ਸ਼ੋਅਰੂਮ 'ਚ ਕੈਰੀ ਬੈਗ ਲਈ ਪੈਸੇ ਦਿੰਦੇ ਹੋ ਤਾਂ ਇਹ ਪੜ੍ਹੋ

  • ਕਮਲੇਸ਼
  • ਬੀਬੀਸੀ ਪੱਤਰਕਾਰ
ਖਰੀਦਦਾਰੀ

ਕਿਸੇ ਸ਼ੋਅਰੂਮ 'ਚ ਸਾਮਾਨ ਖਰੀਦਣ ਤੋਂ ਬਾਅਦ ਜਦੋਂ ਤੁਸੀਂ ਕਾਊਂਟਰ 'ਤੇ ਜਾਂਦੇ ਹੋ ਤਾਂ ਅਕਸਰ ਕੈਰੀ ਬੈਗ਼ ਖਰੀਦਣ ਲਈ ਕਿਹਾ ਜਾਂਦਾ ਹੈ।

ਤੁਸੀਂ ਕਦੇ 3 ਜਾਂ 5 ਰੁਪਏ ਦੇ ਕੇ ਇਹ ਬੈਗ ਖਰੀਦ ਲੈਂਦੇ ਹੋ ਜਾਂ ਕਦੇ ਇਨਕਾਰ ਕਰਦਿਆਂ ਹੋਇਆ ਵੈਸੇ ਹੀ ਸਾਮਾਨ ਲੈ ਆਉਂਦੇ ਹੋ।

ਪਰ ਚੰਡੀਗੜ੍ਹ 'ਚ ਇੱਕ ਸ਼ਖ਼ਸ ਨੇ ਬਾਟਾ ਦੇ ਸ਼ੋਅਰੂਮ ਤੋਂ 3 ਰੁਪਏ ਦਾ ਬੈਗ਼ ਖਰੀਦਿਆਂ ਪਰ ਉਨ੍ਹਾਂ ਇਸ ਦੇ ਬਦਲੇ 4 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਮਿਲੇ।

ਅਕਸਰ ਸ਼ੋਅਰੂਮ 'ਚ ਸਾਮਾਨ ਰੱਖਣ ਲਈ ਕੈਰੀ ਬੈਗ ਲਈ 3 ਤੋਂ 5 ਰੁਪਏ ਲਏ ਜਾਂਦੇ ਹਨ। ਜੇਕਰ ਤੁਸੀ ਕੈਰੀ ਬੈਗ ਖਰੀਦਣ ਤੋਂ ਇਨਕਾਰ ਕਰਦੇ ਹੋ ਤਾਂ ਤੁਹਾਨੂੰ ਸਾਮਾਨ ਲਈ ਬੈਗ ਨਹੀਂ ਦਿੱਤਾ ਜਾਂਦਾ।

ਚੰਡੀਗੜ੍ਹ ਦੇ ਰਹਿਣ ਵਾਲੇ ਦਿਨੇਸ਼ ਪ੍ਰਸਾਦ ਰਤੁੜੀ ਨੇ 5 ਫਰਵਰੀ 2019 ਨੂੰ ਬਾਟਾ ਦੇ ਸ਼ੋਅਰੂਮ ਤੋਂ 399 ਰੁਪਏ 'ਚ ਜੁੱਤੀ ਖਰੀਦੀ ਸੀ।

ਜਦੋਂ ਉਨ੍ਹਾਂ ਕੋਲੋਂ ਕਾਊਂਟਰ 'ਤੇ ਕੈਰੀ ਬੈਗ ਲਈ ਪੈਸੇ ਮੰਗੇ ਤਾਂ ਉਨ੍ਹਾਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਕੈਰੀ ਬੈਗ਼ ਦੇਣਾਂ ਕੰਪਨੀ ਦੀ ਜ਼ਿੰਮੇਵਾਰੀ ਹੈ।

ਹਾਲਾਂਕਿ, ਆਖ਼ੀਰ 'ਚ ਕੋਈ ਹੱਲ ਨਾ ਹੋਣ 'ਤੇ ਉਨ੍ਹਾਂ ਨੂੰ ਬੈਗ਼ ਖਰੀਦਣਾ ਪਿਆ। ਕੈਰੀ ਬੈਗ ਸਣੇ ਉਨ੍ਹਾਂ ਦਾ ਬਿੱਲ 402 ਰੁਪਏ ਬਣ ਗਿਆ।

