ਅਸੀਂ ਵੋਟ ਮੰਗਣ ਕਦੇ ਡੇਰੇ ਨਹੀਂ ਗਏ - ਜਗੀਰ ਕੌਰ

ਜਾਗੀਰ ਕੌਰ

"ਅਕਾਲੀ ਦਲ ਨੇ ਵੋਟਾਂ ਦੌਰਾਨ ਕਦੇ ਵੀ ਡੇਰਾ ਸਿਰਸਾ ਦੀ ਮਦਦ ਨਹੀਂ ਲਈ।" ਇਸਤਰੀ ਅਕਾਲੀ ਦੀ ਮੁਖੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਡੇਰਾ ਸਿਰਸਾ ਤੋਂ ਵੋਟਾਂ ਦੌਰਾਨ ਹਿਮਾਇਤ ਨਹੀਂ ਲਈ।

ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਾਂਝੀ ਉਮੀਦਵਾਰ ਜਗੀਰ ਕੌਰ ਨੇ ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ ਅਕਾਲੀ ਦਲ ਦਾ ਕੋਈ ਵੀ ਆਗੂ ਡੇਰਾ ਸਿਰਸਾ ਵਿਖੇ ਹਿਮਾਇਤ ਲਈ ਨਹੀਂ ਗਿਆ।

ਇਸ ਦੇ ਨਾਲ ਹੀ ਉਨ੍ਹਾਂ ਮੰਨਿਆ, "ਅਕਾਲੀ ਦਲ ਵੱਲੋਂ ਪਿਛਲੇ 10 ਸਾਲਾਂ ਦੌਰਾਨ ਜੋ ਜਾਣੇ ਅਨਜਾਣੇ ਵਿੱਚ ਭੁੱਲਾਂ ਹੋਈਆਂ ਉਹ ਬਖ਼ਸ਼ਾ ਲਈ ਗਈਆਂ ਹਨ।"

ਉਨ੍ਹਾਂ ਕਿਹਾ ਕਿ ਉਹ ਵੋਟਰਾਂ ਕੋਲੋਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੀਤੇ ਗਏ ਕੰਮ ਅਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ਦੇ ਆਧਾਰ 'ਤੇ ਵੋਟਾਂ ਮੰਗ ਰਹੇ ਹਨ। ਜਗੀਰ ਕੌਰ ਨਾਲ ਗੱਲਬਾਤ ਦੀਆਂ ਕੁਝ ਅਹਿਮ ਗੱਲਾਂ :-

ਪ੍ਰਸ਼ਨ - ਕੀ ਅਕਾਲੀ ਦਲ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਜਾਂ ਫਿਰ ਹੋਰ ਡੇਰਿਆਂ ਤੋਂ ਹਿਮਾਇਤ ਮੰਗੇਗਾ?

ਜਵਾਬ - ਦੇਖੋ ਅਕਾਲੀ ਦਲ ਨੇ ਕਦੇ ਵੀ ਕਿਸੇ ਵੀ ਡੇਰੇ ਤੋਂ ਵੋਟਾਂ ਦੌਰਾਨ ਹਿਮਾਇਤ ਨਹੀਂ ਲਈ। ਜਿਹੜੇ ਲੋਕ ਪੰਥ ਵਿੱਚੋਂ ਛੇਕੇ ਗਏ ਹਨ ਉਨ੍ਹਾਂ ਤੋਂ ਹਿਮਾਇਤ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਹ ਇਕ ਪੂਰਨ ਸੱਚਾਈ ਹੈ ਭਾਵੇਂ ਇਸ ਨੂੰ ਕੋਈ ਮੰਨੇ ਜਾਂ ਨਾ ਮੰਨੇ।

ਪ੍ਰਸ਼ਨ - ਤੁਹਾਡੇ ਹਿਸਾਬ ਨਾਲ ਡੇਰੇ ਦੀ ਪਰਿਭਾਸ਼ਾ ਕੀ ਹੈ?

