ਕੀ ਅਮਿਤ ਸ਼ਾਹ ਨੇ ਅਡਵਾਨੀ ਨਾਲ ਬਦਸਲੂਕੀ ਕੀਤੀ ਸੀ, ਜਾਣੋ ਸੱਚ - ਫੈਕਟ ਚੈੱਕ

  • ਫੈਕਟ ਚੈੱਕ ਟੀਮ
  • ਬੀਬੀਸੀ ਨਿਊਜ਼
ਅਮਿਤ ਸ਼ਾਹ

ਤਸਵੀਰ ਸਰੋਤ, SM VIRAL POST

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ 'ਚ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੀਨੀਅਰ ਨੇਤਾ ਲਾਲ ਕ੍ਰਿਸ਼ਣ ਅਡਵਾਨੀ ਨਾਲ ਬਦਸਲੂਕੀ ਕੀਤੀ ਹੈ।

ਫੇਸਬੁੱਕ ਪੋਸਟ 'ਚ ਵੀਡੀਓ ਦੇ ਨਾਲ ਲੋਕਾਂ ਨੇ ਲਿਖਿਆ ਹੈ, "ਖੁੱਲ੍ਹੇਆਮ ਬੇਇੱਜ਼ਤੀ, ਹੰਕਾਰ ਕਰਕੇ ਆਪਣੇ ਬਜ਼ੁਰਗ ਨੇਤਾ ਨੂੰ ਪਿੱਛੇ ਭੇਜ ਰਹੇ ਹਨ, ਜਿਨ੍ਹਾਂ ਨੇ ਪਾਰਟੀ ਨੂੰ ਖੜ੍ਹਾ ਕੀਤਾ।"

ਵਾਇਰਲ ਵੀਡੀਓ 'ਚ ਦਿਖਾਈ ਦਿੰਦਾ ਹੈ ਕਿ ਮੰਚ 'ਤੇ ਬੈਠੇ ਅਮਿਤ ਸ਼ਾਹ ਭਾਜਪਾ ਦੇ ਸੰਸਥਾਪਕ ਮੈਂਬਰਾਂ 'ਚੋਂ ਇੱਕ ਲਾਲ ਕ੍ਰਿਸ਼ਨ ਆਡਵਾਨੀ ਨੂੰ ਪਹਿਲੀ ਕਤਾਰ 'ਚੋਂ ਉਠ ਕੇ ਪਿੱਛੇ ਜਾਣ ਦਾ ਇਸ਼ਾਰਾ ਕਰਦੇ ਹਨ।

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ "ਚੇਲਾ (ਨਰਿੰਦਰ ਮੋਦੀ) ਗੁਰੂ (ਅਡਵਾਨੀ) ਦੇ ਅੱਗੇ ਹੱਥ ਵੀ ਨਹੀਂ ਜੋੜਦਾ। ਸਟੇਜ ਤੋਂ ਉਠ ਕੇ ਸੁੱਟ ਦਿੱਤਾ ਗੁਰੂ ਨੂੰ। ਜੁੱਤੀ ਮਾਰ ਕੇ ਅਡਵਾਨੀ ਜੀ ਨੂੰ ਉਤਾਰਿਆ ਸਟੇਜ ਤੋਂ।"

ਅਸੀਂ ਦੇਖਿਆ ਕਿ ਰਾਹੁਲ ਗਾਂਧੀ ਦੀ ਇਸੇ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਸ਼ੇਅਰ ਹੋਣਾ ਸ਼ੁਰੂ ਹੋਇਆ।

ਇਹ ਗੱਲ ਸਹੀ ਹੈ ਕਿ ਸਾਲ 1991 ਤੋਂ ਗੁਜਰਾਤ ਦੇ ਗਾਂਧੀਨਗਰ ਤੋਂ ਸੰਸਦ ਮੈਂਬਰ ਅਡਵਾਨੀ ਨੂੰ ਇਸ ਵਾਰ ਭਾਜਪਾ ਨੇ ਟਿਕਟ ਨਹੀਂ ਦਿੱਤਾ ਅਤੇ ਉਨ੍ਹਾਂ ਦੀ ਥਾਂ ਪਾਰਟੀ ਪ੍ਰਧਾਨ ਅਮਿਤ ਸ਼ਾਹ ਇਸ ਸੰਸਦੀ ਖੇਤਰ ਤੋਂ ਚੋਣਾਂ ਲੜ ਰਹੇ ਹਨ।

ਇਹ ਵੀ ਪੜ੍ਹੋ-

ਅਮਿਤ ਸ਼ਾਹ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਗਾਂਧੀ ਨਗਰ ਤੋਂ ਅਡਵਾਨੀ ਦੀ ਥਾਂ ਭਾਜਪਾ ਨੇ ਅਮਿਤ ਸ਼ਾਹ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ

ਪਰ ਟਵਿੱਟਰ ਅਤੇ ਫੇਸਬੁੱਕ 'ਤੇ ਸੈਂਕੜੇ ਵਾਰ ਸ਼ੇਅਰ ਕੀਤੇ ਜਾ ਚੁੱਕੇ 23 ਸੈਕੰਡ ਦੇ ਇਸ ਵੀਡੀਓ ਦੇ ਨਾਲ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਿਤ ਸ਼ਾਹ ਨੇ ਟਿਕਟ ਕੱਟਣ ਤੋਂ ਬਾਅਦ ਲਾਲ ਕ੍ਰਿਸ਼ਨ ਅਡਵਾਨੀ ਨਾਲ ਬਦਸਲੂਕੀ ਕੀਤੀ।

