ਜਦੋਂ ਉਨ੍ਹਾਂ ਰਾਜੀਵ ਗਾਂਧੀ ਤੋਂ ਵੱਖ ਹੋ ਕੇ ਜਨ ਮੋਰਚਾ ਦਾ ਗਠਨ ਕੀਤਾ।

ਉਦੋਂ ਰਾਜ ਬੱਬਰ ਨੇ ਕਾਂਗਰਸ ਦੀ ਤੁਲਨਾ ਕੌਰਵਾਂ ਨਾਲ ਕੀਤੀ ਸੀ। ਪਰ ਛੇਤੀ ਹੀ ਰਾਜ ਬੱਬਰ ਵੱਖਰੇ ਹੋ ਕੇ ਸਪਾ 'ਚ ਚਲੇ ਗਏ।

ਇਹ ਗੱਲ ਵੱਖਰੀ ਹੈ ਸਪਾ ਨਾਲ ਉਨ੍ਹਾਂ ਦੀ ਜ਼ਿਆਦਾ ਨਹੀਂ ਨਿਭੀ। ਅੰਤ 'ਚ ਇਹ ਉਸੇ ਕਾਂਗਰਸ 'ਚ ਸ਼ਾਮਿਲ ਹੋਏ ਜਿਸ ਲਈ ਉਨ੍ਹਾਂ ਨੇ 80ਵਿਆਂ 'ਚ ਪ੍ਰਚਾਰ ਕੀਤਾ ਸੀ।

ਇਹ ਵੀ ਪੜ੍ਹੋ-

ਤਸਵੀਰ ਸਰੋਤ, Prithvi theatre

ਤਸਵੀਰ ਕੈਪਸ਼ਨ,

ਮੰਨਿਆ ਜਾਂਦਾ ਹੈ ਕਿ ਹਿੰਦੀ ਫਿਲਮਾਂ 'ਚੋਂ ਸਭ ਤੋਂ ਪਹਿਲਾ ਪ੍ਰਿਥਵੀ ਰਾਜ ਕਪੂਰ ਨੇ ਸੰਸਦ ਦਾ ਸਫ਼ਰ ਕੀਤਾ

ਫਿਲਮਾਂ ਤੋਂ ਪਹਿਲਾਂ ਰਾਜ ਸਭਾ ਸੰਸਦ ਮੈਂਬਰ

ਵੈਸੇ ਤਾਂ ਸੰਸਦ ਦੀ ਗੱਲ ਕਰੀਏ ਤਾਂ ਹਿੰਦੀ ਫਿਲਮਾਂ 'ਚੋਂ ਸਭ ਤੋਂ ਪਹਿਲਾ ਇਹ ਸਫ਼ਰ ਸ਼ਾਇਦ ਪ੍ਰਿਥਵੀ ਰਾਜ ਕਪੂਰ ਨੇ ਤੈਅ ਕੀਤਾ-ਜਦੋਂ 1952 'ਚ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ।

ਸਮੁੰਦਰੀ (ਪਾਕਿਸਤਾਨ) 'ਚ ਪੈਦਾ ਹੋਏ ਪ੍ਰਿਥਵੀ ਰਾਜ ਕਪੂਰ ਸਿਆਸਤ ਤੋਂ ਸੱਖਣੇ ਨਹੀਂ ਸਨ।

ਆਜ਼ਾਦੀ ਤੋਂ ਪਹਿਲਾਂ ਤਣਾਅ ਵਾਲੇ ਦੌਰ 'ਚ ਉਨ੍ਹਾਂ ਨੇ ਹਿੰਦੂ-ਮੁਸਲਮਾਨਾਂ ਦੀ ਏਕਤਾ 'ਤੇ ਇੱਕ ਦਮਦਾਰ ਨਾਟਕ 'ਦੀਵਾਰ' ਬਣਾਇਆ ਸੀ, ਜਿਸ ਦਾ ਮੰਚਨ ਕਾਂਗਰਸ ਵਰਕਿੰਗ ਕਮੇਟੀ ਦੇ ਸਾਹਮਣੇ ਕੀਤਾ ਗਿਆ।