ਉਸ ਤੋਂ ਬਾਅਦ ਦਿਨੇਸ਼ ਨੇ ਚੰਡੀਗੜ੍ਹ ਦੇ ਜ਼ਿਲ੍ਹਾ ਉਪਭੋਗਤਾ ਫੋਰਮ 'ਚ ਇਸ ਦੀ ਸ਼ਿਕਾਇਤ ਕੀਤੀ ਅਤੇ ਇਸ ਨੂੰ ਗ਼ੈਰ-ਵਾਜ਼ਿਬ ਦੱਸਿਆ।

ਇਹ ਵੀ ਪੜ੍ਹੋ-

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਉਪਭੋਗਤਾ ਫੋਰਮ ਨੇ ਕੈਰੀ ਬੈਗ਼ 'ਤੇ ਲਿਖੇ ਕੰਪਨੀ ਦੇ ਨਾਮ 'ਤੇ ਵੀ ਇਤਰਾਜ਼ ਜਤਾਇਆ

ਇਸ ਸ਼ਿਕਾਇਤ 'ਤੇ ਸੁਣਵਾਈ ਤੋਂ ਬਾਅਦ ਉਪਭੋਗਤਾ ਫੋਰਮ ਨੇ ਦਿਨੇਸ਼ ਪ੍ਰਸਾਦ ਦੇ ਹੱਕ 'ਚ ਫ਼ੈਸਲਾ ਸੁਣਾਇਆ।

ਫੋਰਮ ਨੇ ਕਿਹਾ ਕਿ ਉਪਭੋਗਤਾ ਤੋਂ ਗ਼ਲਤ ਢੰਗ ਨਾਲ 3 ਰੁਪਏ ਲਏ ਗਏ ਹਨ ਅਤੇ ਬਾਟਾ ਕੰਪਨੀ ਨੂੰ ਮਾਨਸਿਕ ਅਤੇ ਸਰੀਰਕ ਤਸ਼ਦੱਦ ਲਈ ਦਿਨੇਸ਼ ਪ੍ਰਸਾਦ ਰਤੁੜੀ ਨੂੰ 3000 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣੇ ਪੈਣਗੇ।

ਇਸ ਦੇ ਨਾਲ ਹੀ ਕੇਸ ਦੇ ਖਰਚੇ ਦੀ ਭਰਪਾਈ ਲਈ ਅਲਗ ਤੋਂ ਇੱਕ ਹਜ਼ਾਰ ਰੁਪਈਆ ਦੇਣਾ ਪਵੇਗਾ। ਬਾਟਾ ਕੰਪਨੀ ਨੂੰ ਸਜ਼ਾ ਵਜੋਂ ਉਪਭੋਗਤਾ ਕਾਨੂੰਨੀ ਸਹਾਇਤਾ ਖਾਤੇ 'ਚ 5 ਹਜ਼ਾਰ ਰੁਪਏ ਜਮਾਂ ਕਰਵਾਉਣ ਦਾ ਵੀ ਆਦੇਸ਼ ਦਿੱਤਾ ਗਿਆ ਹੈ।

ਉਪਭੋਗਤਾ ਫੋਰਮ ਨੇ ਬਾਟਾ ਕੰਪਨੀ ਨੂੰ ਇਹ ਵੀ ਆਦੇਸ਼ ਦਿੱਤਾ ਕਿ ਉਹ ਸਾਰੇ ਗਾਹਕਾਂ ਨੂੰ ਮੁਫ਼ਤ ਕੈਰੀ ਬੈਗ ਦੇਵੇ ਅਤੇ ਵਪਾਰ ਦੇ ਅਣਉਚਿਤ ਪ੍ਰਯੋਗਾਂ ਨੂੰ ਬੰਦ ਕਰੇ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬਾਟਾ ਕੰਪਨੀ ਨੂੰ ਸਜ਼ਾ ਵਜੋਂ ਉਪਭੋਗਤਾ ਕਾਨੂੰਨੀ ਸਹਾਇਤਾ ਖਾਤੇ 'ਚ 5 ਹਜ਼ਾਰ ਰੁਪਏ ਜਮਾਂ ਕਰਵਾਉਣ ਦਾ ਵੀ ਆਦੇਸ਼