ਆਪਣੀ ਪੜਤਾਲ 'ਚ ਅਸੀਂ ਦੇਖਿਆ ਕਿ ਇਹ ਦਾਅਵਾ ਭਰਮ ਫੈਲਾਉਣ ਵਾਲਾ ਹੈ ਅਤੇ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ।

ਵੀਡੀਓ ਦੀ ਅਸਲੀਅਤ

ਅਸੀਂ ਦੇਖਿਆ ਕਿ ਵੀਡੀਓ ਨੂੰ ਭਰਮ ਫੈਲਾਉਣ ਲਈ ਐਡਿਟ ਕਰਕੇ ਛੋਟਾ ਕੀਤਾ ਗਿਆ ਹੈ।

ਇਹ 9 ਅਗਸਤ, 2014 ਨੂੰ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਹੋਈ ਭਾਜਪਾ ਦੀ ਰਾਸ਼ਟਰੀ ਪਰੀਸ਼ਦ ਦੀ ਬੈਠਕ ਦਾ ਵੀਡੀਓ ਹੈ।

ਇਸ ਬੈਠਕ ਦੀ ਕਰੀਬ ਡੇਢ ਘੰਟਾ ਲੰਬੀ ਫੁਟੇਜ ਦੇਖਣ ਤੋਂ ਇਹ ਸਾਫ਼ ਹੋ ਜਾਂਦਾ ਹੈ ਕਿ ਅਮਿਤ ਸ਼ਾਹ ਦੇ ਦੱਸਣ 'ਤੇ ਲਾਲ ਕ੍ਰਿਸ਼ਨ ਅਡਵਾਨੀ ਅਗਲੀ ਕਤਾਰ ਤੋਂ ਉੱਠ ਕੇ ਮੰਚ 'ਤੇ ਪਿੱਛੇ ਵੱਲ ਬਣੇ ਪੋਡੀਅਮ 'ਤੇ ਆਪਣਾ ਭਾਸ਼ਣ ਦੇਣ ਗਏ ਸਨ।

ਅਸਲ ਵੀਡੀਓ 'ਚ ਅਮਿਤ ਸ਼ਾਹ ਲਾਲ ਕ੍ਰਿਸ਼ਨ ਆਡਵਾਨੀ ਨੂੰ ਕੁਰਸੀ 'ਤੇ ਬਿਠਾ ਕੇ ਹੀ ਸਭਾ ਨੂੰ ਸੰਬੋਧਿਤ ਕਰਨ ਦਾ ਪ੍ਰਸਤਾਵ ਵੀ ਦਿੰਦੇ ਹੋਏ ਦਿਖਾਈ ਦੇ ਰਹੇ ਹਨ।

ਪਰ ਆਡਵਾਨੀ ਪੋਡੀਅਮ 'ਤੇ ਖੜੇ ਹੋ ਕੇ ਭਾਸ਼ਣ ਦੇਣ ਦੀ ਚੋਣ ਕਰਦੇ ਹਨ।

ਜਿਸ ਵੇਲੇ ਇਹ ਸਭ ਹੋਇਆ, ਉਸ ਵੇਲੇ ਅਮਿਤ ਸ਼ਾਹ ਦੇ ਨਾਲ ਬੈਠੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ 'ਚ ਕੁਝ ਕਾਗਜ਼ ਪੜ੍ਹਦੇ ਦੇ ਰਹੇ ਹਨ।

ਪਰ ਜੋ ਵੀਡੀਓ ਸੋਸ਼ਲ ਮੀਡੀਆ 'ਤੇ ਸਰਕੂਲੇਟ ਕੀਤਾ ਜਾ ਰਿਹਾ ਹੈ, ਉਸ ਵਿੱਚ ਸਿਰਫ਼ ਅਮਿਤ ਸ਼ਾਹ ਦੇ ਪੋਡੀਅਮ ਵੱਲ ਇਸ਼ਾਰਾ ਕਰਨ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੇ ਕੁਰਸੀ ਤੋਂ ਉਠ ਕੇ ਜਾਣ ਵਾਲਾ ਹਿੱਸਾ ਹੀ ਦਿਖਾਈ ਦਿੰਦਾ ਹੈ।

ਮੋਦੀ, ਅਡਵਾਨੀ

ਤਸਵੀਰ ਸਰੋਤ, PTI

ਕਰੀਬ ਡੇਢ ਘੰਟੇ ਦੇ ਇਸ ਪ੍ਰੋਗਰਾਮ 'ਚ ਆਪਣਾ ਭਾਸ਼ਣ ਖ਼ਤਮ ਕਰਨ ਤੋਂ ਬਾਅਦ ਵੀ ਲਾਲ ਕ੍ਰਿਸ਼ਨ ਅਡਵਾਨੀ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਨਾਲ ਵਾਲੀ ਸੀਟ 'ਤੇ ਬੈਠੇ ਹੋਏ ਸਨ।

ਇਸ ਪ੍ਰੋਗਰਾਮ ਦੀ ਪੂਰੀ ਵੀਡੀਓ ਭਾਰਤੀ ਜਨਤਾ ਪਾਰਟੀ ਦੇ ਅਧਿਕਾਰਤ ਯੂ-ਟਿਊਬ ਪੇਜ਼ 'ਤੇ ਮੌਜੂਦ ਹੈ, ਜਿਸ ਨੂੰ ਦੇਖ ਕੇ ਸਪੱਸ਼ਟ ਰੂਪ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਅਮਿਤ ਸ਼ਾਹ ਦਾ ਆਡਵਾਨੀ ਨਾਲ ਬਦਸਲੂਕੀ ਕਰਨ ਦਾ ਦਾਅਵਾ ਬਿਲਕੁਲ ਫਰਜ਼ੀ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।