ਮਧੂ ਜੈਨ ਆਪਣੀ ਕਿਤਾਬ ਕਪੂਰਨਾਮਾ 'ਚ ਲਿਖਦੀ ਹੈ, "ਇਸ ਨਾਟਕ ਨੂੰ ਦੇਖਣ ਤੋਂ ਬਾਅਦ ਸਰਦਾਰ ਪਟੇਲ ਪਰੇਸ਼ਾਨ ਦਿਖੇ ਅਤੇ ਕਿਹਾ ਕਿ ਇਸ ਨਾਟਕ ਨੇ ਉਹ ਕਰ ਕੇ ਦਿਖਾਇਆ ਜੋ ਕਾਂਗਰਸ ਕਈ ਸਾਲਾਂ 'ਚ ਨਾ ਕਰ ਸਕੀ। ਪਟੇਲ ਅੱਧੇ ਘੰਟੇ ਤੱਕ ਬੋਲਦੇ ਰਹੇ।"

ਪ੍ਰਿਥਵੀ ਰਾਜ ਕਪੂਰ ਦਾ ਜਵਾਹਰ ਲਾਲ ਨਹਿਰੂ ਨਾਲ ਵੀ ਡੂੰਘਾ ਰਿਸ਼ਤਾ ਸੀ। ਕਪੂਰਨਾਮਾ 'ਚ ਲਿਖੇ ਇੱਕ ਕਿੱਸੇ ਮੁਤਾਬਕ, "ਨਹਿਰੂ ਨੇ ਇੱਕ ਵਾਰ ਪ੍ਰਿਥਵੀ ਰਾਜ ਕਪੂਰ ਨੂੰ ਕਿਹਾ ਸੀ ਕਿ ਜਦੋਂ ਤੁਸੀਂ ਮੇਰੇ ਨਾਲ ਤੁਰਦੇ ਹੋ ਤਾਂ ਮੇਰੀ ਹਿੰਮਤ ਵਧ ਜਾਂਦੀ ਹੈ।"

ਉਨ੍ਹਾਂ ਦਿਨਾਂ 'ਚ ਫਿਲਮਾਂ ਤੋਂ ਸੰਸਦ 'ਚ ਆਉਣ ਕਾਰਨ ਉਨ੍ਹਾਂ ਆਲੋਚਨਾ ਵੀ ਹੋਈ ਪਰ ਪ੍ਰਿਥਵੀ ਰਾਜ ਕਪੂਰ ਸੰਸਦ 'ਚ ਜੰਮ ਕੇ ਬੋਲਦੇ ਸਨ ਅਤੇ ਦਿੱਲੀ ਦੇ ਪ੍ਰਿੰਸਸ ਪਾਰਕ 'ਚ ਰਹਿੰਦਿਆਂ ਹੋਇਆ ਲੋਕਾਂ ਨਾਲ ਮਿਲਦੇ।

ਤਸਵੀਰ ਸਰੋਤ, Sara bano

ਤਸਵੀਰ ਕੈਪਸ਼ਨ,

ਦਿਲੀਪ ਕੁਮਾਰ ਕਿਸੇ ਪਾਰਟੀ ਦਾ ਹਿੱਸਾ ਤਾਂ ਨਹੀਂ ਬਣੇ ਪਰ ਉਹ ਵੀ ਨਹਿਰੂ ਨਕੋਲੋਂ ਬੇਹੱਦ ਪ੍ਰਭਾਵਿਤ ਸਨ

ਨਹਿਰੂ ਦੇ ਕਹਿਣ 'ਤੇ ਦਿਲੀਪ ਨੇ ਕੀਤਾ ਪ੍ਰਚਾਰ

ਪ੍ਰਿਥਵੀ ਰਾਜ ਕਪੂਰ ਨੇ ਆਵਾਜ਼ ਚੁੱਕੀ ਤਾਂ ਥੀਏਟਰ ਦੇ ਕਲਾਕਾਰਾਂ ਨੂੰ ਰੇਲ ਯਾਤਰਾ 'ਚ 75 ਫੀਸਦ ਛੋਟ ਮਿਲਣ 'ਚ ਸਫ਼ਲਤਾ ਹਾਸਿਲ ਹੋਈ।