ਬੈਗ਼ ਦੇ ਰਾਹੀਂ ਪ੍ਰਚਾਰ

ਕਈ ਉਪਭੋਗਤਾ ਸਾਮਾਨ ਤੋਂ ਇਲਾਵਾ ਕੈਰੀ ਬੈਗ ਲਈ ਵੀ ਭੁਗਤਾਨ ਕਰ ਦਿੰਦੇ ਹਨ। ਰਕਮ ਬੇਹੱਦ ਛੋਟੀ ਹੁੰਦੀ ਹੈ ਇਸ ਲਈ ਕੋਈ ਕੋਰਟ ਨਹੀਂ ਜਾਂਦਾ ਪਰ ਹੁਣ ਇਸ ਮਾਮਲੇ ਦਾ ਉਪਭੋਗਤਾ ਦੇ ਪੱਖ 'ਚ ਆਉਣਾ ਕਈ ਤਰੀਕਿਆਂ ਨਾਲ ਮਹੱਤਵਪੂਰਨ ਬਣ ਗਿਆ ਹੈ।

ਇਸ ਆਦੇਸ਼ 'ਚ ਇੱਕ ਖ਼ਾਸ ਗੱਲ ਇਹ ਹੈ ਕਿ ਉਪਭੋਗਤਾ ਫੋਰਮ ਨੇ ਕੈਰੀ ਬੈਗ 'ਤੇ ਲਿਖੇ ਬਾਟਾ ਕੰਪਨੀ ਦੇ ਨਾਮ 'ਤੇ ਵੀ ਇਤਰਾਜ਼ ਜਤਾਇਆ ਹੈ।

ਦਿਨੇਸ਼ ਪ੍ਰਸਾਦ ਦੇ ਵਕੀਲ ਦਵਿੰਦਰ ਕੁਮਾਰ ਨੇ ਦੱਸਿਆ, "ਅਸੀਂ ਕੋਰਟ 'ਚ ਕਿਹਾ ਕਿ ਇਸ ਬੈਗ 'ਤੇ ਬਾਟਾ ਕੰਪਨੀ ਦਾ ਨਾਮ ਲਿਖਿਆ ਹੈ ਅਤੇ ਜੇਕਰ ਅਸੀਂ ਇਸ ਨੂੰ ਲੈ ਕੇ ਜਾਂਦੇ ਹਾਂ ਤਾਂ ਇਹ ਕੰਪਨੀ ਦਾ ਪ੍ਰਚਾਰ ਹੋਵੇਗਾ। ਇੱਕ ਤਰ੍ਹਾਂ ਕੰਪਨੀ ਆਪਣੇ ਪ੍ਰਚਾਰ ਲਈ ਸਾਡੇ ਕੋਲੋਂ ਪੈਸੇ ਲੈ ਰਹੀ ਹੈ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਇੱਕ ਸ਼ਖ਼ਸ ਨੂੰ 3 ਰੁਪਏ ਦੇ ਕੈਰੀ ਬੈਗ਼ ਦੇ ਬਦਲੇ 4000 ਹਜ਼ਾਰ ਰੁਪਏ ਦਾ ਮੁਆਵਜ਼ਾ

ਉਪਭੋਗਤਾ ਫੋਰਮ ਨੇ ਸ਼ਿਕਾਇਤ ਕਰਤਾ ਦੀ ਇਸ ਦਲੀਲ ਨਾਲ ਸਹਿਮਤੀ ਜਤਾਈ ਅਤੇ ਇਸ ਨੂੰ ਪ੍ਰਚਾਰ ਦਾ ਹੀ ਇੱਕ ਤਰੀਕਾ ਦੱਸਿਆ।