ਜਵਾਬ -ਦੇਖੋ, ਜਿਸ ਅਸਥਾਨ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਵੇ ਅਤੇ ਜਿੱਥੇ ਗੁਰਮਤਿ ਦਾ ਪ੍ਰਚਾਰ ਹੁੰਦਾ ਹੋਵੇ ਉਸ ਨੂੰ ਡੇਰਾ ਨਹੀਂ ਆਖਿਆ ਜਾ ਸਕਦਾ। ਉਨ੍ਹਾਂ ਸਪਸ਼ਟ ਕੀਤਾ ਜਿੱਥੇ ਗੁਰਮਤਿ ਦੀ ਮਰਿਆਦਾ ਦੀ ਥਾਂ ਆਪਣੀ ਮਰਿਆਦਾ ਚਲਾਈ ਜਾਵੇ ਉਸ ਨੂੰ ਡੇਰਾ ਵਾਦ ਆਖਦੇ ਹਨ।

ਪ੍ਰਸ਼ਨ - ਕੀ ਤੁਸੀਂ ਡੇਰੇ ਨਾਲ ਸਬੰਧਿਤ ਵੋਟਰਾਂ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਦੀ ਅਪੀਲ ਕਰਦੇ ਹੋ?

ਜਵਾਬ - ਸਾਰੇ ਦੇਸ ਦੇ ਵੋਟਰਾਂ ਨੂੰ ਵੋਟ ਪਾਉਣ ਦੀ ਅਪੀਲ ਚੋਣ ਕਮਿਸ਼ਨ ਕਰ ਰਿਹਾ ਹੈ। ਪਰ ਜਿੱਥੋਂ ਤੱਕ ਡੇਰੇ ਦੀ ਵੋਟ ਦਾ ਸਵਾਲ ਹੈ ਤਾਂ ਮੈ ਸਪਸ਼ਟ ਕਰਦੀ ਹਾਂ ਕਿ ਅਸੀਂ ਪ੍ਰੇਮੀਆਂ ਤੋਂ ਵੋਟ ਮੰਗਣ ਲਈ ਨਹੀਂ ਜਾਵਾਂਗੇ ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਅਸੀਂ ਤਾਮੀਲ ਕਰਦੇ ਹਾਂ।

ਇਹ ਵੀ ਪੜ੍ਹੋ-

ਪ੍ਰਸ਼ਨ -ਅਕਾਲੀ ਦਲ ਨੇ ਕਦੇ ਵੀ ਡੇਰਾ ਸਿਰਸਾ ਤੋਂ ਹਿਮਾਇਤ ਨਹੀਂ ਲਈ ਫਿਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੁਹਾਡੇ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਉੱਤੇ ਸਜ਼ਾ ਕਿਉਂ ਲੱਗੀ?

ਜਵਾਬ - ਤੁਸੀਂ ਸਹੀ ਆਖ ਰਹੇ ਹੋ। ਅਸਲ ਵਿੱਚ ਜਿਹੜੇ ਆਗੂਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜ਼ਾ ਮਿਲੀ, ਉਨ੍ਹਾਂ ਨੇ ਜਿਸ ਥਾਂ ਉੱਤੇ ਵੋਟਾਂ ਦੌਰਾਨ ਇਕੱਠ ਕੀਤਾ ਸੀ ਉੱਥੇ ਡੇਰਾ ਪ੍ਰੇਮੀਆਂ ਨੇ ਆ ਕੇ ਪਾਰਟੀ ਦੀ ਹਿਮਾਇਤ ਕਰਨ ਦਾ ਐਲਾਨ ਕਰ ਦਿੱਤਾ ਸੀ। ਇਸ ਕਰਕੇ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਜ਼ਾ ਲੱਗੀ ਸੀ।

ਪ੍ਰਸ਼ਨ - ਡੇਰਾ ਸਿਰਸਾ ਮੁਖੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੁਆਫ਼ੀ ਦੇਣੀ ਜਾਇਜ਼ ਸੀ?