ਕਪੂਰ ਖ਼ਾਨਦਾਨ ਦੇ ਬੇਹੱਦ ਕਰੀਬੀ ਰਹੇ ਨੇਤਾ ਦਿਲੀਪ ਕੁਮਾਰ ਕਿਸੇ ਪਾਰਟੀ ਦਾ ਹਿੱਸਾ ਤਾਂ ਨਹੀਂ ਬਣੇ ਪਰ ਉਹ ਵੀ ਨਹਿਰੂ ਕੋਲੋਂ ਬੇਹੱਦ ਪ੍ਰਭਾਵਿਤ ਸਨ।

1962 'ਚ ਨਹਿਰੂ ਦੇ ਕਹਿਣ 'ਤੇ ਉਨ੍ਹਾਂ ਨੇ ਨਾਰਥ ਬੰਬੇ ਤੋਂ ਵੀਕੇ ਕ੍ਰਿਸ਼ਨ ਮੇਨਨ ਲਈ ਤੇ ਜੇਪੀ ਕ੍ਰਿਪਲਾਨੀ ਦੇ ਖ਼ਿਲਾਫ਼ ਚੋਣ ਪ੍ਰਚਾਰ ਕੀਤਾ।

ਉਨ੍ਹਾਂ ਨੇ ਨੌਜਵਾਨ ਸ਼ਰਦ ਪਵਾਰ ਕਾਂਗਰਸ ਦੇ ਕਈ ਨੇਤਾਵਾਂ ਲਈ ਪ੍ਰਚਾਰ ਕੀਤਾ ਸੀ।

ਸਿਆਸਤ ਦੀ ਗੱਲ ਕਰੀਏ ਤਾਂ ਹਿੰਦੀ ਫਿਲਮਾਂ ਤੋਂ ਪਹਿਲੀ ਸੰਸਦ ਮੈਂਬਰ ਬਣਨ ਦਾ ਮਾਣ 1980 'ਚ ਨਰਗਿਸ ਨੂੰ ਹਾਸਿਲ ਹੋਇਆ ਜਿਨ੍ਹਾਂ ਨੇ ਦਿਲੀਪ ਕੁਮਾਰ ਦੇ ਨਾਲ ਕਈ ਫਿਲਮਾਂ ਕੀਤੀਆਂ ਸਨ।

ਉਸ ਵੇਲੇ ਨਰਿਗਸ ਫਿਲਮਾਂ ਛੱਡ ਕੇ ਸਮਾਜ ਸੇਵਾ ਦੇ ਕੰਮਾਂ 'ਚ ਲੱਗ ਗਈ ਸੀ ਅਤੇ ਇੰਦਰਾ ਗਾਂਧੀ ਨੇ ਉਨ੍ਹਾਂ ਰਾਜ ਸਭਾ 'ਚ ਭੇਜਿਆ, ਹਾਲਾਂਕਿ 1981 'ਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਤਸਵੀਰ ਕੈਪਸ਼ਨ,

ਧਰਮਿੰਦਰ ਸਿਆਸਤ ਵਿੱਚ ਅਸਫ਼ਲ ਸਾਬਿਤ ਹੋਏ

ਸਿਆਸਤ ਅਤੇ ਅਸਫ਼ਲਤਾ

ਸਿਆਸਤ 'ਚ ਅਸਫ਼ਲਤਾ ਦੀ ਇਬਾਰਤ ਲਿਖਣ ਵਾਲੇ ਵੀ ਕਈ ਹਨ - ਮਿਸਾਲ ਵਜੋਂ ਧਰਮਿੰਦਰ, ਜੋ ਬੀਕਾਨੇਰ ਤੋਂ ਸੰਸਦ ਮੈਂਬਰ ਬਣੇ ਪਰ ਬਾਅਦ 'ਚ ਖ਼ਫ਼ਾ ਲੋਕਾਂ ਨੇ 'ਸਾਡਾ ਸੰਸਦ ਮੈਂਬਰ ਗੁਮਸ਼ੁਦਾ' ਦੇ ਪੋਸਟਰ ਲਗਾ ਦਿੱਤੇ।

ਫਿਲਮ ਸਟਾਰ ਗੋਵਿੰਦਾ ਦੀ ਸਿਆਸੀ ਪਾਰੀ ਵੀ ਫਲਾਪ ਸਾਬਿਤ ਹੋਈ ਹਾਲਾਂਕਿ ਉਨ੍ਹਾਂ ਰਾਮ ਨਾਇਕ ਨੂੰ ਹਰਾਇਆ ਸੀ। ਹਿੰਦੀ ਤੋਂ ਇਲਾਵਾ ਦੂਜੀਆਂ ਫਿਲਮ ਇੰਡਸਟਰੀਆਂ ਦੇ ਸਿਤਾਰੇ ਵੀ ਸਿਆਸਤ 'ਚ ਆਉਂਦੇ ਰਹੇ ਹਨ।