ਫੋਰਮ ਨੇ ਆਪਣੇ ਆਦੇਸ਼ 'ਚ ਲਿਖਿਆ, "ਸ਼ਿਕਾਇਤ 'ਚ ਦੱਸੇ ਗਏ ਕੈਰੀ ਬੈਗ਼ ਨੂੰ ਅਸੀਂ ਦੇਖਿਆ। ਉਸ 'ਤੇ ਬਾਟਾ ਦਾ ਇਸ਼ਤਿਹਾਰ 'ਬਾਟਾ ਸਰਪ੍ਰਾਈਜਿੰਗਲੀ ਸਟਾਈਲਿਸ਼' ਲਿਖਿਆ ਹੋਇਆ ਹੈ। ਇਹ ਇਸ਼ਤਿਹਾਰ ਦਿਖਾਉਂਦਾ ਹੈ ਕਿ ਬਾਟਾ ਸਟਾਈਲਿਸ਼ ਹੈ ਅਤੇ ਇਹ ਉਹਭੋਗਤਾ ਨੂੰ ਇਸ਼ਤਿਹਾਰ ਏਜੰਟ ਵਜੋਂ ਵਰਤਦਾ ਹੈ।"

ਉਪਭੋਗਤਾ ਅਧਿਕਾਰ ਕਾਰਕੁਨ ਪੁਸ਼ਪਾ ਗਿਰੀਮਾਜ ਵੀ ਮੰਨਦੀ ਹੈ ਕਿ ਇਹ ਕੰਪਨੀ ਦੀ ਜ਼ਿੰਮੇਵਾਰੀ ਹੈ ਕਿ ਉਹ ਉਪਭੋਗਤਾ ਨੂੰ ਕੈਰੀ ਬੈਗ ਮੁਫ਼ਤ ਦੇਵੇ।

ਉਹ ਕਹਿੰਦੀ ਹੈ, "ਜੇਕਰ ਅਸੀਂ ਕੁਝ ਸਾਮਾਨ ਖਰੀਦਦੇ ਹਾਂ ਤਾਂ ਉਸ ਨੂੰ ਇੱਦਾ ਹੱਥ 'ਚ ਤਾਂ ਨਹੀਂ ਲੈ ਕੇ ਜਾ ਸਕਦੇ, ਤਾਂ ਬੈਗ਼ ਦੇਣਾ ਜ਼ਰੂਰੀ ਹੈ। ਫਿਰ ਜਦੋਂ ਅਸੀਂ ਇੰਨਾ ਸਾਮਾਨ ਖਰੀਦ ਰਹੇ ਹਾਂ ਤਾਂ ਦੁਕਾਨਦਾਰ ਦੀ ਇੱਕ ਜ਼ਿੰਮੇਵਾਰੀ ਵੀ ਬਣਦੀ ਹੈ। ਉਸ ਲਈ ਪੈਸੇ ਲੈਣਾ ਬਿਲਕੁਲ ਗ਼ਲਤ ਹੈ।"

ਇਹ ਵੀ ਪੜ੍ਹੋ-

ਤਸਵੀਰ ਸਰੋਤ, Getty Images

ਉਹ ਇਸ ਨੂੰ ਕੰਪਨੀਆਂ ਲਈ ਕਮਾਈ ਦਾ ਇੱਕ ਜ਼ਰੀਆ ਦੱਸਦੀ ਹੈ। ਪੁਸ਼ਪਾ ਗਿਰੀਮਾਜ ਕਹਿੰਦੀ ਹੈ, "ਜਦੋਂ ਤੋਂ ਪਲਾਸਟਿਕ ਬੈਗ਼ 'ਤੇ ਰੋਕ ਲਗਾਈ ਗਈ ਹੈ ਉਦੋਂ ਤੋਂ ਕੰਪਨੀਆਂ ਨੇ ਪੈਸੇ ਦੇ ਕੇ ਕੈਰੀ ਬੈਗ ਦੇਣੇ ਦਾ ਰੁਝਾਨ ਸ਼ੁਰੂ ਕਰ ਦਿੱਤਾ ਹੈ।"

"ਜੇਕਰ ਤੁਸੀਂ ਸਬਜ਼ੀ ਖਰੀਦਣ ਜਾਂਦੇ ਹੋ ਤਾਂ ਛੋਟਾ-ਮੋਟਾ ਸਾਮਾਨ ਲੈਂਦੇ ਹੋ ਤਾਂ ਇਸ ਲਈ ਆਪਣਾ ਬੈਗ਼ ਲੈ ਕੇ ਜਾਣ 'ਚ ਕੋਈ ਦਿੱਕਤ ਨਹੀਂ ਪਰ ਮਹਿੰਗੇ ਸਾਮਾਨਾਂ ਲਈ ਬੈਗ਼ ਦੇ ਪੈਸੇ ਲੈਣਾ ਠੀਕ ਨਹੀਂ ਹੈ। ਇਹ ਪੈਸੇ ਕਮਾਉਣ ਦਾ ਇੱਕ ਤਰੀਕਾ ਬਣ ਗਿਆ ਹੈ।"