ਜਵਾਬ - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਉੱਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦੀ। ਮੁਆਫ਼ੀ ਸਬੰਧੀ ਫ਼ੈਸਲਾ ਪੰਜ ਸਿੰਘ ਸਾਹਿਬਾਨਾਂ ਦਾ ਸੀ ਸਾਡਾ ਕੰਮ ਤਾਂ ਇਸ ਆਦੇਸ਼ ਦੀ ਪਾਲਨਾ ਕਰਨਾ ਹੈ।

ਪ੍ਰਸ਼ਨ - ਅਕਾਲੀ ਦਲ ਵੱਲੋਂ ਸੱਤਾ ਦੇ ਦਸ ਸਾਲਾਂ ਦੌਰਾਨ ਕੀ ਕੁਝ ਗ਼ਲਤੀਆਂ ਹੋਈਆਂ?

ਜਵਾਬ - ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਦੀ ਸੇਵਾ ਕੀਤੀ ਹੈ ਪਰ ਜਦੋਂ ਇਨਸਾਨ ਚੱਲਦਾ ਹੈ ਤਾਂ ਕੁਝ ਜਾਣੇ ਅਨਜਾਣੇ ਵਿਚ ਭੁੱਲਾਂ ਹੋ ਜਾਂਦੀਆਂ ਹਨ ਇਸ ਕਰਕੇ ਅਸੀਂ ਆਪਣੀਆਂ ਭੁੱਲਾਂ ਗੁਰੂ ਅੱਗੇ ਅਰਦਾਸ ਕਰ ਕੇ ਬਖ਼ਸ਼ਾ ਲਈਆਂ ਹਨ।

ਇਹ ਵੀ ਪੜ੍ਹੋ-

ਪ੍ਰਸ਼ਨ - ਤੁਸੀਂ ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਹੋ ਪਰ ਅਕਾਲੀ ਦਲ ਉੱਤੇ ਬੇਅਦਬੀ ਅਤੇ ਹੋਰ ਪੰਥਕ ਮਸਲਿਆਂ ਦੇ ਸਬੰਧ ਵਿੱਚ ਲੋਕ ਸਵਾਲ ਚੁੱਕ ਰਹੇ ਹਨ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?

ਜਵਾਬ - ਲੋਕ ਬਹੁਤ ਸਮਝਦਾਰ ਹਨ ਉਨ੍ਹਾਂ ਨੂੰ ਪਤਾ ਹੈ ਕਿ ਇਹ ਪੰਥਕ ਸੰਕਟ ਪਾਏ ਕਿਸੇ ਨੇ ਹਨ, ਕਾਂਗਰਸ ਨੇ ਇਸ ਉੱਤੇ ਕੰਮ ਕੀਤਾ ਅਤੇ ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਕੀਤਾ।

ਪਰ ਲੋਕ ਬਹੁਤ ਸਿਆਣੇ ਹਨ ਅਤੇ ਹੁਣ ਪਛਤਾ ਰਹੇ ਹਨ ਕਿ ਜੋ ਗ਼ਲਤੀ ਉਨ੍ਹਾਂ ਤੋਂ 2017 ਵਿੱਚ ਹੋਈ ਉਸ ਨੂੰ ਹੁਣ ਉਹ ਦੂਰ ਕਰਨਾ ਚਾਹੁੰਦੇ ਹਨ।

ਪ੍ਰਸ਼ਨ - ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਮੁੱਲ ਕਿਉਂ ਨਹੀਂ ਮਿਲ ਰਿਹਾ?