ਜੈਲਲਿਤਾ, ਐਮਜੀਆਰ, ਕਰੁਣਾਨਿਧੀ, ਐਨਟੀਆਰ... ਦੱਖਣ 'ਚ ਤਾਂ ਇਨ੍ਹਾਂ ਦਾ ਲੰਬਾ ਇਤਿਹਾਸ ਰਿਹਾ ਹੈ। ਇਹ ਕਹਿਮਾ ਗ਼ਲਤ ਨਹੀਂ ਹੋਵੇਗਾ ਕਿ ਇੱਥੋਂ ਦੀ ਸਿਆਸਤ 'ਚ ਫਿਲਮੀ ਸਿਤਾਰੇ ਹੀ ਵਧੇਰੇ ਚਮਕਦੇ ਰਹੇ ਹਨ।

ਤਸਵੀਰ ਸਰੋਤ, INSTAGRAM/URMILAMATONDKAROFFICIAL

ਤਸਵੀਰ ਕੈਪਸ਼ਨ,

ਉਰਮਿਲਾ ਮਾਤੋਂਡਕਰ ਕਾਂਗਰਸ ਉਮੀਦਵਾਰ ਵਜੋਂ ਉੱਤਰੀ ਮੁੰਬਈ ਲੋਕ ਸਭਾ ਸੀਟ ਤੋਂ ਚੋਣ ਲੜਨ ਰਹੇ ਹਨ

ਸਿਆਸਤ ਤੇ ਫਿਲਮਾਂ ਦਾ ਰਿਸ਼ਤਾ

ਹਰ ਵਾਰ ਚੋਣਾਂ 'ਚ ਨਵੀਆਂ ਫਿਲਮੀ ਹਸਤੀਆਂ ਸਿਆਸਤ ਵੱਲ ਖਿੱਚੀਆਂ ਆਉਂਦੀਆਂ ਹਨ , ਇੰਝ ਲਗਦਾ ਹੈ ਜਿਵੇਂ ਦੋਵਾਂ ਵਿਚਾਲੇ ਕੋਈ ਗ੍ਰੈਵਿਟੀ ਪੁਲ ਹੋਵੇ।

2014 'ਚ ਪਰੇਸ਼ ਰਾਵਲ ਭਾਜਪਾ 'ਚ ਆਏ ਸਨ ਤਾਂ 2019 'ਚ ਉਰਮਿਲਾ ਮਾਤੋਂਡਕਰ ਕਾਂਗਰਸ ਵੱਲੋਂ ਚੋਣ ਮੈਦਾਨ ਉਤਰੀ ਹੈ ਅਤੇ ਪ੍ਰਕਾਸ਼ ਰਾਜ ਆਜ਼ਾਦ ਉਮੀਦਵਾਰ ਵਜੋਂ।

ਸਿਆਸਤ 'ਚ ਨਵੇਂ ਹੁੰਦਿਆਂ ਹੋਇਆ ਵੀ ਕਈ ਵਾਰ ਜਨਤਾ ਨੇ ਇਨ੍ਹਾਂ ਸਿਤਾਰਿਆਂ ਨੂੰ ਸਿਰ-ਮੱਥੇ ਰੱਖਿਆ ਹੈ ਪਰ ਕਈ ਵਾਰ ਜਨਤਾ ਨੇ ਇਨ੍ਹਾਂ ਦੇ ਗਲੈਮਰ ਅਤੇ ਪ੍ਰਸਿੱਧੀ ਨੂੰ ਅਗੂੰਠਾ ਵੀ ਦਿਖਾਇਆ ਹੈ।

ਰਾਜੇਸ਼ ਖੰਨਾ ਦੇ ਅੰਦਾਜ਼ 'ਚ ਕਹੀਏ ਤਾਂ ਇਹ ਪਬਲਿਕ ਹੈ ਸ਼ਾਇਦ ਸਭ ਜਾਣਦੀ ਹੈ...

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।