ਹਾਲਾਂਕਿ, ਬਾਟਾ ਨੇ ਸ਼ਿਕਾਇਤ 'ਤੇ ਆਪਣਾ ਪੱਖ ਰਖਦਿਆਂ ਹੋਇਆ ਕਿਹਾ ਹੈ ਕਿ ਉਸ ਨੇ ਅਜਿਹਾ ਵਾਤਾਵਰਨ ਸੁਰੱਖਿਆ ਦੇ ਮਕਸਦ ਨਾਲ ਕੀਤਾ ਹੈ।

ਪਰ ਉਪਭੋਗਤਾ ਫੋਰਮ ਦਾ ਕਹਿਣਾ ਸੀ ਕਿ ਜੇਕਰ ਕੰਪਨੀ ਵਾਤਾਵਰਨ ਦੀ ਸੁਰੱਖਿਆ ਲਈ ਅਜਿਹਾ ਕਰ ਰਹੀ ਸੀ ਤਾਂ ਉਸ ਨੂੰ ਬੈਗ਼ ਮੁਫ਼ਤ ਦੇਣਾ ਚਾਹੀਦਾ ਸੀ।

ਕੰਪਨੀ ਦਾ ਨਾਮ ਨਾ ਲਿਖਿਆ ਹੋਵੇ ਤਾਂ...

ਇਸ ਮਾਮਲੇ 'ਚ ਕੈਰੀ ਬੈਗ 'ਤੇ ਕੰਪਨੀ ਦਾ ਨਾਮ ਲਿਖਿਆ ਹੋਣ ਕਰਕੇ ਪ੍ਰਚਾਰ ਦਾ ਮਾਮਲਾ ਬਣਿਆ। ਜੇਕਰ ਬੈਗ 'ਤੇ ਕੰਪਨੀ ਦਾ ਨਾਮ ਨਾ ਹੋਵੇ ਜਾਂ ਸਾਦਾ ਕਾਗ਼ਜ਼ ਹੋਵੇ ਤਾਂ ਕੀ ਪੈਸੇ ਲਏ ਜਾ ਸਕਦੇ ਹਨ।

ਪੁਸ਼ਰਾ ਗਿਰੀਮਾਜ ਅਜਿਹੇ 'ਚ ਪੈਸੇ ਲੈਣਾ ਗ਼ਲਤ ਮੰਨਦੀ ਹੈ। ਉਹ ਕਹਿੰਦਾ ਹੈ, "ਕਈ ਸ਼ੋਅਰੂਮ ਅਜਿਹੇ ਹੁੰਦੇ ਹਨ, ਜਿੱਥੇ ਅੰਦਰ ਬੈਗ ਲੈ ਕੇ ਜਾਣ ਦੀ ਮਨਾਹੀ ਹੁੰਦੀ ਹੈ। ਇਸ ਨਾਲ ਉਲਝਣ ਰਹਿੰਦੀ ਹੈ ਕਿ ਕਿੱਥੇ ਬੈਗ ਲੈ ਕੇ ਜਾਈਏ ਤੇ ਕਿੱਥੇ ਨਹੀਂ। ਕਈ ਵਾਰ ਲੋਕ ਬੈਗ ਲੈ ਕੇ ਜਾਂਦੇ ਵੀ ਨਹੀਂ ਹਨ। ਇਸ ਲਈ ਬੈਗ ਮੁਫ਼ਤ 'ਚ ਹੀ ਦੇਣਾ ਚਾਹੀਦਾ ਹੈ।"

ਤਸਵੀਰ ਕੈਪਸ਼ਨ,

ਪੁਸ਼ਪਾ ਗਿਰੀਮਾਜ ਕਹਿੰਦੀ ਹੈ ਕਿ ਕੰਪਨੀਆਂ ਨੂੰ ਇਸ ਨੂੰ ਰੋਕਣ ਲਈ ਕੋਰਟ ਦੇ ਆਦੇਸ਼ ਦੇ ਨਾਲ-ਨਾਲ ਲੋਕਾਂ ਦੇ ਇਤਰਾਜ਼ ਦੀ ਵੀ ਲੋੜ ਹੈ