ਜਵਾਬ - ਦੇਖੋ, ਮੋਦੀ ਸਰਕਾਰ ਨੇ ਕਿਸਾਨਾਂ ਨੂੰ ਫ਼ਸਲਾਂ ਦਾ ਸਹੀ ਮੁੱਲ ਦੇਣ ਦੀ ਪਹਿਲ ਕੀਤੀ ਹੈ। ਇਸ ਲਈ ਇੱਕ ਸਿਸਟਮ ਬਣਾਇਆ ਗਿਆ ਹੈ ਜਿਸ ਦੀ ਸ਼ਲਾਘਾ ਕਰਨੀ ਬਣਦੀ ਪਰ ਫਿਰ ਵੀ ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇਸ ਦੇ ਬਾਕੀ ਕਿਸਾਨਾਂ ਨਾਲੋਂ ਵੱਖਰੀਆਂ।

ਇਸ ਲਈ ਅਕਾਲੀ ਦਲ ਆਵਾਜ਼ ਬੁਲੰਦ ਕਰ ਰਿਹਾ ਹੈ। ਇਸ ਦੇ ਨਾਲ ਹੀ ਨਵੀਂ ਬਣਨ ਵਾਲੀ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦੂਰ ਕਰੇਗੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵੀ ਰਹੇ ਹਨ

ਪ੍ਰਸ਼ਨ - ਜੀਐਸਟੀ ਅਤੇ ਨੋਟ ਬੰਦੀ ਦੇ ਫ਼ੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਜਵਾਬ - ਇਹ ਬਹੁਤ ਹੀ ਦ੍ਰਿੜ੍ਹ ਨਿਸ਼ਚੇ ਵਾਲਾ ਫ਼ੈਸਲਾ ਸੀ, ਇਸ ਨਾਲ ਦੇਸ ਦੀ ਅਰਥ ਵਿਵਸਥਾ ਨੂੰ ਬਹੁਤ ਫ਼ਾਇਦਾ ਹੋਇਆ ਹੈ।

ਪ੍ਰਸ਼ਨ - ਨੋਟ ਬੰਦੀ ਨਾਲ ਦੇਸ ਨੂੰ ਹਾਸਲ ਕੀ ਹੋਇਆ?

ਜਵਾਬ - ਦੇਖੋ, ਮੈਂ ਕੋਈ ਆਰਥਿਕ ਮਾਹਿਰ ਤਾਂ ਨਹੀਂ ਹਾਂ ਪਰ ਇੰਨਾ ਜ਼ਰੂਰ ਆਖ ਸਕਦੀ ਹਾਂ ਕਿ ਇਸ ਨਾਲ ਅਰਥ ਵਿਵਸਥਾ ਸਥਿਰ ਹੋਈ ਹੈ।

ਡਰ ਉਨ੍ਹਾਂ ਲੋਕਾਂ ਨੂੰ ਸੀ ਜਿਸ ਕੋਲ ਬਲੈਕ ਮਨੀ ਹੋਵੇ ਸਾਡੇ ਕੋਲ ਤਾਂ ਹੈ ਨਹੀਂ ਇਸ ਲਈ ਸਾਨੂੰ ਤਾਂ ਕੋਈ ਡਰ ਨਹੀਂ ਸੀ।

ਸ਼ੁਰੂ ਵਿਚ ਆਮ ਲੋਕਾਂ ਵਾਂਗ ਸਾਨੂੰ ਵੀ ਤਕਲੀਫ਼ਾਂ ਆਈਆਂ ਹਨ ਪਰ ਦੇਸ ਦੇ ਡਿਜੀਟਲ ਹੋਣ ਨਾਲ ਪਾਰਦਰਸ਼ਤਾ ਵਧੀ ਹੈ।

ਪ੍ਰਸ਼ਨ - ਨੋਟਬੰਦੀ ਤੋਂ ਬਾਅਦ ਤੁਸੀਂ ਕਿੰਨਾ ਡਿਜੀਟਲ ਹੋਏ?

ਜਵਾਬ - ਮੇਰੇ ਕੋਲ ਤਾਂ ਪੈਸੇ ਹੀ ਨਹੀਂ ਹਨ, ਹਾਂ ਮੇਰੇ ਬੱਚਿਆਂ ਨੇ ਏਟੀਐਮ ਕਾਰਡ ਜ਼ਰੂਰ ਬਣਾਇਆ ਹੈ ਉਸ ਨਾਲ ਹੀ ਕੰਮ ਚੱਲੀ ਜਾਂਦਾ ਹੈ।

ਪ੍ਰਸ਼ਨ - ਕੇਂਦਰ ਵਿੱਚ ਤੁਹਾਡੀ ਭਾਈਵਾਲ ਵਾਲੀ ਸਰਕਾਰ ਹੋਵੇ ਅਤੇ ਲੰਗਰ ਉੱਤੇ ਜੀਐਸਟੀ ਹਟਾਉਣ ਲਈ ਇੰਨਾ ਸਮਾਂ ਕਿਉਂ?

ਜਵਾਬ - ਕਈ ਵਾਰ ਅਫ਼ਸਰਾਂ ਨੂੰ ਪਤਾ ਨਹੀਂ ਹੁੰਦਾ ਪਰ ਜਿਵੇਂ ਹੀ ਸਾਨੂੰ ਲੱਗਿਆ ਕਿ ਇਹ ਗ਼ਲਤ ਹੈ ਤਾਂ ਅਸੀਂ ਇਸ ਦੇ ਖ਼ਿਲਾਫ਼ ਆਵਾਜ਼ ਚੁੱਕੀ ਅਤੇ ਇਸ ਨੂੰ ਦਰੁਸਤ ਕਰਵਾਇਆ। ਇਸ ਲਈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰੀਆ ਅਦਾ ਕਰਦੇ ਹਾਂ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬੀਬੀ ਜਗੀਰ ਕੌਰ ਮੁਤਾਬਕ ਅਕਾਲੀ ਦਲ ਦਾ ਕੋਈ ਵੀ ਆਗੂ ਡੇਰਾ ਸਿਰਸਾ ਵਿਖੇ ਹਿਮਾਇਤ ਲਈ ਨਹੀਂ ਗਿਆ

ਪ੍ਰਸ਼ਨ - ਪੰਜਾਬ ਦੀ ਰਾਜਨੀਤੀ ਵਿੱਚ ਮਹਿਲਾਵਾਂ ਦੀ ਸਰਗਰਮੀ ਘੱਟ ਕਿਉਂ ਹੈ?

ਜਵਾਬ - ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਮਹਿਲਾਵਾਂ ਨੂੰ ਉਨ੍ਹਾਂ ਦਾ ਹੱਕ ਦਿੱਤਾ ਹੈ ਇਸ ਲਈ ਪਾਰਟੀ ਨੇ ਮਹਿਲਾ ਵਿੰਗ ਵੱਖਰੇ ਤੌਰ 'ਤੇ ਬਣਾਇਆ ਹੈ।

ਪਾਰਟੀ ਨੇ ਪਹਿਲੀ ਵਾਰ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਇੱਕ ਮਹਿਲਾ ਨੂੰ ਬਣਾ ਕੇ ਮਹਿਲਾਵਾਂ ਨੂੰ ਮਾਣ ਸਨਮਾਨ ਦਿੱਤਾ।

32 ਮਹਿਲਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੈਂਬਰ ਹਨ। ਇਹ ਗੱਲ ਠੀਕ ਹੈ ਮਹਿਲਾਵਾਂ ਨੂੰ ਰਾਜਨੀਤੀ ਅਤੇ ਹੋਰ ਖੇਤਰਾਂ ਵਿੱਚ ਜਿੰਨਾ ਮਾਣ ਸਨਮਾਨ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲਿਆ ਪਰ ਹੁਣ ਸਮਾਂ ਬਦਲ ਗਿਆ ਹੈ ਅਤੇ ਮਹਿਲਾਵਾਂ ਕਿਸੇ ਤੋਂ ਘੱਟ ਨਹੀਂ ਹਨ।

ਪ੍ਰਸ਼ਨ - ਤੁਸੀਂ ਲੋਕਾਂ ਤੋਂ ਵੋਟਾਂ ਕਿਸ ਆਧਾਰ ਉੱਤੇ ਮੰਗ ਰਹੇ ਹੋ?