ਇਸ ਦੇ ਨਾਲ ਹੀ ਉਹ ਕਹਿੰਦੀ ਹੈ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਕਿਸੇ ਉਹਭੋਗਤਾ ਨੇ ਇਹ ਕਦਮ ਚੁੱਕਿਆ। ਇਸ ਦਾ ਅਸਰ ਦੂਜੀਆਂ ਕੰਪਨੀਆਂ 'ਤੇ ਵੀ ਪੈ ਸਕਦਾ ਹੈ।

ਕਿਸੇ ਹੋਰ ਮਾਮਲੇ 'ਚ ਵੀ ਇਸ ਦਾ ਸੰਦਰਭ ਲਿਆ ਜਾ ਸਕੇਗਾ। ਇਸ ਨਾਲ ਇਹ ਸਾਬਿਤ ਹੋਇਆ ਹੈ ਕਿ ਕੈਰੀ ਬੈਗ਼ ਲਈ ਪੈਸੇ ਦੇਣੇ ਜ਼ਰੂਰੀ ਨਹੀਂ ਹਨ।

ਕਿਵੇਂ ਲੱਗੇ ਰੋਕ

ਪੁਸ਼ਪਾ ਗਿਰੀਮਾਜ ਕਹਿੰਦੀ ਹੈ ਕਿ ਕੰਪਨੀਆਂ ਨੂੰ ਇਸ ਨੂੰ ਰੋਕਣ ਲਈ ਕੋਰਟ ਦੇ ਆਦੇਸ਼ ਦੇ ਨਾਲ-ਨਾਲ ਲੋਕਾਂ ਦੇ ਇਤਰਾਜ਼ ਦੀ ਵੀ ਲੋੜ ਹੈ।

ਉਹ ਕਹਿੰਦੀ ਹੈ, "ਜੇਕਰ ਲੋਕ ਸ਼ੋਅਰੂਮ 'ਚ ਜਾ ਕੇ ਇਹ ਪੁੱਛਣਾ ਸ਼ੁਰੂ ਕਰਨਗੇ ਕਿ ਉਹ ਕੈਰੀ ਬੈਗ਼ ਦਿੰਦੇ ਹਨ ਜਾਂ ਨਹੀਂ ਅਤੇ ਇਸੇ ਆਧਾਰ 'ਤੇ ਸ਼ੋਪਿੰਗ ਕਰਨਗੇ ਤਾਂ ਕੰਪਨੀਆਂ 'ਤੇ ਅਸਰ ਜ਼ਰੂਰ ਪਵੇਗਾ। ਹਾਲਾਂਕਿ ਕੋਰਟ ਅਜਿਹੇ ਫ਼ੈਸਲੇ ਵੀ ਕਾਫੀ ਅਸਰ ਪਾਉਣਗੇ।"

ਉੱਥੇ, ਦਿਨੇਸ਼ ਪ੍ਰਸਾਦ ਰਤੁੜੀ ਦੇ ਮਾਮਲੇ 'ਚ ਬਾਟਾ ਕੰਪਨੀ ਸੂਬਾ ਪੱਧਰ 'ਚ ਵੀ ਅਪੀਲ ਕਰ ਸਕਦੀ ਹੈ। ਐਡਵੋਕੇਟ ਦਿਨੇਸ਼ ਪ੍ਰਸਾਦ ਨੇ ਦੱਸਿਆ, "ਜੇਕਰ ਕੰਪਨੀ ਮਾਮਲੇ ਨੂੰ ਅੱਗੇ ਲੈ ਕੇ ਜਾਂਦੀ ਹੈ ਤਾਂ ਅਸੀਂ ਵੀ ਲੜਾਂਗੇ ਪਰ ਫਿਲਹਾਲ ਉਪਭੋਗਤਾ ਫੋਰਮ ਦੇ ਆਦੇਸ਼ ਨਾਲ ਅਸੀਂ ਖੁਸ਼ ਹਾਂ।"

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।