ਜਵਾਬ - ਮੋਦੀ ਸਰਕਾਰ ਦੀਆਂ ਉਪਲਬਧੀਆਂ ਅਤੇ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਦਾ ਮੁੱਦਾ ਲੋਕਾਂ ਸਾਹਮਣੇ ਰੱਖ ਰਹੇ ਹਾਂ।

ਪ੍ਰਸ਼ਨ - ਮੋਦੀ ਸਰਕਾਰ ਨੇ ਪੰਜਾਬ ਲਈ ਕੀ ਕੀਤਾ?

ਜਵਾਬ - ਪੰਜਾਬ ਵਿਚ ਜਿੰਨਾ ਵੀ ਵਿਕਾਸ ਹੋਇਆ ਉਹ ਕੇਂਦਰ ਦੇ ਪੈਸੇ ਨਾਲ ਹੋਇਆ ਹੈ। ਚਾਹੇ ਉਹ ਸੜਕਾਂ ਦੀ ਗੱਲ ਹੋਵੇ ਜਾਂ ਫਿਰ ਫਲਾਈਓਵਰ ਹੋਵੇ, ਸਭ ਪੈਸੇ ਕੇਂਦਰ ਸਰਕਾਰ ਕੋਲੋਂ ਆਏ।

ਇਸ ਤੋਂ ਇਲਾਵਾ ਪੰਜਾਬ ਵਿੱਚ ਏਅਰਪੋਰਟ ਬਣਾਏ ਗਏ ਜਿਸ ਨਾਲ ਸੂਬੇ ਦੀ ਤਰੱਕੀ ਹੋਈ।

ਪ੍ਰਸ਼ਨ - ਕੈਪਟਨ ਸਰਕਾਰ ਦੇ ਕਾਰਜਕਾਲ ਨੂੰ ਤੁਸੀਂ ਕਿਵੇਂ ਦੇਖਦੇ ਹੋ?

ਜਵਾਬ - ਜੋ ਵਾਅਦੇ ਸਰਕਾਰ ਬਣਨ ਤੋਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤੇ ਸਨ ਉਨ੍ਹਾਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ। ਨਸ਼ੇ ਦੀ ਕੋਈ ਰੋਕਥਾਮ ਨਹੀਂ ਹੋਈ।

ਪ੍ਰਸ਼ਨ - ਅਕਾਲੀ ਸਰਕਾਰ ਸਮੇਂ ਨਸ਼ਾ ਨਹੀਂ ਸੀ?

ਜਵਾਬ - ਦੱਸੋ ਜੀ, ਸਾਡੇ ਸਮੇਂ ਨਸ਼ਾ ਕਿੱਥੇ ਸੀ ਅਸੀਂ ਤਾਂ ਨਸ਼ੇ ਦੀ ਰੋਕਥਾਮ ਲਈ ਜਿੰਨੇ ਯਤਨ ਕੀਤੇ ਉਹ ਹੋਰ ਕਿਸੇ ਨਹੀਂ ਕੀਤੇ।

ਇਹ ਇੱਕ ਕੌਮਾਂਤਰੀ ਸਮੱਸਿਆ ਸੀ। ਅਫਗਾਨਿਸਤਾਨ, ਪਾਕਿਸਤਾਨ ਦੇ ਰੂਟ ਰਾਹੀਂ ਇਹ ਨਸ਼ਾ ਭਾਰਤ ਪਹੁੰਚਦਾ ਸੀ ਜਿਸ ਉੱਤੇ ਅਕਾਲੀ ਸਰਕਾਰ ਨੇ ਰੋਕਥਾਮ ਲਗਾਈ।

ਜੋ ਲੋਕ ਨਸ਼ੇ ਦੇ ਆਦੀ ਸਨ ਉਨ੍ਹਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖ਼ਲ ਕਰਵਾਇਆ। ਨਸ਼ੇ ਦੇ ਸੌਦਾਗਰਾਂ ਨੂੰ ਜੇਲ੍ਹ ਵਿੱਚ ਭੇਜਿਆ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।